(ਬਠਿੰਡਾ, 5 ਸਤੰਬਰ, ਬਲਵਿੰਦਰ ਸਿੰਘ ਭੁੱਲਰ) ਜਿਲਾ ਬਠਿੰਡਾ ਦੇ ਕਸਬਾ ਨਥਾਨਾ ਦੀ ਇੰਗਲੈਂਡ ਵਿੱਚ ਪੜਾਈ ਕਰ ਰਹੀ ਲੜਕੀ ਰੂਪਕਮਲ ਨੇ ਤਸਵੀਰਕਾਰੀ ਤੇ ਚਿੱਤਰਕਾਰੀ ਵਿੱਚ ਸਨਮਾਨ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।
ਰੂਪਕਮਲ ਕਸਬਾ ਨਥਾਨਾ ਦੇ ਵਸਨੀਕ ਮਾ: ਬਲਦੇਵ ਰਾਜ ਦੀ ਪੋਤਰੀ ਅਤੇ ਇੰਗਲੈਂਡ ਵਿੱਚ ਪੱਕੇ ਤੌਰ ਤੇ ਵਸ ਚੁੱਕੇ ਪੰਜਾਬੀ ਦੇ ਉੱਘੇ ਗ਼ਜ਼ਲਗੋ ਅਜ਼ੀਮ ਸੇਖ਼ਰ ਦੀ ਧੀ ਹੈ, ਜੋ ਇੰਗਲੈਂਡ ਦੀ ਯੂਨੀਵਰਸਿਟੀ ਵਿੱਚ ਪੜਾਈ ਕਰ ਰਹੀ ਹੈ। ਤਸਵੀਰਕਾਰੀ ਤੇ ਚਿੱਤਰਕਾਰੀ ਉਸਦਾ ਸ਼ੌਕ ਹੈ ਅਤੇ ਪੜਾਈ ਦੇ ਨਾਲ ਨਾਲ ਉਸਨੇ ਆਪਣੇ ਇਸ ਸ਼ੌਕ ਨੂੰ ਸੁਹਿਰਦਤਾ ਨਾਲ ਅਪਣਾਇਆ ਹੋਇਆ ਹੈ। ਇੰਗਲੈਂਡ ਦੀ ਪ੍ਰੋਗਰੈਸਿਵ ਰਾਈਟਰਜ਼ ਐਂਡ ਰੀਡਰਜ਼ ਐਸੋਸ਼ੀਏਸਨ ਵੱਲੋਂ ਉਸਦੀ ਤਸਵੀਰਕਾਰੀ ਤੇ ਚਿੱਤਰਕਾਰੀ ਦੀ ਕਦਰ ਕਰਦਿਆਂ ਵਿਸ਼ੇਸ਼ ਸਮਾਗਮ ਦੌਰਾਨ ਉੱਥੋਂ ਦੇ ਮੈਂਬਰ ਪਾਰਲੀਮੈਂਟ ਸ੍ਰੀ ਤਨਮਨਜੀਤ ਸਿੰਘ ਢੇਸੀ ਵੱਲੋਂ ਸਨਮਾਨ ਭੇਂਟ ਕੀਤਾ ਗਿਆ।
ਰੂਪਕਮਲ ਨੂੰ ਮਿਲੇ ਇਸ ਸਨਮਾਨ ਨਾਲ ਜਿਲਾ ਬਠਿੰਡਾ ਦਾ ਮਾਣ ਵਧਿਆ ਹੈ। ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ, ਸੋਭਾ ਸਿੰਘ ਚਿੱਤਰਕਲਾ ਸੁਸਾਇਟੀ ਬਠਿੰਡਾ ਦੇ ਸ੍ਰਪਰਸਤ ਸ੍ਰੀ ਅਮਰਜੀਤ ਸਿੰਘ ਪੇਂਟਰ ਨੇ ਰੂਪਕਮਲ ਨੂੰ ਮਿਲੇ ਇਸ ਸਨਮਾਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਸਨੂੰ ਹੋਰ ਤਨਦੇਹੀ ਨਾਲ ਇਸ ਖੇਤਰ ਵਿੱਚ ਕੰਮ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਇਹ ਪ੍ਰਾਪਤੀ ਉੱਘੇ ਗ਼ਜ਼ਲਗੋ ਸ੍ਰੀ ਅਜ਼ੀਮ ਸੇਖ਼ਰ ਵੱਲੋਂ ਦਿੱਤੀ ਯੋਗ ਸਿੱਖਿਆ ਦਾ ਨਤੀਜਾ ਹੈ, ਉਸਦੀ ਇਸ ਪ੍ਰਾਪਤੀ ਨਾਲ ਇਲਾਕੇ ਦਾ ਸਿਰ ਉੱਚਾ ਹੋਇਆ ਹੈ।