ਵਿਦੇਸ਼ਾਂ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਪ੍ਰਸਾਰ

ਪ੍ਰੋ. ਕੁਲਬੀਰ ਸਿੰਘ
ਅੱਜ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਵਿਅਕਤੀ ਵਿਸ਼ੇਸ਼ ਦੇਸ਼ ਵਿਦੇਸ਼ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਵਿਚ ਲੱਗੇ ਹੋਏ ਹਨ। ਪੂਰੇ ਵਿਸ਼ਵ ਵਿਚ 15 ਕਰੋੜ ਦੇ ਕਰੀਬ ਲੋਕ ਪੰਜਾਬ ਬੋਲੀ ਬੋਲਦੇ ਹਨ। ਸੱਭ ਤੋਂ ਵੱਧ ਪੰਜਾਬੀ ਬੋਲੀ ਬੋਲਣ ਵਾਲੇ ਪਾਕਿਸਤਾਨ ਵਿਚ ਹਨ। ਦੂਸਰਾ ਨੰਬਰ ਭਾਰਤ ਦਾ ਹੈ। ਤੀਸਰਾ ਕੈਨੇਡਾ ਦਾ। ਚੌਥਾ ਇੰਗਲੈਂਡ ਦਾ। ਪੰਜਵਾਂ ਅਮਰੀਕਾ ਦਾ ਅਤੇ ਛੇਵਾਂ ਆਸਟਰੇਲੀਆ ਦਾ। ਇੰਗਲੈਂਡ ਵਿਚ ਪੰਜਾਬੀ ਦਾ ਨੰਬਰ ਚੌਥਾ ਅਤੇ ਆਸਟਰੇਲੀਆ ਵਿਚ ਪੰਜਵਾਂ ਹੈ। ਪੰਜਾਬੀ ਦੁਨੀਆਂ ਭਰ ਵਿਚ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਨੌਵੀਂ ਭਾਸ਼ਾ ਹੈ।

ਬੀਤੇ ਦਿਨੀਂ ਡੀ ਡੀ ਪੰਜਾਬੀ ਨੇ ਆਪਣੇ ਚਰਚਿਤ ਪ੍ਰੋਗਰਾਮ ʽਗੱਲਾਂ ਤੇ ਗੀਤʼ ਤਹਿਤ ਕੈਨੇਡਾ ਤੋਂ ਆਏ ਡਾ. ਦਲਬੀਰ ਸਿੰਘ ਕਥੂਰੀਆ ਨਾਲ ʽਵਿਦੇਸ਼ਾਂ ਵਿਚ ਪੰਜਾਬੀ ਬੋਲੀ ਦਾ ਪ੍ਰਚਾਰ ਪ੍ਰਸਾਰʼ ਵਿਸ਼ੇ ʼਤੇ ਵਿਸਥਾਰਤ ਗੱਲਬਾਤ ਕੀਤੀ। ਬਤੌਰ ਸੰਚਲਕ ਸ੍ਰੀ ਸ਼ੁਕਰਗਜਾਰ ਸਿੰਘ ਮੌਜੂਦ ਸਨ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਸੁਖਵਿੰਦਰ ਕੁਮਾਰ ਸਨ।

ਡਾ. ਕਥੂਰੀਆ ਨੇ ਕਿਹਾ ਕਿ ਅਸੀਂ ਮਾਂ ਬੋਲੀ ਦਾ ਕਰਜ਼ ਕਦੇ ਵੀ ਉਤਾਰ ਨਹੀਂ ਸਕਦੇ ਪਰ ਪੰਜਾਬ ਵਿਚ ਬੱਚੇ ਮਾਂ ਬੋਲੀ ਤੋਂ ਦੂਰ ਜਾ ਰਹੇ ਹਨ। ਇਸ ਵਿਚ ਬੱਚਿਆਂ ਨਾਲੋਂ ਮਾਂ ਬਾਪ ਦੀ ਭੂਮਿਕਾ ਵਧੇਰੇ ਹੈ।

ਇਹ ਵੀ ਸਹੀ ਹੈ ਕਿ ਸਮੇਂ ਨਾਲ ਸੱਭ ਕੁਝ ਬਦਲ ਰਿਹਾ ਹੈ। ਇਸ ਦਾ ਪ੍ਰਭਾਵ ਸਾਡੀ ਭਾਸ਼ਾ ʼਤੇ ਵੀ ਪਿਆ ਹੈ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਪਹਿਲਾਂ ਪੰਜਾਬੀ ਬੋਲੀ ਨਾਲ ਜੋੜਨਾ ਪਵੇਗਾ।

