68 ਸਾਲ ਦੀ ਉਮਰ ‘ਚ ਤੀਸਰੀ ਵਾਰ ਲਾੜਾ ਬਣੇ ਦੇਸ਼ ਦੇ ਸਭ ਤੋਂ ਵੱਡੇ ਵਕੀਲ, ਲੰਡਨ ‘ਚ ਕਰਵਾਇਆ ਵਿਆਹ

ਦੇਸ਼ ਦੇ ਮਸ਼ਹੂਰ ਵਕੀਲ ਅਤੇ ਸਾਬਕਾ ਸਾਲਿਸਟਰ ਜਨਰਲ ਹਰੀਸ਼ ਸਾਲਵੇ ਨੇ ਤੀਸਰਾ ਵਿਆਹ ਕਰਵਾ ਲਿਆ ਹੈ। 68 ਸਾਲ ਦੀ ਉਮਰ ‘ਚ ਸਾਲਵੇ ਨੇ ਐਤਵਾਰ ਨੂੰ ਲੰਡਨ ‘ਚ ਤੀਸਰਾ ਵਿਆਹ ਕਰਵਾਇਆ। ਵਕੀਲ ਹਰੀਸ਼ ਸਾਲਵੇ ਦੇ ਹਾਈ ਪ੍ਰੋਫਾਈਲ ਵਿਆਹ ਵਿੱਚ ਨੀਤਾ ਅੰਬਾਨੀ, ਲਲਿਤ ਮੋਦੀ ਅਤੇ ਉੱਜਵਲਾ ਰਾਉਤ ਸਮੇਤ ਕਈ ਨਜ਼ਦੀਕੀ ਅਤੇ ਪਰਿਵਾਰਕ ਮੈਂਬਰ ਸ਼ਾਮਲ ਹੋਏ। ਦੱਸ ਦੇਈਏ ਕਿ ਹਾਲ ਹੀ ‘ਚ ਸਾਲਵੇ ਨੂੰ ਕੇਂਦਰ ਸਰਕਾਰ ਨੇ ਵਨ ਨੇਸ਼ਨ-ਵਨ ਚੋਣ ਕਮੇਟੀ ਦਾ ਮੈਂਬਰ ਚੁਣਿਆ ਹੈ।

ਖ਼ਬਰਾਂ ਮੁਤਾਬਕ ਹਰੀਸ਼ ਸਾਲਵੇ ਦੀ ਨਵੀਂ ਹਮਸਫਰ ਦਾ ਨਾਂ ਟ੍ਰੀਨਾ ਹੈ, ਜੋ ਬ੍ਰਿਟਿਸ਼ ਮੂਲ ਦੀ ਹੈ। ਇਸ ਤੋਂ ਪਹਿਲਾਂ 2020 ਵਿੱਚ ਸਾਲਵੇ ਨੇ ਕੈਰੋਲੀਨ ਬ੍ਰੋਸਾਰਡ ਨਾਂ ਦੀ ਔਰਤ ਨਾਲ ਵਿਆਹ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਦੀ ਪਹਿਲੀ ਪਤਨੀ ਮੀਨਾਕਸ਼ੀ ਨਾਲ ਉਨ੍ਹਾਂ ਦਾ ਰਿਸ਼ਤਾ 38 ਸਾਲ ਤੱਕ ਚੱਲਿਆ। ਦੋਵਾਂ ਦਾ ਜੂਨ 2020 ਵਿੱਚ ਤਲਾਕ ਹੋ ਗਿਆ ਸੀ। ਹਰੀਸ਼ ਅਤੇ ਮੀਨਾਕਸ਼ੀ ਦੀਆਂ ਸਾਕਸ਼ੀ ਅਤੇ ਸਾਨੀਆ ਨਾਂ ਦੀਆਂ 2 ਬੇਟੀਆਂ ਵੀ ਹਨ। ਕੈਰੋਲਿਨ ਨਾਲ ਵਿਆਹ ਕਰਨ ਤੋਂ ਪਹਿਲਾਂ ਹਰੀਸ਼ ਸਾਲਵੇ ਨੇ ਈਸਾਈ ਧਰਮ ਅਪਣਾ ਲਿਆ ਸੀ।

ਹਰੀਸ਼ ਸਾਲਵੇ ਭਾਰਤ ਦੇ ਸਭ ਤੋਂ ਮਹਿੰਗੇ ਅਤੇ ਮਸ਼ਹੂਰ ਵਕੀਲਾਂ ‘ਚੋਂ ਇਕ ਹਨ। ਉਨ੍ਹਾਂ ਨਾਗਪੁਰ ਯੂਨੀਵਰਸਿਟੀ ਤੋਂ ਐੱਲਐੱਲਬੀ ਦੀ ਪੜ੍ਹਾਈ ਕੀਤੀ। 1992 ਵਿੱਚ ਉਨ੍ਹਾਂ ਨੂੰ ਦਿੱਲੀ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਨਿਯੁਕਤ ਕੀਤਾ ਗਿਆ। ਸਾਲਵੇ ਨੇ ਨਵੰਬਰ 1999 ਤੋਂ ਨਵੰਬਰ 2002 ਤੱਕ ਭਾਰਤ ਦੇ ਸਾਲਿਸਟਰ ਜਨਰਲ ਵਜੋਂ ਵੀ ਕੰਮ ਕੀਤਾ। ਸਾਲਵੇ ਨੂੰ ਹਿੱਟ ਐਂਡ ਰਨ ਕੇਸ ਵਿੱਚ ਸਲਮਾਨ ਖਾਨ ਦੀ ਨੁਮਾਇੰਦਗੀ ਕਰਨ ਲਈ ਵੀ ਜਾਣਿਆ ਜਾਂਦਾ ਹੈ। ਸਾਲਵੇ ਨੇ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਦਾ ਕੇਸ ਵੀ ਲੜਿਆ ਸੀ, ਜਿਸ ਵਿੱਚ ਉਨ੍ਹਾਂ ਨੇ ਸਿਰਫ ਇਕ ਰੁਪਏ ਦੀ ਫ਼ੀਸ ਲਈ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਵਨ ਨੇਸ਼ਨ-ਵਨ ਚੋਣ ਕਮੇਟੀ ਲਈ ਗਠਿਤ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ।