
ਭਾਰਤੀ ਮੀਡੀਆ ਦਾ 100 ਸਾਲ ਦਾ ਸਫ਼ਰ ਬੜਾ ਦਿਲਚਸਪ, ਬੜਾ ਮਹੱਤਵਪੂਰਨ, ਬੜਾ ਮਾਣਮੱਤਾ ਹੈ। ਸੌ ਸਾਲਾਂ ਦੌਰਾਨ ਇਸਨੇ ਅਨੇਮਾਂ ਉਤਰਾਅ ਚੜ੍ਹਾਅ ਵੇਖੇ ਜਿਨ੍ਹਾਂ ਵਿਚ ਅਖਬਾਰਾਂ ਤੋਂ ਆਰੰਭ ਹੋ ਕੇ ਡਿਜ਼ੀਟਲ ਯੁੱਗ ਤੱਕ ਦੀਆਂ ਤਬਦੀਲੀਆਂ ਸ਼ਾਮਲ ਹਨ। ਸ਼ੁਰੂਆਤ ਤੋਂ ਲੈ ਕੇ ਵਿਸ਼ਾਲ ਲੋਕਤੰਤਰ ਦੇ ਚੌਥੇ ਥੰਮ੍ਹ ਤੱਕ ਦੀ ਕਹਾਣੀ ਸ਼ਾਮਲ ਹੈ।
ਭਾਰਤ ਵਿਚ ਪੱਤਰਕਾਰੀ ਦਾ ਆਰੰਭ 1780 ਵਿਚ ਦਾ ਬੰਗਲ ਗਜਟ ਨਾਲ ਹੋਇਆ। ਹਿੰਦੀ ਪੱਤਰਕਾਰੀ ਦੀ ਸ਼ੁਰੂਆਤ 1826 ਵਿਚ ਉਦੰਤ ਮਾਰਤੰਡ’ ਨਾਲ ਹੋਈ। ਭੰਜਾਬੀ ਪੱਤਕਾਰੀ ਦਾ ਇਤਿਹਾਸਕ ਪਿਛੋਕੜ 1854 (ਦਾ ਪੰਜਾਬੀ) ਅਤੇ 1899 (ਖਾਲਸਾ ਸਮਾਚਾਰ) ਨਾਲ ਜਾ ਜੁੜਦਾ ਹੈ।
ਪਰੰਤੂ ਅਜ਼ਾਦੀ ਦੀ ਲੜਾਈ ਦੌਰਾਨ ਅਤੇ ਜ਼ਿਲ੍ਹਿਆ ਵਾਲੇ ਬਾਗ ਦੀ ਘਟਨਾ ਉਪਰੰਤ ਨਿਭਾਈ ਭੂਮਿਕਾ ਨੇ ਭਾਰਤੀ ਮੀਡੀਆ ਨੂੰ ਰਾਸ਼ਟਰਵਾਦੀ ਭਾਵਨਾ ਅਤੇ ਰਾਸ਼ਟਰੀ ਚੇਤਨਾ ਨਾਲ ਓਤ ਪੋਤ ਕਰ ਦਿੱਤਾ।
ਅੰਗਰੇਜ਼ਾਂ ਦੁਆਰਾ ਕੀਤੀ ਗਈ ਸਖ਼ਤੀ ਤੇ ਮੈਂਬਰਸ਼ਿਪ ਦੇ ਬਾਵਜੂਦ ਬਹੁਤ ਸਾਰੇ ਸੰਪਾਦਕਾਂ ਅਤੇ ਅਖਬਾਰਾਂ ਨੇ ਸੱਚ ਲਿਖਣਾ ਅਤੇ ਸੱਚਾਈ ਦੇ ਰਾਹ ‘ਤੇ ਚੱਲਣਾ ਜਾਰੀ ਰੱਖਿਆ ਤਾਂ ਇਸ ਨਾਲ ਜਿੱਥੇ ਅਜ਼ਾਦੀ ਲਈ ਸੰਘਰਸ਼ ਨੂੰ ਮਜ਼ਬੂਤ ਮਿਲੀ ਉਥੇ ਭਾਰਤੀ ਪੱਤਰਕਾਰੀ ਵੀ ਪ੍ਰੈਸ ਦੀ ਅਜ਼ਾਦੀ ਪ੍ਰਤੀ ਚੇਤੰਨ ਹੋ ਗਈ।
ਭਾਰਤ ਵਿਚ 70000 ਅਖਬਾਰਾਂ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਨਾਲ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਅਖਬਾਰਾਂ ਦਾ ਬਜ਼ਾਰ ਬਣ ਗਿਆ ਹੈ। ਹਜ਼ਾਰਾਂ ਟੈਲੀਵਿਜ਼ਨ ਚੈਨਲਾਂ ਦੀ ਭਰਮਾਰ ਵਿਚ ਨਿੱਜੀ ਚੈਨਲਾਂ ਦਾ ਬੋਲ ਬਾਲਾ ਹੈ। ਹਜ਼ਾਰਾਂ ਰੇਡੀਓ ਚੈਨਲ ਹਨ। ਆਨਲਾਈਨ ਮੀਡੀਆ ਦਿਨੋ ਦਿਨ ਵੱਧ ਫੁੱਲ ਰਿਹਾ ਹੈ। ਇੰਟਰਨੈਟ ਮੀਡੀਆ, ਸੋਸ਼ਲ ਮੀਡੀਆ, ਡਿਜ਼ੀਟਲ ਮੀਡੀਆ ਦੀ ਪੂਰੀ ਦੁਨੀਆਂ ਵਿਚ ਚਰਚਾ ਹੈ।
ਤਕਨੀਕ ਨੇ, ਪੱਤਰਕਾਰਾਂ ਨੇ, ਸੰਪਾਦਕਾਂ ਨੇ, ਡਾਇਰੈਕਟਰਾਂ ਨੇ, ਮੀਡੀਆ ਕਰਮੀਆਂ ਨੇ, ਮਾਹਿਰਾਂ ਨੇ ਇਸਨੂੰ ਇਥੋਂ ਤੱਕ ਪਹੁੰਚਾਇਆ ਹੈ, ਮੌਜੂਦਾ ਆਕਾਰ ਦਿੱਤਾ ਹੈ।
ਰੇਡੀਓ, ਟੈਲੀਵਿਜ਼ਨ ਦੀ ਸ਼ੁਰੂਆਤ ਨਾਲ ਭਾਰਤੀ ਮੀਡੀਆ ਨੇ ਇਕ ਨਵੇਂ ਦਾਇਰੇ ਵਿਚ ਪ੍ਰਵੇਸ਼ ਕੀਤਾ। ਸਾਲ 1923 ਵਿਚ ਰੇਡੀਓ ਦਾ ਪ੍ਰਸਾਰਨ ਆਰੰਭ ਹੋਇਆ ਅਤੇ 1959 ਵਿਚ ਟੈਲੀਵਿਜ਼ਨ ਦੀ ਆਮਦ ਨਾਲ ਭਾਰਤੀ ਦਰਸ਼ਕਾਂ ਦੇ ਚਿਹਰੇ ਖਿੜ ਉੱਠੇ।
ਭਾਵੇਂ ਭਾਰਤ ਵਿਚ ਰੇਡੀਓ ਦੀ ਕਹਾਣੀ ਬੜੀ ਲੰਮੀ, ਬੜੀ ਮਜ਼ਬੂਤ, ਬੜੀ ਕਾਰਮਰ, ਬੜੀ ਸਾਰਥਕ ਹੈ ਪਰ ਸਮੇਂ ਨਾਲ ਟੈਲੀਵਿਜ਼ਨ ਦਾ ਬੋਲਬਾਲਾ, ਦਬਦਬਾ ਵੱਧਦਾ ਗਿਆ। ਜਦ ਭਾਰਤੀ ਮੀਡੀਆ ਦੀ ਕਹਾਣੀ ਪੜ੍ਹਨ-ਫਿਰੋਲਣ ਲੱਗਦੇ ਹਾਂ ਤਾਂ ਪ੍ਰਿੰਟ ਮੀਡੀਆ, ਰੇਡੀਓ ਅਤੇ ਟੈਲੀਵਿਜ਼ਨ ਵਿਚੋਂ ਕੋਈ ਕਿਸੇ ਤੋਂ ਘੱਟ ਨਹੀਂ। ਤਿੰਨਾਂ ਦਾ ਦੇਸ਼ ਲਈ, ਸਮਾਜ ਲਈ, ਲੋਕਾਂ ਲਈ ਯੋਗਦਾਨ ਇਕ ਦੂਸਰੇ ਤੋਂ ਵੱਧ ਹੈ। ਲੰਮਾ ਸਮਾਂ ਇਹ ਜ਼ਿੰਮੇਵਾਰੀ ਰੇਡੀਓ ਨੇ ਨਿਭਾਈ। ਰੇਡੀਓ ਥੋੜ੍ਹਾ ਮੱਧਮ ਪਿਆ ਤਾਂ ਇਹ ਜ਼ਿੰਮੇਵਾਰੀ ਦੂਰਦਰਸ਼ਨ ਨੇ ਆਪਣੇ ਮੋਢਿਆਂ ‘ਤੇ ਚੁੱਕ ਲਈ। ਅਖਬਾਰਾਂ ਤਾਂ ਆਰੰਭ ਤੋਂ ਅੱਜ ਤੱਕ ਇਹ ਜ਼ਿੰਮੇਵਾਰੀ ਲਗਾਤਾਰ ਨਿਭਾ ਹੀ ਰਹੀਆਂ ਹਨ। ਅਖਬਾਰਾਂ ਹੀ ਜਿਨ੍ਹਾਂ ਸਦਕਾ ਭਾਰਤੀ ਮੀਡੀਆ ਵਿਚ ਇਕ ਬੈਲੈਂਸ ਬਣਿਆ ਹੋਇਆ ਹੈ ਕਿਉਂਕਿ ਟੈਲੀਵਿਜ਼ਨ ਨਿਊਜ਼ ਚੈਨਲਾਂ ਨੇ ਮੀਡੀਆ ਦੀ ਮਰਯਾਦਾ ਨੂੰ ਲਾਂਭੇ ਧਰ ਕੇ ਆਪੋ ਆਪਣੀਆਂ ਮਰਜ਼ੀ ਮੁਤਾਬਕ ਚੈਨਲ ਚਲਾਉਣੇ ਆਰੰਭ ਕਰ ਦਿੱਤੇ ਹਨ।
ਜਿਵੇ ਜਿਵੇਂ ਮੀਡੀਆ ਦਾ ਪ੍ਰਚਾਰ ਪ੍ਰਸਾਰ ਵੱਧ ਰਿਹਾ ਹੈ ਤਿਵੇਂ ਤਿਵੇਂ ਚੁਣੌਤੀਆਂ ਵੀ ਵੱਧਦੀਆਂ ਜਾ ਰਹੀਆਂ ਹਨ। ਡਿਜ਼ੀਟਲ ਕ੍ਰਾਂਤੀ ਆਪਣੇ ਆਪ ਵਿਚ ਇਕ ਚੁਣੌਤੀ ਹੈ। ਸਮਾਰਟ ਫੋਨ ਅਤੇ ਇੰਟਰਨੈੱਟ ਦੇ ਤਾਲਮੇਲ ਨੇ ਸੂਚਨਾ ਤੇ ਸਮੱਗਰੀ ਦੇ ਅੰਬਾਰ ਲਾ ਦਿੱਤੇ ਹਨ। ਭਾਸ਼ਾ ਕੋਈ ਵੀ ਹੋਵੇ ਸੂਚਨਾ ਤੇ ਸਮੱਗਰੀ ਦੀ ਕਮੀ ਨਹੀਂ ਰਹੀ। ਅਜੋਕੇ ਸਮਿਆਂ ਦਾ ਇਹ ਸੱਭ ਤੋਂ ਵੱਡਾ ਬਦਲਾਅ ਹੈ।
ਸਮਾਂ ਕੋਈ ਵੀ ਹੋਵੇ, ਹਾਲਾਤ ਕੋਈ ਵੀ ਹੋਣ ਮੀਡੀਆ ਦੇ ਮੋਢਿਆਂ ‘ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਹਮੇਸ਼ਾ ਰਹਿੰਦੀ ਹੈ। ਅੱਜ ਮੀਡੀਆ ਦੀ ਪਹਿਲੀ ਤਰਜੀਹ ਟੀ.ਆਰ.