ਧਾਤ ਅਤੇ ਸਟੀਲ ‘ਤੇ 25 ਪ੍ਰਤੀਸ਼ਤ ਟੈਰਿਫ ਵੀਰਵਾਰ ਤੋਂ ਸ਼ੁਰੂ

(ਹਰਜੀਤ ਲਸਾੜਾ, ਬ੍ਰਿਸਬੇਨ 12 ਮਾਰਚ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਸਟ੍ਰੇਲੀਆ ਲਈ ਸਟੀਲ ਅਤੇ ਐਲੂਮੀਨੀਅਮ ਟੈਰਿਫ ਛੋਟ ਨੂੰ ਰੱਦ ਕਰ ਦਿੱਤਾ ਹੈ। ਅਲਬਾਨੀਜ਼ ਸਰਕਾਰ ਦਾ ਕਹਿਣਾ ਹੈ ਕਿ ਇਹ ਨਾਜਾਇਜ਼ ਅਮਰੀਕੀ ਟੈਰਿਫ ਦੋਸਤਾਨਾ ਕਾਰਵਾਈ ਨਹੀਂ ਹੈ। ਇਹ ‘ਅਮਰੀਕੀ ਧੱਕਾ’ ਆਸਟਰੇਲਿਆਈ ਧਾਤ ਉਤਪਾਦਕਾਂ ਅਤੇ ਨੌਕਰੀਆਂ ਲਈ ਇੱਕ ਵੱਡਾ ਝਟਕਾ ਹੈ। ਇਹ ਧਾਤ ਅਤੇ ਸਟੀਲ ‘ਤੇ 25 ਪ੍ਰਤੀਸ਼ਤ ਟੈਰਿਫ ਵੀਰਵਾਰ, ਆਸਟ੍ਰੇਲਿਆਈ ਸਮੇਂ ਤੋਂ ਸ਼ੁਰੂ ਹੋਵੇਗਾ। ਦੱਸਣਯੋਗ ਹੈ ਕਿ ਕੁਝ ਹਫ਼ਤੇ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਫ਼ੋਨ ‘ਤੇ ਆਸਟ੍ਰੇਲੀਆ ਲਈ ਛੋਟ ‘ਤੇ ਹਾਮੀ ਭਰੀ ਸੀ।
ਮਾਹਰਾਂ ਮੁਤਾਬਕ ਟੈਰਿਫ ਵਧਣ ਨਾਲ ਆਸਟ੍ਰੇਲਿਆਈ ਉਤਪਾਦ ਅਮਰੀਕੀ ਬਾਜ਼ਾਰ ‘ਚ ਮਹਿੰਗੇ ਹੋ ਜਾਣਗੇ, ਜਿਸ ਨਾਲ ਉਹਨਾਂ ਦੀ ਮੰਗ ਘਟੇਗੀ। ਆਸਟ੍ਰੇਲੀਆ ਨੂੰ ਹੁਣ ਹੋਰ ਬਾਜ਼ਾਰਾਂ ਦੀ ਭਾਲ ਕਰਨੀ ਪੈ ਸਕਦੀ ਹੈ ਜਾਂ ਫਿਰ ਸਰਕਾਰ ਨੂੰ ਭਾਰਤ, ਜਪਾਨ ਅਤੇ ਚੀਨ ਵਾਂਗ ਵਪਾਰਕ ਸਮਝੌਤਿਆਂ ‘ਤੇ ਸਾਹਮਣੇ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ। ਬਲੂਸਕੋਪ ਸਟੀਲ ਆਸਟ੍ਰੇਲੀਆ ਵਰਤਮਾਨ ‘ਚ ਅਮਰੀਕਾ ਲਈ ਪੰਜਵਾਂ ਸਭ ਤੋਂ ਵੱਡਾ ਸਟੀਲ ਨਿਰਮਾਤਾ ਹੈ ਜੋ ਹਰ ਸਾਲ ਪੋਰਟ ਕੇਮਬਲਾ ਤੋਂ ਤਕਰੀਬਨ 300,000 ਟਨ ਅਰਧ-ਪ੍ਰੋਸੈਸਡ ਸਟੀਲ ਸੰਯੁਕਤ ਰਾਜ ਅਮਰੀਕਾ ਨੂੰ ਭੇਜਦਾ ਹੈ। ਅਮਰੀਕਾ ਇਸ ਸਟੀਲ ਦੀ ਵਰਤੋਂ ਆਪਣੇ ਕਾਰੋਬਾਰਾਂ, ਛੱਤਾਂ ਅਤੇ ਵਾੜ ਵਰਗੇ ਉਤਪਾਦ ਬਣਾਉਣ ਲਈ ਕਰਦਾ ਹੈ।
ਬਲੂਸਕੋਪ ਨੇ ਟੈਰਿਫ ਨੂੰ ਮੰਦਭਾਗਾ ਅਤੇ ਡਰ ਜਤਾਇਆ ਕਿ ਉਹਨਾਂ ਦਾ ਵਰਤਮਾਨ ਸਮੇਂ ‘ਚ 5 ਬਿਲੀਅਨ ਡਾਲਰ ਦਾ ਨਿਵੇਸ਼ ਅਤੇ 4,000 ਤੋਂ ਵੱਧ ਸਟੀਲ ਕਾਮਿਆਂ ਦਾ ਰੋਜ਼ਗਾਰ ਖਤਰੇ ‘ਚ ਆ ਜਾਵੇਗਾ। ਆਸਟ੍ਰੇਲੀਆ ਦੇ ਸਿਖਰਲੇ ਵਪਾਰਕ ਸਮੂਹ, ਬਿਜ਼ਨਸ ਹੰਟਰ ਦੇ ਮੁੱਖ ਕਾਰਜਕਾਰੀ ਬੌਬ ਹਾਵੇਸ ਅਨੁਸਾਰ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ‘ਆਰਥਿਕ ਸਵੈ-ਨੁਕਸਾਨ’ ਦਾ ਕੰਮ ਕਰਨਗੇ ਅਤੇ ਕੰਪਨੀਆਂ ਮਜਬੂਰਨ ਆਪਣੇ ਉਤਪਾਦਨ ਨੂੰ ਘਟਾ ਜਾਂ ਬੰਦ ਕਰਨਗੀਆਂ।