ਪਿੰਡ, ਪੰਜਾਬ ਦੀ ਚਿੱਠੀ (220)

ਫੁੱਲਝੜੀ ਵਾਂਗੂੰ, ਫੁੱਲਦੇ ਪੰਜਾਬੀਓ, ਅਸੀਂ ਦੀਵਾਲੀ ਮਨਾ ਲਈ ਹੈ। ਰੱਬ ਤੁਹਾਡੇ ਵੀ ਰੋਸ਼ਨੀ ਕਰਦਾ ਰਹੇ। ਅੱਗੇ ਸਮਾਚਾਰ ਇਹ ਹੈ ਅਸੀਂ ਮਹੀਨੇ ਦੀ ਤਿਆਰੀ ਮਗਰੋਂ ਦੀਵਾਲੀ ਉੱਤੇ ਡੰਝਾਂ ਲਾਹ ਲਈਆਂ ਹਨ। ਫਿਸ-ਪਟਾਕੇ ਵਰਗਾ ਰਹਿੰਦਾ, ਮਿੰਦੀ ਛੜਾ ਵੀ, ਸੁੱਬੀਆਂ ਆਲੇ ਬੰਬ ਚਲਾ, ਟਹਿਕਰੇ ਵਿੱਚ ਹੋ ਗਿਆ। ਐਤਕੀਂ, ਓਮੀ ਭਗਤ ਨੇ ਇੱਕ ਸੌ ਇੱਕ, ਚੂਕੜੇ ਜਗਾਏ। ਮਹਿੰਗਾਈ ਨੇ ਵੀ ਜੋਰ ਲਾਇਆ ਪਰ ਫੇਰ ਵੀ ਸਾਰੇ ਹਮਾਤੜਾਂ ਨੇ, ਰੌਣਕ ਮੇਲਾ ਕੀਤਾ। ਹੁਣ, ਖੇਤਾਂ/ਸ਼ਮਸ਼ਾਨ ਘਾਟ ਦੀਆਂ ਮਟੀਆਂ ਦੀ ਗਿਣਤੀ ਘੱਟ ਗਈ ਹੈ ਅਤੇ ਦੀਵੇ ਵੀ। ਪੰਜਾਬੀ ਧੀਆਂ-ਨੂੰਹਾਂ ਦੇ ਵਿਦੇਸ਼ੀਂ ਜਾਣ ਕਰਕੇ, ਪੰਜ ਕਾਪੜੀ, ਲੱਸੀ ਪਾਉਣੀਂ ਅਤੇ ਚੌਰਾਹੇ ਚ ਟੂਣੇਂ ਕਰਨੇ, ਵਰਗੇ ਰਿਵਾਜ਼ ਗੁੰਮ ਹੋ ਰਹੇ ਹਨ। ਹਾਂ, ਪ੍ਰਚਾਰ ਦੇ ਬਾਵਜੂਦ, ਮਿਲਾਵਟੀ ਮਿਠਿਆਈਆਂ ਖਾਣੀਆਂ, ਪਟਾਕੇ-ਪਰਾਲੀ ਦਾ ਧੂੰਆਂ-ਕਰਨਾ, ਉਵੇਂ ਹੀ ਜਾਰੀ ਹੈ। ਧਮੱਚੜ ਪਏ ਤੋਂ ਆਵਾਰਾ ਕੁੱਤੇ, ਭੱਜ-ਭੱਜ, ਬੁਰੇ-ਹਾਲੀਂ, ਹੋ ਗਏ। ਨਿਆਣਿਆਂ ਨੇ ਇਕੱਠੇ ਹੋ, ਕਈ ਖਾਲੀ ਪੀਪੇ ਉਡਾ ਕੇ, ਅਲੱਗ ਚਾਂਭੜਾਂ ਪਾਈਆਂ। ਦੀਵਿਆਂ ਦੀ ਥਾਂ, ਮੋਮਬੱਤੀਆਂ ਅਤੇ ਚੀਨੀ ਲੜੀਆਂ ਨੇ ਲੈ ਲਈ ਹੈ। ਫ਼ੋਨ-ਸੁਨੇਹੇ ਭੇਜਣੇ ਇੱਕ ਨਵਾਂ ਤਜਰਬਾ ਹੈ। ਨਵੀਂ ਤਕਨਾਲੋਜੀ ਦੀਆਂ ਨਵੀਆਂ ਗੁੱਡੀਆਂ-ਨਵੇਂ ਪਟੋਲੇ। ਗਲੀਆਂ-ਚੌਕਾਂ ਦੀ ਥਾਂ, ਦੀਵਾਲੀ, ਧਾਰਮਿਕ ਥਾਂਵਾਂ ਅਤੇ ਘਰਾਂ ਅੰਦਰ ਤੜ੍ਹ ਗਈ ਹੈ। ਕਈਆਂ ਨੇ ਸਕੂਲਾਂ, ਲਾਇਬਰੇਰੀਆਂ ਅਤੇ ਹੋਰ ਸਾਂਝੀਆਂ ਥਾਂਵਾਂ ਉੱਪਰ ਦੀਵੇ-ਜਗ੍ਹਾ, ਚੰਗੀ ਪਿਰਤ ਪਾਈ ਹੈ। ਘੁਮਿਆਰਾਂ, ਦੁਕਾਨਦਾਰਾਂ ਅਤੇ ਵਪਾਰੀਆਂ ਦੀ ਚਾਂਦੀ ਰਹੀ। ਸੁੱਖੀ ਸਾਂਦੀ ਲੰਘੀ, ਦੀਵਾਲੀ ਮਗਰੋਂ, ਮਾਸਟਰ ਗੁਰਭਜਨ ਸਿੰਹੁ ਪੁੱਛਦੈ, “ਮੇਰੀ ਲੱਖਣ, ਨਾਂਹ ਤਾਂ ਰਾਮ ਜੀ ਵੇਲੇ ਪਟਾਕੇ ਸਨ ਅਤੇ ਨਾਂਹ ਛੇਂਵੇਂ ਪਾਤਸ਼ਾਹ ਵੇਲੇ। ਚੰਗੇ-ਭਲੇ ਪਾਠ-ਪੂਜਾ ਕਰਦੇ, ਦੇਸੀ ਘਿਓ ਦੀਆਂ ਜੋਤਾਂ ਬਾਲਦੇ ਅਤੇ ਸ਼ੁੱਧ ਘਰਦਾ ਸਮਾਨਾ ਖਾਂਦੇ-ਖਾਂਦੇ, ਇਹ ਕੰਨ-ਪਾੜੂ ਅਤੇ ਸਿਹਤ ਗਾਲੂ, ਭਲਾ ਕਿੱਥੋਂ ਆਗੇ? ਸਮਝ ਤੋਂ ਬਾਹਰ ਹੈ। ਜੇ ਕਿਸੇ ਨੂੰ ਤੋੜ ਲੱਭ ਜੇ, ਤਾਂ ਜ਼ਰੂਰ ਦੱਸਿਓ? ਸਿਹਤ ਬਚਾ ਕੇ ਤਿਉਹਾਰ ਮਨਾਉਣ ਦੀ ਖੁਸ਼ੀ ਭਲਾ ਕੋਈ ਘੱਟ ਹੁੰਦੀ ਐ? ਕੀ ਕਹਿੰਦੇ?" ਹੋਰ, 30 ਨੂੰ ਅਚਾਨਕ ਮਿਲੇ 4% ਡੀ.ਏ. ਨੇ ਮੁਲਾਜ਼ਮ/ਪੈਨਸ਼ਨਰ ਜਿਉਣ ਜੋਗੇ ਕਰਦੇ। ਫ਼ੋਨ/ਟੀ.ਵੀ. ਉੱਤੇ ਮੁਲਕਾਂ ਦੀਆਂ ਮੂਰਤਾਂ/ਵੀਡੀਓਜ਼ ਵੇਖ, ਸਭ ਖੁਸ਼ ਹਨ। ਕਿੰਨੂੰ, ਕਣਕ ਦੀ ਤਿਆਰੀ ਹੈ। ਗੰਦਗੀ ਕਰਕੇ, ਡਾਕਟਰਾਂ ਦਾ ਸੋਨਾ ਸ਼ੁਰੂ ਹੈ। ਅੱਧੇ ਪੰਜਾਬ ਦੀ ਤਾਰ, ਬਾਹਰ ਹੀ ਜੁੜੀ ਰਹਿੰਦੀ ਹੈ ਹੁਣ। ਪਿੰਡ ਵੱਡਾ ਹੋ ਗਿਐ, ਦੁੱਖ-ਸੁੱਖ ਵੀ ਵੱਧ ਗਏ ਹਨ। ਸਰਦੇ/ਨੌਕਰੀਆਂ ਵਾਲੇ, ਸ਼ਹਿਰਾਂ ਨੂੰ ਜਾ ਰਹੇ ਹਨ। ਪਿੰਡਚ ਤਾਂ ਤੇਜੂ, ਕੀਲਾ, ਦਰਸੀ, ਮੰਦਰ, ਗੁਰਮੁਖ, ਮਾਂਧਾ, ਬਿਧੀ, ਗਾਚੂ ਅਤੇ ਪ੍ਰਧਾਨ ਹੀ ਵੱਸਦੇ ਹਨ।
ਆਪਣੇ ਪਿੰਡ ਦਾ ਗੁਰਦਰਸ਼ਨ ਲਾਲ, ਬਲਾਕ ਅਫਸਰ ਬਣ ਗਿਆ ਹੈ। ਤੁਸੀਂ ਦੀਵਾਲੀ ਕਿਵੇਂ ਮਨਾਈ? ਐਤਕੀਂ ਗੇੜਾ? ਜਰੂਰ ਦੱਸਿਓ? ਉਡੀਕ ਰਹੇਗੀ। ਸੋਹੋ ਅਤੇ ਮਿਸੀਸਾਗਾ ਆਲੇ ਤਾਂ ਆ ਰਹੇ ਹਨ। ਸੱਚ, ਮੇਜਰ ਨੇ ਪਿੰਡ ਦਾ ਆਖਰੀ ਘੋੜਾ-ਰੇੜ੍ਹਾ ਵੇਚ ਦਿੱਤਾ ਹੈ। ਚੰਗਾ, ਮਿਲਤੇ ਰਹੇਂਗੇ, ਜਿੰਦਗੀ ਜਿੰਦਾਬਾਦ।

ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061