ਸਾਨ ਫਰਾਂਸਿਸਕੋ : ਭਾਰਤੀ ਵਣਜ ਦੂਤਘਰ ‘ਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਹਾਲ ਹੀ ਵਿੱਚ ਕੀਤੀ ਗਈ ਅੱਗਜ਼ਨੀ ਦੀ ਕੋਸ਼ਿਸ਼ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੇ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਇੱਥੇ ਵਣਜ ਦੂਤਘਰ ਦੇ ਬਾਹਰ ਇਕ ਸ਼ਾਂਤੀ ਰੈਲੀ ਆਯੋਜਿਤ ਕੀਤੀ। ਖਾਲਿਸਤਾਨ ਸਮਰਥਕਾਂ ਵੱਲੋਂ 2 ਜੁਲਾਈ ਨੂੰ ਟਵਿੱਟਰ ‘ਤੇ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਵਿੱਚ ਅੱਗਜ਼ਨੀ ਦੀ ਕਾਰਵਾਈ ਦਿਖਾਈ ਗਈ ਸੀ। ਕੁਝ ਮਹੀਨਿਆਂ ਅੰਦਰ ਹਿੰਸਾ ਦੀ ਇਹ ਦੂਜੀ ਘਟਨਾ ਸੀ।
ਇਸ ਹਫ਼ਤੇ ਸਾਨ ਫਰਾਂਸਿਸਕੋ ਅਤੇ ਇਸ ਦੇ ਨੇੜਲੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਭਾਰਤੀ ਅਮਰੀਕੀਆਂ ਨੇ ਭਾਰਤ ਦੀ ਹਮਾਇਤ ਕੀਤੀ ਅਤੇ ਹਾਲੀਆ ਹਿੰਸਕ ਕਾਰਵਾਈਆਂ ਖ਼ਿਲਾਫ਼ ਸਾਨ ਫਰਾਂਸਿਸਕੋ ਵਿੱਚ ਭਾਰਤੀ ਦੂਤਘਰ ਦੇ ਬਾਹਰ ਇੱਕ ਸ਼ਾਂਤੀਪੂਰਨ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਉਕਤ ਘਟਨਾ ਨੂੰ ਦਹਿਸ਼ਤੀ ਕਾਰਵਾਈ ਦੱਸਿਆ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ਦੀ ਮੰਗ ਕੀਤੀ।
ਦੱਸਣਯੋਗ ਹੈ ਕਿ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂੁ ਨੇ ਵੀਰਵਾਰ ਨੂੰ ਇੱਥੇ ਸਫ਼ਾਰਤਖ਼ਾਨੇ ਦਾ ਦੌਰਾ ਕੀਤਾ ਸੀ ਅਤੇ ਮਿਸ਼ਨ ਵਿੱਚ ਭਾਰਤੀ ਰਾਜਦੂਤਾਂ ਅਤੇ ਅਧਿਕਾਰੀਆਂ ਨੂੰ ਮਿਲੇ ਸਨ। ਭਾਰਤ ਨੇ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ‘‘ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ’’ ਨੂੰ ਤਵੱਜੋ ਨਾ ਦੇਵੇ, ਕਿਉਂਕਿ ਇਹ ਦੁਵੱਲੇ ਸਬੰਧਾਂ ਲਈ ‘‘ਚੰਗੀ ਨਹੀਂ’’ ਹੈ।