ਅਮਰੀਕਨ ਰਾਸ਼ਟਰਪਤੀ ਦੀ ਉਮੀਦਵਾਰ ਕਮਲਾ ਹੈਰਿਸ
ਕਮਲਾ ਹੈਰਿਸ ਅਮਰੀਕਾ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੇ ਕੰਮ ਕਰ ਰਹੀ ਹੈ, ਉਸਨੇ ਆਪਣੀਆਂ ਜੁਮੇਵਾਰੀਆਂ ਇਸ ਕਦਰ ਸੁਹਿਰਦਤਾ ਤੇ ਤਨਦੇਹੀ ਨਾਲ ਨਿਭਾਈਆਂ ਹਨ, ਕਿ ਅਮਰੀਕਾ ਵਾਸੀ ਉਸਨੂੰ ਰਾਸ਼ਟਰਪਤੀ ਵਜੋਂ ਵੇਖਣਾ ਚਾਹੁੰਦੇ ਹਨ। ਇਹ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ, ਕਿਉਂਕਿ ਉਸਦਾ ਭਾਰਤ ਨਾਲ ਮੂਲ ਸਬੰਧ ਹੈ। ਉੱਥੋਂ ਦੀ ਡੈਮੋਕਰੈਟਿਕ ਪਾਰਟੀ ਵੱਲੋਂ ਉਸਦਾ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਬਣਨਾ ਲੱਗਭੱਗ ਸਪਸ਼ਟ ਹੋ ਚੁੱਕਾ ਹੈ, ਇਸ ਵਾਸਤੇ ਉਸਨੂੰ ਪਾਰਟੀ ਦੇ ਜਿਨੇ ਡੈਲੀਗੇਟਾਂ ਦਾ ਸਮਰਥਨ ਚਾਹੀਦਾ ਸੀ, ਉਹ ਪ੍ਰਾਪਤ ਹੋ ਗਿਆ ਹੈ। ਉਮੀਦਵਾਰ ਬਣਨ ਦੀ ਉਸ ਦੀ ਇੱਛਾ ਪ੍ਰਗਟ ਕਰਨ ਤੇ ਪਹਿਲੇ ਦਿਨ ਹੀ ਉਸਨੂੰ ਕਰੀਬ ਦੋ ਹਜ਼ਾਰ ਡੈਲੀਗੇਟਾਂ ਨੇ ਸਮਰਥਨ ਦੇ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਉਸਦੀ ਚੋਣ ਲੜਣ ਲਈ ਉਮੀਦ ਤੋਂ ਵੀ ਵੱਧ ਫੰਡ ਇਕੱਤਰ ਹੋ ਰਿਹਾ ਹੈ। ਪਾਰਟੀ ਦੀ ਸ਼ਿਕਾਗੋ ਵਿਖੇ 19 ਤੋਂ 22 ਅਗਸਤ ਤੱਕ ਕੌਮੀ ਕਨਵੈਨਸ਼ਨ ਹੋ ਰਹੀ ਹੈ, ਉਮੀਦਵਾਰ ਵਜੋਂ ਬਕਾਇਦਾ ਐਲਾਨ ਉਸ ਮੌਕੇ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।
ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਨੂੰ ਕੈਲੋਫੋਰਨੀਆ ਵਿਖੇ ਅਮਰੀਕਨ ਪਿਤਾ ਡੋਨਾਲਡ ਜੇ ਹੈਰਿਸ ਦੇ ਘਰ ਭਾਰਤੀ ਮਾਂ ਸਿਆਮਾ ਗੋਪਾਲਨ ਦੀ ਕੁੱਖੋਂ ਹੋਇਆ। ਉਸਤੋਂ ਬਾਅਦ ਉਸਦੀ ਇੱਕ ਹੋਰ ਭੈਣ ਮਾਇਆ ਦਾ ਜਨਮ ਹੋਇਆ। ਉਸਦੀ ਮਾਂ ਭਾਰਤ ਦੇ ਸ਼ਹਿਰ ਚੇਨਈ ਦੀ ਵਸਨੀਕ ਸੀ, ਇੱਥੋਂ ਹੀ ਉਸਨੇ ਪੜਾਈ ਕੀਤੀ। ਉਸਨੇ ਸਾਇੰਸ ਤੇ ਵਿਗਿਆਨ ਦੇ ਵਿਸ਼ਿਆਂ ਦੀ ਪੜਾਈ ਤਾਮਿਲਨਾਡੂ ਤੋਂ ਹੀ ਕੀਤੀ, ਇਸ ਉਪਰੰਤ ਉਹ ਅਮਰੀਕਾ ਚਲੀ ਗਈ ਸੀ। ਜਿੱਥੇ ਉਸਦਾ ਸੰਪਰਕ ਡੋਨਾਲਡ ਜੇ ਹੈਰਿਸ ਨਾਲ ਹੋਇਆ, ਪਿਆਰ ਹੋ ਗਿਆ ਅਤੇ ਆਖ਼ਰ ਸਾਦੀ ਹੋ ਗਈ। ਉਹਨਾਂ ਦੇ ਘਰ ਪੁੱਤਰੀ ਪੈਦਾ ਹੋਈ ਤਾਂ ਉਸਦਾ ਨਾਂ ਭਾਰਤੀ ਸੱਭਿਆਚਾਰ ਚੋਂ ਕਮਲਾ ਤੇ ਅਮਰੀਕਨ ਸੱਭਿਆਚਾਰ ਚੋਂ ਹੈਰਿਸ ਲੈ ਕੇ ਕਮਲਾ ਹੈਰਿਸ ਰੱਖ ਦਿੱਤਾ। ਦੋ ਸਾਲ ਬਾਅਦ ਦੂਜੀ ਪੁੱਤਰੀ ਨੇ ਜਨਮ ਲਿਆ ਤਾਂ ਇਸੇ ਤਰਾਂ ਉਸਦਾ ਨਾਂ ਮਾਇਆ ਹੈਰਿਸ ਰੱਖਿਆ। ਕਮਲਾ ਅਜੇ ਸੱਤ ਸਾਲ ਉਮਰ ਦੀ ਹੋਈ ਸੀ, ਜਦੋਂ ਉਸਦੇ ਮਾਂ ਬਾਪ ਦਾ ਤਲਾਕ ਹੋ ਗਿਆ। ਇਸ ਉਪਰੰਤ ਉਹ ਮਾਂ ਸਿਆਮਾ ਗੋਪਾਲਨ ਨਾਲ ਰਹੀ, ਜਿਸਨੇ ਉਸਨੂੰ ਭਾਰਤੀ ਸੰਸਕ੍ਰਿਤੀ ਤੇ ਸੱਭਿਆਚਾਰ ਅਨੁਸਾਰ ਸਿੱਖਿਆ ਦਿੱਤੀ ਤੇ ਉਸਦਾ ਪਾਲਣ ਪੋਸਣ ਕੀਤਾ।
ਉਸਦੀ ਮਾਂ ਇਹ ਚੰਗੀ ਤਰਾਂ ਸਮਝਦੀ ਸੀ ਕਿ ਉਹ ਦੋ ਕਾਲੀਆਂ ਪੁੱਤਰੀਆਂ ਨੂੰ ਵੱਡੀਆਂ ਕਰ ਰਹੀ ਹੈ, ਉਹ ਜਾਣਦੀ ਸੀ ਕਿ ਜਿਸ ਦੇਸ਼ ਨੂੰ ਉਸਨੇ ਰਹਿਣ ਲਈ ਚੁਣਿਆ ਹੈ, ਉਹ ਉਸ ਦੀਆਂ ਪੁੱਤਰੀਆਂ ਨੂੰ ਕਾਲੀਆਂ ਕੁੜੀਆਂ ਦੇ ਤੌਰ ਤੇ ਹੀ ਜਾਣੇਗਾ। ਪਰ ਉਹ ਇਸ ਹੌਂਸਲੇ ਨਾਲ ਅੱਗੇ ਵਧ ਰਹੀ ਸੀ ਕਿ ਉਹ ਆਪਣੀਆਂ ਪੁੱਤਰੀਆਂ ਦਾ ਪਾਲਣ ਪੋਸਣ ਇਸ ਤਰਾਂ ਕਰੇਗੀ ਕਿ ਉਹ ਆਤਮ ਵਿਸਵਾਸ਼ੀ ਕਾਲੀਆਂ ਕੁੜੀਆਂ ਦੇ ਤੌਰ ਤੇ ਦੁਨੀਆਂ ਦੇ ਸਾਹਮਣੇ ਆਉਣ। ਉਸਨੇ ਦੋਵਾਂ ਨੂੰ ਭਾਰਤੀ ਸੰਸਕ੍ਰਿਤੀ ਦਾ ਗਿਆਨ ਦਿੱਤਾ, ਜੋ ਅੱਜ ਵੀ ਕਮਲਾ ਦੇ ਜੀਵਨ ਤੇ ਵੱਡਾ ਪ੍ਰਭਾਵ ਰਖਦਾ ਹੈ। ਕਮਲਾ ਨੇ ਵੀ ਬਚਪਨ ਤੋਂ ਬਹੁਤ ਮਿਹਨਤ ਕੀਤੀ ਅਤੇ ਇਹ ਸੱਚ ਕਰ ਵਿਖਾਇਆ ਕਿ ਜੋ ਉਸਦੀ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਸੀ, ਉਹ ਪੂਰਾ ਹੋ ਰਿਹਾ ਹੈ।
ਕਮਲਾ ਹੈਰਿਸ ਨੇ ਰਾਜਨੀਤੀ ਤੇ ਵਿਗਿਆਨ ਵਿਸ਼ਿਆਂ ਵਿੱਚ ਪੜਾਈ ਮੁਕੰਮਲ ਕਰਨ ਉਪਰੰਤ ਕਾਨੂੰਨ ਦੀ ਪੜਾਈ ਵੀ ਕੀਤੀ ਅਤੇ 1990 ਵਿੱਚ ਉਹ ਵਕੀਲ ਵਜੋਂ ਬਾਰ ਦੀ ਮੈਂਬਰ ਬਣ ਗਈ ਅਤੇ ਜਿਲਾ ਅਟਾਰਨੀ ਨਿਯੁਕਤ ਕੀਤੀ ਗਈ। ਉਸਦੀ ਸ਼ਾਦੀ ਡਗਲਸ ਐਮਹਾਫ਼ ਨਾਲ ਹੋਈ, ਐਮਹਾਫ਼ ਪਹਿਲਾਂ ਸਾਦੀ ਸੁਦਾ ਸੀ ਤੇ ਉਸਦੇ ਦੋ ਬੱਚੇ ਇੱਕ ਲੜਕਾ ਤੇ ਲੜਕੀ ਸਨ। ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋਣ ਤੋਂ ਬਾਅਦ ਉਸਦਾ ਕਮਲਾ ਹੈਰਿਸ ਨਾਲ ਸੰਪਰਕ ਹੋਇਆ ਤੇ ਜਲਦੀ ਸ਼ਾਦੀ ਵਿੱਚ ਬਦਲ ਗਿਆ। ਇਸ ਉਪਰੰਤ ਉਹ ਰਾਜਨੀਤੀ ਵਿੱਚ ਪੈਰ ਰਖਦਿਆਂ ਸੰਨ 2017 ਵਿੱਚ ਡੈਮਕਰੈਟਿਕ ਪਾਰਟੀ ਦੀ ਮੈਂਬਰ ਬਣ ਗਈ। ਸੰਨ 2020 ਵਿੱਚ ਉਸਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਣ ਦਾ ਐਲਾਨ ਕਰ ਦਿੱਤਾ ਤੇ ਸਰਗਰਮੀਆਂ ਸੁਰੂ ਕਰ ਦਿੱਤੀਆਂ। ਉਸ ਮੌਕੇ ਪਾਰਟੀ ਨੇ ਇੱਕ ਹੋਰ ਸੀਨੀਅਰ ਆਗੂ ਜੋਏ ਬਾਇਡਨ ਨੂੰ ਮੈਦਾਨ ਵਿੱਚ ਉਤਾਰਨ ਲਈ ਤਰਜੀਹ ਦਿੱਤੀ। ਪਾਰਟੀ ਦੇ ਹੁਕਮਾਂ ਤੇ ਫੁੱਲ ਚੜਾਉਂਦਿਆਂ ਕਮਲਾ ਹੈਰਿਸ ਨੇ ਆਪਣਾ ਐਲਾਨ ਵਾਪਸ ਲੈ ਕੇ ਬਾਇਡਨ ਦਾ ਸਮਰਥਨ ਕਰਨ ਦਾ ਫੈਸਲਾ ਲਿਆ ਅਤੇ ਉਹ ਚੋਣ ਲੜ ਕੇ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਉਸਤੋਂ ਅਗਲੇ ਸਾਲ 2021 ਵਿੱਚ ਬਾਇਡਨ ਦੇ ਯਤਨਾਂ ਸਦਕਾ ਕਮਲਾ ਹੈਰਿਸ ਅਮਰੀਕਾ ਦੀ ਉਪ ਰਾਸ਼ਟਰਪਤੀ ਬਣ ਗਈ, ਜੋ ਇਸ ਅਹੁਦੇ ਤੇ ਪਹਿਲੀ ਔਰਤ ਸੀ।
ਉਪ ਰਾਸ਼ਟਰਪਤੀ ਦੇ ਅਹੁਦੇ ਤੇ ਕੰਮ ਕਰਦਿਆਂ ਕਮਲਾ ਹੈਰਿਸ ਨੇ ਲੋਕਾਂ ਨਾਲ ਆਪਣਾ ਮਿਲਵਰਤਨ ਵਧਾਇਆ ਅਤੇ ਆਪਣੇ ਅਹੁਦੇ ਦੀ ਸ਼ਾਨ ਵਿੱਚ ਵਾਧਾ ਕਰਦਿਆਂ ਬਣਦੀਆਂ ਜੁਮੇਵਾਰੀਆਂ ਨੂੰ ਤਨਦੇਹੀ ਤੇ ਸੁਹਿਦਤਾ ਨਾਲ ਨਿਭਾਇਆ ਹੈ। ਭਾਰਤੀ ਮੂਲ ਨਾਲ ਸਬੰਧਤ ਹੋਣ ਸਦਕਾ ਉਸਨੇ ਭਾਰਤ ਨਾਲ ਸਬੰਧ ਚੰਗੇ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਅਤੇ ਉੱਥੇ ਵਸਦੇ ਭਾਰਤੀਆਂ ਦੇ ਦੁਖ ਸੁਖ ਵਿੱਚ ਸਾਥ ਦਿੱਤਾ। ਭਾਰਤੀ ਲੋਕ ਉਸਤੇ ਮਾਣ ਕਰਦੇ ਹਨ ਅਤੇ ਹਮੇਸ਼ਾਂ ਸਹਿਯੋਗ ਦਿੰਦੇ ਰਹਿੰਦੇ ਹਨ।
ਇਸ ਸਾਲ ਦੀ 5 ਨਵੰਬਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ। ਜੋਏ ਬਾਇਡਨ ਨੂੰ ਮੁੜ ਤੋਂ ਉਮੀਦਵਾਰ ਬਣਾਇਆ ਗਿਆ ਸੀ, ਪਰ ਉਹਨਾਂ ਆਪਣੀ ਵੱਡੀ ਉਮਰ ਦਾ ਹਵਾਲਾ ਦੇ ਕੇ ਇਸ ਚੋਣ ਤੋਂ ਪਾਸੇ ਹੋਣ ਦਾ ਫੈਸਲਾ ਲੈ ਲਿਆ। ਉਹਨਾਂ ਨੇ ਮੈਦਾਨ ਖਾਲੀ ਕਰਦਿਆਂ ਕਮਲਾ ਹੈਰਿਸ ਦੇ ਨਾਂ ਦੀ ਤਜਵੀਜ ਪਾਰਟੀ ਕੋਲ ਰੱਖੀ। ਡੈਮੋਕਰੈਟਿਕ ਪਾਰਟੀ ਦੀ ਇੱਛਾ ਅਨੁਸਾਰ ਕਮਲਾ ਹੈਰਿਸ ਨੇ ਰਾਸ਼ਟਰਪਤੀ ਦੀ ਚੋਣ ਲੜਣ ਦਾ ਐਲਾਨ ਕਰ ਦਿੱਤਾ ਹੈ ਅਤੇ ਡੈਲੀਗੇਟਾਂ ਵੱਲੋਂ ਉਸਨੂੰ ਸਮਰਥਨ ਵੀ ਮਿਲ ਗਿਆ ਹੈ। ਇਸ ਉਪਰੰਤ ਹੁਣ ਉਸਦਾ ਇਸ ਅਹੁਦੇ ਲਈ ਉਮੀਦਵਾਰ ਬਣਨਾ ਲੱਗਭੱਗ ਤਹਿ ਹੈ, ਪਰ ਐਲਾਨ ਸ਼ਿਕਾਗੋ ਕਨਵੈਨਸ਼ਨ ਵਿੱਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਚੋਣ ਵਿੱਚ ਉਸਦਾ ਰੋਨਾਲਡ ਟਰੰਪ ਨਾਲ ਮੁਕਾਬਲਾ ਹੋਵੇਗਾ, ਜੋ ਪਹਿਲਾਂ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ ਹਨ। ਪਰ ਅਮਰੀਕਾ ਦੇ ਲੋਕ ਉਸ ਦੀ ਕਾਰਗੁਜਾਰੀ ਤੋਂ ਸੰਤੁਸ਼ਟ ਨਹੀਂ ਹਨ। ਉਸ ਦੇ ਮੁਕਾਬਲੇ ਕਮਲਾ ਹੈਰਿਸ ਨੂੰ ਲੋਕ ਸ਼ਰੀਫ਼, ਆਮ ਲੋਕਾਂ ਦੀ ਹਮਦਰਦ ਵਜੋਂ ਸਵੀਕਾਰ ਕਰਦੇ ਹਨ। ਜੇਕਰ ਕਮਲਾ ਹੈਰਿਸ ਇਹ ਚੋਣ ਜਿੱਤ ਜਾਂਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਔਰਤ ਰਾਸ਼ਟਰਪਤੀ ਹੋਵੇਗੀ ਅਤੇ ਉਸਦੀ ਮਾਂ ਦੀ ਸੋਚ ਅਨੁਸਾਰ ਪਹਿਲੀ ਕਾਲੀ ਕੁੜੀ ਇਸ ਅਹੁਦੇ ਤੇ ਬਿਰਾਜਮਾਨ ਹੋਵੇਗੀ। ਜੋਏ ਬਾਇਡਨ ਉਸ ਦੀ ਮੁਹਿੰਮ ਵਿੱਚ ਅਗਵਾਈ ਕਰਨਗੇ। ਕਮਲਾ ਹੈਰਿਸ ਦੇ ਜਿੱਤ ਜਾਣ ਦੀਆਂ ਕਾਫ਼ੀ ਸੰਭਾਵਨਾਵਾਂ ਹਨ।
ਕਮਲਾ ਹੈਰਿਸ ਦਾ ਕਹਿਣਾ ਹੈ ਕਿ ਉਹ ਜਿੱਤ ਹਾਸਲ ਕਰਨ ਉਪਰੰਤ ਆਪਣੀਆਂ ਜੁਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਏਗੀ, ਦੁਨੀਆਂ ਦੇ ਹੋਰ ਦੇਸ਼ਾਂ ਨਾਲ ਸਬੰਧ ਸੁਧਾਰਨ ਦੇ ਯਤਨ ਕਰੇਗੀ ਅਤੇ ਦੁਨੀਆਂ ਭਰ ਵਿੱਚ ਸ਼ਾਂਤੀ ਲਈ ਕਦਮ ਵਧਾਵੇਗੀ। ਭਾਰਤੀ ਲੋਕ ਅੱਜ ਵੀ ਉਸ ਤੇ ਮਾਣ ਮਹਿਸੂਸ ਕਰ ਰਹੇ ਹਨ, ਪਰ ਜੇਕਰ ਉਹ ਰਾਸ਼ਟਰਪਤੀ ਬਣ ਜਾਂਦੀ ਹੈ ਤਾਂ ਉਹਨਾਂ ਦਾ ਮਾਣ ਨਾਲ ਸਿਰ ਹੋਰ ਉੱਚਾ ਹੋ ਜਾਵੇਗਾ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913