ਅਮਰੀਕਾ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਹੋਏ ਹਮਲੇ ਦੇ ਬਾਅਦ ਸੁਭਾਵਕ ਤੌਰ ‘ਤੇ ਉਥੇ ਦੀਆਂ ਸੁਰੱਖਿਆ ਅਤੇ ਖੁਫ਼ੀਆ ਏਜੰਸੀਆਂ ਉਤੇ ਸਵਾਲ ਉੱਠਣ ਲੱਗੇ ਹਨ। ਟਰੰਪ ਇਸ ਵੇਰ ਵੀ ਰਾਸ਼ਟਰਪਤੀ ਚੋਣਾਂ ‘ਚ ਰੀਪਬਲਿਕਨ ਪਾਰਟੀ ਵਲੋਂ ਉਮੀਦਵਾਰ ਹਨ।
ਅਮਰੀਕਾ ਦੇ 78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਨੇ ਪੈਨਸਿਲਵੇਨੀਆ ‘ਚ ਹਮਲੇ ਤੋਂ ਬਾਅਦ ਪਹਿਲੀ ਇੰਟਰਵੀਊ ‘ਚ ਕਿਹਾ – “ਮੈਨੂੰ ਮਰ ਜਾਣਾ ਚਾਹੀਦਾ ਸੀ। ਇਹ ਹਮਲਾ ਇੱਕ ਅਸਲ ਅਨੁਭਵ ਸੀ। ਰੱਬ ਨੇ ਮੈਨੂੰ ਬਚਾਇਆ ਹੈ।”
ਉਹਨਾ ਉਤੇ ਇਹ ਹਮਲਾ ਇੱਕ ਨੌਜਵਾਨ ਵਲੋਂ ਅਮਰੀਕਾ ਦੇ ਸ਼ਹਿਰ ਬਟਲਰ (ਪੈਨਸਿਲਵੇਨੀਆ ਸਟੇਟ) ਵਿਖੇ ਕੀਤਾ ਗਿਆ। ਗੋਲੀ ਉਹਨਾ ਦੇ ਕੰਨ ਕੋਲੋਂ ਸ਼ੂਕਦੀ ਲੰਘ ਗਈ। ਨਿਸ਼ਾਨਾ ਖੁੰਜ ਗਿਆ। ਟਰੰਪ ਬਚ ਗਿਆ। ਸੁਰੱਖਿਆ ਕਰਮਚਾਰੀਆਂ ਨੇ ਮੌਕੇ ‘ਤੇ ਹੀ ਨੌਜਵਾਨ ਨੂੰ ਮਾਰ ਦਿੱਤਾ।
ਇਸ ਹਮਲੇ ਤੋਂ ਬਾਅਦ ਸਿਆਸੀ ਬਿਆਨਬਾਜੀ ਹੋ ਰਹੀ ਹੈ। ਰੀਪਬਲਿਕਨ ਪਾਰਟੀ ਦੇ ਕੁਝ ਨੇਤਾ ਦੋਸ਼ ਲਾ ਰਹੇ ਹਨ ਕਿ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੇ ਬਿਆਨਾਂ ਕਾਰਨ ਇਹ ਸਭ ਕੁਝ ਵਾਪਰਿਆ ਹੈ। ਉਹਨਾ ਕਿਹਾ ਕਿ ਅਮਰੀਕਾ ‘ਚ ਸਿਆਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਉਂਜ ਅਮਰੀਕਾ ਵਿੱਚ ਇਹ ਇਹੋ ਜਿਹੀ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਸਾਬਕਾ ਰਾਸ਼ਟਰਪਤੀਆਂ, ਤਤਕਾਲੀ ਰਾਸ਼ਟਰਪਤੀਆਂ ਉਤੇ ਇਹੋ ਜਿਹੇ ਹਮਲੇ ਹੁੰਦੇ ਰਹੇ ਹਨ।
