ਪਾਕਿਸਤਾਨੀ ਜਨਰਲ ਮੁਨੀਰ ਦੇ ਵਾਹਯਾਤ ਬਿਆਨ !

ਪਾਕਿਸਤਾਨੀ ਜਨਰਲ ਮੁਨੀਰ ਦੇ ਵਾਹਯਾਤ ਬਿਆਨ !

ਪਾਕਿਸਤਾਨੀ ਫੌਜ ਦੇ ਜਨਰਲ ਮੁਨੀਰ ਦਾ ਲੱਗਦਾ ਹੈ ਕਿ ਦਿਮਾਗ ਖਰਾਬ ਹੋ ਗਿਆ ਹੈ। ਉਪਰੇਸ਼ਨ ਸਿੰਧੂਰ ਤੋਂ ਬਾਅਦ ਮਿਲੀ ਫੀਲਡ ਮਾਰਸ਼ਲ ਦੀ ਤਰੱਕੀ ਉਸ ਦੇ ਸਿਰ ਨੂੰ ਚੜ੍ਹ ਗਈ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਪਹਿਲਾਂ ਉਸ ਨੇ ਇਸਲਾਮਾਬਾਦ ਵਿੱਚ ਬੋਲਦੇ ਹੋਏ ਹਿੰਦੂ ਧਰਮ ਬਾਰੇ ਕੁਝ ਗਲਤ ਗੱਲਾਂ ਕਹੀਆਂ ਸਨ। ਹੁਣ ਕੁਝ ਦਿਨ ਪਹਿਲਾਂ ਆਪਣੇ ਅਮਰੀਕਾ ਦੌਰੇ ਸਮੇਂ ਉਸ ਨੇ ਬਿਆਨ ਦਿੱਤਾ ਹੈ ਜੇ ਭਵਿੱਖ ਵਿੱਚ ਹੋਏ ਕਿਸੇ ਯੁੱਧ ਵਿੱਚ ਪਾਕਿਸਤਾਨ ਹਾਰ ਗਿਆ ਤਾਂ ਉਹ ਆਪਣੇ ਨਾਲ ਅੱਧੀ ਦੁਨੀਆਂ ਨੂੰ ਲੈ ਬੈਠੇਗਾ। ਮਤਲਬ ਕਿ ਉਹ ਆਪਣੇ ਸਾਰੇ ਐਟਮੀ ਹਥਿਆਰ ਚਲਾ ਦੇਵੇਗਾ। ਉਸ ਦੀ ਗੱਲ ਦਾ ਮੰਤਵ ਭਾਵੇਂ ਭਾਰਤ ਨੂੰ ਧਮਕੀ ਦੇਣਾ ਹੈ ਤੇ ਪਰ ਅੱਧੇ ਸੰਸਾਰ ਵਿੱਚ ਚੀਨ, ਰੂਸ ਅਤੇ ਅਮਰੀਕਾ ਵੀ ਲਪੇਟਿਆ ਜਾਵੇਗਾ। ਵੈਸੇ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਕੋਲ ਐਨੀ ਦੂਰ ਮਾਰ ਕਰਨ ਵਾਲੀਆਂ ਇੰਟਰਕਾਂਟੀਨੈਂਟਲ ਮਿਜ਼ਾਈਲਾਂ ਨਹੀਂ ਹਨ। ਉਸ ਦੇ ਇਸ ਬਿਆਨ ਨੇ ਸਗੋਂ ਭਾਰਤ ਨੂੰ ਅਲਰਟ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਹੋਣ ਵਾਲੇ ਯੁੱਧ ਸਮੇਂ ਸਭ ਤੋਂ ਪਹਿਲਾਂ ਪਾਕਿਸਤਾਨ ਦੇ ਜੰਗੀ ਹਵਾਈ ਅੱਡੇ ਅਤੇ ਮਿਜ਼ਾਈਲ ਬੈਟਰੀਆਂ ਤਬਾਹ ਕੀਤੀਆਂ ਜਾਣ। ਮੁਨੀਰ ਦੇ ਇਸ ਬੜਬੋਲੇਪਣ ਦਾ ਕਾਰਨ ਪਾਕਿਸਤਾਨ ਦੇ ਮਿਲਟਰੀ ਇਤਿਹਾਸ ਵਿੱਚ ਲੱਭਦਾ ਹੈ।

