ਖਾਮਖਾਹ…

ਮੇਰਾ ਯੋਗ ਅਲਫ਼ਾਜ਼ਾਂ ਨੂੰ ਤਹਜ਼ੀਬੀ ਲੜੀ ਵਿਚ ਪਰੋ ਕੇ ਪਾਠਕਾਂ ਸਪੁਰਦ ਕਰਨਾ ਕੋਈ ਖਾਮਖਾਹ ਨਹੀਂ, ਸਗੋਂ ‘ਖਾਮਖਾਹ’ ਪ੍ਰਤੀ ਆਪਣੇ ਵਿਚਾਰਾਂ ਨੂੰ ਸਾਂਝਾ ਕਰਨਾ ਹੈ। ਜ਼ਿੰਦਗੀ ਖ਼ੁਸ਼ਨੁਮਾ ਖ਼ੁਆਬ ਜਿਹੀ ਹੈ, ਪਰ ਇਸਨੂੰ ਖਾਮਖਾਹ ਉਲਝਾਈ ਰੱਖਣਾ, ਸਮੇਂ ਦੀ ਅਹਿਮਿਅਤ ਨੂੰ ਅੱਖੋਂ ਓਹਲੇ ਕਰਨਾ ਹੈ। ਉਹ ਗੱਲ ਵੱਖਰੀ ਹੈ ਕਿ ਇਹ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਕੁਝ ਨਾ ਕੁਝ ਖਾਮਖਾਹ ਕਰਦੇ ਹੀ ਰਹਿੰਦੇ ਹਾਂ। ਸਿਰਫ਼ ਉਮਰਾਂ ਦਾ ਲੰਮਾ ਪੜਾਅ ਤੈਅ ਕਰਨ ਵਾਲੇ ਹੀ ਨਹੀਂ ਸਗੋਂ ਮਾਸੂਮ ਜਵਾਕਾਂ ਦੇ ਮਨਾਂ ਵਿਚ ਵੀ ਖਾਮਖਾਹ ਜਿਹੇ ਵਿਚਾਰ ਝੁਰਮਟ ਪਾਈ ਰੱਖਦੇ ਹਨ। ਇੱਥੇ ਆਪਣੇ ਬਚਪਨ ਵਾਲੀ ਇਕ ਗੱਲ ਦੀ ਸਾਂਝ ਪਾਉਣ ਨੂੰ ਚਿੱਤ ਕੀਤਾ ਹੈ, ਜਦੋਂ ਖਾਮਖਾਹ ਜਿਹੇ ਸਵਾਲਾਂ ਦੇ ਖਾਮਖਾਹ ਜਿਹੇ ਜਵਾਬ ਲੱਭਣ ਵਿਚ ਸਾਰਾ ਦਿਨ ਗੁਜ਼ਰ ਜਾਂਦਾ ਪਰ ਫਿਰ ਵੀ ਕਈ ਸਵਾਲਾਂ ਦੀ ਸਮਝ ਨਹੀਂ ਆਉਂਦੀ ਸੀ ਜਿਵੇਂ ਕਿ ਮੇਰੀ ਮਾਂ ਰਾਤੀ ਮੇਰੇ ਸਪਨੇ ਵਿਚ ਚੰਗੀ ਭਲੀ ਆਈ ਤਾਂ ਸੀ, ਫਿਰ ਮਾਂ ਨੂੰ ਇਹ ਕਿਉਂ ਨਹੀਂ ਪਤਾ ਕਿ ਉਹ ਮੇਰੇ ਸੁਪਨੇ ਵਿਚ ਆਈ ਸੀ ਅਤੇ ਮਾਂ ਨੇ ਇੰਝ ਕਿਉਂ ਪੁੱਛਿਆ ਕਿ ਹੋਰ ਸੁਣਾ ਸੁਪਨੇ ਵਿਚ ਕੀ ਦੇਖਿਆ, ਜਦੋਂ ਕਿ ਮਾਂ ਵੀ ਤਾਂ ਸੁਪਨੇ ਵਿਚ ਹੀ ਸੀ, ਸੋ ਮਾਂ ਨੂੰ ਕਿਉਂ ਨਹੀਂ ਪਤਾ, ਬਈ ਮੈਂ ਕੀ ਦੇਖਿਆ, ਆਦਿ।

‘ਖਾਮਖਾਹ’ ਉਸ ਨਦੀਨ ਵਰਗਾ ਹੈ, ਜਿਸ ਦੇ ਬੀਜ ਨੂੰ ਕਦੇ ਕਿਸੇ ਨੇ ਧਰਤੀ ਵਿਚ ਬੋਇਆ ਨਹੀਂ, ਜੋ ਆਪ ਮੁਹਾਰੇ ਹੀ ਧਰਤੀ ਦੀ ਸਤ੍ਹਾ ਉੱਤੇ ਆਪਣੀਆਂ ਜੜ੍ਹਾਂ ਫੈਲਾਉਂਦਾ ਰਹਿੰਦਾ ਹੈ। ਚਾਹੇ ਜ਼ਮੀਨ ਵਿਚ ਕਿੰਨੀ ਹੀ ਜਗਾ ਉੱਤੇ ਫੱਲਹਾਰੀ ਤੇ ਗੁਣਕਾਰੀ ਪੇੜ ਪੌਦਿਆਂ ਕਿਉਂ ਨਾ ਲਗਾਏ ਹੋਣ, ਪਰ ਇਹ ਨਦੀਨ ਕਿਵੇਂ ਨਾ ਕਿਵੇਂ ਆਪਣੇ ਲਈ ਥਾਂ ਬਣਾ ਹੀ ਲੈਂਦਾ ਹੈ। ਜਿਸ ਕਰਕੇ ਜਿਮੀਦਾਰ ਨੂੰ ਅਕਸਰ ਇਸ ਮੁਸ਼ਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵਾਰ-ਵਾਰ ਨਦੀਨ ਨੂੰ ਧਰਤੀ ਵਿਚੋਂ ਪੁੱਟਣਾ ਪੈਂਦਾ ਹੈ। ਹੂਬਹੂ ਇਸੇ ਤਰ੍ਹਾਂ ਚਾਹੇ ਕਿਸੇ ਮਨੁੱਖ ਨੂੰ ਆਪਣੀ ਇਕੀਗਾਈ (ਜਿਉਂਣ ਦਾ ਉਦੇਸ਼) ਹੀ ਕਿਉਂ ਨਾ ਮਿਲ ਗਈ ਹੋਵੇ, ਪਰ ਫਿਰ ਵੀ ਖਾਮਖਾਹੀ ਖਿਆਲ ਅਕਸਰ ਮਨੁੱਖੀ ਜ਼ਹਨ ਵਿਚ ਦਸਤਕ ਦਿੰਦੇ ਰਹਿੰਦੇ ਹਨ। ਪਰ ਕਾਬਿਲ ਮਨੁੱਖ ‘ਖਾਮਖਾਹ’ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦੇ, ਸਗੋਂ ਸਮੇਂ ਨਾਲ ਤੁਰਦੇ ਤੇ ਅਗਾਂਹ ਵੱਧਦੇ ਰਹਿੰਦੇ ਹਨ। ਉਹ ਲੋਕ ਜੋ ਵਿਹਲੇ ਰਹਿਣਾ ਪਸੰਦ ਕਰਦੇ ਹਨ, ਉਨ੍ਹਾਂ ਅੰਦਰ ਤਾਂ ਬੇਸ਼ੁਮਾਰ ਖਾਮਖਾਹੀ ਖਿਆਲ ਧੁੜਾਂ ਪੁੱਟਦੇ ਰਹਿੰਦੇ ਹਨ। ਪਾਣੀ ਦੀਆਂ ਤਰੰਗਾਂ ਵਾਂਗੂ ਇਹ ਖਾਮਖਾਹੀ ਖਿਆਲ ਦਿਮਾਗੀ ਸਤ੍ਹਾ ਉੱਤੇ ਕਦੇ ਉਚੇ ਉਠਦੇ ਤੇ ਕਦੇ ਨੀਵੇਂ ਹੋ ਵਹਿੰਦੇ ਹਨ। ਇਹੀ ਕਾਰਨ ਹੈ ਕਿ ਵਿਹਲਾ ਬੈਠਾ ਬੰਦਾ ਕਦੇ ਸਾਹਮਣੇ ਵਾਲਿਆਂ ਨਾਲ ਬਿਨ੍ਹਾਂ ਕਿਸੇ ਗੱਲ ਤੋਂ ਗੁੱਸੇ ਨਾਲ ਬੋਲਦਾ ਹੈ ਤੇ ਕਦੇ ਬਿਨ੍ਹਾਂ ਕਿਸੇ ਦੇ ਮਿੱਠੇ ਬੋਲਾਂ ਤੋਂ ਪਿਆਰ ਨਾਲ ਪੇਸ਼ ਆਉਂਦਾ ਹੈ। ਖਾਮਖਾਹ ਵਿਚ ਤਵੱਜ਼ੋ ਦੇਣ ਵਾਲਾ ਕੁਝ ਨਹੀਂ ਹੁੰਦਾ ਪਰ ਖਾਮਖਾਹੀ ਅਕਸਰ ਭਾਲਦਾ ਹੈ ਕਿ ਉਸਨੂੰ ਵੀ ਤਵੱਜ਼ੋ ਦਿੱਤੀ ਜਾਵੇ। ਜੇਕਰ ਇਹ ਖਾਮਖਾਹੀ ਖਿਆਲ ਨਕਾਰਾਤਮਕ ਬਿਰਤੀ ਦੇ ਹੋਣ ਤਾਂ ਇਨ੍ਹਾਂ ਕਰਕੇ ਚੰਗਾ ਭਲਾ ਇਨਸਾਨ ਮਾਨਸਿਕ ਤਣਾਅ ਤੇ ਹੋਰ ਕਈ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਦੂਜੇ ਪਾਸੇ ਜੇਕਰ ਇਹੀ ਖਾਮਖਾਹੀ ਖਿਆਲ ਖਾਮਖਾਹੀ ਖੁਸ਼ੀ ਦਾ ਅਹਿਸਾਸ ਕਰਵਾਉਣ ਤਾਂ ਅਜਿਹਾ ਵਿਅਕਤੀ ਕਿਸੇ ਵਾਹਨ ਨੂੰ ਚਲਾਉਂਦੇ ਹੋਇਆਂ ਵੀ ਹਵਾ ਨਾਲ ਗੱਲਾਂ ਕਰਦਾ ਹੈ, ਮਾਨੋ ਉਹ ਸੜਕੀ ਵਾਹਨ ਨਹੀਂ, ਹਵਾਈ ਜਹਾਜ ਚਲਾ ਰਿਹਾ ਹੋਵੇ। ਮੁਕਦੀ ਗੱਲ ਅਜਿਹੇ ‘ਖਾਮਖਾਹ’ ਦੇ ਵੱਸ ਕਿਉਂ ਪੈਣਾ, ਜਿਸਦਾ ਸੁਆਦ ਖਾਮਖਾਹੀ ਹੈ, ਜਿਸਦਾ ਸਫ਼ਰ ਖਾਮਖਾਹੀ ਹੈ, ਜਿਸਦਾ ਰਾਹ ਖਾਮਖਾਹੀ ਹੈ ਤੇ ਜਿਸਦੀ ਮੰਜ਼ਿਲ ਵੀ ਖਾਮਖਾਹੀ ਹੈ। ਇਹ ਤਾਂ ਮਹਿਜ਼ ਆਪਣੇ ਜ਼ਿੰਦਗੀ ਦੇ ਖਾਸ ਪਲਾਂ ਵਿਚ ਕੁਝ ਖਾਸ ਕਰਨ ਦੀ ਬਜਾਏ ਉਨ੍ਹਾਂ ਪਲਾਂ ਨੂੰ ਖਾਮਖਾਹੀ ਭੇਂਟ ਕਰ ਦੇਣਾ ਹੈ।

ਬਚਪਨ ਵੇਲੇ ਜਦੋਂ ਘਰ ਦੇ ਬਾਹਰ ਤੋਂ ਕੋਈ ਉਚੀ ਆਵਾਜ਼ ਸੁਣਾਈ ਦਿੰਦੀ ਤਾਂ ਕਦਮ ਮੱਲੋਂ ਮੱਲੀ ਬਾਹਰ ਨੂੰ ਦੋੜਦੇ। ਇਹ ਦੇਖਣ ਲਈ ਕਿ ਕਿਆ ਸਚਮੁਚ ਕਾਲੀਆਂ ਘਟਾਵਾਂ ਨੇ ਮੁੜ ਤੋਂ ਆਸਮਾਨ ਨੂੰ ਢੱਕ ਲਿਆ ਹੈ ਜਾਂ ਬਾਹਰ ਭੇਡਾਂ ਦਾ ਵੱਡਾ ਝੁੰਡ ਗੁਜ਼ਰ ਰਿਹਾ ਹੈ।

