ਲਹਿੰਦੇ ਪੰਜਾਬ ’ਚ ਪੰਜਾਬੀ ਲਾਜਮੀ ਵਿਸ਼ੇ ਵਜੋਂ ਪੜਾਉਣ ਦਾ ਮਤਾ ਪਾਸ

ਪੰਜਾਬੀ ਸਾਹਿਤ ਦੇ ਵਿਕਾਸ ਤੇ ਅਦਾਨ ਪ੍ਰਦਾਨ ਦੀਆਂ ਸੰਭਾਵਨਾਵਾਂ ਵਧੀਆਂ- ਪੰਸਾਸ

ਬਲਵਿੰਦਰ ਸਿੰਘ ਭੁੱਲਰ
ਦੁਨੀਆਂ ਭਰ ’ਚ ਬੈਠੇ ਮਾਂ ਬੋਲੀ ਪੰਜਾਬੀ ਦੇ ਸਾਹਿਤਕਾਰਾਂ, ਪਾਠਕਾਂ ਤੇ ਪ੍ਰੇਮੀਆਂ ਲਈ ਵੱਡੀ ਖੁਸ਼ੀ ਦੀ ਖ਼ਬਰ ਹੈ ਕਿ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਐਸੰਬਲੀ ਵੱਲੋਂ ਰਾਜ ਦੇ ਸਾਰੇ ਸਕੂਲਾਂ ਵਿੱਚ ਪੰਜਾਬੀ ਲਾਜਮੀ ਵਿਸ਼ੇ ਵਜੋਂ ਪੜਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਇਹ ਫੈਸਲਾ ਪੰਜਾਬੀ ਦੇ ਵਿਕਾਸ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਚੜਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਦੇ ਅਦਾਨ ਪ੍ਰਦਾਨ ਤੇ ਅਨੁਵਾਦ ਲਈ ਵੀ ਸੁਚੱਜਾ ਕਦਮ ਮੰਨਿਆਂ ਜਾਵੇਗਾ। ਲਹਿੰਦੇ ਪੰਜਾਬ ’ਚ ਇਸ ਸਮੇਂ 12880 ਪ੍ਰਾਇਮਰੀ, 2670 ਮਿਡਲ, 1738 ਹਾਈ ਅਤੇ 1908 ਸੀਨੀਅਰ ਸੈਕੰਡਰੀ ਸਕੂਲ ਹਨ, ਜਿਹਨਾਂ ’ਚ ਇਹ ਫੈਸਲਾ ਲਾਗੂ ਕੀਤਾ ਜਾਵੇਗਾ।

ਲਹਿੰਦੇ ਪੰਜਾਬ ਦੀ ਬੀਬੀ ਮਰੀਅਮ ਨਿਵਾਜ ਸ਼ਰੀਫ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿੱਚ ਆਉਣ ਤੇ ਪੰਜਾਬੀ ਨੂੰ ਮਾਣ ਸਨਮਾਨ ਮਿਲਣ ਦੀਆਂ ਉਮੀਦਾਂ ਉਜਾਗਰ ਹੋਈਆਂ ਸਨ। ਬੀਤੇ ਦਿਨੀਂ ਐਸੰਬਲੀ ਸੈਸਨ ਦੌਰਾਨ ਮੁਸਲਿਮ ਲੀਗ ਨਵਾਜ ਦੇ ਹਲਕਾ ਟੋਭਾ ਟੇਕ ਸਿੰਘ ਤੋਂ ਵਿਧਾਇਕ ਜਨਾਬ ਅਮਜਦ ਅਲੀ ਜਾਵੇਦ ਨੇ ਸਕੂਲਾਂ ਵਿੱਚ ਲਾਜਮੀ ਪੰਜਾਬੀ ਸਿੱਖਿਆ ਸੁਰੂ ਕਰਵਾਉਣ ਲਈ ਮਤਾ ਪੇਸ਼ ਕੀਤਾ, ਜਿਸਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਪੰਜਾਬ ਐਸੰਬਲੀ ਦੇ ਕੁਲ 371 ਮੈਂਬਰ ਹਨ, ਜਿਹਨਾਂ ਵਿੱਚ 263 ਸੱਤਾਧਾਰੀ ਧਿਰ ਦੇ ਅਤੇ 108 ਵਿਰੋਧੀ ਧਿਰ ਦੇ ਹਨ, ਪਰ ਕਿਸੇ ਵੀ ਵਿਧਾਇਕ ਨੇ ਇਸ ਮਤੇ ਦਾ ਵਿਰੋਧ ਨਾ ਕੀਤਾ। ਮਤਾ ਪਾਸ ਹੋਣ ਉਪਰੰਤ ਐਸੰਬਲੀ ਦੇ ਸਪੀਕਰ ਜਨਾਬ ਮਲਿਕ ਮੁਹੰਮਦ ਖਾਨ ਨੇ ਇਸਦੀ ਘੋਸ਼ਣਾ ਕਰ ਦਿੱਤੀ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਮਤਾ ਪੇਸ਼ ਕਰਨ ਵਾਲੇ ਸ੍ਰੀ ਜਾਵੇਦ ਦੇ ਹਲਕੇ ਵਿੱਚ ਬਹੁਤੀ ਵਸੋਂ ਉਹਨਾਂ ਲੋਕਾਂ ਦੀ ਹੈ ਜੋ ਵੰਡ ਸਮੇਂ ਚੜਦੇ ਪੰਜਾਬ ਵਿੱਚੋਂ ਜਾ ਕੇ ਵਸੇ ਹਨ, ਦੂਜੇ ਪਾਸੇ ਸਪੀਕਰ ਜਨਾਬ ਖਾਨ ਕਸੂਰ ਸ਼ਹਿਰ ਨਾਲ ਸਬੰਧਤ ਹਨ ਅਤੇ ਸੂਫ਼ੀ ਕਵੀ ਬਾਬਾ ਬੁਲੇ ਸ਼ਾਹ ਦੇ ਮੁਰੀਦ ਹਨ।

