ਲੰਬੀ ਅਤੇ ਸਿਹਤਮੰਦ ਉਮਰ ਭੋਗਣਾ ਇਨਸਾਨ ਦਾ ਮੁੱਢ ਕਦੀਮ ਤੋਂ ਹੀ ਸੁਪਨਾ ਰਿਹਾ ਹੈ। ਪ੍ਰਚੀਨ ਕਾਲ ਵਿੱਚ ਅਨੇਕਾਂ ਬਾਦਸ਼ਾਹਾਂ ਅਤੇ ਅਮੀਰਾਂ ਨੇ ਅਮਰ ਹੋਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਹਾਣੀ ਚੀਨ ਦੇ ਪਹਿਲੇ ਸਮਰਾਟ ਕਿਨ ਸ਼ੀ ਹੁਆਂਗ (259 ਤੋਂ 210 ਬੀ.ਸੀ.) ਦੀ ਹੈ। ਕਿਨ ਸ਼ੀ ਹੁਆਂਗ ਉਹ ਵਿਅਕਤੀ ਸੀ ਜਿਸ ਨੇ ਪਹਿਲੀ ਵਾਰ ਚੀਨ ਨੂੰ ਇਕ ਮੁੱਠ ਕੀਤਾ ਤੇ ਮਹਾਨ ਦੀਵਾਰ ਦੀ ਉਸਾਰੀ ਕਰਵਾਈ। ਉਹ ਮਰਨ ਤੋਂ ਐਨਾ ਡਰਦਾ ਸੀ ਕਿ ਉਸ ਨੇ ਦਰਬਾਰ ਵਿੱਚ ਮੌਤ ਬਾਰੇ ਕਿਸੇ ਵੀ ਤਰਾਂ ਦੀ ਗੱਲ ਕਰਨ ਦੀ ਮਨਾਹੀ ਕਰ ਦਿੱਤੀ। ਉਸ ਨੇ ਐਲਾਨ ਕਰਵਾ ਦਿੱਤਾ ਸੀ ਕਿ ਜੋ ਵੀ ਉਸ ਨੂੰ ਅਮਰ ਹੋਣ ਦੀ ਦਵਾਈ ਬਣਾ ਕੇ ਦੇਵੇਗਾ, ਉਸ ਨੂੰ ਉਸ ਦੇ ਵਜ਼ਨ ਦੇ ਬਰਾਬਰ ਸੋਨਾ ਇਨਾਮ ਵਿੱਚ ਦਿੱਤਾ ਜਾਵੇਗਾ। ਇਨਾਮ ਦੇ ਲਾਲਚ ਕਾਰਨ ਦਰਬਾਰੀ ਨੀਮ ਹਕੀਮਾਂ ਨੇ ਉਸ ਨੂੰ ਅਜਿਹੀਆਂ ਉਲਟੀਆਂ ਸਿੱਧੀਆਂ ਦਵਾਈਆਂ ਦਿੱਤੀਆਂ ਕਿ ਸਿਰਫ 49 ਸਾਲ ਦੀ ਉਮਰ ਵਿੱਚ ਹੀ ਉਸ ਦੀ ਮੌਤ ਹੋ ਗਈ।
ਪਰ ਵਿਗਿਆਨ ਦੀ ਤਰੱਕੀ ਕਾਰਨ ਹੁਣ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅੱਜ ਕਲ੍ਹ ਪੈਦਾ ਹੋ ਰਹੇ ਬੱਚੇ ਸ਼ਾਇਦ 120, 125 ਸਾਲ ਤੱਕ ਜ਼ਿੰਦਾ ਰਹਿ ਸਕਣਗੇ। ਸੰਸਾਰ ਦੇ ਅਨੇਕਾਂ ਅਰਬਪਤੀ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਮੈਡੀਸਨ ਕੰਪਨੀਆਂ ਨੂੰ ਕਰੋੜਾਂ ਡਾਲਰਾਂ ਦਾ ਫੰਡ ਮੁਹੱਈਆ ਕਰਵਾ ਰਹੇ ਹਨ। ਅੱਤ ਅਧੁਨਿਕ ਲੈਬਾਰਟਰੀਆਂ ਇਨਸਾਨੀ ਸੈੱਲਾਂ ਨੂੰ ਪੁੱਠਾ ਗੇੜਾ ਦੇ ਕੇ ਜਵਾਨੀ ਵੱਲ ਮੋੜਨ ਲਈ ਦਿਨ ਰਾਤ ਪ੍ਰਯੋਗ ਕਰ ਰਹੀਆਂ ਹਨ। ਐਮਾਜ਼ਾਨ ਦੇ ਚੇਅਰਮੈਨ ਜੈੱਫ ਬੈਉਜ਼ ਅਤੇ ਉਪਨ ਏ.ਆਈ. (ਆਰਟੀਫੀਸ਼ਲ ਇੰਟੈਲੀਜੈਂਸ) ਦੇ ਚੇਅਰਮੈਨ ਸੈਮ ਐਲਟਮੈਨ ਨੇ ਇਸ ਖੇਤਰ ਵਿੱਚ ਕੰਮ ਕਰਨ ਵਾਲੀਆਂ ਸਟਾਰਟ ਅੱਪਸ (ਨਵੀਆਂ ਸਥਾਪਿਤ ਹੋ ਰਹੀਆਂ ਕੰਪਨੀਆਂ) ਦੀ ਦਿਲ ਖੋਲ੍ਹ ਕੇ ਆਰਥਿਕ ਮਦਦ ਕਰ ਰਹੇ ਹਨ। ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਨੇ ਵੀ 2021 ਵਿੱਚ ਉਮਰ ਵਧਾਉਣ ਵਾਸਤੇ ਰਿਸਰਚ ਕਰਨ ਲਈ ਹੈਵੁਲਿਊਸ਼ਨ ਨਾਮਕ ਕੰਪਨੀ ਸਥਾਪਿਤ ਕੀਤੀ ਹੈ। ਇੰਨਫੋਸਿਸ ਦੇ ਸਹਿਬਾਨੀ ਕਰਿਸ ਗੋਪਾਲਾਕ੍ਰਿਸ਼ਨਨ ਨੇ ਇੰਡੀਅਨ ਇੰਸਟੀਚਿਊਟ ਆਫ ਸਾਇੰਸਜ਼ ਨੂੰ 675 ਕਰੋੜ ਰੁਪਏ ਦਾ ਦਾਨ ਕੀਤਾ ਹੈ ਤਾਂ ਜੋ ਉਹ ਬਰੇਨ ਰਿਸਰਚ ਵਾਸਤੇ ਸੈਂਟਰ ਸਥਾਪਿਤ ਕਰ ਸਕਣ। ਇਸ ਸੈਂਟਰ ਦਾ ਮੁੱਖ ਕੰਮ ਦਿਮਾਗੀ ਬਿਮਾਰੀਆਂ ਦੇ ਇਲਾਜ਼ ਅਤੇ ਬੁਢਾਪੇ ਵਿੱਚ ਸਿਹਤਮੰਦ ਰਹਿਣ ਦੇ ਤਰੀਕੇ ਖੋਜਣਾ ਹੈ।