ਸਵਾਲ ਉੱਠਦਾ ਹੈ ਕਿ ਇਹ ਹਮਲਾ ਕੀ ਨੌਜਵਾਨ ਵਲੋਂ ਆਪਣੇ ਤੌਰ ‘ਤੇ ਇਕੱਲਿਆ ਕੀਤਾ ਗਿਆ ਜਾਂ ਇਸ ਪਿੱਛੇ ਕਿਸੇ ਹੋਰ ਦਾ ਹੱਥ ਸੀ? 20 ਸਾਲ ਦੇ ਇਸ ਨੌਜਵਾਨ ਵਲੋਂ ਜੋ ਹਾਈ ਸਕੂਲ ਤੱਕ ਪੜ੍ਹਿਆ ਸੀ, ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਸੀ, ਇਹੋ ਜਿਹਾ ਹਮਲਾ ਅਮਰੀਕਾ ਵਸਦੇ ਨੌਜਵਾਨਾਂ ਦੇ ਮਨਾਂ ‘ਚ ਸਿਆਸੀ ਲੋਕਾਂ ਪ੍ਰਤੀ ਪੈਦਾ ਹੋਏ ਗੁੱਸੇ ਦਾ ਇਜ਼ਹਾਰ ਹੋ ਸਕਦਾ ਹੈ।
ਅਮਰੀਕਾ ‘ਚ ਮਹਿੰਗਾਈ ਵਧ ਰਹੀ ਹੈ। ਬੇਰੁਜ਼ਗਾਰੀ ਦਾ ਅੰਤ ਨਹੀਂ ਹੈ। ਰੂਸ ਅਤੇ ਯੂਕਰੇਨ ਦੇ ਆਪਸੀ ਯੁੱਧ ਕਾਰਨ ਅਮਰੀਕਾ ‘ਚ ਤੇਲ ਕੀਮਤਾਂ ਦੇ ਵਾਧੇ ਕਾਰਨ ਉਥੋਂ ਦੇ ਪਰਿਵਾਰਾਂ ਦੀ ਆਰਥਿਕ ਸਥਿਤੀ ਗੜਬੜ ਹੋ ਚੁੱਕੀ ਹੈ। ਲੋਕਾਂ ਖ਼ਾਸ ਕਰਕੇ ਨੌਜਵਾਨਾਂ ‘ਚ ਵੱਡਾ ਅਸੰਤੋਸ਼ ਹੈ। ਉਹਨਾ ਦੇ ਮਨਾਂ ‘ਚ ਨਰਾਜ਼ਗੀ ਹੈ। ਉਹ ਆਮ ਹੀ ਹਿੰਸਕ ਵਰਤਾਅ ਕਰਦੇ ਦੇਖੇ ਜਾ ਰਹੇ ਹਨ। ਹਜ਼ਾਰਾਂ ਦੀ ਗਿਣਤੀ ‘ਚ ਨੌਜਵਾਨ ਇਹੋ ਜਿਹੀਆਂ ਘਟਨਾਵਾਂ ਕਾਰਨ ਜੇਲ੍ਹਾਂ ‘ਚ ਹਨ।
ਇਹ ਘਟਨਾ ਅਮਰੀਕਾ ਵਰਗੇ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਨੌਜਵਾਨਾਂ ‘ਚ ਹਿੰਸਕ ਪ੍ਰਵਿਰਤੀ ਪਨਪ ਰਹੀ ਹੈ, ਜੋ ਬਿਨ੍ਹਾਂ ਸ਼ੱਕ ਅਮਰੀਕੀ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ।
ਪਿਛਲੀ ਵੇਰ ਜਦੋਂ ਟਰੰਪ ਰਾਸ਼ਟਰਪਤੀ ਦੀ ਚੋਣ ਹਾਰੇ ਸਨ ਤਾਂ ਉਹਨਾ ਦੇ ਹੱਕ ਵਿੱਚ ਅਮਰੀਕਾ ‘ਚ ਵੱਡੀ ਭੰਨ-ਤੋੜ ਹੋਈ ਸੀ। ਉਸਦੇ ਹਿਮਾਇਤੀ ਅਮਰੀਕੀ ਸੰਸਦ ‘ਚ ਜ਼ਬਰਦਸਤੀ ਵੜ ਗਏ ਸਨ। ਅਮਰੀਕਾ ‘ਚ ਨਸਲੀ ਹਿੰਸਾ ਵੀ ਵੇਖਣ ਨੂੰ ਮਿਲੀ। ਦੂਜੇ ਦੇਸ਼ਾਂ ਦੇ ਨਾਗਰਿਕਾਂ ਖਿਲਾਫ਼ ਵੀ ਗੁੱਸਾ ਅਤੇ ਨਫ਼ਰਤ ਵੇਖਣ ਨੂੰ ਮਿਲੀ ਸੀ, ਕਿਉਂਕਿ ਟਰੰਪ ਆਪ ਵੀ ਅਮਰੀਕਾ ਦੇ “ਅਸਲੀ ਨਾਗਰਿਕਾਂ” ਦੇ ਹੱਕ ‘ਚ ਖੜਦਾ ਹੈ ਅਤੇ ਵਿਦੇਸ਼ਾਂ ਤੋਂ ਜਿਹੜੇ ਲੋਕ ਸ਼ਰਨਾਰਥੀ ਵਜੋਂ ਜਾਂ ਲੁੱਕ ਛਿਪਕੇ ਪੁੱਜਦੇ ਹਨ, ਉਹ ਉਹਨਾ ਦੇ ਹੱਕ ਵਿੱਚ ਨਹੀਂ। ਉਹ ਖੁਲ੍ਹੇਆਮ ਕਹਿੰਦਾ ਹੈ ਕਿ ਅਮਰੀਕਾ ਉਤੇ ਸਿਰਫ਼ ਅਮਰੀਕੀਆਂ ਦਾ ਹੱਕ ਹੈ।
ਅਮਰੀਕਾ ਦੁਨੀਆ ਭਰ ‘ਚ ਆਪਣੇ ਆਪ ਨੂੰ ਲੋਕਤੰਤਰ, ਲੋਕਤੰਤਰੀ ਕਦਰਾਂ-ਕੀਮਤਾਂ ਦਾ ਮੋਹਰੀ, ਮੁਦੱਈ ਸਮਝਦਾ ਹੈ। ਆਪਣੇ ਆਪ ਨੂੰ ਦੁਨੀਆ ਦੇ “ਵੱਡਾ ਠਾਣੇਦਾਰ” ਕਹਾਉਣ ਵਾਲੇ ਦੇਸ਼ ਅਮਰੀਕਾ ‘ਚ ਇਹੋ ਜਿਹੀਆਂ ਘਟਨਾਵਾਂ ਦਾ ਵਾਪਰਨਾ ਉਥੋਂ ਦੇ ਸ਼ਾਸ਼ਨ ਪ੍ਰਸ਼ਾਸ਼ਨ ਉਤੇ ਵੱਡੇ ਸਵਾਲ ਖੜੇ ਕਰਦਾ ਹੈ।
ਇਸ ਗੱਲ ‘ਚ ਵੱਡੀ ਸੱਚਾਈ ਹੈ ਕਿ ਦਿਖਾਵੇ ਦੇ ਤੌਰ ‘ਤੇ ਵੱਡੇ ਤੋਂ ਵੱਡੇ ਲੋਕਤੰਤਰ ਦੇਸ਼ਾਂ ‘ਚ ਇਹੋਜਿਹੀਆਂ ਹਿੰਸਕ ਘਟਨਾਵਾਂ ਵਾਪਰਦੀਆਂ ਹਨ। ਦੇਸ਼ ਦੇ ਹਾਕਮ ਵਿਰੋਧੀਆਂ ਨੂੰ ਠਿੱਠ ਕਰਨ ਲਈ ਉਹਨਾ ਤੇ “ਚੰਗੇ-ਮੰਦੇ” ਮੁਕੱਦਮੇ ਦਰਜ਼ ਕਰਦੇ ਹਨ। ਉਦਾਹਰਨ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਭਾਰਤ ਦੀ ਵੀ ਹੈ, ਦੋ ਮੁੱਖ ਮੰਤਰੀ ਅਤੇ ਦਰਜਨਾਂ ਹੋਰ ਲੋਕਾਂ ਉਤੇ “ਸਿਆਸਤ-ਪ੍ਰੇਰਿਤ” ਮੁਕੱਦਮੇ ਦਰਜ਼ ਹੋਏ ਹਨ, ਉਹਨਾ ਨੂੰ ਜੇਲ੍ਹੀ ਡੱਕਿਆ ਗਿਆ। ਨੀਤੀਆਂ ਦਾ ਵਿਰੋਧ ਕਰਨ ਵਾਲੇ ਲੋਕ ਹੁਣ ਵੀ ਜੇਲ੍ਹਾਂ ‘ਚ ਬੰਦ ਹਨ। “ਉਮਰ ਖਾਲਿਦ” ਵਰਗਾ ਚਿੰਤਕ ਵਿਦਿਆਰਥੀ ਅਤੇ ਕਈ ਹੋਰ ਚਿੰਤਕ, ਲੇਖਕ, ਬੁੱਧੀਜੀਵੀ ਵਰ੍ਹਿਆਂ ਤੋਂ ਜੇਲ੍ਹਾਂ ‘ਚ ਬਿਨ੍ਹਾਂ ਮੁਕੱਦਮਾ ਤੜੇ ਹੋਏ ਹਨ।
ਗੁਆਂਢੀ ਦੇਸ਼ ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ੍ਹ ‘ਚ ਬੈਠਾ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਪਾਰਟੀ ਤਹਿਰੀਕ-ਏ-ਇਨਸਾਫ ਪਾਰਟੀ ਉਤੇ ਪਾਕਿਸਤਾਨ ਸਰਕਾਰ ਵਲੋਂ ਪਾਬੰਦੀ ਲਗਾਉਣ ਦੀ ਯੋਜਨਾ ਹੈ। ਪਹਿਲਾਂ ਇਮਰਾਨ ਖਾਨ ਨੇ ਵੀ ਆਪਣੇ ਸਿਆਸੀ ਵਿਰੋਧੀਆਂ ਨੂੰ ਨਹੀਂ ਸੀ ਬਖ਼ਸ਼ਿਆ।
ਲੋਕਤੰਤਰ ਦੇ ਨਾਮ ਉਤੇ ਲੋਕਾਂ ਦੀਆਂ ਅੱਖਾਂ ‘ਚ ਇਹ ਸਿਆਸੀ ਲੋਕ ਘਟਾ ਪਾਉਂਦੇ ਹਨ, ਲੋਕਾਂ ਦੇ ਮਸਲਿਆਂ ਭੁੱਖਮਰੀ, ਗਰੀਬੀ, ਬੇਰੁਜ਼ਗਾਰੀ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਿਆਸੀ ਸ਼ਰੀਕੇਬਾਜ਼ੀ ‘ਚ ਲੋਕਾਂ ਨੂੰ ਉਲਝਾਈ ਰੱਖਦੇ ਹਨ ਅਤੇ ਲਗਭਗ ਤਾਨਾਸ਼ਾਹ ਬਣਕੇ “ਰੂਸ” ਦਾ ਸਾਸ਼ਕ “ਪੁਤਿਨ” ਲੋਕ ਵਿਖਾਵੇ ਲਈ ਚੋਣਾਂ ਕਰਵਾਉਂਦਾ ਹੈ। ਆਪਣੇ “ਪਾਰਟੀ ਦੇ ਕਾਰਕੁੰਨਾਂ” ਜਾਂ ਪੁਲਿਸ ਪ੍ਰਾਸ਼ਾਸ਼ਨ ਰਾਹੀਂ ਵਿਰੋਧੀਆਂ ਨੂੰ ਗੁੱਠੇ ਲਾਉਂਦਾ ਹੈ। ਇਹੋ ਕੁਝ ਯੂ.