
ਵਾਸ਼ਿੰਗਟਨ, ਡੀ.ਸੀ 19 ਮਈ (ਰਾਜ ਗੋਗਨਾ)– ਭਾਰਤ ਸਰਕਾਰ ਦੇ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰਾ ਪਾਂਡੇ ਇਨੀਂ ਦਿਨੀਂ ਅਮੈਰਿਕਾ ਦੌਰੇ ‘ਤੇ ਹਨ।ਭਾਰਤੀ ਅੰਬੈਸੀ ਵਾਸ਼ਿੰਗਟਨ ਡੀ.ਸੀ. ਵਿਖੇ ਉਨ੍ਹਾਂ ਦੇ ਮਾਣ ਵਿਚ ਇਕ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ।
ਇਸ ਸਮਾਰੋਹ ਦੌਰਾਨ ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਵਲੋਂ ਭਾਰਤੀ ਚੋਣ ਕਮਿਸ਼ਨਰ ਅਨੂਪ ਚੰਦਰਾ ਪਾਂਡੇ ਨਾਲ ਚੇਅਰਮੈਨ ਸਃ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਵਫ਼ਦ ਵਿਚ ਸਃ ਬਲਜਿੰਦਰ ਸਿੰਘ ਸ਼ੰਮੀ, ਸਃ ਰਤਨ ਸਿੰਘ ਅਤੇ ਸਃ ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਸਨ।
ਇਸ ਮੌਕੇ ਭਾਰਤੀ ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰਾ ਪਾਂਡੇ ਨੇ ਕਿਹਾ ਕਿ ਪ੍ਰਵਾਸੀਆਂ ਨੂੰ ਭਾਰਤੀ ਚੋਣ ਪਰਕ੍ਰਿਆ ਵਿਚ ਹਿੱਸਾ ਲੈਣਾ ਚਾਹੀਦਾ ਹੈ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਦੇਸ਼ ਦੀ ਅਜ਼ਾਦੀ ਤੋਂ ਬਾਅਦ ਭਾਰਤੀ ਚੋਣ ਸਿਸਟਮ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਇਸ ਮੌਕੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਵੀ ਭਾਰਤੀ ਚੋਣ ਸਿਸਟਮ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀ ਬਾਖੂਬੀ ਭੂਮਿਕਾ ਕਾਰਨ ਹੀ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੋਣ ਦਾ ਮਾਣ ਹਾਸਲ ਹੈ।