ਹਰਮਨ ਰੇਡੀਓ ਆਸਟ੍ਰੇਲੀਆ ਦੇ 20 ਸਾਲਾਂ ਸਮਾਗਮ ‘ਚ ‘ਸੁਹਾਵੀ ਆਡੀਓ ਬੁੱਕਸ’ ਐਪ ਜਾਰੀ

(ਹਰਜੀਤ ਲਸਾੜਾ, ਬ੍ਰਿਸਬੇਨ, 12 ਅਕਤੂਬਰ)
ਆਸਟ੍ਰੇਲੀਆ ਦੇ ਸਭ ਤੋਂ ਪ੍ਰਤਿਸ਼ਠਿਤ ਪੰਜਾਬੀ ਮੀਡੀਆ ਪਲੇਟਫਾਰਮ ‘ਹਰਮਨ ਰੇਡੀਓ ਆਸਟ੍ਰੇਲੀਆ’ ਨੇ ਆਪਣੇ 20 ਸਾਲ ਪੂਰੇ ਹੋਣ ਦੇ ਮੌਕੇ ‘ਤੇ ਬ੍ਰਿਸਬੇਨ ਵਿੱਚ ਇੱਕ ਇਤਿਹਾਸਕ ਸਮਾਗਮ ਦੌਰਾਨ ਪੰਜਾਬੀ ਸਾਹਿਤ ਨੂੰ ਡਿਜੀਟਲ ਯੁੱਗ ਵਿੱਚ ਨਵਾਂ ਅਯਾਮ ਦੇਣ ਵਾਲਾ ‘ਸੁਹਾਵੀ ਆਡੀਓ ਬੁੱਕਸ’ ਐਪ ਜਾਰੀ ਕੀਤਾ। ਸਿੱਖ ਐਜੂਕੇਸ਼ਨ ਐਂਡ ਵੈਲਫੇਅਰ ਸੈਂਟਰ (ਲੋਗਨ ਗੁਰੂਘਰ) ਵਿੱਚ ਹੋਏ ਇਸ ਅੰਤਰਰਾਸ਼ਟਰੀ ਪੱਧਰੀ ਸਮਾਗਮ ਵਿੱਚ ਵਿਦਵਾਨਾਂ, ਕਲਾਕਾਰਾਂ ਅਤੇ ਪੰਜਾਬੀ ਹਿਤੈਸ਼ੀਆਂ ਨੇ ਭਰਵੀਂ ਹਾਜ਼ਰੀ ਭਰੀ।
ਹਰਮਨ ਰੇਡੀਓ ਦੇ ਸੰਚਾਲਕ ਅਮਨਦੀਪ ਸਿੰਘ ਸਿੱਧੂ ਨੇ ਰੇਡੀਓ ਦੇ ਦੋ ਦਹਾਕਿਆਂ ਦੇ ਸਫ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਮਿਸ਼ਨ ਸਿਰਫ਼ ਪ੍ਰਸਾਰਣ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਪੰਜਾਬੀ ਪਹਿਚਾਣ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਰੇਡੀਓ ਦੇ ਨਵੇਂ ਵਰਜਨ 3.0 ਦੀ ਘੋਸ਼ਣਾ ਕਰਦਿਆਂ ਕਿਹਾ ਕਿ ਇਹ ਰੇਡੀਓ, ਟੀਵੀ ਅਤੇ ਡਿਜੀਟਲ ਪਲੇਟਫਾਰਮਾਂ ਨੂੰ ਇੱਕੋ ਛੱਤ ਹੇਠ ਇਕੱਠਾ ਕਰੇਗਾ, ਜਿਸ ਨਾਲ ਪੰਜਾਬੀ ਪ੍ਰੋਗਰਾਮਾਂ ਦੀ ਵਿਸ਼ਵ ਪਹੁੰਚ ਹੋਰ ਵਧੇਗੀ। ‘ਸੁਹਾਵੀ’ ਐਪ ਦੇ ਵਿਕਾਸਕਰਤਾ ਡਾ. ਸਰਮੁਹੱਬਤ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਪੰਜਾਬੀ ਆਡੀਓਬੁੱਕਾਂ ਲਈ ਇੱਕ ਵਿਸ਼ਵ-ਪੱਧਰੀ ਪਲੇਟਫਾਰਮ ਬਣੇਗਾ ਜਿਸ ਨਾਲ ਬਹੁਤੀ ਨੌਜਵਾਨ ਪੀੜ੍ਹੀ ਪੰਜਾਬੀ ਭਾਸ਼ਾ ਨਾਲ ਜੁੜੇਗੀ ਅਤੇ ਸਿੱਖਿਆ ਨੂੰ ਸੁਣਨ ਯੋਗ ਬਣਾਇਆ ਜਾਵੇਗਾ। ਇਹ ਐਪ ਮੁਫ਼ਤ ਡਾਊਨਲੋਡ ਲਈ ਉਪਲਬਧ ਹੈ ਅਤੇ ਹਰਮਨ ਰੇਡੀਓ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਪੰਜਾਬੀ ਹਿਤੈਸ਼ੀ ਦਲਵੀਰ ਹਲਵਾਰਵੀ ਨੇ ਕਿਹਾ ਕਿ “ਆਡੀਓਬੁੱਕਾਂ, ਪ੍ਰਿੰਟ ਤੋਂ ਡਿਜੀਟਲ ਯੁੱਗ ਵੱਲ ਦੀ ਪ੍ਰਗਤੀ ਦਾ ਪ੍ਰਤੀਕ ਹਨ।” ਰਛਪਾਲ ਹੇਅਰ ਨੇ ਆਡੀਓਬੁੱਕਾਂ ਦਾ ਭਵਿੱਖੀ ਮਹੱਤਵ ਅਤੇ ਭਾਸ਼ਾਈ ਲਾਭਾਂ ‘ਤੇ ਰੋਸ਼ਨੀ ਪਾਈ। ਦਲਜੀਤ ਸਿੰਘ ਅਨੁਸਾਰ ਇਹ ਲਹਿਜ਼ੇ ਅਤੇ ਸ਼ਬਦਾਵਲੀ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਘੱਟ ਜਗ੍ਹਾ ਲੈ ਕੇ ਸਮਾਰਟਫੋਨ ਤੇ ਸਟੋਰ ਹੋ ਜਾਂਦੀਆਂ ਹਨ। ਜਸਪਾਲ ਸੰਧੂ ਨੇ ਇਸਨੂੰ ਅਨਪੜ੍ਹਾਂ ਜਾਂ ਵਿਦੇਸ਼ੀ ਬੱਚਿਆਂ ਲਈ ਵਰਦਾਨ ਕਿਹਾ, ਜੋ ਬੋਲ ਸਕਦੇ ਪਰ ਪੜ੍ਹ ਨਹੀਂ ਸਕਦੇ। ਗੁਰਸੇਵਕ ਸਿੰਘ ਮੁਤਾਬਕ ਆਡੀਓਬੁੱਕ ਵੱਖ-ਵੱਖ ਪੰਜਾਬੀ ਲਿਪੀਆਂ, ਸ਼ਾਹਮੁਖੀ ਅਤੇ ਗੁਰਮੁਖੀ ਵਿਚਕਾਰ ਪਾੜੇ ਨੂੰ ਵੀ ਪੂਰਾ ਕਰਦੇ ਹਨ। ਸਮਾਗਮ ਵਿੱਚ ਗੁਰਦੇਵ ਸਿੰਘ ਸਿੱਧੂ, ਜਸਜੋਤ ਸਿੰਘ, ਪ੍ਰੀਤਮ ਸਿੰਘ ਝੱਜ, ਚਰਨਜੀਤ ਸਿੰਘ, ਨਰਵਿੰਦਰ ਸਿੰਘ, ਗਿਆਨੀ ਜਸਵਿੰਦਰ ਸਿੰਘ ਕੈਰੋਂ, ਸਰਬਜੀਤ ਕੌਰ, ਰਿਤੂ ਅਹੀਰ, ਅਮਰਜੀਤ ਸਿੰਘ ਮਾਹਲ, ਗੁਰਮੁਖ ਬੰਦੋਲ, ਜਸਕਰਨ ਸ਼ੀਂਹ ਸਮੇਤ ਕਈ ਬੁਲਾਰਿਆਂ ਨੇ ਅਜਿਹੇ ਸਮਾਗਮਾਂ ‘ਚ ਬੱਚਿਆਂ ਦੀ ਸ਼ਮੂਲੀਅਤ ਦੀ ਪ੍ਰੋੜ੍ਹਤਾ ਕੀਤੀ। ਦਲਵੀਰ ਹਲਵਾਰਵੀ ਵੱਲੋਂ ਆਪਣੀ ਨਿੱਜੀ ਲਾਇਬ੍ਰੇਰੀ ਵਿੱਚੋਂ ਭੇਂਟ ਕੀਤੀਆਂ ਕਿਤਾਬਾਂ ਦਾ ਸਭ ਨੇ ਤਹਿ ਦਿਲੋਂ ਸਵਾਗਤ ਕੀਤਾ।
ਇਸ ਸਮਾਗਮ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਡਿਜੀਟਲ ਮੀਡੀਆ ਨਾਲ ਗੂੜ੍ਹੀ ਤਰ੍ਹਾਂ ਜੁੜਿਆ ਹੋਇਆ ਹੈ ਅਤੇ ਹਰਮਨ ਰੇਡੀਓ ਵਰਗੇ ਮੰਚ ਇਸ ਕ੍ਰਾਂਤੀ ਦੇ ਅਗੂ ਬਣ ਰਹੇ ਹਨ।
