ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਕਲੇਰ ਕੰਠ ਦਾ ਸਨਮਾਨ

ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਕਲੇਰ ਕੰਠ ਦਾ ਸਨਮਾਨ

(ਹਰਜੀਤ ਲਸਾੜਾ, ਬ੍ਰਿਸਬੇਨ, 14 ਅਕਤੂਬਰ)
ਪ੍ਰਸਿੱਧ ਪੰਜਾਬੀ ਗਾਇਕ ਤੇ ਰੂਹਾਨੀ ਸੁਰਾਂ ਦੇ ਸਾਧਕ ਕਲੇਰ ਕੰਠ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਬ੍ਰਿਸਬੇਨ ਪਹੁੰਚੇ ਅਤੇ ਸਥਾਨਕ ਪੰਜਾਬੀ ਭਾਈਚਾਰੇ ਨੂੰ ਆਪਣੀ ਵਿਲੱਖਣ ਗਾਇਕੀ ਨਾਲ ਮੋਹਿਆ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਬ੍ਰਿਸਬੇਨ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਇਕ ਖ਼ਾਸ ਰੂਬਰੂ ਸਮਾਗਮ ਦਾ ਆਯੋਜਨ ਗਾਰਲਿਕ ਫਲੇਮ ਰੈਸਟੋਰੈਂਟ (ਇਪਸਵਿਚ) ਵਿਖੇ ਕੀਤਾ ਗਿਆ। ਸਥਾਨਕ ਸੰਗਤ ਦੀ ਹਾਜ਼ਰੀ ‘ਚ ਕਲੇਰ ਕੰਠ ਨੇ ਆਪਣੀ ਵਿਲੱਖਣ ਗਾਇਕੀ ਰਾਹੀਂ ਗੁਰੂ ਰਵਿਦਾਸ ਜੀ ਦੇ ਉਪਦੇਸ਼ਾਂ ਰਾਹੀਂ ਸਮਾਜਿਕ ਏਕਤਾ ਦਾ ਸੁਨੇਹਾ ਦਿੱਤਾ। ਉਹਨਾਂ ਦੀਆਂ ਰੂਹਾਨੀ ਰਚਨਾਵਾਂ ਨੇ ਸੰਗਤ ਨੂੰ ਡੂੰਘੀ ਪ੍ਰੇਰਣਾ ਦਿੱਤੀ। ਸਭਾ ਵੱਲੋਂ ਕਲੇਰ ਨੂੰ ਸਨਮਾਨ ਪੱਤਰ ਅਤੇ ਸ਼ਾਲ ਭੇਂਟ ਕੀਤੀ ਗਈ। ਸੰਗਤ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਉਹ ਗਾਇਨ ਕਲਾ ਰਾਹੀਂ ਪਿਆਰ, ਸੱਚਾਈ ਤੇ ਭਾਈਚਾਰੇ ਨੂੰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਭਰਾ ਸੰਗੀਤਕਾਰ ਕਮਲ ਕਲੇਰ ਵੀ ਮੌਜੂਦ ਸਨ।

ਅੰਤ ਵਿੱਚ ਸੰਗਤ ਤੇ ਨੌਜਵਾਨਾਂ ਨੇ ਕਲੇਰ ਕੰਠ ਨਾਲ ਯਾਦਗਾਰੀ ਤਸਵੀਰਾਂ ਖਿੱਚਵਾਈਆਂ। ਇਹ ਸਮਾਗਮ ਬ੍ਰਿਸਬੇਨ ਦੀ ਸੰਗਤ ਲਈ ਯਾਦਗਾਰੀ ਰਿਹਾ, ਜਿੱਥੇ ਸੁਰਾਂ ਨੇ ਹਰ ਦਿਲ ਨੂੰ ਛੂਹ ਲਿਆ।