ਕੇਵਲ ਵਿਰੋਧ ‘ਤੇ ਆਧਾਰਤ ਰਾਜਨੀਤੀ ਰਾਸ਼ਟਰ ਦੇ ਹਿਤ ਵਿੱਚ ਨਹੀਂ ਹੋ ਸਕਦੀ

ਦੁਨੀਆਂ ਭਰ ਵਿੱਚ ਹੀ ਰਾਜਨੀਤਕ ਲੋਕ ਸਰਕਾਰਾਂ ਬਣਾਉਂਦੇ ਤੇ ਚਲਾਉਂਦੇ ਹਨ। ਦੇਸ਼ ਦੇ ਵਿਕਾਸ ਲਈ ਵਿਰੋਧੀ ਪਾਰਟੀਆਂ ਵੀ ਸਿਆਸਤ ਤੋਂ ਉੱਪਰ ਉੱਠ ਕੇ ਸਰਕਾਰ ਨੂੰ ਸਹਿਯੋਗ ਦਿੰਦੀਆਂ ਹਨ। ਸਰਕਾਰ ਜੋ ਚੰਗਾ ਕੰਮ ਕਰਦੀ ਹੈ, ਉਸਦੀ ਵਿਰੋਧੀ ਪਾਰਟੀਆਂ ਸਲਾਘਾ ਕਰਦੀਆਂ ਹਨ ਅਤੇ ਜੋ ਸਰਕਾਰ ਗਲਤ ਕਰਦੀ ਹੈ ਉਸਦਾ ਡਟ ਕੇ ਵਿਰੋਧ ਕਰਦੀਆਂ ਹਨ। ਕੇਵਲ ਸਿਆਸਤਦਾਨ ਹੀ ਨਹੀਂ ਆਮ ਲੋਕ ਵੀ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ ਕਹਿਣ ਤੋਂ ਸੰਕੋਚ ਨਹੀਂ ਕਰਦੇ। ਸਿਆਸੀ ਮਾਮਲਿਆਂ ਵਿੱਚ ਆਪਣੇ ਨਿਸਚੇ ਮੁਤਾਬਿਕ ਦਖ਼ਲ ਦੇਣਾ ਹਰ ਨਾਗਰਿਕ ਦੀ ਜੁਮੇਵਾਰੀ ਵੀ ਬਣਦੀ ਹੈ। ਰਾਜਨੀਤੀਵਾਨ ਵੀ ਚੋਣਾਂ ਸਮੇਂ ਇੱਕ ਦੂਜੀ ਪਾਰਟੀ ਵਿਰੁੱਧ ਖੁਲ ਕੇ ਭੜਾਸ ਕੱਢਦੇ ਹਨ, ਪਰ ਜਦ ਸਰਕਾਰ ਬਣ ਜਾਂਦੀ ਹੈ ਤਾਂ ਉਹ ਦੇਸ਼ ਦੇ ਹਿਤਾਂ ਨੂੰ ਵੇਖ ਕੇ ਸਹਿਯੋਗ ਦੇਣ ਦਾ ਯਤਨ ਕਰਦੇ ਹਨ। ਪਰ ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੈ, ਇੱਥੋਂ ਦੇ ਸਿਆਸਤਦਾਨ ਵਿਰੋਧ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ, ਸਰਕਾਰ ਕੰਮ ਚੰਗਾ ਕਰੇ ਜਾਂ ਮਾੜਾ। ਪੰਜਾਬ ਵਿੱਚ ਤਾਂ ਰਾਜਨੀਤੀਵਾਨ ਦੁਸ਼ਮਣੀ ਵਾਂਗ ਸਿਆਸਤ ਕਰਦੇ ਹਨ। ਰਾਜਨੀਤੀ ਪੈਸੇ ਤੇ ਸ਼ਕਤੀ ਦੀ ਖੇਡ ਨਹੀਂ ਹੈ, ਇਹ ਲੋਕਾਂ ਦੇ ਜੀਵਨ ਦੀ ਬਿਹਤਰੀ ਲਈ ਹੈ ਅਤੇ ਇਸ ਉੱਪਰ ਰਾਸ਼ਟਰ ਦਾ ਭਵਿੱਖ ਨਿਰਭਰ ਕਰਦਾ ਹੈ, ਇਹ ਸਮਝਣ ਦੀ ਲੋੜ ਹੈ।

ਦੁਨੀਆਂ ਪੱਧਰ ਦੇ ਫਿਲਾਸਫ਼ਰ ਬਰਿੰਗਮ ਯੰਗ ਦਾ ਵਿਚਾਰ ਹੈ ਕਿ ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ, ਜੋ ਦੌਲਤ ਅਤੇ ਸ਼ੁਹਰਤ ਦੀ ਥਾਂ ਲੋਕ ਕਲਿਆਣ ਅਤੇ ਸੇਵਾ ਨੂੰ ਤਰਜੀਹ ਦੇਣ। ਪਰ ਪੰਜਾਬ ਦੀ ਵਾਂਗਡੋਰ ਸੰਭਾਲਣ ਲਈ ਅਜਿਹੇ ਲੋਕ ਕਿੱਥੋਂ ਭਾਲ ਕੇ ਲਿਆਈਏ? ਰਾਜ ਤਾਂ ਸਿਆਸਤਦਾਨਾਂ ਨੇ ਹੀ ਕਰਨਾ ਹੈ, ਉਹਨਾਂ ਪਹਿਲਾਂ ਵੱਖ ਵੱਖ ਪਾਰਟੀਆਂ ਬਣਾਈਆਂ, ਫੇਰ ਉਹਨਾਂ ਵਿੱਚ ਅੱਗੇ ਗਰੁੱਪ ਬਣਾਏ ਹੋਏ ਹਨ। ਸਾਰੇ ਆਪਣੇ ਆਪ ਨੂੰ ਹੀ ਸ਼ਕਤੀਮਾਨ ਸਮਝਦੇ ਹਨ, ਦੂਜੇ ਦੀ ਗੱਲ ਮੰਨਣ ਜਾਂ ਸੁਣਨ ਨੂੰ ਵੀ ਤਿਆਰ ਨਹੀਂ ਹਨ। ਸੂਬੇ ਦੇ ਹਿਤਾਂ ਦਾ ਕਿਸੇ ਨੂੰ ਫਿਕਰ ਨਹੀਂ, ਬੱਸ ਇੱਕ ਦੂਜੇ ਨੂੰ ਨਿੰਦਣ ਭੰਡਣ ਤੇ ਉਹਨਾਂ ਦੀਆਂ ਲੱਤਾ ਖਿੱਚਣ ਜਾਂ ਪੈਸਾ ਇਕੱਠਾ ਕਰਨ ਤੇ ਜੋਰ ਹੈ। ਲੋਕਾਂ ਨੇ ਲੰਬਾ ਸਮਾਂ ਸ੍ਰੋਮਣੀ ਅਕਾਲੀ ਦਲ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ, ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਭੋਲੇ ਭਾਲੇ ਚਿਹਰੇ ਨੂੰ ਵੇਖਦਿਆਂ ਉਹਨਾਂ ਤੇ ਅਥਾਹ ਵਿਸਵਾਸ਼ ਕੀਤਾ। ਪਰ ਬਾਦਲ ਪਰਿਵਾਰ ਤੇ ਉਹਨਾਂ ਦੇ ਰਾਜ ਵਿੱਚ ਦੂਜੇ ਅਕਾਲੀ ਆਗੂਆਂ ਨੇ ਪੰਜਾਬ ਨੂੰ ਲੁੱਟਿਆ ਉਹ ਕਿਸੇ ਤੋਂ ਭੁੱਲਿਆ ਨਹੀਂ। ਨਾ ਸਿੱਖ ਪਰੰਪਰਾਵਾਂ ਦਾ ਖਿਆਲ ਰੱਖਿਆ, ਨਾ ਧਾਰਮਿਕ ਮਰਯਾਦਾ ਦਾ ਅਤੇ ਨਾ ਹੀ ਲੋਕ ਹਿਤਾਂ ਜਾਂ ਪੰਜਾਬ ਦਾ, ਬੱਸ ਪੈਸਾ ਇਕੱਠਾ ਕਰਨਾ ਹੀ ਮੁੱਖ ਮਕਸਦ ਬਣਾ ਕੇ ਰੱਖਿਆ। ਉਸਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣੀ, ਉਸ ਰਾਜ ਵਿੱਚ ਵੀ ਭਿ੍ਰਸ਼ਟਾਚਾਰ ਹੀ ਮੁੱਖ ਕੰਮ ਰਿਹਾ। ਅੱਜ ਕਿੰਨੇ ਹੀ ਮੰਤਰੀ ਭਿ੍ਰਸ਼ਟਾਚਾਰ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਬਣੀ ਹੈ ਤਾਂ ਇਸ ਦੇ ਵੀ ਕਈ ਮੰਤਰੀ ਰਿਸਵਤਖੋਰੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਸਾਫ਼ ਹੈ ਕਿ ਪੰਜਾਬ ਦੇ ਰਾਜਨੀਤੀਵਾਨਾਂ ਨੂੰ ਸੂਬੇ ਦੇ ਹਿਤਾਂ ਨਾਲੋ ਪੈਸਾ ਇਕੱਠਾ ਕਰਨ ਦੀ ਭੁੱਖ ਜਿਆਦਾ ਹੈ।

