ਸੁਰਤਾਲ ਭੰਗੜਾ ਅਕੈਡਮੀ ਵਲੋਂ ਪਹਿਲੀ ਲੋਕ ਨਾਚ ਵਰਕਸ਼ਾਪ ਦਾ ਅਯੋਜਨ

ਬ੍ਰਿਸਬੇਨ, 28 ਜੁਲਾਈ (ਹਰਪ੍ਰੀਤ ਸਿੰਘ ਕੋਹਲੀ) ਸੁਰਤਾਲ ਭੰਗੜਾ ਅਕੈਡਮੀ ਵੱਲੋਂ ਇਕ ਦਿਨਾਂ ਭੰਗੜਾ ਟਰੇਨਿੰਗ ਵਰਕਸ਼ਾਪ ਬ੍ਰਿਸਬੇਨ ਵਿਖੇ ਆਯੋਜਿਤ ਕੀਤੀ ਗਈ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਲੋਕ ਕਲਾ ਰਤਨ ਅਵਾਰਡੀ ਤੇ ਲੋਕ ਨਾਚ ਸਕਾਲਰਸ਼ਿਪ ਭੰਗੜਾ ਕੋਚ ਨੀਤੀਰਾਜ ਸ਼ੇਰਗਿੱਲ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਇਥੇ ਸਿੱਖਿਆਰਥੀਆਂ ਨੂੰ ਲੋਕ ਨਾਚਾਂ ਦੀਆ ਬਾਰੀਕੀਆਂ ਦੇ ਗੁਰ ਦੱਸਣ ਲਈ ਪਹੁੰਚੇ ਸਨ।


ਇਹ ਵਰਕਸ਼ਾਪ ਸੌਰਭ ਮਹਿਰਾ, ਮਨਦੀਪ, ਮਨਪ੍ਰੀਤ ਕੌਰ, ਰੁਪਿੰਦਰ ਦੀ ਦੇਖ ਰੇਖ ਹੇਠ ਕਰਵਾਈ ਗਈ। ਵਰਕਸ਼ਾਪ ਵਿੱਚ 150 ਦੇ ਕਰੀਬ ਨਵੇਂ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਲੋਕ ਨਾਚਾਂ ਦੀ ਸਿਖਲਾਈ ਹਾਸਲ ਕੀਤੀ। ਵੈਨੱਮ ਮਿਊਨੀਸਪਲ ਹਾਲ ਵਿੱਚ ਨੱਚਦੇ ਪੰਜਾਬ ਦਾ ਰੂਪ ਉਸ ਵੇਲੇ ਵੇਖਣ ਨੂੰ ਮਿਲਿਆ, ਜਿਸ ਸਮੇ ਸੁਰਤਾਲ ਭੰਗੜਾ ਅਕੈਡਮੀ ਵੱਲੋਂ ਲਗਾਈ ਵਰਰਸ਼ਾਪ ਨੇ ਮੇਲੇ ਦਾ ਰੂਪ ਧਾਰ ਲਿਆ, ਜਿਸ ਵਿੱਚ ਲੋਕ ਨਾਚ ਮਾਹਿਰ ਨੀਤੀਰਾਜ ਸ਼ੇਰਗਿੱਲ ਨੇ ਲੋਕ ਨਾਚ ਲੁੱਡੀ, ਸੰਮੀ, ਝੂਮਰ, ਧਮਾਲ ਤੇ ਭੰਗੜਾ ਦੇ ਬਾਰੇ ਤਫਸੀਲ ਨਾਲ ਜਾਣਕਾਰੀ ਸਾਂਝੀ ਕੀਤੀ।


ਨਿਊਜ਼ੀਲੈਂਡ ਤੋਂ ਉਚੇਚੇ ਤੌਰ ‘ਤੇ ਪਹੁੰਚੇ ਗੁਰਿੰਦਰ ਸਿੰਘ ਆਸੀ ਨੇ ਬੋਲੀਆਂ ਨਾਲ ਦਿਲ ਮੋਹ ਲਿਆ। ਪਰਥ ਭੰਗੜਾ ਅਕੈਡਮੀ ਤੋਂ ਆਏ ਟੀ ਜੇ ਸਿੰਘ ਨੇ ਸਾਥ ਦਿੱਤਾ। ਮੰਚ ਸੰਚਾਲਨ ਦੀ ਭੂਮਿਕਾ ਅਮਨ ਔਲਖ ਤੇ ਰਾਜੀ ਸੋਹਲ ਨੇ ਬਾਖੂਬੀ ਨਿਭਾਈ। ਸੁਰਤਾਲ ਭੰਗੜਾ ਅਕੈਡਮੀ ਵੱਲੋਂ ਬ੍ਰਿਸਬੇਨ ਵਾਸੀਆਂ ਖ਼ਾਸ ਕਰਕੇ ਵੱਖ ਵੱਖ ਸਹਿਯੋਗੀਆਂ, ਲੋਕ ਨਾਚ ਅਕੈਡਮੀਆਂ ਅਤੇ ਮਾਪਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ, ਜਿਹਨਾਂ ਇਸ ਵਰਕਸ਼ਾਪ ਨੂੰ ਕਾਮਯਾਬ ਕਰਨ ਲਈ ਯੋਗਦਾਨ ਪਾਇਆ।