ਪਾਕਿਸਤਾਨ ਵਿੱਚ ਆਜ਼ਾਦੀ ਮਿਲਣ ਤੋਂ ਹੀ ਪੰਜਾਬੀ ਨੂੰ ਮਾਣ ਸਨਮਾਨ ਦਿਵਾਉਣ ਲਈ ਸੰਘਰਸ ਚਲਦਾ ਰਿਹਾ ਹੈ। ਇਸ ਮੰਗ ਨੂੰ ਲੈ ਕੇ ਧਰਨੇ ਮੁਜ਼ਾਹਰੇ ਹੁੰਦੇ ਰਹੇ ਹਨ। ਐਸੰਬਲੀ ਵੱਲੋਂ ਮਤਾ ਪ੍ਰਵਾਨ ਹੋਣ ਨਾਲ ਮਾਂ ਬੋਲੀ ਨੂੰ ਸਨਮਾਨ ਮਿਲਣ ਦੀ ਉਮੀਦ ਜਾਗੀ ਹੈ। ਸਮੁੱਚੀ ਦੁਨੀਆਂ ਵਿੱਚ ਬੈਠੇ ਪੰਜਾਬੀਆਂ ਵੱਲੋਂ ਇਸ ਫੈਸਲੇ ਦੀ ਸਲਾਘਾ ਕੀਤੀ ਜਾ ਰਹੀ ਹੈ। ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਸ੍ਰਪਰਸਤ ਸ੍ਰੀ ਗੁਰਦੇਵ ਖੋਖਰ, ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ, ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ, ਪ੍ਰੈਸ ਸਕੱਤਰ ਸ੍ਰੀ ਅਮਨ ਦਾਤੇਵਾਸੀਆ, ਵਿੱਤ ਸਕੱਤਰ ਕਾ: ਜਰਨੈਲ ਭਾਈਰੂਪਾ ਅਤੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਸਾਂਝੇ ਬਿਆਨ ਵਿੱਚ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਮਾਂ ਬੋਲੀ ਪੰਜਾਬੀ ਦੇ ਹੋਰ ਵਿਕਾਸ ਹੋਣ ਨਾਲ ਚੜਦੇ ਤੇ ਲਹਿੰਦੇ ਪੰਜਾਬ ਦੇ ਸਾਹਿਤ ਦੇ ਅਦਾਨ ਪ੍ਰਦਾਨ ਅਤੇ ਅਨੁਵਾਦ ਦੀਆਂ ਸੰਭਾਵਨਾਵਾਂ ਵੀ ਵਧੇਰੇ ਉਜਾਗਰ ਹੋ ਗਈਆਂ ਹਨ।

ਮੋਬਾ: 098882 75913