ਮੁਨੀਰ ਤੋਂ ਪਹਿਲਾਂ ਵਾਲੇ ਮਿਲਟਰੀ ਡਿਕਟੇਟਰਾਂ ਦੇ ਚਾਲ ਚਰਿੱਤਰ ਨੂੰ ਘੋਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਨਾ ਤਾਂ ਉਨ੍ਹਾਂ ਨੂੰ ਯੁੱਧ ਨੀਤੀ, ਕੂਟਨੀਤੀ ਤੇ ਰਾਜਨੀਤੀ ਦੀ ਸਮਝ ਸੀ ਤੇ ਨਾ ਹੀ ਦੇਸ਼ ਨਾਲ ਕੋਈ ਪਿਆਰ ਸੀ। ਪਾਕਿਸਤਾਨ ਵਿੱਚ ਹੁਣ ਤੱਕ ਚਾਰ ਫੌਜੀ ਤਾਨਾਸ਼ਾਹ ਬਣੇ ਹਨ ਤੇ ਚਾਰਾਂ ਨੇ ਹੀ ਪਾਕਿਸਤਾਨ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਪਹਿਲਾ ਜਨਰਲ ਅਯੂਬ ਖਾਨ ਸੀ ਜਿਸ ਨੇ 1958 ਤੋਂ 1969 ਤੱਕ ਰਾਜ ਕੀਤਾ। ਉਸ ਨੇ 5 ਅਗਸਤ 1965 ਵਾਲੇ ਦਿਨ ਬਿਨਾਂ ਕਿਸੇ ਭੜਕਾਹਟ ਦੇ ਭਾਰਤ ‘ਤੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਸਿਰਫ 48 ਦਿਨਾਂ ਵਿੱਚ (ਯੁੱਧ ਸਮਾਪਤੀ 23 ਸਤੰਬਰ 1965) ਪਾਕਿਸਤਾਨੀ ਫੌਜ ਤਬਾਹੋ ਬਰਬਾਦ ਹੋ ਗਈ ਸੀ। ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਦੀ ਸਯੋਗ ਅਗਵਾਈ ਹੇਠ ਭਾਰਤ ਦੀਆਂ ਫੌਜਾਂ ਲਾਹੌਰ ਦੇ ਦਰਵਾਜ਼ੇ ਤੱਕ ਪਹੁੰਚ ਗਈਆਂ ਸਨ। ਦੂਸਰਾ ਫੌਜੀ ਤਾਨਾਸ਼ਾਹ ਜਨਰਲ ਯਾਹੀਆ ਖਾਨ ਸੀ ਜਿਸ ਨੇ 1969 ਤੋਂ ਲੈ ਕੇ ਦਸੰਬਰ 1971 ਤੱਕ ਰਾਜ ਕੀਤਾ ਸੀ। ਉਸ ਦੇ ਰਾਜ ਕਾਲ ਦੌਰਾਨ ਭਾਰਤ ਨਾਲ 1971 ਦੀ ਜੰਗ ਹੋਈ ਜਿਸ ਦੇ ਫਲਸਵਰੂਪ ਪਾਕਿਸਤਾਨ ਦੋ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਤੀਸਰਾ ਤਾਨਾਸ਼ਾਹ ਜਨਰਲ ਜ਼ਿਆ ਉਲ ਹੱਕ ਸੀ ਜਿਸ ਨੇ 16 ਸਤੰਬਰ 1978 ਤੋਂ ਲੈ ਕੇ ਹਵਾਈ ਹਾਦਸੇ ਵਿੱਚ ਮਰਨ ਤੱਕ 17 ਅਗਸਤ 1988 ਤੱਕ ਰਾਜ ਕੀਤਾ। ਇਸ ਨੇ ਪਾਕਿਸਤਾਨ ਨੂੰ ਜ਼ੇਹਾਦੀ ਪੈਦਾ ਕਰਨ ਵਾਲੀ ਇੱਕ ਫੈਕਟਰੀ ਵਿੱਚ ਤਬਦੀਲ ਕਰ ਦਿੱਤਾ ਸੀ। ਪੰਜਾਬ ਅਤੇ ਕਸ਼ਮੀਰ ਵਿੱਚ ਅੱਤਵਾਦ ਪੈਦਾ ਕਰਨ ਦਾ ਜ਼ਿੰਮੇਵਾਰ ਉਹ ਹੀ ਸੀ।

ਚੌਥਾ ਤਾਨਾਸ਼ਾਹ ਜਨਰਲ ਪ੍ਰਵੇਜ਼ ਮੁਸ਼ੱਰਫ ਸੀ ਜਿਸ ਨੇ 20 ਜੂਨ 2001 ਤੋਂ ਲੈ ਕੇ 18 ਅਗਸਤ 2008 ਤੱਕ ਰਾਜ ਕੀਤਾ। ਉਹ ਤਾਨਾਸ਼ਾਹ ਬਣ ਤੋਂ ਪਹਿਲਾਂ ਹੀ 3 ਮਈ 1999 ਤੋਂ ਜੁਲਾਈ 1999 ਤੱਕ ਚੱਲੀ ਕਾਰਗਿਲ ਜੰਗ ਵਿੱਚ ਭਾਰਤ ਹੱਥੋਂ ਕਰਾਰੀ ਹਾਰ ਤੇ ਜ਼ਿੱਲਤ ਝੱਲ ਚੁੱਕਾ ਸੀ। ਪਰ ਉਸ ਦੀਆਂ ਗਲਤ ਆਰਥਿਕ ਨੀਤੀਆਂ ਨੇ ਪਾਕਿਸਤਾਨ ਨੂੰ ਸਦਾ ਲਈ ਇੱਕ ਭਿਖਾਰੀ ਤੇ ਦੁਨੀਆਂ ਭਰ ਦੇ ਅੱਤਵਾਦੀਆਂ ਨੂੰ ਟਰੇਨਿੰਗ ਦੇਣ ਵਾਲਾ ਦੇਸ਼ ਬਣਾ ਦਿੱਤਾ। ਮੁਨੀਰ ਦੀ ਬੋਲ ਬਾਣੀ ਤੋਂ ਇਹ ਲੱਗ ਰਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸੱਤਾ ਦੇ ਦਿਨ ਗਿਣਤੀ ਦੇ ਹੀ ਬਚੇ ਹਨ। ਪਰ ਜਿਹੜੀ ਗੱਲ ਮੁਨੀਰ ਨੂੰ ਪਿਛਲੇ ਫੌਜੀ ਤਾਨਾਸ਼ਾਹਾਂ ਨਾਲੋਂ ਵੱਖ ਕਰਦੀ ਹੈ, ਉਹ ਹੈ ਇਸ ਵੱਲੋਂ ਭਾਰਤ ਦੇ ਖਿਲਾਫ ਕੀਤੀ ਜਾ ਰਹੀ ਬੇਹੱਦ ਭੜਕਾਊ ਤੇ ਅਹਿਮਕਾਨਾ ਬਿਆਨਬਾਜ਼ੀ ਜੋ ਉਪਰੇਸ਼ਨ ਸਿੰਧੂਰ ਵਿੱਚ ਮਾਰ ਖਾਣ ਤੋਂ ਬਾਅਦ ਹੋਰ ਤਿੱਖੀ ਹੋ ਗਈ ਹੈ। ਮੁਨੀਰ ਸੋਚਦਾ ਹੈ ਕਿ ਕਿਸਮਤ ਉਸ ‘ਤੇ ਬਾਕੀ ਤਾਨਾਸ਼ਾਹਾਂ ਨਾਲੋਂ ਜਿਆਦਾ ਮਿਹਰਬਾਨ ਰਹੇਗੀ ਜਿਸ ਕਾਰਨ ਉਹ ਪਵਿੱਤਰ ਕੁਰਾਨ ਦੀਆਂ ਆਇਤਾਂ ਦੀ ਗਲਤ ਵਿਆਖਿਆ ਕਰ ਕੇ ਕਥਿੱਤ ਕਾਫਰਾਂ ਖਿਲਾਫ ਸੈਨਿਕ ਕਾਰਵਾਈ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਕਿਸਤਾਨੀ ਫੌਜ ਵਿੱਚ ਘੁਸਰ ਮੁਸਰ ਚੱਲ ਰਹੀ ਹੈ ਕਿ ਉਪਰੇਸ਼ਨ ਸਿੰਧੂਰ ਦੌਰਾਨ ਮਿਲੀ ਕਰਾਰੀ ਹਾਰ ਕਾਰਨ ਮੁਨੀਰ ਡੈਪਰੇਸ਼ਨ ਵਿੱਚ ਚਲਾ ਗਿਆ ਹੈ ਜਿਸ ਕਾਰਨ ਇਹੋ ਜਿਹੇ ਊਲ ਜਲੂਲ ਬਿਆਨ ਦਾਗ ਰਿਹਾ ਹੈ।