ਉਨ੍ਹਾਂ ਕਿਹਾ ਕਿ ਦੁਨੀਆਂ ਦੀਆਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖੋ ਪਰ ਮਾਂ ਬੋਲੀ ਨੂੰ ਉਸਦਾ ਪਹਿਲਾ ਸਥਾਨ ਜ਼ਰੂਰ ਦਿਓ।
ਪਰਵਾਸੀ ਪੰਜਾਬੀ ਭਾਵੇਂ ਆਪਣੇ ਮੁਲਕ ਤੋਂ ਦੂਰ ਵਿਦੇਸ਼ਾਂ ਵਿਚ ਵੱਸਦੇ ਹਨ ਪਰ ਉਨ੍ਹਾਂ ਦਾ ਆਪਣੇ ਮੁਲਕ, ਆਪਣੇ ਰਾਜ, ਆਪਣੀ ਭਾਸ਼ਾ ਨਾਲ ਅੰਤਾਂ ਦਾ ਮੋਹ ਹੈ। ਪਰ ਦੁਨੀਆਂ ਵਿਚ ਬਹੁਤ ਸਾਰੀਆਂ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਦੇਸ਼ ਵਿਦੇਸ਼ ਵਿਚ ਪੰਜਾਬੀ ਬੋਲੀ ਦਾ ਲਗਾਤਾਰ ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ।

ਵਧੇਰੇ ਧਿਆਨ ਨੌਜਵਾਨਾਂ ਵੱਲ ਦੇਣ ਦੀ ਲੋੜ ਹੈ। ਇਸ ਮਾਮਲੇ ਵਿਚ ਪਰਵਾਸੀ ਪੰਜਾਬੀ, ਪੰਜਾਬ ਦੇ ਪੰਜਾਬੀਆਂ ਨਾਲੋਂ ਅੱਗੇ ਹਨ। ਉਥੇ ਘਰਾਂ ਵਿਚ ਮਾਪੇ ਬੱਚਿਆਂ ਨਾਲ ਪੰਜਾਬੀ ਹੀ ਬੋਲਦੇ ਹਨ। ਪੰਜਾਬ ਵਿਚ ਅਜਿਹਾ ਨਹੀਂ ਹੈ।

ਪੰਜਾਬੀ ਦੀ ਵਿਦੇਸ਼ਾਂ ਵਿਚ ਵੀ ਓਨੀ ਹੀ ਲੋੜ ਹੈ। ਕੈਨੇਡਾ ਦੇ ਸ਼ਹਿਰ ਬਰੈਂਪਟਨ, ਸਰੀ, ਵੈਨਕੂਵਰ ਵਿਚ ਪੰਜਾਬੀਆਂ ਦਾ ਸਾਰਾ ਕਾਰੋਬਾਰ ਪੰਜਾਬੀ ਬੋਲੀ ਵਿਚ ਹੁੰਦਾ ਹੈ। ਕਿਉਂ ਕਿ ਉਥੇ ਮਾਲਕ, ਖਰੀਦਦਾਰ, ਕਰਮਚਾਰੀ ਸਾਰੇ ਪੰਜਾਬੀ ਹਨ। ਡਾ. ਕਥੂਰੀਆ ਨੇ ਅਖੀਰ ਵਿਚ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਭਾਸ਼ਾ ਨਹੀਂ ਆਉਂਦੀ ਤਾਂ ਤੁਸੀਂ ਕੋਈ ਹੋਰ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਸਿੱਖ ਸਕਦੇ। ਕੈਨੇਡਾ ਵਿਚ ਸਕੂਲਾਂ ਵਿਚ ਪੰਜਾਬੀ ਪੜ੍ਹਾਈ ਜਾਂਦੀ ਹੈ, ਪੰਜਾਬੀ ਮੇਲੇ ਲਗਦੇ ਹਨ, ਵਿਆਹ-ਸ਼ਾਦੀਆਂ ਪੰਜਾਬੀ ਮਾਹੌਲ ਅਨੁਸਾਰ ਹੁੰਦੀਆਂ ਹਨ।

