‘ਦੀਵਾਲੀ’ ਨੂੰ ਅਮਰੀਕਾ ‘ਚ ਸੰਘੀ ਛੁੱਟੀ ਘੋਸ਼ਿਤ ਕਰਨ ਦੀ ਉੱਠੀ ਮੰਗ, ਗ੍ਰੇਸ ਮੇਂਗ ਨੇ ਪੇਸ਼ ਕੀਤਾ ਬਿੱਲ

ਅਮਰੀਕੀ ਕਾਂਗਰਸ ਵੂਮੈਨ ਗ੍ਰੇਸ ਮੇਂਗ ਨੇ ਕਿਹਾ ਕਿ ਦੀਵਾਲੀ ਨੂੰ ਸੰਘੀ ਛੁੱਟੀ ਘੋਸ਼ਿਤ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਅਮਰੀਕਾ ਵਿੱਚ ਰਹਿਣ ਵਾਲੇ ਹਿੰਦੂ, ਸਿੱਖ, ਬੋਧੀ ਅਤੇ ਜੈਨ ਸਮੇਤ ਵੱਖ-ਵੱਖ ਧਰਮਾਂ ਦੇ ਲੱਖਾਂ ਲੋਕ ਦੀਵਾਲੀ ਮਨਾਉਂਦੇ ਹਨ। ਵਕੀਲ ਤੋਂ ਸਿਆਸਤਦਾਨ ਬਣੀ ਮੇਂਗ ਨਿਊਯਾਰਕ ਦੇ 6ਵੇਂ ਕਾਂਗਰੇਸ਼ਨਲ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੀ ਹੈ। ਉਸਨੇ ਦੇਸ਼ ਵਿੱਚ ਦੀਵਾਲੀ ਨੂੰ ਸੰਘੀ ਛੁੱਟੀ ਵਜੋਂ ਘੋਸ਼ਿਤ ਕਰਨ ਲਈ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਦੀਵਾਲੀ ਦਿਵਸ ਐਕਟ ਪੇਸ਼ ਕੀਤਾ। ਮੇਂਗ ਨੇ ਵੀਰਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ “ਇਹ ਸਿਰਫ਼ ਇੱਕ ਦਿਨ ਦੀ ਛੁੱਟੀ ਬਾਰੇ ਨਹੀਂ ਹੈ। ਅਜਿਹਾ ਇਸ ਲਈ ਜ਼ਰੂਰੀ ਹੈ ਤਾਂ ਕਿ ਦੀਵਾਲੀ ਮਨਾਉਣ ਵਾਲਿਆਂ ਤੋਂ ਇਲਾਵਾ ਹੋਰ ਲੋਕ ਵੀ ਇਸ ਤਿਉਹਾਰ ਤੇ ਸੱਭਿਆਚਾਰ ਅਤੇ ਦੀਵਾਲੀ ਮਨਾਉਣ ਵਾਲੇ ਲੋਕਾਂ ਦੇ ਯੋਗਦਾਨ ਨੂੰ ਸਮਝ ਸਕਣ।

ਉਹਨਾਂ ਨੇ ਕਿਹਾ ਕਿ ਇਕ ਏਸ਼ੀਆਈ ਅਮਰੀਕੀ ਹੋਣ ਦੇ ਨਾਤੇ ਮੇਰੇ ਲਈ ਮਹੱਤਵਪੂਰਨ ਇਹ ਹੈ ਕਿ ਦੀਵਾਲੀ ਦੇ ਦਿਨ ਛੁੱਟੀ ਘੋਸ਼ਿਤ ਕੀਤੀ ਜਾਵੇ ਕਿਉਂਕਿ ਨਿਊਯਾਰਕ ਵਿੱਚ ਹਜ਼ਾਰਾਂ ਅਤੇ ਦੁਨੀਆ ਭਰ ਵਿੱਚ ਅਰਬਾਂ ਲੋਕ ਇਸ ਦਿਨ ਨੂੰ ਤਿਉਹਾਰ ਵਜੋਂ ਮਨਾਉਂਦੇ ਹਨ। ਮਈ ਵਿਚ ਪੇਸ਼ ਕੀਤੇ ਗਏ ਕਾਨੂੰਨ ਨੂੰ ਉਹਨਾਂ ਦੇ ਕਾਂਗਰਸੀ ਸਹਿਯੋਗੀਆਂ ਤੋਂ ਸਕਰਾਤਮਕ ਪ੍ਰਤੀਕਿਰਿਆ ਮਿਲੀ ਹੈ। ਉਹਨਾਂ ਨੇ ਕਿਹਾ ਕਿ “ਅਸੀਂ ਅਸਲ ਵਿੱਚ ਇਸ ਬਾਰੇ ਕੁਝ ਵੀ ਨਕਾਰਾਤਮਕ ਨਹੀਂ ਸੁਣਿਆ ਹੈ। ਇਹ ਬਹੁਤ ਸਕਾਰਾਤਮਕ ਸੰਕੇਤ ਹੈ।”

ਮੇਂਗ ਨੇ ਕਿਹਾ ਕਿ “ਸਾਡੇ ਕੋਲ ਇਸ ਦੇ ਸਮਰਥਨ ਵਿੱਚ ਬਹੁਤ ਸਾਰੇ ਮੈਂਬਰ ਹਨ, ਇਸ ਲਈ ਇਸ ਬਾਰੇ ਗੱਲ ਕਰਨ ਲਈ ਬਹੁਤ ਉਤਸ਼ਾਹਿਤ ਹਾਂ ਅਤੇ ਉਮੀਦ ਹੈ ਕਿ ਅਸੀਂ ਇਸ ਨੂੰ ਪਾਸ ਕਰਨ ਦੇ ਯੋਗ ਹੋਵਾਂਗੇ। ਅਸੀਂ ਲਗਭਗ 10 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਇਸ ਕਾਨੂੰਨ ਲਈ ਲੜ ਰਹੇ ਹਾਂ। ਸਾਡਾ ਮੰਨਣਾ ਹੈ ਕਿ ਇਸ ਨਾਲ ਸਾਡੇ ਸੰਘੀ ਕਾਨੂੰਨ ਨੂੰ ਵੀ ਕੁਝ ਹੁਲਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਭਾਰਤੀ ਅਮਰੀਕੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਨੇ ਨਿਊਯਾਰਕ ਰਾਜ ਅਤੇ ਅਮਰੀਕਾ ਦੇ ਸੱਭਿਆਚਾਰ, ਸਿੱਖਿਆ ਜਗਤ ਅਤੇ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪ੍ਰਧਾਨ ਮੰਤਰੀ ਦੀ ਹਾਲੀਆ ਫੇਰੀ ਅਤੇ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ‘ਤੇ ਪੁੱਛੇ ਸਵਾਲ ਦੇ ਜਵਾਬ ‘ਚ ਮੇਂਗ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਨੂੰ ਕਾਫੀ ਪਸੰਦ ਕੀਤਾ ਗਿਆ।