ਪਿੰਡ, ਪੰਜਾਬ ਦੀ ਚਿੱਠੀ (273)

ਪਿੰਡ, ਪੰਜਾਬ ਦੀ ਚਿੱਠੀ (273)

ਸਾਰਿਆਂ ਨੂੰ ਸੁਹਾਣੇ ਮੌਸਮ ਵਰਗੀ ਸਤ ਸ਼੍ਰੀ ਅਕਾਲ ਜੀ। ਅਸੀਂ ਇੱਥੇ ਜੀਰੀ ਸਿੱਟਣ ਚ ਲੱਗੇ ਹਾਂ। ਫਸਲ ਆਈ ਤੋਂ ਨਕਦੀ ਦੀ ਗਰਮੀ ਨਾਲ ਠੇਕੇ ਤੇ ਠੇਕੇ ਚੜ੍ਹਨਗੇ। ਰੱਬ ਤੁਹਾਨੂੰ ਜਾਕਟਾਂ ਪਾ ਕੇ, ਜੰਮਦੀ ਆਬੋ-ਹਵਾ ਤੋਂ ਬਚਾਵੇ। ਹੋਰ, ਬਡਰੁੱਖਾਂ, ਬਧੌਛੀ, ਰੁੜਕਾ, ਸੰਦੌੜ ਅਤੇ ਸੰਦੋਹੇ ਆਲੇ ਠੀਕ ਹਨ। ਪੀੜ੍ਹੀ ਬਦਲਣ ਨਾਲ ਨਾਂ ਅਤੇ ਥਾਂ ਬਦਲ ਰਹੇ ਹਨ। ਮੀਂਹ ਨੇ ਧੂੰਆਂ ਬਠਾਤਾਕੇਰਾਂ। ਸੱਚ, ਹੁਣ ਪੋਸਤ ਡੋਡੇ ਨਹਿਰਾਂ-ਕੱਸੀਆਂ ਚ ਤਰ ਕੇ ਆਉਣ ਲੱਗ ਪਏ ਹਨ। ਚੱਲੋ ਗੰਦੇ ਪਾਣੀਚ ਕਦੇ ਅਮਲੀਆਂ ਲਈ ਚੰਗੀ ਚੀਜ਼ ਵੀ ਆਈ ਹੈ। ਸ਼ਾਇਦ ਹੁਣ ਕਿਤੇ ਸਬਜ਼ੀਆਂ, ਫਲ, ਸੋਨਾ ਜਾਂ ਨੋਟ ਵੀ ਆ ਜਾਵੇ। ਨੇਂ-ਜਾਣੀਏਂ, ਕੀ ਪਤੈ, ਜ਼ਮਾਨੇ ਦਾ। ਹਾਂ, ਭੱਬੂ ਖਾਣਿਆਂ ਦੀ ਮਾਈ ਛੁੱਟ ਗਈ ਹੈ ਅਤੇ ਦਲਬਾਰੇ ਨੇ, ਮਨੀਲਾ ਆਲਿਆਂ ਦਾ ਕੈਮਰਾ, ਕਸੀਏ ਨਾਲ ਪੱਟ ਦਿੱਤਾ ਹੈ। ਅੱਗੇ ਸਮਾਚਾਰ, ਜੀਹਦੇ ਵਾਸਤੇ ਚਿੱਠੀ ਪਾਈ ਹੈ, ਉਹ ਇਹ ਹੈ ਕਿ ‘ਧੰਦ ਪਿੱਟਣਿਆਂ ਦੇ ਮਿੱਠੂ, ਛੜੇ-ਛੜਾਂਕ ਨੂੰ ਬਿਜਲੀ ਦੇ ਬਿੱਲ ਦਾ, ਮੈਸੇਜ ਆ ਗਿਆ ਹੈ। ਆ ਧਮੱਚੜ ਪਿਆ! ਉਹਦੇ ਭਤੀਜੇ ਲਾਲੀ ਨੇ ਕਈ ਦਿਨਾਂ ਮਗਰੋਂ ਛੜੇ ਤਾਏ ਦਾ ਫ਼ੋਨ ਵੇਖਿਆ, ਤਾਂ ਉਹਨੇ ਹੱਸਦਿਆਂ ਖ਼ਬਰ ਫੈਲਾਈ, “ਤਾਇਆ ਤੇਰਾ ਵੀ ਬਿੱਲ ਆ ਗਿਐ, ਟੁੱਟ-ਗੇ ਰਕਾਟ, 5320 ਰੁਪੈ, ਵਧਾਈਆਂ, ਵੰਡ ਪਤਾਸੇ।” ਖਫ਼ਾਖੂਨ ਹੋਏ ਛੜੇ ਨੂੰ ਕੇਰਾਂ ਤਾਂ ਕੋਈ ਸਮਝ ਨਾ ਆਈ, ਬੌਂਦਲ ਗਿਆ, ਫੇਰ ਲੰਮਾ ਸਾਹ ਲੈ ਕੇ ਬੋਲਿਆ, “ਮੇਰੇ ਤਾਂ ਮੀਟਰ ਹੀ ਨੀਂ ਲੱਗਾ, ਪਤੰਦਰਾ!" “ਰਾਤ ਨੂੰ ਲਾਟੂ ਤਾਂ ਤੇਰੇ ਜਗਦਾ ਮੈਂ ਆਪ ਵੇਖਿਆ?" ਮਾਝੇ ਆਲੇ ਕੰਤੇ ਨੇ, ਤਾਏ ਦੀ ਘਬਰਾਹਟ ਦਾ ਲਾਹਾ ਲਿਆ। “ਉਹ ਤਾਂ ਕੰਧ ਉੱਤੋਂ ਦੀ ਗਮਾਂਡੀਆ ਦਿਊਂ, ਤਾਰ ਲਈ ਆ!" ਮਿੱਠੂ ਛੜੇ ਨੇ ਜਿਉਂ ਹੀ ਬੋਲਿਆ, ਸਾਰਿਆਂ ਨੇ ਚਾਮਚ ਪਿਆਂ ਨੇ ਤਾੜੀ ਚੱਕ ਤੀ। “ਫੜਿਆ ਗਿਆ ਨਾ ਮਿੱਠਾ ਸਿੰਹਾ”, ਰੌਲਾ ਵੇਖ ਕੋਲ ਆ ਖੜੇ ਬਲਿੰਦ ਡਾਕਟਰ ਨੇ ਛੇੜਿਆ। ਜੇ ਤਾਰ ਕੰਧ ਟੱਪ ਕੇ ਬਿਜਲੀ ਆ ਸਕਦੀ ਆ ਉਂਵੇਂ ਹੀ ਬਿੱਲ ਵੀ ਆ ਜਾਂਦੈ, ਨਾਲੇ ਤੇਰੇ ਨਾਂ ਤੇ ਐ, ਕ-ਨਹੀਂ ਭਾਈ” ਤਿੱਗੜੀ ਆਲੇ ਭੋਲੇ ਨੇ ਟਾਂਚ ਲਾਈ। “ਪਰ, ਮੈਂ ਤਾਂ ਦਰਖਾਸਤ ਈ ਨੀਂ ਦਿੱਤੀ, ਨਾਂਹ ਮੀਟਰ ਲੱਗਾ।” ਛੜੇ ਨੂੰ ਕੁੱਝ ਨਾ ਸੁੱਝੇ। “ਅੱਜ ਕੱਲ੍ਹ ਭਗਤਾ ਆਨਲਾਈਨ ਈ ਹੋ ਜਾਂਦੈ, ਸਭ ਕੁੱਝ, ਤੇਰਾ ਉਧਾਰ ਕਾਰਡ ਤਾਂ ਬਣਿਆਂ ਨਾਂ?” ਮੰਬਰ ਜੀਤ ਸਿੰਹੁ ਨੇ ‘ਕਾਵਾਂ ਚ ਫਸੇ ਉੱਲੂ ਨੂੰ ਹੋਰ ਘੇਰਿਆ। “ਐਵੇਂ ਮਜਾਖ ਕਰਦੇ ਓਂ, ਮੈਨੂੰ ਪਤਾ ਸਾਰਾ, ਉਧਾਰ ਕਾਰਡ ਤੇ ਤਾਂ ਫੇਰ ਮੇਰੀ ਫੋਟੋ ਵੀ ਐ।" ਮਿੱਠੂ ਨੇ ਆਖਿਆ ਤਾਂ ਗੁਰਮੁਖ ਆਂਹਦਾ, “ਹੁਣ ਤੇਰੀ ਫੋਟੋ ਨਾਲ, ਬਿੱਲ ਵਾਂਗੂੰ, ਤੇਰਾ ਸਾਕ ਵੀ ਆਇਆ ਲੈ, ਵੇਖੀ ਜਾਂਈਂ।" “ਜਾਹ ਯਾਰ, ਕੰਮ ਕਰੋ ਜਾ ਕੇ, ਆਉਣਗੇ ਡੋਲੇ ਹੁਣ!" ਮਿੱਠੂ ਸਿੰਹੁ ਛੜੇ ਨੇ ਰੋਣਹਾਕੇ ਹੋ ਕੇ ਆਖਿਆ ਤਾਂ ਸਾਰਿਆਂ ਫੇਰ ਖਿੱਲੀ ਉਡਾਈ। ‘ਝਾੜਚ ਅੜੇ ਬਿੱਲੇਵਾਂਗੂੰ ਹੁਣ ਹੋਰ ਕੋਈ ਰਾਹ ਨਹੀਂ ਸੀ ਬਚਿਆ। ਗੋਡੇ ਉੱਤੇ ਹੱਥ ਰੱਖ ਕਾਹਲੀ ਨਾਲ ਖੜ੍ਹਾ ਹੋਇਆ ਅਤੇ ਦਬਾ-ਸੱਟ ਆਵਦੇ ਖੋਲ੍ਹੇ ਵੱਲ ਗਿਆ, ਇਹ ਕਹਿੰਦਾ, “ਮੈਂ ਪੱਟਦਾਂ ਤਾਰ ਜੀ, ਜ੍ਹੱਬ ਈ ਮੁਕਾਉਣਾ ਅੱਜ, ਕਿਵੇਂ ਫਿਰਦੀ ਐ, ਕੇਂਡ ਮੱਛਰੀ।" ਮਗਰੋਂ ਸਾਰੇ ਹੋਰ ਖੁੱਲ੍ਹ ਗਏ। ਭਾਂਤ-ਭਾਂਤ ਦੇ ਕਿੱਸੇ ਸੁਣਾਈ ਗਏ। ਆਂਉਂਦੇ ਬਿਜਲੀ ਆਲੇ ਮੋਹਿਤ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਦੱਸਿਆ, “ਕਈ ਵਾਰੀ ਗਲਤੀ ਨਾਲ ਕਿਸੇ ਦਾ ਬਿਜਲੀ ਅਕਾਊਂਟ ਨੰਬਰ, ਦੂਜੇ ਦੇ ਫ਼ੋਨ ਨਾਲ ਲਿਖਿਆ ਜਾਂਦੈ, ਇਹ ਆਮ ਜੀ ਗੱਲ ਐ।" ਬਾਕੀ ਅਗਲੇ ਐਤਵਾਰ.....
ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061