ਟਰੰਪ ਅਤੇ ਟਿੱਕ-ਟਾਕ

19 ਜਨਵਰੀ ਨੂੰ ਕਾਨੂੰਨ ਅਨੁਸਾਰ ਐਪਲ ਇੰਕ ਅਤੇ ਗੂਗਲ ਨੇ ਅਮਰੀਕਾ ਵਿਚ ਆਪਣੇ ਐਪ ਸਟੋਰ ਵਿਚੋਂ ਟਿੱਕ-ਟਾਕ ਨੂੰ ਹਟਾ ਦਿੱਤਾ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ʽਟਿੱਕ-ਟਾਕʼ ਨੇ 17 ਕਰੋੜ ਅਮਰੀਕੀਆਂ ਲਈ ਸੇਵਾਵਾਂ ਰੋਕ ਦਿੱਤੀਆਂ ਸਨ। ਬੀਤੇ ਸਾਲ ਰਾਸ਼ਟਰਪਤੀ ਜੋ ਬਾਈਡਨ ਨੇ ਨਵੇਂ ਕਾਨੂੰਨ ʼਤੇ ਦਸਤਖ਼ਤ ਕੀਤੇ ਸਨ। ਬੀਤੇ ਦਿਨੀਂ ਟਰੰਪ ਨੇ ਸੰਕੇਤ ਦਿੱਤੇ ਸਨ ਕਿ ਅਹੁਦਾ ਸੰਭਾਲਣ ਬਾਅਦ ਉਹ ਟਿੱਕ-ਟਾਕ ਨੂੰ ਕਾਨੂੰਨ ਤੋਂ 90 ਦਿਨ ਲਈ ਰਾਹਤ ਦੇ ਸਕਦੇ ਹਨ। ਇਸ ਨਾਲ ਅਮਰੀਕਾ ਵਿਚ ਟਿੱਕ-ਟਾਕ ਵਰਤਣ ਵਾਲਿਆਂ ਵਿਚ ਖਸ਼ੀ ਦੀ ਲਹਿਰ ਦੌੜ ਗਈ ਹੈ। ਫੈਸਲਾ ਕਰਦੇ ਵਕਤ ਟਰੰਪ ਨੇ 90 ਦੀ ਥਾਂ 70 ਦਿਨਾਂ ਦੀ ਰਾਹਤ ਦਿੱਤੀ ਹੈ।

ਟਰੰਪ ਅਤੇ ਮਸਕ
ਐਲਨ ਮਸਕ ਕਦੇ ਡੋਨਾਲਡ ਟਰੰਪ ਦਾ ਆਲੋਚਕ ਰਿਹਾ ਹੈ। ਪਰੰਤੂ ਸਮੇਂ ਨਾਲ ਚੋਣਾਂ ਵਿਚ ਉਸਦਾ ਵੱਡਾ ਪ੍ਰਚਾਰਕ ਬਣ ਗਿਆ। ਟਰੰਪ ਦੀ ਸ਼ਾਨਦਾਰ ਜਿੱਤ ਵਿਚ ਮਸਕ ਦੀ ਅਹਿਮ ਭੂਮਿਕਾ ਰਹੀ ਹੈ। ਦੋਵੇਂ ਇਕ ਦੂਸਰੇ ਦੀ ਖੁਲ੍ਹ ਕੇ ਪ੍ਰਸੰਸਾ ਕਰ ਰਹੇ ਹਨ। ਟਰੰਪ ਦੀ ਜਿੱਤ ਤੋਂ ਬਾਅਦ ਮਸਕ ਨੇ ਕਿਹਾ ਸੀ, ʽʽਭਵਿੱਖ ਸ਼ਾਨਦਾਰ ਹੋਣ ਵਾਲਾ ਹੈ।ʼʼ ਇਸ ਤੋਂ ਪਹਿਲਾਂ 2016 ਅਤੇ 2020 ਦੀਆਂ ਚੋਣਾਂ ਵਿਚ ਉਸਨੇ ਹਿਲੇਰੀ ਕਲਿੰਟਨ ਅਤੇ ਜੋ ਬਾਈਡਨ ਦੀ ਮਦਦ ਕੀਤੀ ਸੀ।

ਟਰੰਪ ਨੇ ਐਲਨ ਮਸਕ ਨੂੰ ਸਰਕਾਰੀ ਵਿਭਾਗ ਦਾ ਮੁਖੀ ਬਣਾਉਂਦਿਆਂ ਕਿਹਾ ਕਿ ਇਹ ਮੇਰੇ ਪ੍ਰਸਾਸਨ ਲਈ ਸਰਕਾਰੀ ਨੌਕਰਸ਼ਾਹੀ ਨੂੰ ਖ਼ਤਮ ਕਰਨ, ਵਾਧੂ ਨਿਯਮਾਂ ਨੂੰ ਘਟਾਉਣ, ਫਜ਼ੂਲ ਖਰਚ ਵਿਚ ਕਟੌਤੀ ਕਰਨ ਅਤੇ ਸੰਘੀ ਏਜੰਸੀਆਂ ਦੇ ਪੁਨਰਗਠਨ ਲਈ ਰਸਤਾ ਬਨਾਉਣਗੇ।

