ਅੰਗਰੇਜੀ ਰਾਜ ਸਮੇਂ 1911 ਵਿੱਚ ਇਸ ਲਾਲ ਕਿਲੇ ਵਿੱਚ ਇੱਕ ਕਵੀ ਦਰਬਾਰ ਹੋਇਆ, ਜਿਸ ਵਿੱਚ ਸਮਰਾਟ ਜਾਰਜ ਪੰਚਮ ਤੇ ਉਸਦੀ ਮਹਾਰਾਣੀ ਨੇ ਸ਼ਿਰਕਤ ਕੀਤੀ। ਇਸ ਦਰਬਾਰ ਲਈ ਦਿੱਲੀ ਦੀਆਂ ਅਹਿਮ ਸਖ਼ਸੀਅਤਾਂ ਨੂੰ ਸੱਦਾ ਪੱਤਰ ਭੇਜੇ ਗਏ, ਜਿਹਨਾਂ ਵਿੱਚ ਖ਼ਵਾਜਾ ਹਸਨ ਨਿਜ਼ਾਮੀ ਦਾ ਨਾਂ ਵੀ ਸ਼ਾਮਲ ਸੀ। ਪਰ ਉਹ ਇਸ ਦਰਬਾਰ ਵਿੱਚ ਪਹੁੰਚਣ ਦੀ ਬਜਾਏ ਆਪਣੇ ਘਰ ਰਜ਼ਾਈ ਵਿੱਚ ਹੀ ਬੈਠੇ ਰਹੇ। ਉਹਨਾਂ ਦਾ ਕਹਿਣਾ ਸੀ, ‘‘ਮੁਝਸੇ ਯੇਹ ਦੇਖਾ ਨਹੀਂ ਜਾਏਗਾ ਕਿ ਯਹਾਂ ਸ਼ਾਹਜਹਾਂ ਔਰ ਉਨਕੀ ਔਲਾਦ ਨੇ ਦਰਸ਼ਨ ਦੀਏ, ਵਹਾਂ ਜਾਰਜ ਪੰਚਮ ਬਿਰਾਜਮਾਨ ਹੋ। ਉਸ ਸੇ ਰਜ਼ਾਈ ਦਾ ਲੁਤਫ਼ ਬੇਹਤਰ ਹੈ।’’ਗੇਰੂਆ ਲੰਬਾ ਕੁੜਤਾ, ਫਕੀਰਾਨਾ ਟੋਪੀ, ਸੂਫੀਆਨਾ ਦੁਪੱਟਾ, ਲੰਬੇ ਵਾਲ, ਪ੍ਰਭਾਵਿਤ ਚਿਹਰਾ, ਮੋਹ ਲੈਣ ਵਾਲੀ ਸ਼ਹਿਦ ਘੁਲੀ ਬੋਲੀ। ਇਹਨਾਂ ਗੁਣਾਂ ਨਾਲ ਭਰਪੂਰ ਸੀ ਦਿੱਲੀ ਦਾ ਸੂਫ਼ੀ ਪਰਿਵਾਰ ਨਾਲ ਸਬੰਧਤ ਖ਼ਵਾਜਾ ਹਸਨ ਨਿਜ਼ਾਮੀ। ਜਿਸਨੇ ਤੰਗੀ ਤਰੁਸ਼ੀਆਂ ਨਾਲ ਜੀਵਨ ਹੰਢਾਉਂਦਿਆਂ ਦਰਦ ਦਾ ਲੇਖਕ ਬਣ ਕੇ ਉੱਚ ਦਰਜੇ ਦੀ ਪ੍ਰਸਿੱਧੀ ਘਰ ਹਾਸਲ ਕੀਤੀ। ਖ਼ਵਾਜਾ ਹਸਨ ਨਿਜ਼ਾਮੀ, ਜਿਹਨਾਂ ਦਾ ਅਸਲ ਨਾਂ ਸੱਯਦ ਅਲੀ ਹਸਨ ਸੀ, ਦਾ ਜਨਮ 1879 ਈਸਵੀ ਵਿੱਚ ਬਸਤੀ ਹਜ਼ਰਤ ਨਿਜਾਮੂਦੀਨ ਦਿੱਲੀ ਵਿਖੇ ਪਿਤਾ ਹਾਫਿਜ਼ ਸੱਯਦ ਦੇ ਘਰ ਮਾਤਾ ਸਾਜਿਦਾ ਚਹੇਤੀ ਬੇਗਮ ਦੀ ਕੁੱਖੋਂ ਹੋਇਆ। ਘਰ ਵਿੱਚ ਬਹੁਤ ਗਰੀਬੀ ਸੀ, ਉਹਨਾਂ ਦਾ ਪਿਤਾ ਜਿਲਦਸਾਜ ਸੀ, ਜਿਸਦੇ ਇਸ ਛੋਟੇ ਕੰਮ ਨਾਲ ਘਰ ਦਾ ਗੁਜਾਰਾ ਚੱਲਣਾ ਅਤੀ ਮੁਸਕਿਲ ਸੀ। ਨਿਜ਼ਾਮੀ ਦੇ ਜਦ ਹਾਣੀਆਂ ਨਾਲ ਖੇਡਣ ਦੇ ਦਿਨ ਸਨ, ਉਹ ਪਿਤਾ ਦਾ ਮੱਦਦਗਾਰ ਬਣ�ਿਦਆਂ ਦਰਗਾਹ ਮੁਹਰੇ ਲੋਕਾਂ ਦੀਆਂ ਜੁੱਤੀਆਂ ਦੀ ਰਖਵਾਲੀ ਕਰਕੇ ਕੁੱਝ ਪੈਸੇ ਕਮਾਉਂਦਾ, ਫੇਰ ਉਹ ਦਿੱਲੀ ਦੀਆਂ ਧਾਰਮਿਕ ਤੇ ਇਤਿਹਾਸਕ ਇਮਾਰਤਾਂ ਦੀਆਂ ਤਸਵੀਰਾਂ ਵੇਚਣ ਲੱਗ ਪਿਆ। ਇਸੇ ਦੌਰਾਨ ਉਹਨਾਂ ਮੌਲਾਨਾ ਰਸੀਦ ਅਹਿਮਦ ਗੰਗੋਈ ਦੇ ਮਦਰੱਸੇ ਤੋਂ ਮੁੱਢਲੀ ਵਿੱਦਿਆ ਹਾਸਲ ਕੀਤੀ। ਇਸ ਉਪਰੰਤ ਪਰਿਵਾਰਕ ਪਰੰਪਰਾਵਾਂ ਅਨੁਸਾਰ ਉਹ ਖ਼ਵਾਜਾ ਗੁਲਾਮ ਫਰੀਦ ਦਾ ਮੁਰੀਦ ਬਣ ਗਿਆ।
ਖ਼ਵਾਜਾ ਨਿਜ਼ਾਮੀ ਦੇ ਖਿਆਲ ਉੱਚੇ ਤੇ ਅਗਾਂਹਵਧੂ ਸਨ। ਇਸ ਲਈ ਫਕੀਰਾਂ ਦਾ ਚੇਲਾ ਬਣ ਕੇ ਜੀਵਨ ਬਿਤਾਉਣਾ ਉਸਨੂੰ ਚੰਗਾ ਨਾ ਲੱਗਾ। ਇਸ ਲਈ ਉਹ ਪੀਰਜਾਦਗੀ ਛੱਡ ਕੇ ਪੱਤਰਕਾਰੀ ਕਿੱਤੇ ਨਾਲ ਜੁੜ ਗਏ। ਉਹ ਸਮੇਂ ਦੀਆਂ ਅਖ਼ਬਾਰਾਂ ਲਈ ਖ਼ਬਰਾਂ ਦੇ ਨਾਲ ਆਰਟੀਕਲ ਵੀ ਭੇਜਦੇ ਰਹਿੰਦੇ। ਘਰ ਦੇ ਗੁਜਾਰੇ ਲਈ ਉਹਨਾਂ ਕਿਤਾਬਾਂ ਵੇਚਣ ਦਾ ਧੰਦਾ ਸੁਰੂ ਕਰ ਲਿਆ ਅਤੇ ਇੱਕ ਦਵਾਖਾਨਾ ਵੀ ਖੋਹਲ ਲਿਆ, ਜਿੱਥੇ ਉਹ ਅੱਖਾਂ ਲਈ ਇੱਕ ਚੰਗਾ ਸੁਰਮਾਂ ਤਿਆਰ ਕਰਕੇ ਵੇਚਦੇ। ਫੇਰ ਉਹਨਾਂ ਆਪਣੀ ਆਰਟੀਕਲ ਲਿਖਣ ਦੀ ਰੁਚੀ ਨੂੰ ਅੱਗੇ ਵਧਾਉਂਦਿਆਂ ਰਚਨਾਵਾਂ ਰਚਨੀਆਂ ਆਰੰਭ ਕਰ ਦਿੱਤੀਆਂ। ਇਸ ਤਰਾਂ ਉਹ ਪੱਤਰਕਾਰ ਦੇ ਨਾਲ ਨਾਲ ਵੈਦ, ਦੁਕਾਨਦਾਰ ਤੇ ਲੇਖਕ ਵੀ ਬਣ ਗਏ। ਉਹਨਾਂ ਦੇ ਇਹਨਾਂ ਗੁਣਾਂ ਨੂੰ ਬਰਦਾਸਤ ਨਾ ਕਰਦਿਆਂ ਕੁੱਝ ਲੋਕ ਉਹਨਾਂ ਦਾ ਵਿਰੋਧ ਵੀ ਕਰਨ ਲੱਗੇ। ਉਹ ਖ਼ਵਾਜਾ ਨਿਜ਼ਾਮੀ ਨੂੰ ਅੰੰਗਰੇਜਾਂ ਦਾ ਜਸੂਸ ਹੋਣ ਦਾ ਦੋਸ਼ ਵੀ ਲਾਉਂਦੇ ਰਹੇ, ਪਰ ਉਹਨਾਂ ਕਿਸੇ ਦੀ ਪਰਵਾਹ ਨਾ ਕਰਦਿਆਂ ਆਪਣੀ ਮਿਹਨਤ ਜਾਰੀ ਰੱਖੀ।
ਖ਼ਵਾਜਾ ਨਿਜ਼ਾਮੀ ਨੇ ਆਪਣਾ ਰਚਨਾ ਕਾਰਜ ਵਧਾਉਂਦਿਆਂ ਹਰ ਵਿਸ਼ੇ ਤੇ ਕਲਮ ਚਲਾਈ। ਉਹਨਾਂ ਨਜ਼ਮ, ਲੇਖ, ਕਹਾਣੀ, ਸਵੈਜੀਵਨੀ, ਸਫਰਨਾਮੇ ਆਦਿ ਦੀਆਂ ਅਨੇਕਾਂ ਪੁਸਤਕਾਂ ਲਿਖੀਆਂ। 1857 ਦੇ ਗਦਰ ਉਪਰੰਤ ਜਦੋਂ ਦਿੱਲੀ ਤੇ ਅੰਗਰੇਜਾਂ ਨੇ ਕਬਜਾ ਕਰ ਲਿਆ ਸੀ, ਤਾਂ ਬਾਦਸ਼ਾਹ ਪਰਿਵਾਰਾਂ ਨਾਲ ਸਬੰਧਤ ਬਹੁਤੇ ਲੋਕ, ਜਿਹਨਾਂ ਭਾਰੀ ਦੁਖੜੇ ਜਰੇ ਤੇ ਹੀਰੇ ਜਵਾਹਰਾਂ ’ਚ ਖੇਡਣ ਵਾਲੇ ਰੋਟੀ ਤੋਂ ਵੀ ਆਤੁਰ ਹੋ ਗਏ, ਉਹਨਾਂ ਚੋਂ ਬਹੁਤੇ ਨਿਜਾਮੂਦੀਨ ਵਿੱਚ ਹੀ ਰਹਿਣ ਲੱਗ ਪਏ ਸਨ। ਉਹਨਾਂ ਦੇ ਵਿੱਚ ਰਹਿੰਦਿਆਂ ਖਵਾਜਾ ਸਾਹਿਬ ਨੇ ਉਹਨਾਂ ਦੇ ਦੁੱਖਾਂ ਦਰਦਾਂ ਦੀਆਂ ਕਹਾਣੀਆਂ ਸੁਣੀਆਂ, ਚਰਚਾਵਾਂ ਕੀਤੀਆਂ ਅਤੇ ਫਿਰ ਉਹਨਾਂ ਬਾਰੇ ਕਿਤਾਬਾਂ ਲਿਖੀਆਂ। ਉਹਨਾਂ ਨੇ ਸਭ ਤੋਂ ਪਹਿਲੀ ਪੁਸਤਕ ‘‘ਗਪਰੇ ਦਿੱਲੀ ਕੇ ਅਫ਼ਸਾਨੇ’’ ਲਿਖੀ, ਜੋ ਕਈ ਵਾਰ ਪ੍ਰਕਾਸ਼ਿਤ ਹੋਈ ਤੇ ਕਈ ਵਾਰ ਜ਼ਬਤ ਕੀਤੀ ਗਈ। ਇਹ ਪੁਸਤਕ ਹੀ ਬਾਅਦ ਵਿੱਚ ‘ਬੇਗਮਾਤ ਕੇ ਆਂਸੂ’ ਦੇ ਟਾਈਟਲ ਹੇਠ ਛਾਪੀ ਗਈ। ਇਸ ਕਿਤਾਬ ਵਿੱਚ ਉਹਨਾਂ ਬੇਗਮਾਂ ਦੇ ਦਰਦ ਨੂੰ ਇਸ ਤਰਾਂ ਪਾਠਕਾਂ ਦੇ ਰੂਬਰੂ ਕੀਤਾ ਹੈ ਕਿ ਅੱਜ ਵੀ ਪੜਦਿਆਂ ਪਾਠਕ ਦਾ ਦਿਲ ਕੰਬਣ ਲੱਗ ਜਾਂਦਾ ਹੈ ਤੇ ਅੱਖਾਂ ਚੋਂ ਅੱਥਰੂ ਡਿੱਗਣ ਲੱਗ ਪੈਂਦੇ ਹਨ। ਇਸ ਗਦਰ ਨਾਲ ਹੀ ਸਬੰਧਤ ਉਹਨਾਂ ਗਦਰ ਏ ਅਖ਼ਬਾਰ, ਬਹਾਦੁਰ ਸ਼ਾਹ ਜਫ਼ਰ ਦਾ ਮੁਕੱਦਮਾ, ਗਦਰ ਕੀ ਸੁਭਾ ਸ਼ਾਮ ਆਦਿ ਕਿਤਾਬਾਂ ਵੀ ਲਿਖੀਆਂ। ਉਰਦੂ ’ਚ ਸਰਲ ਤੇ ਟਕਸਾਲੀ ਭਾਸ਼ਾ ਵਿੱਚ ਖ਼ਵਾਜਾ ਨਿਜ਼ਾਮੀ ਨੇ ਆਪਣੇ ਜੀਵਨ ਦੌਰਾਨ ਕਰੀਬ ਪੰਜ ਸੌ ਕਿਤਾਬਾਂ ਲਿਖ ਕੇ ਵੱਡਾ ਪੁਸਤਕ ਭੰਡਾਰ ਸਾਹਿਤ ਦੀ ਝੋਲੀ ਪਾਇਆ।
ਦਿੱਲੀ ਦੇ ਲਾਲ ਕਿਲੇ ਤੇ ਕਬਜਾ ਕਰਨ ਸਮੇਂ ਅੰਗਰੇਜਾਂ ਵੱਲੋਂ ਕੀਤੇ ਜੁਲਮੋਂ ਤਸੱਦਦ ਤੇ ਲੁੱਟਮਾਰ ਤੋਂ ਉਹਨਾਂ ਦੇ ਹਿਰਦੇ ਨੂੰ ਏਨੀ ਠੇਸ ਪਹੁੰਚੀ ਕਿ ਉਹ ਬਾਦਸ਼ਾਹੀ ਸਲਤਨਤ ਦੀ ਇਸ ਇਤਿਹਾਸਕ ਨਿਸ਼ਾਨੀ ਨੂੰ ਆਪਣੀ ਅੱਖੀਂ ਵੇਖਣ ਦਾ ਹੌਂਸਲਾ ਨਾ ਕਰ ਸਕੇ। ਆਜ਼ਾਦੀ ਤੋਂ ਬਾਅਦ ਵੀ ਜਦ ਲਾਲ ਕਿਲੇ ਵਿੱਚ ਪਹਿਲਾ ਮੁਸ਼ਹਿਰਾ ਹੋਇਆ ਤੇ ਉਹਨਾਂ ਨੂੰ ਪੰਡਤ ਕੈਫ਼ੀ ਨੇ ਨਾਲ ਚੱਲਣ ਲਈ ਕਿਹਾ ਗਿਆ, ਤਾਂ ਉਹਨਾਂ ਸਾਫ਼ ਇਨਕਾਰ ਕਰਦਿਆਂ ਕਿਹਾ, ‘‘ਮੁਝਸੇ ਦਿਲ ਏ ਮੁਅਲ ਕਾ ਯਹ ਅਨਾਦਰ ਨਹੀਂ ਦੇਖਾ ਜਾਏਗਾ।’’ ਇਹ ਦਿੱਖ ਵਜੋਂ ਸੰਤ ਰੂਪ, ਨਰਮ ਦਿਲ, ਦਰਦ ਦਾ ਲੇਖਕ, ਬਹੁਪੱਖੀ ਸਖ਼ਸੀਅਤ, ਵਿਦਵਾਨ ਤੇ ਮਹਾਨ ਰਚਨਾਕਾਰ ਆਖ਼ਰ 31 ਜੁਲਾਈ 1955 ਨੂੰ ਸਦਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913