
ਵੇਖਣ ਵਾਲੀਆਂ ਅੱਖਾਂ ਨੂੰ, ਸਤ ਸ਼੍ਰੀ ਅਕਾਲ। ਅਸੀਂ, ਪੰਜਾਬ ਦੇ ਪੇਂਡੂ, ਰਾਜੀ-ਬਾਜੀ ਹਾਂ। ਤੁਹਾਡੀ ਰਾਜ਼ੀ-ਖੁਸ਼ੀ ਪ੍ਰਮਾਤਮਾ ਪਾਸੋਂ ਸਦਾ ਨੇਕ ਮੰਗਦੇ ਹਾਂ। ਅੱਗੇ ਸਮਾਚਾਰ ਇਹ ਹੈ ਕਿ ਅੱਜ ਤੁਹਾਨੂੰ ਮਾਈਆਂ ਦੀ ਸ਼ੁੱਧ ਬੋਲ-ਚਾਲ ਸੁਣਾਂਉਂਦੇ ਹਾਂ। ਗੱਲ ਇਉਂ ਹੋਈ ਕਿ ਹਰਗੁਣ ਸਕੂਲੋਂ ਆ ਕੇ, ਰੋਟੀ-ਪਾਣੀ ਨਿਬੇੜ, ਗਵਾਂਢੀਆਂ ਦੇ ਆਏ ਗੁਰਪ੍ਰਤਾਪ ਅਤੇ ਜੋਤ ਨਾਲ ਖੇਡਣ ਲੱਗ ਪਿਆ। ਟਿਊਸ਼ਨ ਦਾ ਟਾਈਮ ਨੇੜੇ ਵੇਖ, ਦੋ-ਤਿੰਨ ਵਾਰ, ਸਮੱਧਰ ਜੀ ਤਾਈ ਨੇ, ਆਉਣ ਲਈ ਅਵਾਜ਼ਾਂ ਮਾਰੀਆਂ। ਸਾਰੇ ਜਵਾਕ, ਆਂਊਂ-ਕਤਾਂਊਂ ਕਰ, ਪਸੂਆਂ-ਆਲੇ ਛਤੜੇ ਵੱਲ ਖਿਸਕ ਗਏ। ਘੜੀ ਤੇ ਰਹਿਗੇ ਦਸ ਮਿੰਟ, ਵੇਖ ਹਰਗੁਣ ਦੀ ਮਾਂ ਹੜਬੜਾਈ ਉੱਠੀ, ਹਾਕ ਮਾਰੀ ਤਾਂ, ‘ਅੱਗੋਂ ਚੁੱਪ। ਛਤੜੇ ਵੱਲ ਬਿੜਕ ਲੈ ਕੇ, ਉਹਨੇ ਛਮਕ ਜੀ ਚੱਕ ਲੀ। ਲੱਕੜ ਦੀ ਖੁਰਲੀ ਥੱਲੇ, ਚੋਰ ਅੱਖ, ਵੇਂਹਦੇ ਨਿਆਣੇ ਭੱਜੇ, ਆਸੇ-ਪਾਸੇ। ਸੀਤੀ ਨੇ ਜਿਉਂ ਹੀ ਅੱਗੇ ਵੱਧ, ਇੱਕ ਛਟੀ ਜੋਤ ਦੇ ਮਾਰੀ ਤਾਂ, ਓਹਦੀ ਲੇਰ ਨਿਕਲ ਗਈ, ਹਰਗੁਣ ਤੇਜੀ ਨਾਲ ਨਿਕਲਿਆ ਪਰ ਕਾਹਲੀ
ਚ ਗੁਰਪ੍ਰਤਾਪ ਨਾਲ ਵੱਜਦਾ ਲੋਟਣੀ ਖਾ ਗਿਆ। ਚੀਕ-ਚਿਹਾੜੇ ਚ ਤਾਈ ਆ ਅੱਪੜੀ, “ਚੰਗਾ ਕੀਤਾ ਤੂੰ, ਆਹ ਸਾਡੇ ਆਲੇ ਦੇ ਵੀ ਲਾ ਫਾਂਟੀ, ਜਚਾ ਕੇ, ਲਹੂ ਪੀ ਰੱਖਿਆ।" “ਇਹ ਮੈਡਮਾਂ ਦੇ ਈ ਲੋਟ ਆਂਉਂਦੇ ਐ, ਓਹੀ ਖੁੱਲਦੀਆਂ ਇੰਨ੍ਹਾਂ ਨੂੰ, ਸਮੇਂ (ਭ) ਰਹਿੰਦੇ ਐ ਭੋਰਾ ਸਕੂਲ
ਚ ਨਹੀਂ ਤਾਂ ਘਰੇ ਬਿੰਦ ਚ, ਹੇਠਲੀ-ਉੱਤਲੀ ਕਰ ਦਿੰਦੇ ਐ।" ਹਰਗੁਣ ਦੀ ਮਾਂ ਅਜੇ ਵੀ ਹੌਂਕੀ ਜਾਂਦੀ ਸੀ। “ਮੈਨੂੰ ਤਾਂ ਭੈਣੇਂ, ਪਤਾ ਸੀ, ਬਈ ਕਈ ਦਿਨ ਹੋ ਗੇ ਇਹਨਾਂ ਨੂੰ ਮੀਠਾ ਨੀ ਪਾਇਆ, ਇਹ ਭੁੱਖੇ ਐ।" ਤਾਈ ਨੇ ਸਪੱਸ਼ਟੀਕਰਨ ਦਿੱਤਾ। “ਔਹ ਵੇਖ ਬਿੱਕਰ ਕੇ ਚਾਰ ਐ, ਕੰਨ