ਟਰੰਪ ਅਤੇ ਜੁਕਰਬਰਗ
ਦੁਨੀਆਂ ਦੇ ਵੱਡੇ ਆਈ ਟੀ ਆਗੂ ਟਰੰਪ ਦੀ ਜਿੱਤ ਬਾਅਦ ਉਸ ਨਾਲ ਦੋਸਤੀ ਵਧਾਉਣ ਦੀ ਕੋਸ਼ਿਸ਼ ਵਿਚ ਹਨ। ਜੁਕਰਬਰਗ ਇਸ ਵਿਚ ਕਾਮਯਾਬ ਹੋ ਗਏ ਹਨ। ਇਸਤੇ ਹੈਰਾਨੀ ਪ੍ਰਗਟ ਕਰਦੇ ਹੋਏ ਟਰੰਪ ਨੇ ਕਿਹਾ ʽʽਪਿਛਲੀ ਵਾਰ ਹਰ ਕੋਈ ਮੇਰੇ ਨਾਲ ਲੜ੍ਹ ਰਿਹਾ ਸੀ। ਇਸ ਵਾਰ ਹਰ ਕੋਈ ਮੇਰਾ ਮਿੱਤਰ ਬਣਨਾ ਚਾਹੁੰਦਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਮੇਰਾ ਵਿਅਕਤਿਤਵ ਬਦਲ ਗਿਆ ਹੈ ਜਾਂ ਕੋਈ ਹੋਰ ਕਾਰਨ ਹਨ?ʼʼ
ਜੁਕਰਬਰਗ ਨੇ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਵੱਡੀਆਂ ਰਕਮਾਂ ਵੀ ਦਿੱਤੀਆਂ ਹਨ। ਨਤੀਜੇ ਵਜੋਂ ਟਰੰਪ ਨੇ ਉਸਨੂੰ ਹੋਸਟ ਦੀ ਜ਼ਿੰਮੇਵਾਰੀ ਸੌਂਪੀ। ਨਵੰਬਰ ਦੇ ਅਖੀਰ ਵਿਚ ਡੋਨਾਡਲ ਟਰੰਪ ਨੇ ਰਾਤ ਦੇ ਖਾਣੇ ਲਈ ਜੁਕਰਬਰਗ ਨੂੰ ਸੱਦਿਆ ਸੀ। ਉਹ ਵੀ ਦਿਨ ਸਨ ਜਦ ਟਰੰਪ ਨੇ ਜੁਕਰਬਰਗ ਨੂੰ ਜੇਲ੍ਹ ਭੇਜਣ ਦੀ ਧਮਕੀ ਦੇ ਦਿੱਤੀ ਸੀ।

ਟਰੰਪ ਦਾ ਮੀਡੀਆ ਕਾਰੋਬਾਰ
ਟਰੰਪ ਮੀਡੀਆ ਅਤੇ ਟੈਕਨਾਲੋਜੀ ਗਰੁੱਪ ਵੱਲੋਂ ʽਟਰੁੱਥ ਸੋਸ਼ਲʼ ਨਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਚਲਾਇਆ ਜਾ ਰਿਹਾ ਹੈ। ਇਸਦੀ ਸ਼ੁਰੂਆਤ ਚਾਰ ਸਾਲ ਪਹਿਲਾਂ 2021 ਵਿਚ ਕੀਤੀ ਗਈ ਸੀ। ਅਮਰੀਕਾ ਵਿਚ ਇਸਨੂੰ ਟਵਿੱਟਰ ਅਤੇ ਫੇਸਬੁਕ ਦਾ ਬਦਲ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਅਨੇਕਾਂ ਔਕੜਾਂ ਪਾਰ ਕਰਦਿਆਂ ʽਟਰੁੱਥ ਸੋਸ਼ਲʼ ਅੱਜ ਅਮਰੀਕਾ ਵਿਚ ਕਾਫ਼ੀ ਚਰਚਿਤ ਹੈ। ਇਸ ਨੂੰ ʽਟਵਿੱਟਰ ਕਲੋਨʼ ਵੀ ਕਿਹਾ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ʽਟਰੁੱਥ ਸੋਸ਼ਲʼ ਦੀ ਆਮਦਨ ਅੱਜ ਮਸਕ ਦੇ ʽਐਕਸʼ ਨਾਲੋਂ ਵੱਧ ਹੈ।