ਪੀ. ‘ਚ, ਇਹੋ ਕੁਝ ਪੱਛਮੀ ਬੰਗਾਲ ‘ਚ ਅਤੇ ਹੋਰ ਸੂਬਿਆਂ ‘ਚ ਵੀ ਵੇਖਣ ਨੂੰ ਮਿਲਦਾ ਹੈ ਜਿਥੇ ਵਿਰੋਧੀਆਂ ਨੂੰ ਦਬਾਉਣ ਕਈ ਬੂਲਡੋਜ਼ਰ ਨੀਤੀ ਵਰਤੀ ਗਈ।
ਇਹੋ ਜਿਹੀਆਂ ਹਾਲਤਾਂ ਜਦੋਂ ਦੇਸ਼ ‘ਚ ਚੇਤੰਨ ਵਰਗ ਜਾਂ ਨੌਜਵਾਨ ਵੇਖਦੇ, ਭਾਂਪਦੇ ਹਨ, ਉਹਨਾ ਦੇ ਮਨਾਂ ‘ਚ ਰੋਸ ਪੈਦਾ ਹੋਣਾ ਸੁਭਾਵਿਕ ਹੈ। ਇਹ ਰੋਸ ਕਈ ਹਾਲਤਾਂ ‘ਚ ਵੱਡੀ ਹਿੰਸਾ ਦਾ ਕਾਰਨ ਬਣਦਾ ਹੈ, ਫਿਰਕੂ ਫਸਾਦ ਹੁੰਦੇ ਹਨ, ਵਿਰੋਧੀਆਂ ਨਾਲ ਝੜਪਾਂ ਹੁੰਦੀਆਂ ਹਨ।
ਕਦੇ ਕਦੇ ਇਹ ਹਿੰਸਾ ਘੱਟ ਗਿਣਤੀਆਂ ਉਤੇ ਵੱਡੇ ਹਮਲਿਆਂ ਦੇ ਰੂਪ ‘ਚ ਸਾਹਮਣੇ ਆਉਂਦੀ ਹੈ। ਕਾਰਨ ਬਣਦੀ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ, 1984 ‘ਚ ਸਿੱਖਾਂ ਦੇ ਕਤਲੇਆਮ ਦਾ ਕਾਰਨ ਬਣਿਆ, ਜਿਸ ਵਿੱਚ ਸੈਂਕੜੇ ਨਿਰਦੋਸ਼ ਸਿੱਖ ਮਾਰ ਦਿੱਤੇ ਗਏ। ਲੋਕਤੰਤਰ ਵਿੱਚ ਦੇਸ਼ ਦੀ 1947 ਦੀ ਵੰਡ ਨੇ ਹੈਵਾਨੀਅਤ ਦੀਆਂ ਸਿਖ਼ਰਾਂ ਛੋਹੀਆਂ। ਲੱਖਾਂ ਲੋਕ ਉਜਾੜੇ ਗਏ, ਮਾਰੇ ਗਏ, ਇਹ ਸਿਰਫ਼ ਫਿਰਕੂ ਫਸਾਦ ਨਹੀਂ ਸਨ, ਲੋਕਤੰਤਰ ਦੇ ਮੱਥੇ ਉਤੇ ਵੱਡਾ ਕਲੰਕ ਸਨ, ਜਿਸਨੂੰ ਸਿਆਸੀ ਨੇਤਾ ਚੁੱਪ ਚਾਪ ਵੇਖਦੇ ਰਹੇ ਅਤੇ ਹਕੂਮਤ ਆਪਣਾ ਖੇਡ ਖੇਡਦੀ ਰਹੀ।