ਚ ਪਾਇਆ ਰੜਕਦਾ ਕੋਈ, ਆਪਣੇ ਐ ਕੱਲਾ-ਕੱਲਾ, ਇਹਨਾਂ ਦੀ ਮਿੱਟੀ ਝੜਦੀ ਰਹੇ ਫੇਰ ਈ ਠੀਕ ਰਹਿੰਦੇ ਐ।” ਸੀਤੀ ਨੇ ਬਿੱਕਰ ਕੀ ਸਖ਼ਤੀ ਨੂੰ ਸਹੀ ਕਰਾਰ ਦਿੱਤਾ। ਬੁੜੀਆਂ ਨੂੰ ਗੱਲਾਂ ਚ ਉਲਝੇ ਵੇਖ, ਗੁਰਪ੍ਰਤਾਪ, ਹੌਲੀ-ਹੌਲੀ ਉੱਠਦਾ ਸੱਜੀ ਬਾਂਹ ਦੀ ਕੂਹਣੀ ਨਾਲ ਨਲੀ ਪੂੰਝਦਾ ਘਰ ਵੱਲ ਜਾਣ ਲੱਗਾ। ਤਾਈ ਨੇ ਧੌਣੋਂ ਫੜ੍ਹ ਘੜ੍ਹੀਸ ਲਿਆ, “ਭਟਿੱਟਰਾ ਜਿਹਾ ਮੈਂ ਬਨਾਉਣੀਂ ਆਂ ਬੰਦਾ ਤੈਨੂੰ ਅੱਜ, ਨਾ ਮੈਂ ਕਦੋਂ ਦੀ ਖਫੇਖੂਨ ਹੋਈ, ਭੌਂਕੀ ਜਾਂਨੀਂ ਆਂ, ਤੇਰੇ ਤੋਂ ਅੱਗੇ ਬੋਲਿਆ ਵੀ ਨੀਂ ਜਾਂਦਾ?" ਬੱਕਲਕੱਤੀ ਹੋਈ ਤਾਈ, ਉਸ ਨੂੰ ਧੂਹ ਕੇ ਲੈ ਗੀ। ਲਿਬੜੇ-ਤਿੱਬੜਿਆਂ ਨੂੰ ਧੋਮਾ ਮੋਟਰਸਾਈਕਲ ਉੱਤੇ ਸਣੇ ਬਸਤੇ ਲੱਦ, ਅਲੀ-ਪੰਜ ਹੋ ਗਿਆ। ਟਿਊਸ਼ਨ ਆਲੀ ਮੈਡਮ ਕੇ ਬਾਰ ਅੱਗੇ ਜਾਂਦਿਆਂ, ਗੁਰਪ੍ਰਤਾਪ ਹੌਲੀ ਜਿਹੀ ਬੋਲਿਆ, “ਜੋਤ! ਆਥਣੇ ਸਾਡੇ ਵਾੜੇ
ਚ ਖੇਡਾਂਗੇ।
ਹੋਰ, ‘ਪਕਾਰ ਬਾਈਹੁਣ ਚੇਅਰਮੈਨ ਬਣਕੇ ‘ਉੱਡੂ ਉੱਡੂ
ਕਰਦਾ ਫਿਰਦੈ। ਪੰਜਾਬੀਆਂ ਦਾ, ਮਰਗ-ਭੋਗ ਉੱਤੇ ਵੀ, ਵਿਆਹ ਜਿੰਨਾਂ ਕੱਠ ਤੇ ਖ਼ਰਚ ਹੋ ਰਿਹੈ। ਪਿੰਡਾਂ ਚ ਚੌਰਸ ਕੋਠੀਆਂ, ਨਿੱਸਰ ਰਹੀਆਂ ਹਨ। ਵੱਡੀ ਸੜਕ ਦੇ ਨਾਲ-ਨਾਲ ਗੈਸ-ਪਾਈਪਾਂ ਪੈ ਰਹੀਆਂ ਹਨ। ਨਿੱਕੇ-ਨਿੱਕੇ ਕਿਰਲੀਆਂ ਦੇ ਬੱਚੇ ਅਤੇ ਫੰਗਾਂ ਆਲੇ ਕੀੜੇ ਨਿਕਲ ਰਹੇ ਹਨ। ਕਈ ਥਾਂਈਂ ਜਲ-ਬੰਬ ਹੋ ਗਈ ਹੈ। ਡਾਲੀ ਲਿਆਉਣ ਵਾਲਾ, ਨਿੱਕਾ-ਸੇਵਾਦਾਰ, ਹੋਰ-ਕਿਤੇ ਚਲਾ ਗਿਆ ਹੈ। ਸ਼ਬਦ- ਪੀਠ ਬਾਹੁਣੀ, ਡੱਫਣਾਂ, ਸਿਆਣਾ-ਸੋਥਾ, ਧੌਣ ਦੇ ਮੂੰਗੇ, ਅੱਖਾਂ ਗੇਹੜ ਕੇ, ਬੱਬਰ ਪਾੜ੍ਹਨਾ, ਬਲੌਰੀ ਅੱਖਾਂ, ਕਪਲਾ ਗਊ, ਕਰੰਗਲੀ ਪਾਉਣੀ, ਨਾਗਵਲ, ਦਰਲ-ਦਰਲ ਵਗਣਾ। ਚੰਗਾ, ਬਾਕੀ ਅਗਲੇ ਐਤਵਾਰ.....
ਤੁਹਾਡਾ ਆਪਣਾ, (ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061