ਨਿਊਯਾਰਕ, 11 ਅਕਤੂਬਰ (ਰਾਜ ਗੋਗਨਾ )- ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਉੱਚ ਕੋਟੀ ਦੇ ਅਦਾਕਾਰ ਗੁਰਦਾਸ ਮਾਨ ਇਨੀਂ ਦਿਨੀ ਅਮਰੀਕਾ ਦੇ ਸੰਗੀਤਕ ਦੌਰੇ ‘ਤੇ ਹਨ। ਉਹਨਾਂ ਦਾ ਬੀਤੇ ਦਿਨ ਨਿਊਯਾਰਕ ਚ’ ਹੋਇਆ ਪਹਿਲਾ ਸ਼ੋਅ ਬਹੁਤ ਹੀ ਸਫਲ ਰਿਹਾ ਅਤੇ ਪੂਰੀ ਤਰਾਂ ਸੋਲਡ ਆਊਟ ਰਿਹਾ। ਉਹ ਅਗਲੇ ਸ਼ੋਅ ਲਈ ਬੇਕਰਸਫੀਲਡ ਕੈਲੀਫੋਰਨੀਆ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਨਿਊਯਾਰਕ ਵਿੱਖੇਂ ਡਾ: ਬੀ.ਆਰ.ਅੰਬੇਡਕਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਰੂਬਰੂ ਹੋਏ। ਕਲੱਬ ਵਲੋਂ ਨਿਊਯਾਰਕ ਵਿੱਚ ਇਸ ਸੰਸਥਾ ਦੇ ਵੱਲੋਂ ਇਕ ਸ਼ਾਨਦਾਰ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਮਨੋਜ ਸਿੰਘ ਹੈਪੀ ਕਨਵੀਨਰ, ਅਸ਼ੋਕ ਮਾਹੀ ਪ੍ਰਧਾਨ, ਹਰਪਿੰਦਰ ਸਿੰਘ ਬਿੱਟੂ ਉਪ ਪ੍ਰਧਾਨ , ਚਰਨਜੀਤ ਸਿੰਘ ਝੱਲੀ ਸੈਕਟਰੀ, ਧੀਰਜ ਕੁਮਾਰ ਖਜਾਨਚੀ ਤੇ ਮੀਡੀਆ ਇੰਚਾਰਜ ਅਤੇ ਪੰਕਜ ਦੁੱਗਲ ਸਲਾਹਕਾਰ ਵਲੋਂ ਵਿਸੇਸ਼ ਮੁੱਖ ਭੂਮਿਕਾ ਨਿਭਾਈ ਗਈ।ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਵਲੋਂ ਫੁੱਲਾਂ ਦੇ ਗੁਲਦਸਤੇ ਦੇ ਕੇ ਗੁਰਦਾਸ ਮਾਨ ਅਤੇ ਉਹਨਾਂ ਦੀ ਧਰਮ ਸੁਪਤਨੀ ਬੀਬਾ ਮਨਜੀਤ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉੱਘੇ ਬਿਜ਼ਨਸਮੈਨ ਕਸ਼ਮੀਰ ਗਿੱਲ, ਲੱਖੀ ਗਿੱਲ, ਅੰਤਰਰਾਸ਼ਟਰੀ ਪ੍ਰੋਮੋਟਰ ਬਿਕਰਮਜੀਤ ਸਿੰਘ ਅਤੇ ਇਮਰਾਨ ਖ਼ਾਨ ਵੀ ਸਵਾਗਤ ਕਰਨ ਦੇ ਮੌਕੇ ਨਾਲ ਮੌਜੂਦ ਸਨ। ਉਪਰੰਤ ਕਬੱਡੀ ਦੇ ਪ੍ਰਸਿੱਧ ਮੰਚ ਸੰਚਾਲਕ ਮੱਖਣ ਅਲੀ ਨੇ ਗੁਰਦਾਸ ਮਾਨ ਦੇ ਗਾਇਕੀ ਜੀਵਨ ਬਾਰੇ ਚਾਨਣਾ ਪਾਇਆ ਅਤੇ ਆਪਣੇ ਵਲੋਂ ਉਹਨਾਂ ਦੇ ਸਨਮਾਨ ਵਿਚ ਵਧੀਆ ਬੋਲ ਬੋਲੇ। ਉਪਰੰਤ ਧੀਰਜ ਛੋਕਰਾਂ (ਨਿਊਯਾਰਕ) ਨੇ ਕਲੱਬ ਦੇ ਅਹੁਦੇਦਾਰਾਂ ਨਾਲ ਗੁਰਦਾਸ ਮਾਨ ਦੀ ਜਾਣ ਪਛਾਣ ਕਰਵਾਈ ਅਤੇ ਸਤਿਕਾਰ ਹੋਣਾ ਚਾਹੀਦਾ’ ਬੋਲ ਕੇ ਗੁਰਦਾਸ ਮਾਨ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਕਲੱਬ ਵਲੋਂ ਗੁਰਦਾਸ ਮਾਨ ਦੇ ਸਤਿਕਾਰ ਵਿੱਚ ਭਾਵਨਾਤਮਕ ਸ਼ਬਦ ਬੋਲੇ ਜਿਹਨਾਂ ਨੂੰ ਸੁਣ ਕੇ ਗੁਰਦਾਸ ਮਾਨ ਵੀ ਭਾਵੁਕ ਹੋ ਗਏ।
ਧੀਰਜ ਕੁਮਾਰ ਨਿਊਯਾਰਕ ਨੇ ਗੁਰਦਾਸ ਮਾਨ ਨਾਲ ਆਪਣੀ ਜ਼ਿੰਦਗੀ ਦੀ ਇਕ ਤਾਜ਼ਾ ਯਾਦਾਂ ਨੂੰ ਸਾਂਝੇ ਕਰਦਿਆਂ ਦੱਸਿਆ ਹੁਣੇ ਹੁਣੇ ਨਿਊਯਾਰਕ ਦੀ ਧਰਤੀ ‘ਤੇ ਹੋਏ ਟੀ-20 ਵਰਲਡ ਕ੍ਰਿਕਟ ਕੱਪ ਵਿੱਚ ਉਸਨੂੰ ਦੁਨੀਆਂ ਦੇ ਮਹਾਨ ਕ੍ਰਿਕਟ ਸਟਾਰ ਵਿਰਾਟ ਕੋਹਲੀ ਨਾਲ 14 ਦਿਨ ਗੱਡੀ ਵਿਚ ਸਫ਼ਰ ਕਰਨ ਦਾ ਮੌਕਾ ਮਿਲਿਆ ਅਤੇ ਇਹ 14 ਦਿਨ ਹੀ ਉਹ ਤੁਹਾਡੇ ਗਾਣੇ ਹੀ ਗੁਣਗੁਣਾਉਂਦਾ ਰਿਹਾ। ਸਭ ਤੋਂ ਵੱਧ ਉਸਨੇ ‘ਛੱਲਾ’ ਗੀਤ ਗਾਇਆ ਅਤੇ ਮੈਂ ਦੇਖਦਾ ਸੀ ਕਿ ਜਦੋਂ ਵੀ ਉਹ ਇਹ ਗੀਤ ਗਾਉਂਦਾ ਸੀ ਤਾਂ ਖੁਦ ਹੀ ਝੂਮਣ ਲੱਗ ਪੈਂਦਾ ਸੀ। ਇਸ ਤੋਂ ਸਾਬਤ ਹੁੰਦਾ ਹੈ ਤੁਸੀਂ ਧਰਤੀ ਉੱਤੇ ਪੰਜਾਬੀਆਂ ਦੀ ਵਿਚਰ ਰਹੀ ਹਰ ਪੀੜੀ ਦੇ ਮਨਪਸੰਦ ਗਾਇਕ ਹੋ। ਇਸ ‘ਤੇ ਸਭਨਾਂ ਨੇ ਤਾੜੀਆਂ ਮਾਰ ਕੇ ਆਪਣਾ ਸਤਿਕਾਰ ਗੁਰਦਾਸ ਮਾਨ ਨੂੰ ਭੇਂਟ ਕੀਤਾ। ਲੱਖੀ ਗਿੱਲ ਵਲੋਂ ਗੁਰਦਾਸ ਮਾਨ ਦੇ ਸਤਿਕਾਰ ਵਿਚ ਬੋਲਾਂ ਦੀ ਸਾਂਝ ਪਾਈ ਗਈ। ਇਸ ਮੌਕੇ ਗੁਰਦਾਸ ਮਾਨ ਨੇ ਡਾ. ਅੰਬੇਡਕਰ ਕਲੱਬ ਯੂ.ਐੱਸ.ਏ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਕਲੱਬਾਂ ਦੀ ਸਮਾਜ ਨੂੰ ਬਹੁਤ ਲੋੜ ਹੈ।ਸਮਾਗਮ ਦੇ ਅੰਤ ਵਿਚ ਕਲੱਬ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮਾਣ ਗੁਰਦਾਸ ਮਾਨ ਨੂੰ ‘ਲਿਟਰੇਰੀ ਐਵਾਰਡ’ ਦੀ ਪਲੇਕ, ਟਰਾਫੀ ਅਤੇ ਚਾਰ ਤੋਲੇ ਦਾ ਤਿੰਨ ਕੁ ਲੱਖ ਰੁਪਏ ਦੀ ਕੀਮਤ ਦਾ ਸੋਨੇ ਦਾ ਗੋਲਡ ਮੈਡਲ ਭੇਂਟ ਕੀਤਾ ਗਿਆ।
ਗੁਰਦਾਸ ਮਾਨ ਨੇ ਇਹਨਾਂ ਸਨਮਾਨਾਂ ਨੂੰ ਮੱਥੇ ਨਾਲ ਲਾਉਂਦਿਆਂ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਪੰਜਾਬੀ ਭਾਈਚਾਰਾ ਉਹਨਾਂ ਨੂੰ ਇਸ ਪੱਧਰ ‘ਤੇ ਪਿਆਰ ਕਰਦਾ ਹੈ। ਗੁਰਦਾਸ ਮਾਨ ਨੇ ਭਾਵੁਕਤਾ ਵਿੱਚ ਵਹਿੰਦਿਆਂ ਕਿਹਾ ਕਿ ਉਹਨਾਂ ਹਮੇਸ਼ਾ ਹੀ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਦੀ ਚੜਦੀ ਕਲਾ ਦੇ ਲਈ ਦੁਆਵਾਂ ਕੀਤੀਆਂ ਹਨ।ਅਤੇ ਰਹਿੰਦੀ ਜ਼ਿੰਦਗੀ ਕਰਦੇ ਵੀ ਰਹਿਣਗੇ। ਉਹਨਾਂ ਕਿਹਾ ਮੇਰਾ ਵਜੂਦ ਹੀ ਪੰਜਾਬੀ ਮਾਂ ਬੋਲੀ ਦੇ ਕਾਰਨ ਹੈ ਅਤੇ ਪੰਜਾਬੀ ਮਾਂ ਬੋਲੀ ਦਾ ਕਰਜ਼ਦਾਰ ਹੈ। ਜੋ ਮੈਂ ਸਾਰੀ ਉਮਰ ਉਤਾਰ ਨਹੀਂ ਸਕਦਾ। ਅੰਤ ਵਿਚ ਕਲੱਬ ਨਾਲ ਯਾਦਗਾਰੀ ਤਸਵੀਰਾਂ ਕਰਵਾਈਆਂ ਗਈਆਂ।