ਲੋਕਤੰਤਰੀ ਭਾਰਤ ਵਿੱਚ ਜੰਮੂ ਕਸ਼ਮੀਰ, ਮਨੀਪੁਰ ‘ਚ ਵਪਾਰ ਰਹੀਆਂ ਹਿੰਸਾ ਦੀਆਂ ਘਟਨਾਵਾਂ, ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਾਗਰਿਕ ਬਿੱਲ ਪਾਸ ਹੋਣ ਵੇਲੇ ਹੋਏ ਦੰਗੇ, ਗੁਜਰਾਤ ਦੇ ਦੰਗਿਆਂ ‘ਚ ਸਿਆਸੀ ਨੇਤਾਵਾਂ ਦੀ ਸਿੱਧੇ ਜਾਂ ਅਸਿੱਧੇ ਢੰਗ ਨਾਲ ਸ਼ਮੂਲੀਅਤ ਸ਼ਰਮਨਾਕ ਵਰਤਾਰਾ ਹੈ। ਇਸ ਕਿਸਮ ਦੀ ਹਿੰਸਾ ਲੋਕਾਂ ਦੇ ਮਨਾਂ ‘ਚ ਵਖਰੇਵੇਂ ਪੈਦਾ ਕਰਦੀ ਹੈ। ਮਨਾਂ ‘ਚ ਰੋਸ ਪੈਦਾ ਕਰਦੀ ਹੈ ਅਤੇ ਸਮਾਂ ਰਹਿੰਦਿਆਂ ਦੇਸ਼ ‘ਚ ਵੱਡੇ ਸੰਕਟ ਵਿੱਚ ਫਸਾਦ ਹੈ।
ਬਿਨ੍ਹਾਂ ਸ਼ੱਕ ਚੋਣਾਂ ਵੇਲੇ ਹੋਈ ਹਿੰਸਾ ਦਾ ਮਕਸਦ ਵਕਤੀ ਤੋਰ ‘ਤੇ ਵੋਟਾਂ ਦੀ ਪ੍ਰਾਪਤੀ ਹੋ ਸਕਦਾ ਹੈ, ਪਰ ਇਹ ਬਹੁਤੀ ਵੇਰ ਮਿੱਥਕੇ ਕੀਤਾ ਜਾਂਦਾ ਸਮਝਿਆ ਜਾਂਦਾ ਹੈ ਤਾਂ ਕਿ ਕੋਈ ਵਿਸ਼ੇਸ਼ ਸਖ਼ਸ਼ ਜਾਂ ਧਿਰ ਨੂੰ ਉਭਾਰਿਆ ਜਾਵੇ। ਸਿਆਸੀ ਲੋਕਾਂ ਦੀ ਇਹੋ ਭੁੱਖ ਹੀ ਹਿੰਸਕ ਘਟਨਾਵਾਂ ਵਾਪਰਨ ਦਾ ਵੱਡਾ ਕਾਰਨ ਵੀ ਬਣਦੀ ਹੈ। ਅੱਜ ਸਿਆਸੀ ਹਿੰਸਾ ਦਾ ਇਹ ਵਰਤਾਰਾ ਲਗਾਤਾਰ ਕਿਸੇ ਨਾ ਕਿਸੇ ਰੂਪ ਵਿੱਚ ਵਧ ਰਿਹਾ ਹੈ।
ਇਹ ਹਿੰਸਾ ਦੇਸ਼ਾਂ ਵਿਚਕਾਰ ਜੰਗ ਦੇ ਰੂਪ ਵਿੱਚ ਵੀ ਦਿਸਦੀ ਹੈ,ਜਿਵੇਂ ਰੂਸ ਤੇ ਯੂਕਰੇਨ ਦਾ ਯੁੱਧ, ਇਹ ਹਿੰਸਾ ਦੇਸ਼ਾਂ ‘ਚ ਕਬੀਲਿਆਂ ‘ਚ ਆਪਸੀ ਟੱਕਰ ਵੀ ਹੋ ਸਕਦੀ ਹੈ, ਇਹ ਹਿੰਸਾ ਅਤੰਕਵਾਦ, ਸਿਵਲ ਵਾਰ, ਮਿਲਟਰੀ ਵਲੋਂ ਤਖਤਾ ਪਲਟ, ਵੱਡੇ ਰੋਸ ਮੁਜਹਾਰਿਆਂ ਸਮੇਂ ਹਿੰਸਾ, ਫਿਰਕਿਆਂ ਵਿਚਕਾਰ ਦੰਗੇ, ਕਤਲੇਆਮ, ਕਿਸੇ ਫਿਰਕੇ ਦਾ ਖ਼ਾਤਮਾ ਅਤੇ ਹਕੂਮਤ ਵਲੋਂ ਕੀਤੀ ਕਿਰਦਾਰਕੁਸ਼ੀ ਵੀ ਹੋ ਸਕਦੀ ਹੈ।