ਲੋਕਾਂ ਵਿੱਚ ਲੰਬੀ ਉਮਰ ਭੋਗਣ ਦੀ ਐਨੀ ਲਾਲਸਾ ਹੈ ਕਿ 2023 ਵਿੱਚ ਬਿੱਲ ਗਿਲਫੋਰਡ ਅਤੇ ਡਾਕਟਰ ਪੀਟਰ ਅੱਟਾ ਵੱਲੋਂ ਇਸ ਸਬੰਧੀ ਲਿਖੀ ਗਈ ਆਊਟਲਾਈਨ ਨਾਮਕ ਕਿਤਾਬ ਨੇ ਵਿਕਰੀ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 2023 ਵਿੱਚ ਨੈੱਟਫਲਕਿਸ ਨੇ ਇੱਕ ਸੁਪਰ ਹਿੱਟ ਡਾਕੂਮੈਂਟਰੀ ਤਿਆਰ ਕੀਤੀ ਸੀ ਜਿਸ ਵਿੱਚ ਉਨ੍ਹਾਂ ਇਲਾਕਿਆਂ ਦੇ ਲੋਕਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਬਾਰੇ ਦੱਸਿਆ ਗਿਆ ਸੀ ਜਿਨ੍ਹਾਂ ਦੀ ਉਮਰ ਕੁਦਰਤੀ ਤੌਰ ‘ਤੇ ਲੰਬੀ ਤੇ ਸਿਹਤਮੰਦ ਹੁੰਦੀ ਹੈ। ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਨੇ ਇਸ ਵਿੱਚ ਵਿਖਾਏ ਗਏ ਇਟਲੀ ਤੇ ਜਪਾਨ ਦੇ ਸ਼ਹਿਰਾਂ ਕਾਸਟੇਲਸਾਰਡੋ ਅਤੇ ਉਕੀਨਾਵਾ ਵੱਲ ਵਹੀਰਾਂ ਘੱਤ ਦਿੱਤੀਆਂ ਸਨ। 2023 -24 ਵਿੱਚ ਉਥੇ ਐਨੇ ਟੂਰਿਸਟ ਪਹੁੰਚੇ ਜਿੰਨੇ ਪਿਛਲੇ ਦਸਾਂ ਸਾਲਾਂ ਵਿੱਚ ਵੀ ਨਹੀਂ ਆਏ ਸਨ। ਅਮਰੀਕਾ ਦਾ ਨਿਊਰੋ ਸਰਜਨ ਡਾ. ਐਂਡਰਿਊ ਹੀਊਬਰਮੈਨ 2021 ਤੋਂ ਸਿਹਤਮੰਦ ਜ਼ਿੰਦਗੀ, ਦਿਮਾਗੀ ਬਿਮਾਰੀਆਂ ਅਤੇ ਲੰਬੀ ਉਮਰ ਬਾਰੇ ਹਿਊਬਰਮੈਨ ਲੈਬ ਨਾਮਕ ਇੱਕ ਲੜੀਵਾਰ ਪ੍ਰੋਗਰਾਮ ਪੇਸ਼ ਕਰ ਰਿਹਾ ਹੈ। ਲੋਕ ਉਸ ਦੁਆਰਾ ਦੱਸੇ ਗਏ ਲੰਬੀ ਉਮਰ ਭੋਗਣ ਦੇ ਉਪਾਵਾਂ ਦੇ ਐਨੇ ਦੀਵਾਨੇ ਹਨ ਕਿ ਸਿਰਫ ਯੂ ਟਿਊਬ ਉੱਪਰ ਹੀ ਉਸ ਦੇ 50 ਲੱਖ ਤੋਂ ਵੱਧ ਸਬਸਕਰਾਈਬਰ ਹਨ।