ਪੀ. ਬਣ ਗਈ ਹੈ। ਉਹਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥ-ਕੰਡੇ ਅਪਣਾਏ ਜਾਣ ਲੱਗੇ ਹਨ। ਨਤੀਜੇ ਵਜੋਂ ਭਾਰਤੀ ਮੀਡੀਆ ਵੱਖ-ਵੱਖ ਗਰੁੱਪਾਂ, ਵੱਖ-ਵੱਖ ਧੜਿਆਂ ਵਿਚ ਵੰਡਿਆ ਗਿਆ ਹੈ। ਪਾਠਕ ਨੂੰ, ਦਰਸ਼ਕ ਨੂੰ, ਲੋਕਾਂ ਨੂੰ ਸਹੀ ਜਾਣਕਾਰੀ ਦੀ ਥਾਂ ਸਨਸਨੀਖੇਜ਼ ਖ਼ਬਰਾਂ ਪਰੋਸੀਆਂ ਜਾ ਰਹੀਆਂ ਹਨ। ਸਹੀ, ਸੰਤੁਲਿਤ ਤੇ ਨਿਰਪੱਖ ਖ਼ਬਰਾਂ ਬੀਤੇ ਦੀ ਗੱਲ ਹੋ ਗਈ ਹੈ। ਅਜੋਕੇ ਮੀਡੀਆ ਦੌਰ ਦਾ ਇਹ ਸੱਭ ਤੋਂ ਵੱਡਾ, ਸੱਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਦੁਖਾਂਤ ਹੈ।
ਭਾਵੇਂ ਇੰਟਰਨੈਟ ਮੀਡੀਆ ਪ੍ਰਗਟਾਵੇ ਦੀ ਅਜ਼ਾਦੀ ਨੂੰ ਨਵੀਆਂ ਉਚਾਈਆਂ ‘ਤੇ ਲੈ ਗਿਆ ਹੈ ਪਰੰਤੂ ਇਸਦੀ ਦੁਰਵਰਤੋਂ ਅਤੇ ਬੇਤਹਾਜ਼ਾ ਗੈਰ-ਮਿਆਰੀ ਸਮੱਗਰੀ ਇਸਨੂੰ ਨਵੀਆਂ ਨਿਵਾਣਾਂ ਵੱਲ ਵੀ ਖਿੱਚ ਰਹੀ ਹੈ। ਇਸ ਸਮੱਸਿਆ ਕਾਰਨ ਜਿਥੇ ਨਿੱਜਤਾ ਦੇ ਅਧਿਕਾਰਾਂ ‘ਤੇ ਸਵਾਲੀਆ ਚਿੰਨ੍ਹ ਲੱਗ ਗਏ ਹਨ ਉਥੇ ਸਮਾਜ ਲਈ ਵੀ ਅਨੇਕਾਂ ਚੁਣੌਤੀਆਂ ਪੈਦਾ ਹੋ ਗਈਆਂ ਹਨ।
ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਭਾਰਤੀ ਮੀਡੀਆ ਦਾ ਬੀਤੇ 100 ਸਾਲ ਦਾ ਸਫ਼ਰ ਸਫ਼ਲਤਾ, ਸੰਘਰਸ਼, ਅਤੇ ਸਵੈਮਾਣ ਦੀ ਮਾਣਮੱਤੀ ਗਾਥਾ ਹੈ। ਸਫ਼ਲਤਾ, ਸੰਘਰਸ਼ ਤੇ ਸਵੈਮਾਣ ਦਾ ਇਹ ਸਫ਼ਰ ਅੱਜ ਵੀ ਜਾਰੀ ਹੈ ਪਰੰਤੂ ਸਮੁੱਚਾ ਦ੍ਰਿਸ਼ ਬਦਲ ਗਿਆ ਹੈ। ਅੱਜ ਇਕ ਪਾਸੇ ਇਸਨੇ ਮੀਡੀਆ ਮਰਯਾਦਾ ਨੂੰ ਨਿਭਾਉਣਾ ਹੈ ਦੂਸਰੇ ਪਾਸੇ ਆਪਣੀ ਹੋਂਦ ਦੀ ਲੜਾਈ ਲੜਨੀ ਹੈ। ਪੈਂਡਾ ਵੀ ਔਖਾ ਹੈ, ਮੰਜ਼ਿਲ ਵੀ ਦੂਰ ਹੈ।
ਪ੍ਰੋ. ਕੁਲਬੀਰ ਸਿੰਘ
9417153513