ਪਰ ਅੱਜ ਦੇ ਯੁੱਗ ‘ਚ ਹਾਕਮਾਂ ਵਲੋਂ ਲੁਬਾਦਾ ਲੋਕਤੰਤਰ ਦਾ ਪਹਿਨਿਆ ਜਾ ਰਿਹਾ ਹੈ ਅਤੇ ਦਰਸਾਇਆ ਜਾ ਰਿਹਾ ਹੈ ਕਿ ਇਹ ਵਰਤਾਰਾ ਡਿਕਟੇਟਰਾਨਾ ਨਹੀਂ ਹੈ, ਭਾਵੇਂ ਕਿ ਇਸ ਪਿਛੇ ਸੋਚ, ਲੋਕਾਂ ਨੂੰ ਸਾਮ, ਦਾਮ, ਦੰਡ ਰਾਹੀਂ ਆਪਣੇ ਕਾਬੂ ‘ਚ ਕਰਨਾ ਹੀ ਹੁੰਦਾ ਹੈ।
ਮੌਜੂਦਾ ਦੌਰ ‘ਚ ਲੋਕਤੰਤਰ ਦੇ ਅਰਥ ਹੀ ਬਦਲੇ ਗਏ ਹਨ। ਲੋਕਤੰਤਰ ਵਿੱਚ ਸਰਕਾਰੀ, ਸਹਿਕਾਰੀ ਅਦਾਰਿਆਂ ਦੀ ਥਾਂ ਨਿਜੀਕਰਨ, ਖੁਦਮੁੱਖਤਿਆਰ ਸੰਸਥਾਵਾਂ ਦੀ ਥਾਂ ਹਕੂਮਤੀ ਕਬਜ਼ਾ, ਆਜ਼ਾਦ ਖਿਆਲਾਂ ਤੇ ਆਜ਼ਾਦ ਪ੍ਰੈੱਸ ਮੀਡੀਆ ਉਤੇ ਵੱਡ ਦਬਾਅ ਅਤੇ ਕੁਦਰਤੀ ਵਸੀਲਿਆਂ ਉਤੇ ਸਰਕਾਰ ਦੀ ਥਾਂ ਕਾਰਪੋਰੇਟਾਂ ਦੀ ਤੂਤੀ ਬੋਲਣਾ, ਲੋਕਤੰਤਰ ਦੇ ਥੰਮਾਂ ਨੂੰ ਕਮਜ਼ੋਰ ਕਰਨ ਦਾ ਕਾਰਨ ਬਣਿਅ ਹੈ। ਇਥੋਂ ਤੱਕ ਕਿ ਆਜ਼ਾਦ ਚੋਣ ਕਮਿਸ਼ਨ ਵੀ ਹੁਣ ਆਜ਼ਾਦ ਨਹੀਂ ਰਹੇ।
ਇਥੇ ਹੀ ਬਸ ‘ਚ ਕਾਨੂੰਨ ਘੜਨੀ ਸਭਾ ਪਾਰਲੀਮੈਂਟ ਵਿੱਚ ਵੱਡੀ ਗਿਣਤੀ ‘ਚ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਦਾ ਜਾ ਬੈਠਣਾ ਅਤੇ ਲੋਕ ਨੁਮਾਇੰਦੇ ਬਣਕੇ ਕੰਮ ਕਰਨਾ, ਲੋਕਤੰਤਰ ਵਿੱਚ ਹਿੰਸਕ ਵਰਤਾਰੇ ‘ਚ ਵਾਧੇ ਦਾ ਵੱਡਾ ਕਾਰਨ ਹੈ। ਇਸ ਕਰਕੇ ਚੋਣਾਂ ਤੋਂ ਪਹਿਲਾਂ ਹਿੰਸਾ ਦਾ ਤਾਂਡਵ, ਚੋਣਾਂ ਦੇ ਦੌਰਾਨ ਮਾਰ-ਵੱਢ ਅਤੇ ਫਿਰ ਨਤੀਜਿਆਂ ਦੇ ਬਾਅਦ ਬਦਲੇ ਦੀ ਭਾਵਨਾ ਨਾਲ ਅੱਗ ਜਨੀ ਅਤੇ ਤੋੜ-ਫੋੜ ਦੀਆਂ ਘਟਨਾਵਾਂ ‘ਚ ਵਾਧਾ ਵੇਖਣ ਨੂੰ ਮਿਲਦਾ ਹੈ।