ਪੰਜਾਬ ਦੇ ਸਿਆਸਤਦਾਨਾਂ ਦੀ ਟੇਕ ਵਿਰੋਧੀਆਂ ਵਿਰੁੱਧ ਪ੍ਰਚਾਰ ਤੇ ਰੱਖੀ ਹੋਈ ਹੈ, ਜਿਸ ਸਦਕਾ ਉਹ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਧਿਆਨ ਆਪਣੇ ਤੋਂ ਪਾਸੇ ਕਰ ਦਿੰਦੇ ਹਨ। ਸਰਕਾਰ ਦੇ ਕਿਸੇ ਵੀ ਕੰਮ ਨੂੰ ਵਿਰੋਧੀ ਚੰਗਾ ਨਹੀਂ ਕਹਿੰਦੇ। ਅੱਜ ਤੋਂ ਚਾਰ ਦਹਾਕੇ ਪਹਿਲਾਂ ਤੱਕ ਅਜਿਹਾ ਨਹੀਂ ਸੀ, ਜੇ ਸਰਕਾਰ ਦਾ ਕੰਮ ਲੋਕ ਹਿਤ ਵਿੱਚ ਹੁੰਦਾ ਤਾਂ ਵਿਰੋਧੀ ਪਾਰਟੀਆਂ ਦੇ ਆਗੂ ਵੀ ਉਸਦੀ ਸਲਾਘਾ ਕਰਦੇ ਸਨ। ਇਹੋ ਕਾਰਨ ਸੀ ਕਿ ਗਣਤੰਤਰ ਦਿਵਸ, ਆਜ਼ਾਦੀ ਦਿਵਸ ਜਾਂ ਹੋਰ ਸਰਕਾਰੀ ਸਮਾਗਮਾਂ ਵਿੱਚ ਸਰਕਾਰੀ ਧਿਰ ਵੱਲੋਂ ਵਿਰੋਧੀ ਪਾਰਟੀਆਂ ਨੂੰ ਸੱਦਾ ਪੱਤਰ ਭੇਜਿਆ ਜਾਂਦਾ ਸੀ ਅਤੇ ਉਹ ਪਹੁੰਚਦੇ ਵੀ ਸਨ। ਪਰ ਹੁਣ ਸਿਆਸਤਦਾਨਾਂ ਨੇ ਵਿਰੋਧ ਕਰਕੇ ਹੀ ਖੱਟੀ ਖੱਟਣੀ ਹੈ ਇਸ ਲਈ ਦੁਸ਼ਮਣਾਂ ਵਾਂਗ ਵਿਚਰਦੇ ਹਨ। ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੋ ਰਾਸ਼ਟਰ ਦੇ ਹਿਤ ਵਿੱਚ ਹੈ ਉਹੀ ਵਿਅਕਤੀ ਦੇ ਹਿਤ ਵਿੱਚ ਹੈ, ਜੇ ਸਭਨਾ ’ਚ ਇਹ ਵਿਚਾਰ ਪੈਦਾ ਹੋ ਜਾਵੇ ਤਾਂ ਰਾਸ਼ਟਰ, ਦੇਸ਼, ਰਾਜ ਲਈ ਸੁਭਾਗਾ ਸਮਾਂ ਹੋਵੇਗਾ।

ਨਿੰਦਾ ਕਰਨ ਦੇ ਸੁਆਲ ਨੂੰ ਵਿਚਾਰਣ ਲਈ ਮੌਜੂਦਾ ਸਮੇਂ ਚੱਲ ਰਹੀ ਗੋਇੰਦਵਾਲ ਥਰਮਲ ਪਲਾਂਟ ਦੀ ਬਹਿਸ ਹੀ ਕਾਫ਼ੀ ਹੈ। ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਵਿੱਚ ਰਾਜਪੁਰਾ, ਗੋਇੰਦਵਾਲ ਤੇ ਵਣਵਾਲਾ ਥਰਮਲ ਪਲਾਂਟ ਪ੍ਰਾਈਵੇਟ ਕੰਪਨੀਆਂ ਵੱਲੋਂ ਲੱਗੇ ਸਨ, ਉਸ ਸਮੇਂ ਅਕਾਲੀ ਦਲ ਸਰਕਾਰ ਵਿਰੁੱਧ ਸਾਰੀਆਂ ਵਿਰੋਧੀ ਪਾਰਟੀਆਂ ਨੇ ਧੂੰਆਂਧਾਰ ਪ੍ਰਚਾਰ ਕੀਤਾ ਸੀ ਕਿ ਇਹਨਾਂ ਥਰਮਲ ਪਲਾਂਟਾਂ ਦੀ ਪ੍ਰਵਾਨਗੀ ਪੰਜਾਬ ਦੇ ਮੁੱਖ ਮੰਤਰੀ ਸ੍ਰ: ਬਾਦਲ ਨੇ ਦਿੱਤੀ ਹੈ। ਉਹ ਅਜਿਹੇ ਦੋਸ਼ ਵੀ ਲਾਉਂਦੇ ਰਹੇ ਕਿ ਇਸ ਵਿੱਚ ਬਾਦਲ ਪਰਿਵਾਰ ਦਾ ਹਿੱਸਾ ਹੈ ਜਾਂ ਬਾਦਲ ਪਰਿਵਾਰ ਨੇ ਮੋਟੀ ਰਕਮ ਲੈ ਕੇ ਪ੍ਰਵਾਨਗੀ ਦਿੱਤੀ ਹੈ। ਵਿਰੋਧੀ ਰਾਜਨੀਤੀਵਾਨਾਂ ਨੇ ਕਿਹਾ ਕਿ ਇਹ ਥਰਮਲ ਪਲਾਂਟ ਕਾਰਪੋਰੇਟ ਕੰਪਨੀਆਂ ਨੇ ਲਾਏ ਹਨ, ਇਸ ਨਾਲ ਪਬਲਿਕ ਸੈਕਟਰ ਨੂੰ ਢਾਅ ਲਗਦੀ ਹੈ। ਇਹ ਵੀ ਪ੍ਰਚਾਰ ਕੀਤਾ ਕਿ ਥਰਮਲ ਪ੍ਰਾਈਵੇਟ ਹੋਣ ਨਾਲ ਬਿਜਲੀ ਮਹਿੰਗੀ ਹੋ ਜਾਵੇਗੀ। ਇਹ ਪ੍ਰਚਾਰ ਕਾਂਗਰਸ ਸਮੇਤ ਸਮੁੱਚੀਆਂ ਵਿਰੋਧੀ ਪਾਰਟੀਆਂ ਨੇ ਕੀਤਾ। ਕਾਂਗਰਸੀ ਆਗੂ ਤਾਂ ਇਹ ਵੀ ਕਹਿੰਦੇ ਰਹੇ ਕਿ ਜਦੋਂ ਉਹਨਾਂ ਦੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਇਸ ਪ੍ਰਵਾਨਗੀ ਵਾਲੇ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇਗਾ।
ਇਸਤੋਂ ਬਾਅਦ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿੱਚ ਆ ਗਈ। ਇਸ ਸਰਕਾਰ ਨੇ ਮੁੜ ਵਿਚਾਰ ਤਾਂ ਕੀ ਕਰਨੀ ਸੀ, ਪ੍ਰਾਈਵੇਟ ਥਰਮਲ ਪਲਾਂਟ ਦੀ ਤਾਂ ਕਦੇ ਗੱਲ ਵੀ ਨਾ ਛੇੜੀ, ਸਗੋਂ ਪਬਲਿਕ ਸੈਕਟਰ ਦੇ ਬਠਿੰਡਾ ਸਥਿਤ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ, ਤਾਂ ਜੋ ਲੋਕ ਪ੍ਰਾਈਵੇਟ ਥਰਮਲਾਂ ਦੀ ਬਿਜਲੀ ਖਰੀਦਣ ਲਈ ਮਜਬੂਰ ਹੋ ਜਾਣ। ਲੋਕਾਂ ਨੂੰ ਤਰਕ ਇਹ ਦਿੱਤਾ ਕਿ ਥਰਮਲ ਬਣੇ ਨੂੰ ਪੰਜ ਦਹਾਕੇ ਤੋਂ ਵੱਧ ਸਮਾਂ ਹੋ ਗਿਆ, ਇਸਦੀ ਮਿਆਦ ਖਤਮ ਹੋ ਗਈ ਹੈ, ਇਸ ਲਈ ਬੰਦ ਕੀਤਾ ਗਿਆ ਹੈ। ਹਜ਼ਾਰਾਂ ਲੋਕਾਂ ਦਾ ਰੋਜਗਾਰ ਖੋਹਿਆ ਗਿਆ, ਕਰੋੜਾਂ ਦੀ ਮਸ਼ੀਨਰੀ ਕੌਡੀਆਂ ਦੇ ਭਾਅ ਵੇਚੀ ਗਈ। ਵਿਰੋਧੀ ਪਾਰਟੀਆਂ ਦੇ ਆਗੂ ਕਹਿੰਦੇ ਰਹੇ ਕਿ ਕੁੱਝ ਸਾਲ ਪਹਿਲਾਂ ਹੀ ਇਸਦੀ ਮੁਰੰਮਤ ਤੇ ਕਰੋੜਾਂ ਰੁਪਏ ਖਰਚ ਕੀਤੇ ਸਨ ਅਤੇ ਇਹ ਥਰਮਲ ਬਿਜਲੀ ਪੈਦਾ ਕਰ ਰਿਹਾ ਸੀ, ਇਸਨੂੰ ਵੇਚਣਾ ਪੰਜਾਬ ਨਾਲ ਧੋਖਾ ਹੈ ਤਾਂ ਜੋ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਇਆ ਜਾ ਸਕੇ।

ਹੁਣ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਭਗਵੰਤ ਮਾਨ ਨੇ ਸਰਕਾਰੀ ਤੌਰ ਤੇ ਹੁਣ ਪ੍ਰਾਈਵੇਟ ਕੰਪਨੀ ਜੀ ਵਾਈ ਕੇ ਪਾਵਰ ਦੀ ਮਾਲਕੀ ਵਾਲਾ ਸ੍ਰੀ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਟ 1080 ਕਰੋੜ ਰੁਪਏ ਵਿੱਚ ਖਰੀਦ ਲਿਆ ਹੈ। ਅਜਿਹਾ ਕਰਕੇ ਮੁੱਖ ਮੰਤਰੀ ਨੇ ਪ੍ਰਾਈਵੇਟ ਸੈਕਟਰ ਤੋ ਮੋੜਾ ਕੱਟ ਕੇ ਪਬਲਿਕ ਸੈਕਟਰ ਨੂੰ ਤਰਜੀਹ ਦਿੱਤੀ ਹੈ, ਇਸ ਥਰਮਲ ਦੀ ਮਾਲਕ ਹੁਣ ਸਰਕਾਰ ਹੋਵੇਗੀ, ਕਾਰਪੋਰੇਟ ਘਰਾਣਾ ਨਹੀਂ ਹੋਵੇਗਾ। ਵਿਰੋਧੀ ਰਾਜਨੀਤਕਾਂ ਨੇ ਇਸ ਫੈਸਲੇ ਦਾ ਵੀ ਵਿਰੋਧ ਕਰਨਾ ਸੁਰੂ ਕਰ ਦਿੱਤਾ ਹੈ। ਕਾਂਗਰਸ ਪਾਰਟੀ, ਅਕਾਲੀ ਦਲ ਸਮੇਤ ਸਮੁੱਚੀਆਂ ਵਿਰੋਧੀ ਪਾਰਟੀਆਂ ਪ੍ਰਚਾਰ ਕਰ ਰਹੀਆਂ ਹਨ ਕਿ ਇਹ ਫੈਸਲਾ ਲੋਕਾਂ ਦੇ ਹਿਤ ਵਿੱਚ ਨਹੀਂ। ਕੁੱਝ ਨੇ ਕਿਹਾ ਕਿ ਇਹ ਥਰਮਲ ਤਾਂ ਕਬਾੜ ਬਣ ਚੁੱਕਾ ਸੀ ਇਹ ਖਰੀਦਣ ਦੀ ਕੀ ਲੋੜ ਸੀ? ਇਹੋ ਜਿਹੇ ਆਗੂ ਬਠਿੰਡਾ ਥਰਮਲ ਬਾਰੇ ਤਾਂ ਕਹਿੰਦੇ ਰਹੇ ਕਿ ਭਾਵੇਂ ਪੰਜਾਹ ਸਾਲ ਉਮਰ ਹੰਢਾ ਚੁੱਕਾ ਸੀ, ਪਰ ਬਿਜਲੀ ਪੈਦਾ ਕਰ ਰਿਹਾ ਸੀ, ਹੁਣ ਕਹਿ ਰਹੇ ਹਨ ਕਿ ਸ੍ਰੀ ਗੋਇੰਦਵਾਲ ਥਰਮਲ ਤਾਂ ਕਬਾੜ ਬਣ ਚੁੱਕਾ ਸੀ ਜਦੋਂ ਕਿ ਉਸ ਦੀ ਉਮਰ ਤਾਂ ਦੋ ਕੁ ਦਹਾਕੇ ਹੀ ਹੈ। ਚੰਗੀ ਬਿਜਲੀ ਪੈਦਾ ਕਰ ਰਿਹਾ ਹੈ, ਮਸ਼ੀਨਰੀ ਵਿੱਚ ਜੇ ਖ਼ਰਾਬੀ ਵੀ ਹੋਵੇ ਤਾਂ ਮੁਰੰਮਤ ਹੋ ਸਕਦੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਥਰਮਲ ਬਹੁਤ ਮਹਿੰਦਾ ਖਰੀਦ ਲਿਆ, ਸ਼ਾਇਦ ਇਸ ਵਿੱਚ ਘਪਲੇਬਾਜੀ ਹੋਈ ਹੈ। ਪਰ ਜੇ ਇਸਦੀ ਕੀਮਤ ਤੇ ਝਾਤ ਮਾਰੀਏ ਤਾਂ ਇਹ 600 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਥਰਮਲ 1080 ਕਰੋੜ ਰੁਪਏ ਦਾ ਖਰੀਦਿਆਂ ਹੈ। ਇਨੇ ਹੀ ਮੈਗਾਵਟ ਦਾ ਦੇਸ਼ ਵਿੱਚ ਕੋਰਬਾ ਵੈਸਾ ਥਰਮਲ ਪਲਾਂਟ 1804 ਕਰੋੜ ਰੁਪਏ, ਝਾਬੂਆ ਪਾਵਰ ਪਲਾਂਟ 1910 ਕਰੋੜ ਰੁਪਏ, ਲੈਂਕੋ ਅਮਰਕੰਟਕ ਥਰਮਲ ਪਲਾਂਟ 1818 ਕਰੋੜ ਰੁਪਏ ਦਾ ਖਰੀਦਿਆਂ ਗਿਆ ਹੈ। ਇਸ ਹਿਸਾਬ ਨਾਲ ਤਾਂ ਰਾਜ ਸਰਕਾਰ ਨੇ ਇਹ ਥਰਮਲ ਸਭ ਤੋਂ ਘੱਟ ਕੀਮਤ ਤੇ ਖਰੀਦ ਕੀਤਾ ਹੈ।

ਸੋ ਸਿਆਸਤਦਾਨਾਂ ਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਕੇਵਲ ਵਿਰੋਧ ਕਰਕੇ, ਦੂਜੇ ਨੂੰ ਮਾੜਾ ਕਹਿ ਕੇ ਆਪਣੀ ਆਭਾ ਚਮਕਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ। ਲੋਕ ਹਿਤਾਂ ਦੇ ਕੰਮ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ, ਚੰਗੇ ਦੀ ਸਲਾਘਾ ਕਰਨੀ ਚਾਹੀਦੀ ਹੈ ਤੇ ਗਲਤ ਕੰਮ ਦਾ ਵਿਰੋਧ ਕਰਨਾ ਚਾਹੀਦਾ ਹੈ। ਦੂਜਿਆਂ ਨੂੰ ਨਿੰਦ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਖ਼ੁਦ ਕੁੱਝ ਚੰਗਾ ਕਰਕੇ ਲੋਕਾਂ ਦੀ ਹਮਦਰਦੀ ਹਾਸਲ ਕਰਨੀ ਚਾਹੀਦੀ ਹੈ। ਕੇਵਲ ਵਿਰੋਧ ਤੇ ਆਧਾਰਤ ਰਾਜਨੀਤੀ ਰਾਸ਼ਟਰ ਦੇ ਹਿਤ ਵਿੱਚ ਨਹੀਂ ਹੋ ਸਕਦੀ।

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913