ਉਸ ਦੀਆਂ ਧਮਕੀਆਂ ਅਤੇ ਬਿਆਨਾਂ ਦੇ ਹੇਠ ਲਿਖੇ ਮੁੱਖ ਕਾਰਨ ਸਮਝ ਆਉਂਦੇ ਹਨ। ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਉਪਰੇਸ਼ਨ ਸਿੰਧੂਰ ਕਾਰਨ ਪਾਕਿਸਤਾਨ ਵੱਲੋਂ ਭਾਰਤ ਖਿਲਾਫ ਕੀਤੀ ਜਾ ਰਹੀ ਪ੍ਰਮਾਣੂ ਬਲੈਕਮੇਲਿੰਗ ਖਤਮ ਹੋ ਗਈ ਹੈ। ਉਹ ਅੱਧੀ ਦੁਨੀਆਂ ਨੂੰ ਆਪਣੇ ਨਾਲ ਲੈ ਜਾਣ ਵਰਗੇ ਬਿਆਨ ਦੇ ਕੇ ਉਸ ਬਲੈਕਮੇਲਿੰਗ ਨੂੰ ਦੁਬਾਰਾ ਕਾਇਮ ਕਰਨਾ ਚਾਹੁੰਦਾ ਹੈ। ਵੈਸੇ ਇਹ ਬਲੈਕਮੇਲਿੰਗ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਕੀਤੀ ਗਈ ਸਰਜੀਕਲ ਸਟਰਾਈਕ ਅਤੇ ਬਾਲਾਕੋਟ ਵਿਖੇ ਕੀਤੀ ਸਟਰਾਈਕ ਕਾਰਨ ਪਹਿਲਾਂ ਹੀ ਪਤਲੀ ਪੈ ਚੁੱਕੀ ਸੀ। ਮੁਨੀਰ ਸੋਚਦਾ ਹੈ ਕਿ ਜੇ ਪ੍ਰਮਾਣੂ ਬਲੈਕਮੇਲਿੰਗ ਹੀ ਖਤਮ ਹੋ ਗਈ ਤਾਂ ਫਿਰ ਉਹ ਭਾਰਤ ਨੂੰ ਕਸ਼ਮੀਰ ਦੇ ਮਸਲੇ ‘ਤੇ ਧਮਕਾ ਨਹੀਂ ਸਕੇਗਾ। ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਭਾਰਤ ਦਾ ਸਿਧਾਂਤ ਇਹ ਹੈ ਕਿ ਉਹ ਦੁਸ਼ਮਣ ‘ਤੇ ਪਹਿਲਾ ਪ੍ਰਮਾਣੂ ਹਮਲਾ ਨਹੀਂ ਕਰੇਗਾ। ਪਰ ਪਾਕਿਸਤਾਨ ਵਿੱਚ ਅਜਿਹੀ ਕੋਈ ਬੰਦਿਸ਼ ਨਹੀਂ ਹੈ। ਪਾਕਿਸਤਾਨ ਦੇ ਪ੍ਰਮਾਣੂ ਹਮਲਾ ਕਰਨ ਦੇ ਸਿਧਾਂਤ ਬਾਰੇ 2002 ਦੇ ਉਪਰੇਸ਼ਨ ਪਰਾਕਰਮ (ਇਹ ਉਪਰੇਸ਼ਨ 13 ਦਸੰਬਰ 2001 ਨੂੰ ਪਾਰਲੀਮੈਂਟ ‘ਤੇ ਹਮਲੇ ਤੋਂ ਬਾਅਦ ਭਾਰਤ ਵੱਲੋਂ ਕੀਤਾ ਗਿਆ ਸੀ ਤੇ ਦਸੰਬਰ 2001 ਤੋਂ ਲੈ ਕੇ ਅਕਤੂਬਰ 2002 ਤੱਕ ਚੱਲਿਆ ਸੀ। ਭਾਰਤ ਨੇ ਪਾਕਿਸਤਾਨ ਨੂੰ ਆਪਣੀ ਤਾਕਤ ਵਿਖਾਉਣ ਲਈ ਆਮ ਲਾਮਬੰਦੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਜੇ ਕੁਝ ਦੇਸ਼ ਵਿਚੋਲਗੀ ਨਾ ਕਰਦੇ ਤਾਂ ਜੰਗ ਅਟੱਲ ਸੀ) ਵੇਲੇ ਉਸ ਸਮੇਂ ਦੇ ਡਾਇਰੈਟਰ ਜਨਰਲ ਸਟਰੈਟਜਿਕ ਪਲੈਨਜ਼ ਲੈਫਟੀਨੈਂਟ ਜਨਰਲ ਖਾਲਿਦ ਕਿਦਵਾਈ ਨੇ ਕਿਹਾ ਸੀ ਕਿ ਜੇ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਪਾਕਿਸਤਾਨ ਰਵਾਇਤੀ ਹਥਿਆਰਾਂ ਤੋਂ ਇਲਾਵਾ ਐਟਮ ਬੰਬ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰੇਗਾ। ਹੁਣ ਮੁਨੀਰ ਦੇ ਬਿਆਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਭਾਰਤ ਦੇ ਪਹਿਲਾ ਪ੍ਰਮਾਣੂ ਹਮਲਾ ਨਾ ਕਰਨ ਦੇ ਸਿਧਾਂਤ ਨੂੰ ਨਹੀਂ ਮੰਨਦਾ।

ਮੁਨੀਰ ਦੇ ਬਿਆਨ ਦਾ ਦੂਸਰਾ ਕਾਰਨ ਵਿਸ਼ਵ ਨੂੰ ਇੱਹ ਦੱਸਣਾ ਹੈ ਕਿ ਪਾਕਿਸਤਾਨ ਇੱਕ ਐਟਮੀ ਤਾਕਤ ਹੈ ਤੇ ਉਹ ਜਦੋਂ ਚਾਹੇ ਇਸ ਦੀ ਵਰਤੋਂ ਵੀ ਕਰ ਸਕਦਾ ਹੈ ਨਤੀਜੇ ਚਾਹੇ ਕੁਝ ਵੀ ਹੋਣ। ਇਸ ਧਮਕੀ ਵਿੱਚ ਉਸ ਦੀ ਇੱਕ ਚਾਲ ਵੀ ਛੁਪੀ ਹੋਈ ਹੈ ਕਿ ਇਸ ਧਮਕੀ ਨਾਲ ਇੰਟਰਨੈਸ਼ਨਲ ਮੀਡੀਆ ਨੂੰ ਮਸਾਲਾ ਮਿਲ ਜਾਵੇਗਾ ਤੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣੇ ਕਰਾਸ ਬਾਰਡਰ ਅੱਤਵਾਦ ਵੱਲੋਂ ਉਸ ਦਾ ਧਿਆਨ ਵੀ ਹਟ ਜਾਵੇਗਾ। ਮੁਨੀਰ ਦੀ ਇੱਕ ਚਿੰਤਾ ਇਹ ਵੀ ਹੈ ਭਾਰਤ ਨੇ ਪਾਕਿਸਤਾਨ ਦੀਆਂ ਪ੍ਰਮਾਣੂ ਧਮਕੀਆਂ ਬਾਰੇ ਚਿੰਤਾ ਕਰਨੀ ਬੰਦ ਕਰ ਦਿੱਤੀ। ਪਿਛਲੇ ਸਮੇਂ ਵਿੱਚ ਵੀ ਪਾਕਿਸਤਾਨ ਅਜਿਹੀਆਂ ਧਮਕੀਆਂ ਦਿੰਦਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜ਼ਰਾਲ ਨੇ ਆਪਣੀ ਸਵੈ ਜੀਵਨੀ ਵਿੱਚ ਲਿਖਿਆ ਹੈ ਕਿ 1990 ਦੀਆਂ ਗਰਮੀਆਂ ਵਿੱਚ ਪਾਕਿਸਤਾਨ ਨੇ ਕਿਸੇ ਮਸਲੇ ‘ਤੇ ਤਤਕਾਲੀ ਪ੍ਰਧਾਨ ਮੰਤਰੀ ਵੀ.ਪੀ. ਸਿੰਘ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਮੁਨੀਰ ਨੂੰ ਭਾਰਤ ਦੀ ਆਰਥਿਕ ਤਰੱਕੀ ਦਾ ਬਹੁਤ ਸਾੜਾ ਹੈ। ਉਸ ਦਾ ਇਹ ਸੋਚਣਾ ਹੈ ਕਿ ਜੇ ਪਾਕਿਸਤਾਨ ਤੇ ਭਾਰਤ ਇੱਕ ਦੂਸਰੇ ‘ਤੇ ਪ੍ਰਮਾਣੂ ਹਮਲਾ ਕਰ ਦਿੰਦੇ ਹਨ ਤਾਂ ਭਾਰਤ ਦਾ ਨੁਕਸਾਨ ਜਿਆਦਾ ਹੋਵੇਗਾ ਕਿਉਂਕਿ ਉਥੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੈਵੀ ਇੰਡਸਟਰੀ ਸਥਾਪਿਤ ਹੋ ਚੁੱਕੀ ਹੈ ਤੇ ਅਰਬਾਂ ਖਰਬਾਂ ਡਾਲਰ ਦਾ ਆਯਾਤ ਨਿਰਯਾਤ ਹੋ ਰਿਹਾ ਹੈ। ਇਸ ਦੇ ਉਲਟ ਪਾਕਿਸਤਾਨ ਇੱਕ ਮਲੰਗ ਦੇਸ਼ ਹੈ। ਇਸੇ ਸੰਦਰਭ ਵਿੱਚ ਉਸ ਨੇ ਅਨਿਲ ਅੰਬਾਨੀ ਦੀ ਫੋਟੋ ਲਗਾ ਕੇ ਇੱਕ ਟਵੀਟ ਕੀਤਾ ਸੀ ਜਿਸ ਵਿੱਚ ਕਿਸੇ ਇਸਲਾਮਿਕ ਧਰਮ ਗ੍ਰੰਥ ਦੀ ਇੱਕ ਤੁਕ ਲਿਖੀ ਹੋਈ ਸੀ ਕਿ ਅੱਲਾਹ ਨੇ ਪੰਛੀਆਂ ਨੂੰ ਦੁਸ਼ਮਣ ਫੌਜ ਦੇ ਜੰਗੀ ਹਾਥੀਆਂ ‘ਤੇ ਪੱਥਰ ਸੁੱਟਣ ਲਈ ਭੇਜਿਆ ਜਿਸ ਨਾਲ ਹਾਥੀ ਕੁਚਲ ਕੇ ਫੀਤਾ ਫੀਤਾ ਹੋ ਗਏ ਸਨ।

ਉਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਸਿੱਧ ਮੈਗਜ਼ੀਨ ਦੀ ਇਕਨੌਮਿਸਟ ਨੂੰ ਇੱਕ ਇੰਟਰਵਿਊ ਦਿੰਦੇ ਹੋਏ ਨੇ ਉਸ ਕਿਹਾ ਹੈ ਕਿ ਅਗਲੀ ਵਾਰ ਪਾਕਿਸਤਾਨ ਭਾਰਤ ਦੇ ਪੂਰਬੀ ਅਤੇ ਦੱਖਣੀ ਹਿੱਸੇ ‘ਤੇ ਹਮਲੇ ਕਰੇਗਾ। ਕਾਰਨ ਪੁੱਛਣ ‘ਤੇ ਉਸ ਨੇ ਦੱਸਿਆ ਕਿ ਭਾਰਤ ਦੀ ਜਿਆਦਾਤਰ ਡਿਫੈਂਸ ਅਤੇ ਹੋਰ ਹੈਵੀ ਇੰਡਸਟਰੀ ਪਾਕਿਸਤਾਨੀ ਬਾਰਡਰ ਤੋਂ ਦੂਰ ਪੂਰਬ ਅਤੇ ਦੱਖਣ ਵਿੱਚ ਸਥਾਪਿਤ ਕੀਤੀ ਗਈ ਹੈ। ਇਹ ਇੰਡਸਟਰੀ ਤਬਾਹ ਹੋਣ ਨਾਲ ਭਾਰਤ ਦਾ ਲੱਕ ਟੁੱਟ ਜਾਵੇਗਾ। ਇਸ ਸਿਰਫਿਰੇ ਵਿਅਕਤੀ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨੀ ਜਹਾਜ਼, ਡਰੋਨ ਤੇ ਮਿਜ਼ਾਈਲਾਂ ਭਾਰਤੀ ਰੱਖਿਆ ਪ੍ਰਣਾਲੀਆਂ ਤੇ ਹਵਾਈ ਸੈਨਾ ਤੋਂ ਬਚ ਕੇ ਐਨੀ ਦੂਰ ਕਿਵੇਂ ਪਹੁੰਚਣਗੇ। ਉਸ ਦਾ ਇੱਕ ਹੋਰ ਮੂਰਖਤਾਪੂਰਣ ਬਿਆਨ ਹੈ ਕਿ ਜੇ ਭਾਰਤ ਸਿੰਧੂ ਨਦੀ ‘ਤੇ ਡੈਮ ਬਣਾਵੇਗਾ ਤਾਂ ਉਹ ਉਸ ਨੂੰ ਮਿਜ਼ਾਈਲਾਂ ਨਾਲ ਤਬਾਹ ਕਰ ਦੇਵੇਗਾ। ਡੈਮ ਕੋਈ ਮੋਘੇ ਦਾ ਨੱਕਾ ਨਹੀਂ ਹੁੰਦੇ, ਇਨ੍ਹਾਂ ਨੂੰ ਬਣਦਿਆਂ ਸਾਲਾਂ ਬੱਧੀ ਲੱਗ ਜਾਂਦੇ ਹਨ। ਜਦੋਂ ਤੱਕ ਇਹ ਡੈਮ ਮੁਕੰਮਲ ਹੋਣਾ ਹੈ, ਉਦੋਂ ਤੱਕ ਤਾਂ ਮੁਨੀਰ ਨੇ ਰਿਟਾਇਰ ਕੇ ਅੱਲ੍ਹਾ ਨੂੰ ਵੀ ਪਿਆਰੇ ਹੋ ਚੁੱਕੇ ਹੋਣਾ ਹੈ। ਉਸ ਦੇ ਬਿਆਨਾਂ ਦਾ ਇੱਕ ਡੂੰਘਾ ਰਾਜਨੀਤਕ ਕਾਰਨ ਵੀ ਹੈ। ਅਜਿਹੇ ਭੜਕਾਊ ਬਿਆਨ ਦੇ ਕੇ ਉਹ ਸ਼ਾਹਬਾਜ਼ ਸ਼ਰੀਫ ਅਤੇ ਪਾਕਿਸਤਾਨੀ ਜਨਤਾ ਨੂੰ ਇਹ ਸਪਸ਼ਟ ਸੰਦੇਸ਼ ਦੇ ਰਿਹਾ ਹੈ ਕਿ ਦੇਸ਼ ਦਾ ਅਸਲੀ ਮਾਲਕ ਉਹ ਹੈ ਤੇ ਜਦੋਂ ਚਾਹਵੇਗਾ ਗੱਦੀ ਹਥਿਆ ਲਵੇਗਾ।

ਭਾਰਤ ਨਾਲ ਪਿਛਲੀਆਂ ਜੰਗਾਂ ਵੀ ਅਜਿਹੇ ਮੂਰਖ ਪਾਕਿਸਤਾਨੀ ਤਾਨਾਸ਼ਾਹ ਜਰਨੈਲਾਂ ਨੇ ਹੀ ਸ਼ੁਰੂ ਕੀਤੀਆਂ ਸਨ। ਇਸ ਲਈ ਭਾਰਤ ਨੂੰ ਅਜਿਹੇ ਸਨਕੀ ਅਤੇ ਡੀਂਗਾਂ ਮਾਰਨ ਵਾਲੇ ਵਿਅਕਤੀ ਤੋਂ ਹਮੇਸ਼ਾਂ ਖਬਰਦਾਰ ਰਹਿਣਾ ਚਾਹੀਦਾ ਹੈ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ (ਰਿਟਾ)
ਪੰਡੋਰੀ ਸਿੱਧਵਾਂ 9501100062