ਲੋਕਤੰਤਰ ਵਿੱਚ ਹਿੰਸਾ ਦਾ ਮੁੱਖ ਕਾਰਨ ਹੀ ਸਿਆਸੀ ਹਿੰਸਾ ਹੈ, ਜੋ ਹੁਣ ਅਪਰਾਧਿਕ ਹਿੰਸਾ ਦੇ ਨਾਲ ਰਲਗਡ ਹੋ ਚੁੱਕੀ ਹੈ। ਹਿੰਸਾ ਅਸਲ ਵਿੱਚ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਹੈ। ਸਿਆਸੀ ਲੋਕ ਆਪਣੀ ਤਾਕਤ ਵਧਾਉਣ ਲਈ ਸਰੀਰਕ ਹਿੰਸਾ ਦੀ ਵਰਤੋਂ ਕਰਦੇ ਹਨ, ਇਵੇਂ ਹੀ ਜਿਵੇਂ ਅਪਰਾਧੀ ਗ੍ਰੋਹ ਹਥਿਆਰਾਂ ਦੀ ਵਰਤੋਂ ਕਰਦੇ ਹਨ, ਲੁੱਟ-ਮਾਰ ਕਰਦੇ ਹਨ, ਗੋਲੀਬਾਰੀ ਕਰਦੇ ਹਨ, ਸਰੀਰਕ ਤਾਕਤ ਦਾ ਮੁਜ਼ਾਹਰਾ ਕਰਦੇ ਹਨ।
ਸਿਆਸੀ ਹਿੰਸਾ ਕਈ ਰੂਪਾਂ ‘ਚ ਇਸੇ ਤਰ੍ਹਾਂ ਨਜ਼ਰ ‘ਚ ਆਉਂਦੀ ਹੈ। ਸਿਆਸੀ ਹਿੰਸਾ ਉਦੋਂ ਹੁੰਦੀ ਹੈ ਜਦ ਸਰੀਰਕ ਨੁਕਸਾਨ ਦਾ ਇਸਤੇਮਾਲ ਸਿਆਸੀ ਇਰਾਦਿਆਂ ਨਾਲ ਪ੍ਰੇਰਿਤ ਹੁੰਦਾ ਹੈ। ਉਦਾਹਰਨ ਲਈ ਜਦ ਹਿੰਸਾ ਦੀ ਵਰਤੋਂ ਕਿਸੇ ਸਮਾਜਿਕ ਵਿਵਸਥਾ ਨੂੰ ਨਸ਼ਟ ਕਰਨ ਲਈ ਜਾਂ ਦਿਖਾਵੇ ਦੇ ਤੌਰ ‘ਤੇ ਸਮਾਜਿਕ ਵਿਵਸਥਾ ਨੂੰ ਬਣਾਈ ਰੱਖਣ ਲਈ ਕੀਤੀ ਜਾਂਦੀ ਹੈ , ਤਾਂ ਉਸਨੂੰ ਸਿਆਸੀ ਹਿੰਸਾ ਮੰਨਿਆ ਜਾਂਦਾ ਹੈ।
ਇਸ ਤਰ੍ਹਾਂ ਸਿਆਸੀ ਹਿੰਸਾ ਦੀ ਵਰਤੋਂ ਉਹਨਾ ਲੋਕਾਂ ਵਲੋਂ ਕੀਤੀ ਜਾਂਦੀ ਹੈ ਜਿਹੜੇ ਸਮਾਜਿਕ-ਰਾਜਨੀਤਕ ਸਥਿਤੀ ਨੂੰ ਚਣੌਤੀ ਦੇਣ ਦੀ ਕੋਸ਼ਿਸ਼ ਕਰਦੇ ਹਨ। ਦੇਸ਼ ਵਿਦੇਸ਼ ਵਿੱਚ ਇਹ ਵਰਤਾਰਾ ਲਗਾਤਾਰ ਵਧ ਰਿਹਾ ਹੈ, ਜੋ ਲੋਕਤੰਤਰ ਸਥਾਪਤੀ ਜਾਂ ਲੋਕਤੰਤਰ ਕਦਰਾਂ-ਕੀਮਤਾਂ ਬਣਾਈ ਰੱਖਣ ਲਈ ਇੱਕ ਵੱਡੀ ਚਣੌਤੀ ਹੈ।
-ਗੁਰਮੀਤ ਸਿੰਘ ਪਲਾਹੀ
-9815802070