ਲੱਗਦਾ ਹੈ ਕਿ ਲੋਕਾਂ ਦੀਆਂ ਉਮੀਦਾਂ ਨੂੰ ਜਲਦੀ ਹੀ ਬੂਰ ਪੈਣ ਵਾਲਾ ਹੈ ਕਿਉਂਕਿ ਕਈ ਕੰਪਨੀਆਂ ਨੇ ਅਜਿਹੇ ਪ੍ਰੋਡਕਟ ਬਣਾ ਲਏ ਹਨ ਜੋ ਵਾਕਿਆ ਹੀ ਜਵਾਨੀ ਨੂੰ ਕੁਝ ਸਾਲ ਹੋਰ ਟਿਕਾਈ ਰੱਖਣ ਵਿੱਚ ਸਹਾਈ ਹੋ ਰਹੇ ਹਨ। ਵੈਸੇ ਵੀ ਮੈਡੀਕਲ ਖੇਤਰ ਦੀਆਂ ਖੋਜਾਂ ਪੋਲੀਉ, ਤਬਦਿਕ ਤੇ ਯੈਲੋ ਫੀਵਰ ਆਦਿ ਦੀ ਵੈਕਸੀਨ ਕਾਰਨ ਆਮ ਇਨਸਾਨ ਦੀ ਔਸਤ ਉਮਰ ਪਹਿਲਾਂ ਨਾਲੋਂ ਦੁਗਣੀ ਹੋ ਗਈ ਹੈ। ਸੰਨ 1900 ਵਿੱਚ ਇਹ ਸਿਰਫ 32 ਸਾਲ ਹੁੰਦੀ ਸੀ ਤੇ ਹੁਣ 71 ਸਾਲ ਹੋ ਗਈ ਹੈ। ਪਰ ਅੱਜ ਵੀ ਵਿਸ਼ਵ ਪੱਧਰ ‘ਤੇ 110 ਸਾਲ ਤੋਂ ਵੱਧ ਉਮਰ ਭੋਗਣ ਵਾਲੇ ਬਜ਼ੁਰਗਾਂ ਦੀ ਗਿਣਤੀ 200 ਤੋਂ ਵੱਧ ਨਹੀਂ ਹੈ। ਲੰਬੀ ਅਤੇ ਸਿਹਤਮੰਦ ਉਮਰ ਭੋਗਣਾ ਹੌਲੀ ਹੌਲੀ ਸੱਚ ਬਣਦਾ ਜਾ ਰਿਹਾ ਹੈ। ਜਿਵੇਂ ਮਨੁੱਖ ਨੇ ਚੰਦ ਅਤੇ ਮਾਰਸ ਗ੍ਰਹਿ ‘ਤੇ ਪਹੁੰਚਣ ਵਰਗੇ ਅਸੰਭਵ ਕੰਮ ਸੰਭਵ ਕਰ ਵਿਖਾਏ ਹਨ, ਉਸ ਤੋਂ ਲੱਗਦਾ ਹੈ ਕਿ ਇਹ ਸੁਪਨਾ ਵੀ ਆਖਰ ਸੱਚ ਹੋ ਜਾਵੇਗਾ।
ਉਮਰ ਦਾ ਜਲਦੀ ਜਾਂ ਹੌਲੀ ਵਧਣਾ ਕਿਸੇ ਵਿਅਕਤੀ ਦੇ ਜੀਨਜ਼, ਵਾਤਾਵਰਣ ਅਤੇ ਲਾਈਫ ਸਟਾਈਲ ਆਦਿ ‘ਤੇ ਨਿਰਭਰ ਕਰਦਾ ਹੈ। ਇਨਸਾਨੀ ਸਰੀਰ ਸੈੱਲਾਂ ਦਾ ਬਣਿਆ ਹੈ ਜਿਨ੍ਹਾਂ ਨੂੰ ਵਿਗਿਆਨੀ ਆਪਣੀ ਮਨਮਰਜ਼ੀ ਮੁਤਾਬਕ ਢਾਲਣ ਲਈ ਨਿਰੰਤਰ ਖੋਜ ਕਾਰਜ ਕਰ ਰਹੇ ਹਨ। ਅਮਰੀਕਾ ਦੇ ਇੱਕ ਅਮੀਰ ਵਿਅਕਤੀ ਬਰਾਇਨ ਜਾਹਨਸਨ ਦਾ ਦਾਅਵਾ ਹੈ ਕਿ ਉਸ ਦਾ ਸਰੀਰ ਆਮ ਲੋਕਾਂ ਨਾਲੋਂ ਅੱਧੀ ਰਫਤਾਰ ਨਾਲ ਬੁੱਢਾ ਹੋ ਰਿਹਾ ਹੈ। ਪਰ ਇਸ ਸਫਲਤਾ ਲਈ ਉਹ ਸਖਤ ਰੁਟੀਨ ਦੀ ਪਾਲਣਾ ਕਰਦਾ ਹੈ। ਰੋਜ਼ਾਨਾ ਤਿੰਨ ਚਾਰ ਘੰਟੇ ਵਰਜਿਸ਼ ਕਰਦਾ ਹੈ ਤੇ 100 ਦੇ ਕਰੀਬ ਹੈਲਥ ਸਪਲੀਮੈਂਟ ਲੈਂਦਾ ਹੈ। ਇਸ ਤੋਂ ਇਲਾਵਾ ਉਹ ਆਪਣੇ 20 ਸਾਲਾਂ ਦੇ ਬੇਟੇ ਤੋਂ ਲਿਆ ਗਿਆ ਪਲਾਜ਼ਮਾਂ ਵੀ ਆਪਣੇ ਖੂਨ ਵਿੱਚ ਪਵਾਉਂਦਾ ਹੈ। ਪਰ ਕੋਈ ਆਮ ਇਨਸਾਨ ਉਸ ਦੀ ਰੀਸ ਨਹੀਂ ਕਰ ਸਕਦਾ ਕਿਉਂਕਿ ਜਵਾਨੀ ਨੂੰ ਕਾਇਮ ਰੱਖਣ ਲਈ ਉਹ ਹਰ ਸਾਲ ਕਰੀਬ 20 ਲੱਖ ਡਾਲਰ (ਕਰੀਬ 18 ਕਰੋੜ ਰੁਪਏ) ਖਰਚ ਕਰਦਾ ਹੈ। ਡਾਕਟਰੀ ਜਾਂਚ ਵਿੱਚ ਪਾਇਆ ਗਿਆ ਕਿ ਉਸ ਦਾ ਤਰੀਕਾ ਸੱਚ ਮੁਚ ਹੀ ਕੰਮ ਕਰ ਰਿਹਾ ਹੈ।
ਇਨਸਾਨੀ ਸੈੱਲ ਆਪਣੇ ਆਪ ਦੀ ਖੁਦ ਮੁਰੰਮਤ ਕਰ ਸਕਦਾ ਹੈ। ਪਰ ਜਿਉਂ ਜਿਉਂ ਉਮਰ ਵਧਦੀ ਹੈ, ਉਸ ਦੀ ਇਹ ਕਾਬਲੀਅਤ ਘਟਦੀ ਜਾਂਦੀ ਹੈ। ਉਮਰ ਵਧਾਉਣ ਦੇ ਖੋਜ ਕਾਰਜਾਂ ਵਿੱਚ ਇਸ ਸਮੇਂ ਉਵਫੈਡੋ ਮੈਡੀਕਲ ਯੂਨੀਵਰਸਿਟੀ (ਸਪੇਨ) ਦਾ ਵਿਗਿਆਨੀ ਡਾ. ਕਾਰਲੋਜ਼ ਲੋਪੇਜ਼ ਸਭ ਤੋਂ ਅੱਗੇ ਹੈ। ਪਿਛਲੇ ਮਹੀਨੇ ਅਮਰੀਕਾ ਵਿੱਚ ਹੋਈ ਇੱਕ ਵਿਗਿਆਨਕ ਕਾਨਫਰੰਸ ਵਿੱਚ ਉਸ ਨੇ ਆਪਣਾ ਖੋਜ ਪੱਤਰ ਪੜ੍ਹਿਆ ਜਿਸ ਤੋਂ ਪਤਾ ਲੱਗਾ ਕਿ ਉਸ ਦੀ ਟੀਮ ਮਨੁੱਖੀ ਸੈੱਲਾਂ ਦੇ ਬੁੱਢਿਆਂ ਹੋਣ ਦੀ ਰਫਤਾਰ ਨੂੰ ਘੱਟ ਕਰਨ ਦੇ ਕਾਫੀ ਨਜ਼ਦੀਕ ਪਹੁੰਚ ਚੁੱਕੀ ਹੈ। ਉਸ ਦੇ ਦੱਸਿਆ ਸੈੱਲ ਦੀ ਸੰਰਚਨਾ ਬਦਲਣੀ ਸੰਭਵ ਹੈ ਤੇ ਉਸ ਦੀ ਬੁੱਢੇ ਹੋਣ ਦੀ ਰਫਤਾਰ ਘੱਟ ਕੀਤੀ ਜਾ ਸਕਦੀ ਹੈ। ਇਹ ਇਸ ਤਰਾਂ ਹੀ ਹੈ ਜਿਵੇਂ ਕਿਸੇ ਮੋਬਾਈਲ ਫੋਨ ਜਾਂ ਕੰਪਿਊਟਰ ਵਿੱਚ ਨਵਾਂ ਸਾਫਟਵੇਅਰ ਪਾ ਦਿੱਤਾ ਜਾਵੇ।
ਪਰ ਕੀ ਇਹ ਅੱਪਡੇਟ ਕੀਤੇ ਹੋਏ ਸੈੱਲ ਇਨਸਾਨੀ ਦਿਮਾਗ ਨਾਲ ਤਾਲ ਮੇਲ ਬਿਠਾ ਸਕਣਗੇ? ਇਸ ਸਵਾਲ ਦਾ ਜਵਾਬ ਲੱਭਣ ਲਈ ਬਾਂਦਰਾਂ ਅਤੇ ਚੂਹਿਆਂ ‘ਤੇ ਤਜ਼ਰਬੇ ਕੀਤੇ ਜਾ ਰਹੇ ਹਨ। ਇਸ ਵੇਲੇ ਚੱਲ ਰਹੇ ਇਹ ਸਾਰੇ ਖੋਜ ਕਾਰਜ ਜਪਾਨੀ ਸਟੈੱਮਸੈਲ ਵਿਗਿਆਨੀ ਸ਼ਿਨੀਆ ਯਾਮਸਨਾਕਾ ਦੀ ਖੋਜ (ਐਪੀਜੈਨੇਟਿਕ ਰੀਪ੍ਰੋਗਰਾਮਿੰਗ) ‘ਤੇ ਅਧਾਰਿਤ ਹਨ। ਸਭ ਤੋਂ ਪਹਿਲਾਂ ਉਸ ਨੇ ਪੁਰਾਣੇ ਇਨਸਾਨੀ ਸੈੱਲਾਂ ਨੂੰ ਜਵਾਨ ਸੈੱਲਾਂ ਨਾਲ ਬਦਲਣ ਵਿੱਚ ਸਫਲਤਾ ਹਾਸਲ ਕੀਤੀ ਸੀ ਜਿਸ ਲਈ ਉਸ ਨੂੰ 2012 ਵਿੱਚ ਨੋਬਲ ਇਨਾਮ ਮਿਲਿਆ ਸੀ। 2023 ਵਿੱਚ ਐਪੀਜੈਨੇਟਿਕ ਰੀਪ੍ਰੋਗਰਾਮਿੰਗ ਨਾਲ ਚੂਹਿਆਂ ਦੀ ਉਮਰ ਵਿੱਚ 30% ਤੱਕ ਦਾ ਵਾਧਾ ਦਰਜ਼ ਕੀਤਾ ਗਿਆ ਸੀ। ਪਰ ਇਹ ਥੈਰੇਪੀ ਬਹੁਤ ਹੀ ਗੁੰਝਲਦਾਰ ਹੈ ਤੇ ਇਸ ਨਾਲ ਕੈਂਸਰ ਹੋਣ ਦਾ ਖਤਰਾ ਬਹੁਤ ਵਧ ਜਾਂਦਾ ਹੈ। ਇਸ ਲਈ ਇਸ ਵਿੱਚ ਅੱਗੇ ਹੋਰ ਜਿਆਦਾ ਖੋਜਬੀਣ ਕੀਤੀ ਜਾ ਰਹੀ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਉਮਰ ਵਿੱਚ ਵਾਧਾ ਸਾਡੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਢਾਂਚੇ ‘ਤੇ ਕੀ ਅਸਰ ਪਾਵੇਗਾ? ਇਸ ਤੋਂ ਇਲਾਵਾ ਸਭ ਤੋਂ ਵੱਡੀ ਮੁਸ਼ਕਿਲ ਇਹ ਵੀ ਹੋਵੇਗੀ ਕਿ ਉਧਾਰੇ ਲਏ ਗਏ 25 