ਭੇਡਾਂ ਦੇ ਝੁੰਡ ਵਿਚੋਂ ਮੇਮਣੇ ਦੇਖਣੇ ਬਹੁਤ ਸੋਹਣੇ ਲੱਗਦੇ ਸਨ, ਜੋ ਅਕਸਰ ਸਾਰੇ ਝੁੰਡ ਦੇ ਪਿੱਛੇ ਹੌਲੀ-ਹੌਲੀ ਤੁਰਦੇ ਸਨ ਤੇ ਕੁਝ ਗਧਿਆਂ ਉੱਤੇ ਟੰਗੀਆਂ ਬੋਰੀਆਂ ਵਿਚ ਮੌਜਾਂ ਨਾਲ ਆਰਾਮ ਫੁਰਮਾ ਰਹੇ ਹੁੰਦੇ ਸਨ ਅਤੇ ਕਈਆਂ ਨੂੰ ਆਜੜੀਆਂ ਨੇ ਗੋਦੀ ਚੁੱਕਿਆ ਹੁੰਦਾ ਸੀ। ਭੇਡਾਂ ਦੇ ਇਸ ਝੁੰਡ ਵਿਚ ਸਭ ਤੋਂ ਕਬੀਲਦਾਰ ਦਿੱਖਣ ਵਾਲਾ ਜਾਨਵਰ ਗਧਾ ਹੁੰਦਾ ਸੀ। ਜਿਹੜਾ ਪੂਰਾ ਵਜ਼ਨ ਚੁੱਕੀ ਕਦੇ ਡਿੰਗ ਪੁੱਟ ਲੈਂਦਾ ਤੇ ਕਦੇ ਰੁੱਕ ਜਾਂਦਾ। ਮੈਨੂੰ ਯਾਦ ਹੈ ਕਿ ਇਕ ਦਫ਼ਾ ਆਜੜੀ ਮੇਰੀ ਮਾਂ ਕੋਲ ਖੜ੍ਹ ਕੇ ਆਪਣੇ ਕਾਮੇ ਗਧੇ ਬਾਰੇ ਦੱਸ ਰਿਹਾ ਸੀ ਕਿ “ਲੋਕ ਤਾਂ ਖਾਮਖਾਹ ਹੀ ਗਧੇ ਦਾ ਨਾਮ ਸੁਣ ਹੱਸ ਪੈਂਦੇ ਨੇ, ਇਹ ਤਾਂ ਬਚਾਰਾ ਵਾਧੂ ਕੰਮ ਕਰਨ ਦੇ ਯੋਗ ਹੁੰਦਾ ਏ, ਹਾਂ ਪਰ ਇਸ ਨੂੰ ਕੋਈ ਦਿਸ਼ਾ ਦੇਣ ਵਾਲਾ ਹੋਣਾ ਚਾਹੀਦਾ ਏ। ਮਹਿੰਗਾ ਲਿਆ ਜੀ ਮੈਂ ਖਾਸੇ ਪੈਸਿਆ ਦਾ।” ਉਸ ਆਜੜੀ ਦੇ ਮੂੰਹੋਂ ‘ਖਾਸੇ ਪੈਸਿਆ’ ਵਾਲੀ ਗੱਲ ਸੁਣ ਮੇਰਾ ਮਨ ਖਾਮਖਾਹੀ ਖਿਆਲ ਦੀ ਸੈਰ ਕਰਨ ਤੁਰ ਪਿਆ ਕਿ ਖਾਸੇ ਪੈਸੇ ਤਾਂ ਫਿਰ ਬਹੁਤ ਸਾਰੇ ਪੈਸੇ ਹੁੰਦੇ ਹੋਣੇ ਨੇ। ਜੇ ਐਨੇ ਸਾਰੇ ਪੈਸੇ ਹੋਣ ਫਿਰ ਤਾਂ ਗਧਾ ਲਿਆ ਜਾ ਸਕਦਾ ਹੈ। ਪਰ ਕਿਉਂਕਿ ਗੜਬੜਿਆਂ ਦੇ ਤਿਉਹਾਰ ਵੇਲੇ ਗੜਬੜੇ ਦੇ ਦੀਵੇ ਵਿਚੋਂ ਤੇਲ ਨਾਲ ਲਿਬੜੇ ਮੇਰੇ ਸਿੱਕਿਆ ਦੀ ਗਿਣਤੀ ਤਾਂ ‘ਖਾਸੇ ਪੈਸਿਆਂ’ ਵਿਚ ਨਹੀਂ ਆਉਂਦੀ ਸੀ, ਸੋ ਮਹਿਸੂਸ ਹੋਇਆ ਕਿ ਅਸੀਂ ਤਾਂ ਇਕ ਗਧਾ ਵੀ ਨਹੀਂ ਖਰੀਦ ਸਕਦੇ। ਫਿਰ ਬਹੁਤ ਮੱਥਾ ਮਾਰਨ ਤੋਂ ਬਾਅਦ ਇਕ ਫੁਰਨੇ ਨੇ ਖਾਮਖਾਹੀ ਖਿਆਲਾਂ ਵਿਚ ਡੁੱਬੇ ਮਨ ਨੂੰ ਰੋਸ਼ਨੀ ਦਿਖਾਈ। ਇਹ ਫੁਰਨਾ ਸੀ ਕਿ ਆਖ਼ਿਰ ਅਸੀਂ ਗਧਾ ਲੈ ਕੇ ਕਰਨਾ ਵੀ ਕੀ ਹੈ? ਇਸ ਫੁਰਨੇ ਨੇ ਤਾਂ ਸਾਰੀ ਉਲਝਣ ਬਾਜੀ ਹੀ ਮਿਟਾ ਦਿੱਤੀ।

ਇਹ ਨਿਕੀ ਜਿਹੀ ਕਹਾਣੀ ਜ਼ਿਹਨ ਵਿਚ ਉਮੜਨ ਵਾਲੇ ਖਾਮਖਾਹੀ ਖਿਆਲਾਂ ਤੋਂ ਵਾਕਿਫ਼ ਕਰਾਉਂਦੀ ਹੈ। ਜੀਵਨ ਵਿਚ ਕਈ ਵਾਰ ਮਨੁੱਖ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਖਾਮਖਾਹ ਹੀ ਆਪਣੀ ਔਕਾਤ ਨੂੰ ਪਰਖਣ ਬੈਠ ਜਾਂਦਾ ਹੈ। ਹਾਲਾਂਕਿ ਔਕਾਤ ਤਾਂ ਮਨੁੱਖ ਦੇ ਉਸ ਰੁਤਬੇ ਤੇ ਸ਼ਾਨ ਨੂੰ ਦਰਸਾਉਂਦੀ ਹੈ, ਜੋ ਉਸਨੇ ਆਪਣੇ ਸਕਾਰਾਤਮਕ ਵਿਚਾਰਾ ਜ਼ਰੀਏ ਘੜੀ ਹੁੰਦੀ ਹੈ। ਇਨਸਾਨ ਖਾਮਖਾਹ ਹੀ ਆਪਣੇ ਨਸੀਬਾ ਨੂੰ ਕੌਸਦਾ ਹੈ, ਬਿਨਾ ਇਹ ਸੋਚੇ ਕਿ ਜਿਸ ਚੀਜ਼ ਕਰਕੇ ਉਹ ਆਪਣੇ ਨਸੀਬਾਂ ਨੂੰ ਖਰੀਆਂ ਖਰੀਆਂ ਸੁਣਾ ਰਿਹਾ ਹੈ, ਭਲਾਂ ਉਸ ਚੀਜ਼ ਦੀ ਉਸਨੂੰ ਜ਼ਰੂਰਤ ਹੈ ਵੀ ਸਹੀ ਜਾਂ ਨਹੀਂ? ਜੇਕਰ ਅੱਜ ਦੀ ਜ਼ਿੰਦਗੀ ਵਿਚ ਗੁਜ਼ਰਨ ਵਾਲੇ ਹਰੇਕ ਦਿਨ ਦਾ ਮੁਲਾਂਕਣ ਕਰਕੇ ਦੇਖੀਏ ਤਾਂ ਹੈਰਾਨੀ ਹੋਵੇਗੀ ਕਿ ਬਿਨ੍ਹਾਂ ਕਿਸੇ ਮਕਸਦ ਤੋਂ ਜ਼ਿੰਦਗੀ ਜੀਉਣ ਵਾਲੇ ਅਕਸਰ ਆਪਣੇ ਦਿਨ ਦਾ ਜ਼ਿਆਦਾਤਰ ਹਿੱਸਾ ਖਾਮਖਾਹ ਉੱਠੇ ਵਿਚਾਰਾਂ, ਖਾਮਖਾਹੀ ਹਰਕਤਾਂ, ਖਾਮਖਾਹੀ ਪੰਗੇ ਬਾਜੀਆਂ ਤੇ ਖਾਮਖਾਹ ਹੀ ਦੂਜਿਆਂ ਦੇ ਕੰਮਾਂ-ਕਾਜਾਂ ਵਿਚ ਆਪਣੀ ਲੰਮੀ ਜਿਹੀ ਲੱਤ ਅੜਾਉਣ ਵਿਚ ਗੁਜ਼ਾਰ ਦਿੰਦੇ ਹਨ। ਖਾਮਖਾਹੀ ਗੱਲਾਂ ਤੇ ਖਿਆਲ ਚੰਗੇ ਭਲੇ ਇਨਸਾਨ ਨੂੰ ਅਪਾਹਜ ਬਣਾ ਦਿੰਦੇ ਹਨ। ਜਦੋਂ ਕਿ ਤੰਦਰੁਸਤ ਰਹਿਣ ਲਈ ਤੰਦਰੁਸਤ ਖਿਆਲਾਤ ਜ਼ਰੂਰੀ ਹੁੰਦੇ ਹਨ। ਇਹ ਬਿਲਕੁਲ ਇੰਝ ਹੈ ਕਿ ਅਸੀਂ ਜਿਹੋ ਜਿਹਾ ਬੀਜ਼ ਧਰਤੀ ਵਿਚ ਬੀਜਦੇ ਹਾਂ, ਓਹੋ ਜਿਹਾ ਹੀ ਫਲ ਪ੍ਰਾਪਤ ਕਰਦੇ ਹਾਂ। ਸਮਾਜ ਵਿਚ ਆਪਣਾ ਪ੍ਰਤੀਭਾਸ਼ਾਲੀ ਕਿਰਦਾਰ ਰੱਖਣ ਲਈ ਸਾਨੂੰ ਊਜਵਲ ਤੇ ਉੱਤਮ ਰਹਿਣੀ-ਬਹਿਣੀ ਦੇ ਧਾਰਨੀ ਹੋਣਾ ਪੈਂਦਾ ਹੈ। ਉੱਚੇ ਸੁੱਚੇ ਕਿਰਦਾਰ ਨੂੰ ਸਿਰਜਣ ਨਾਲੋਂ ਵੀ ਜ਼ਿਆਦਾ ਔਖਾ ਉੱਚੇ ਸੁੱਚੇ ਕਿਰਦਾਰ ਨੂੰ ਹਮੇਸ਼ਾਂ ਲਈ ਬਰਕਰਾਰ ਰੱਖਣਾ ਹੁੰਦਾ ਹੈ। ਦਿਮਾਗ ਵਿਚ ਆਉਣ ਵਾਲੇ ਖਾਮਖਾਹੀ ਖਿਆਲਾਂ ਪਿੱਛੇ ਤੁਰਨ ਨਾਲੋਂ ਬਿਹਤਰ ਹੈ ਕਿ ਇਸ ਬੇਸ਼ਕੀਮਤੀ ਜ਼ਿੰਦਗੀ ਨੂੰ ਬੇਸ਼ਕੀਮਤੀ ਵਿਚਾਰਾਂ, ਹੌਸਲੇ, ਨਿਮਰਤਾ, ਨਿਮਾਣਤਾ, ਹਲੀਮੀ ਤੇ ਲਿਆਕਤ ਆਦਿ ਵਰਗੇ ਗੁਣਾਂ ਨਾਲ ਸਜਾਇਆ ਜਾਵੇ ਤਾਂ ਜੋ ਹਰ ਪਲ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣਿਆ ਜਾ ਸਕੇ ਤੇ ਸਮੇਂ ਦੀ ਅਹਿਮਿਅਤ ਨੂੰ ਮਹਿਸੂਸ ਕਰਦੇ ਹੋਏ ਚੰਗੇ ਭਵਿੱਖ ਨਾਲ ਜੁੜਿਆ ਰਾਹਾਂ ਉੱਤੇ ਤੁਰਿਆ ਜਾ ਸਕੇ।

ਰਜਿੰਦਰ ਕੌਰ
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ,
ਪੰਜਾਬੀ ਯੂਨੀਵਰਸਿਟੀ,ਪਟਿਆਲਾ।