ਕਰਾਚੀ ‘ਚ 150 ਸਾਲ ਪੁਰਾਣਾ ਹਿੰਦੂ ਮੰਦਰ ਢਾਹੁਣ ’ਤੇ ਖੜ੍ਹਾ ਹੋਇਆ ਵਿਵਾਦ

ਪਾਕਿਸਤਾਨ ਦੀ ਸਿੰਧ ਸਰਕਾਰ ਨੇ ਕਿਹਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ (ਪੂਜਾ ਵਾਲੀ ਥਾਂ) ਨੂੰ ਡੇਗ ਕੇ ਉਸ ਦੀ ਥਾਂ ਕਿਸੇ ਵੀ ਵਪਾਰਕ ਇਮਾਰਤ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਭਾਵੇਂ ਉਹ ਕਿਸੇ ਘੱਟਗਿਣਤੀ ਭਾਈਚਾਰੇ ਨਾਲ ਹੀ ਸਬੰਧਤ ਕਿਉਂ ਨਾ ਹੋਵੇ।

ਜ਼ਿਕਰਯੋਗ ਹੈ ਕਿ ਕਰਾਚੀ ਵਿਚ 150 ਸਾਲ ਪੁਰਾਣਾ ਹਿੰਦੂ ਮੰਦਰ ਡੇਗੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ। ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਦੇ ਸੋਲਜ਼ਰ ਬਾਜ਼ਾਰ ਵਿਚ ਸਥਿਤ 150 ਸਾਲ ਪੁਰਾਣੇ ਮੜੀ ਮਾਤਾ ਦੇ ਮੰਦਰ ਨੂੰ ਸ਼ੁੱਕਰਵਾਰ ਪੁਰਾਣਾ ਤੇ ਖ਼ਤਰਨਾਕ ਢਾਂਚਾ ਦੱਸਦਿਆਂ ਕਥਿਤ ਤੌਰ ’ਤੇ ਬੁਲਡੋਜ਼ਰ ਵਰਤ ਕੇ ਡੇਗ ਦਿੱਤਾ ਗਿਆ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਪੁਲੀਸ ਬਲ ਤਾਇਨਾਤ ਕੀਤੇ ਗਏ ਸਨ।

ਹਿੰਦੂ ਭਾਈਚਾਰੇ ਨੇ ਪਾਕਿਸਤਾਨ ਹਿੰਦੂ ਪਰਿਸ਼ਦ, ਸਿੰਧ ਦੇ ਮੁੱਖ ਮੰਤਰੀ ਸਈਅਦ ਮੁਰਾਦ ਅਲੀ ਸ਼ਾਹ ਤੇ ਸਿੰਧ ਪੁਲੀਸ ਦੇ ਅਧਿਕਾਰੀਆਂ ਨੂੰ ਮਾਮਲੇ ਦਾ ਤੁਰੰਤ ਨੋਟਿਸ ਲੈਣ ਦੀ ਅਪੀਲ ਕੀਤੀ ਸੀ। ‘ਦਿ ਡਾਨ’ ਅਖਬਾਰ ਦੀ ਖ਼ਬਰ ਅਨੁਸਾਰ, ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਤੇ ਕਰਾਚੀ ਦੇ ਮੇਅਰ ਬੈਰਿਸਟਰ ਮੁਰਤਜ਼ਾ ਵਹਾਬ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਸਦਭਾਵਨਾ ਤੇ ਆਜ਼ਾਦੀ ਵਿਚ ਯਕੀਨ ਰੱਖਦੀ ਹੈ ਤੇ ਕਿਸੇ ਨੂੰ ਵੀ ਘੱਟਗਿਣਤੀ ਭਾਈਚਾਰੇ ਦੀ ਪੂਜਣਯੋਗ ਥਾਂ ਨੂੰ ਢਾਹੁਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।