30 ਸਾਲ ਦੇ ਵਾਧੂ ਵਕਤ ਨੂੰ ਕਿਸ ਤਰਾਂ ਬਤੀਤ ਕੀਤਾ ਜਾਵੇ ਕਿਉਂਕਿ ਇਸ ਨਾਲ ਜੈਨਰੇਸ਼ਨ ਗੈਪ ਬਹੁਤ ਵਧ ਜਾਵੇਗਾ। ਅਫਸਰ 80 – 90 ਸਾਲ ਦੇ ਹੋਣਗੇ ਤੇ ਨਵੇਂ ਰੰਗਰੂਟ 19 -20 ਸਾਲ ਦੇ। ਭਾਰਤ ਵਿੱਚ ਤਾਂ ਹਾਲਾਤ ਹੋਰ ਵੀ ਬੁਰੇ ਹੋਣਗੇ ਜਿੱਥੇ ਅਜੇ ਵੀ ਥੋੜ੍ਹਾ ਬਹੁਤਾ ਸਾਂਝੇ ਪਰਿਵਾਰ ਦਾ ਰਿਵਾਜ਼ ਬਚਿਆ ਹੋਇਆ ਹੈ। ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਘਰ ਵਿੱਚ ਘੁੰਮ ਫਿਰ ਰਹੇ ਇਨ੍ਹਾਂ ਬੁੱਢਿਆਂ ਨਾਲ ਉਨ੍ਹਾਂ ਦਾ ਕੀ ਰਿਸ਼ਤਾ ਹੈ? ਸਾਡੇ ਲੀਡਰ ਤਾਂ ਪਹਿਲਾਂ ਹੀ ਵਾਹ ਲੱਗਦੇ ਗੱਦੀ ਨਹੀਂ ਛੱਡਦੇ, ਫਿਰ ਤਾਂ ਉਹ 100 ਸਾਲ ਦੀ ਉਮਰ ਤੱਕ ਸੱਤਾ ਨੂੰ ਚੰਬੜੇ ਰਹਿਣਗੇ। ਉਸ ਸਮੇਂ ਤੱਕ ਵੋਟਰਾਂ ਦੀ ਪੰਜਵੀਂ ਪੀੜ੍ਹੀ ਆ ਜਾਵੇਗੀ ਕਿਉਂਕਿ ਗਰੀਬ ਆਦਮੀ ਤਾਂ ਇਹ ਸਹੂਲਤ ਲੈ ਹੀ ਨਹੀਂ ਸਕਦਾ।
ਜਦੋਂ ਤੱਕ ਵਿਗਿਆਨੀ ਕਿਸੇ ਠੋਸ ਨਤੀਜੇ ‘ਤੇ ਨਹੀਂ ਪਹੁੰਚਦੇ, ਉਦੋਂ ਤੱਕ ਸਾਡੇ ਕੋਲ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਉਣ ਦਾ ਸਭ ਤੋਂ ਵੱਡਾ ਮੰਤਰ ਇਹ ਹੈ ਕਿ ਪੌਸ਼ਟਿਕ ਖਾਣਾ ਖਾਉ, ਪੂਰੀ ਨੀਂਦ ਲਉ, ਚਿੰਤਾ ਤੋਂ ਬਚੋ ਤੇ ਕਸਰਤ ਕਰੋ। ਫਿਲਹਾਲ ਸਿਹਤਮੰਦ ਜ਼ਿੰਦਗੀ ਜਿਉਣ ਦਾ ਇਸ ਤੋਂ ਵਧੀਆ ਹੋਰ ਕੋਈ ਉਪਾਅ ਨਹੀਂ ਹੈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062