ਤੀਸਰੀ ਪੰਜਾਬੀ ਕਾਨਫਰੰਸ(ਯੂ ਕੇ) ਵਿਚ ਵਿਸ਼ੇਸ਼ ਸਨਮਾਨ !

 ਮਾਂ ਬੋਲੀ ਪੰਜਾਬੀ ਦਾ ਸੱਚਾ ਸਪੂਤ – ਡਾ. ਗੁਰਦਿਆਲ ਸਿੰਘ ਰਾਏ  

ਉਸ ਨੂੰ ਬਚਪਨ ਤੋਂ ਹੀ ਡਾਇਰੀ ਲਿਖਣ ਦਾ ਸ਼ੌਕ ਪੈ ਗਿਆ, ਵਿਦਿਆਰਥੀ ਜੀਵਨ ਸਮੇਂ ਕਵਿਤਾ ਲਿਖਣ ਲੱਗਿਆ, ਪੜ੍ਹਨ ਦਾ ਸ਼ੌਕ ਸੀ, ਪਰ ਘਰੇਲੂ ਹਾਲਾਤ ਕਰਕੇ ਦਸਵੀਂ ਤੋਂ ਬਾਅਦ ਕਾਲਜ ਨਾ ਜਾ ਸਕਿਆ। ਇਸ ਲਈ ਪਹਿਲਾਂ ਗਿਆਨੀ ਕੀਤੀ, ਫੇਰ ਐਫ.ਏ. ਅਤੇ ਬੀ.ਏ(ਅੰਗਰੇਜੀ/ਪੁਲੀਟੀਕਲ ਸਾਇੰਸ) ਕੀਤੀ ਅਤੇ ਕਈ ਪ੍ਰਾਈਵੇਟ ਸਕੂਲਾਂ ਵਿਚ ਅਧਿਆਪਕ ਰਿਹਾ। ਪ੍ਰਾਈਵੇਟ ਸਕੂਲਾਂ ਵੱਲੋਂ ਤਨਖਾਹ ਨਾ ਦੇਣ ਤੋਂ ਦੁਖੀ ਹੋ ਕੇ ਆਪਣਾ ਸਕੂਲ ਵੀ ਖੋਲ੍ਹਿਆ, ਪਰ ਜਲਦੀ ਹੀ ਬੰਦ ਕਰਨਾ ਪਿਆ। ‘ਪੱਤਣ’ ਨਾਂ ਦਾ ਸਾਹਿਤਕ ਮੈਗਜ਼ੀਨ ਸ਼ੁਰੂ ਕੀਤਾ, ਪਰ ਉਹ ਵੀ ਮਾਇਕ ਦੁਸ਼ਵਾਰੀਆਂ ਦੀ ਭੇਂਟ ਚੜ੍ਹ ਗਿਆ। ਦੈਨਿਕ ਪੰਜਾਬੀ ਅਖਬਾਰ ਅਕਾਲੀ ਪਤ੍ਰਿਕਾ ਵਿਚ ਸਬ ਐਡੀਟਰ ਦੀ ਨੌਕਰੀ ਕੀਤੀ ਅਤੇ ਵਾਧੂ ਪੈਸੇ ਕਮਾਉਣ ਲਈ ਪਰੂਫ ਰੀਡਿੰਗ ਦਾ ਕੰਮ ਵੀ ਕੀਤਾ ਅਤੇ ਪੰਜਾਬੀ ਦੀ ਐਮ. ਏ. ਕੀਤੀ। ਬਾਅਦ ਵਿਚ ਨਿਊਟਰੀਸ਼ਨ ਦੀ ਐਮ. ਏ. ਅਤੇ ਪੀ. ਐਚ. ਡੀ. ਕਰਕੇ ਉੱਚ ਵਿਦਿਆ ਪ੍ਰਾਪਤ ਕਰਨ ਦਾ ਸ਼ੌਕ ਪੂਰਾ ਕੀਤਾ। ਅਖੀਰ ਚੰਗੇ ਭਵਿੱਖ ਦੀ ਆਸ ਲੈ ਕੇ 1963 ਵਿਚ ਇੰਗਲੈਂਡ ਉਡਾਰੀ ਮਾਰੀ।

ਇੰਗਲੈਂਡ ਪਹੁੰਚਣ ਤੋਂ ਪਹਿਲਾਂ ਜੋ ਸੁਪਨੇ ਲਏ ਸੀ, ਉਹ ਜਲਦੀ ਹੀ ਖੇਰੂੰ ਖੇਰੂੰ ਹੋਣ ਲੱਗੇ। ਗੋਰੇ ਰੰਗ ਵਾਲਿਆਂ ਦੇ ਮੁਲਕ ਵਿਚ ਕਾਲਖਾਂ ਹੀ ਹਿੱਸੇ ਆਈਆਂ। ਫੈਕਟਰੀਆਂ ਵਿਚ ਢੋਅ-ਢੁਆਈ ਦਾ ਭਾਰਾ ਕੰਮ ਨਾ ਹੋਇਆ। ਜਾਲੀ ਲਾ ਕੇ ਬੰਨ੍ਹੀ ਦਾੜੀ ਅਤੇ ਸਿਰ ਤੇ ਫਬ ਰਹੀ ਦਸਤਾਰ ਗੋਰਿਆਂ ਦੇ ਨੱਕ ਥੱਲੇ ਨਹੀਂ ਸੀ ਆਉਂਦੀ। ਦਿਲ ਤੇ ਪੱਥਰ ਰੱਖ ਕੇ ਸਿਖੀ ਸਰੂਪ ਤਿਆਗਣਾ ਪਿਆ (ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਕੁਝ ਰਾਹਤ ਮਿਲਦੇ ਹੀ ਮੁੜ ਪੁਰਾਣੇ ਰੂਪ ਵਿਚ ਆ ਗਏ)। ਡਾਕੀਏ ਦਾ ਕੰਮ ਵੀ ਕੀਤਾ, ਲੰਡਨ ਯੂਨੀਵਰਸਿਟੀ ਤੋਂ ਤਿੰਨ ਸਾਲ ਦਾ ਐਜੂਕੇਸ਼ਨ ਦਾ ਡਿਪਲੋਮਾ ਕਰਕੇ ਅਧਿਆਪਕ ਦੇ ਤੌਰ ਤੇ ਵਿਚਰਨ ਲੱਗੇ ਅਤੇ ਇਸੇ ਖੇਤਰ ਵਿਚ ਮੁਹਾਰਤ ਹਾਸਲ ਕਰਨ ਲਈ ਕਈ ਹੋਰ ਡਿਪਲੋਮੇ ਵੀ ਕੀਤੇ। ਇਸ ਤੋਂ ਇਲਾਵਾ ਹੋਮਿਓਪੈਥਿਕ ਦੇ ਖੇਤਰ ਵਿਚ ਵੀ ਬ੍ਰਿਟਿਸ਼ ਇੰਸਟੀਚਿਊਟ ਤੋਂ ਪੜ੍ਹਾਈ ਹੀ ਨਹੀਂ ਕੀਤੀ ਬਲਕਿ ਬਾਅਦ ਵਿਚ ਬ੍ਰਿਟਿਸ਼ ਇੰਸਟੀਚਿਊਟ ਆਫ ਹੋਮਿਓਪੈਥੀ ਅਤੇ ਇੰਸਟੀਚਿਊਟ ਆਫ ਹੌਲੈਸਟਿਕ ਹੈਲਥ ਦੇ ਫੈਲੋ ਵੀ ਬਣੇ। 2001 ਤੋਂ ਉਹ ‘ਲਿਖਾਰੀ ਨੈਟ’ ਸਾਹਿਤਕ ਵੈਬਸਾਈਟ ਰਾਹੀਂ ਪੰਜਾਬੀ ਸਾਹਿਤ ਦੇ ਪੁਰਾਣੇ ਅਤੇ ਨਵੇਂ ਲੇਖਕਾਂ ਨੂੰ ਪਾਠਕਾਂ ਨਾਲ ਜੋੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਪੰਜਾਬੀ ਕਵੀ, ਕਹਾਣੀਕਾਰ, ਨਿੰਬਧਕਾਰ, ਆਲੋਚਕ ਵੱਜੋਂ ਸਥਾਪਿਤ ਪੰਜਾਬੀ ਮਾਂ ਬੋਲੀ ਦੇ ਇਸ ਸਪੂਤ ਨੇ ਬਚਪਨ ਦੇ ਮੁਢਲੇ ਸਾਲਾਂ ਵਿਚ ਅਸਾਮੀ ਅਤੇ ਬੰਗਾਲੀ ਭਾਸ਼ਾਵਾਂ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿਚ ਪੰਜਾਬੀ ਸਿੱਖੀ।

ਉਪਰੋਕਤ ਕਹਾਣੀ ਕਿਸੇ ਬਾਲੀਵੁੱਡ ਫਿਲਮ ਜਾਂ ਕਹਾਣੀ ਨੂੰ ਤਰੋੜ-ਮਰੋੜ ਕੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚ ਪਾਈ ਰੱਖਣ ਵਾਲੇ ਸੀਰੀਅਲ ਦੀ ਨਹੀਂ ਸਗੋਂ ਹੱਡ-ਮਾਸ ਦੇ ਪੁਤਲੇ 86 ਸਾਲਾ ਡਾ.ਗੁਰਦਿਆਲ ਸਿੰਘ ਰਾਏ ਦੀ ਹੈ ਜੋ ਅਸਾਮ ਵਿਚ ਪੈਦਾ ਹੋਏ ਅਤੇ ਜ਼ਿੰਦਗੀ ਦੇ ਪਹਿਲੇ ਕੁਝ ਸਾਲ ਉਥੇ ਬਿਤਾ ਕੇ ਪੰਜਾਬ ਆ ਗਏ ਅਤੇ 1963 ਵਿਚ ਇੰਗਲੈਂਡ ਪਹੁੰਚ ਗਏ, ਜਿਥੇ ਉਹ ਆਪਣੀ ਜੀਵਨ ਸਾਥਣ ਕਹਾਣੀਕਾਰ ਸੁਰਜੀਤ ਕਲਪਨਾ, ਦੋ ਬੇਟਿਆਂ ਅਤੇ ਇਕ ਬੇਟੀ ਨਾਲ ਬਰਮਿੰਘਮ ਰਹਿ ਰਹੇ ਹਨ। ਉਮਰ ਦੇ ਇਸ ਪੜਾਅ ਤੇ ਭਾਵੇਂ ਸਿਹਤ ਠੀਕ ਨਹੀਂ ਰਹਿੰਦੀ, ਪਰ ਆਪਣੀ ਸਮਰਥਾ ਤੋਂ ਵੀ ਵੱਧ ਕੰਮ ਕਰਦੇ ਹੋਏ ‘ਲਿਖਾਰੀ ਨੈਟ ਵੈੱਬਸਾਈਟ’ ਦੁਆਰਾ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਕਾਰਜ ਸ਼ੀਲ ਹਨ।

ਉਹ ਅਜੇ 18 ਸਾਲ ਦੇ ਹੀ ਸਨ ਕਿ ਉਹਨਾਂ ਦਾ ਪਲੇਠਾ ਕਾਵਿ ਸੰਗ੍ਰਿਹ ‘ਅੱਗ’ ਪ੍ਰਕਾਸ਼ਿਤ ਹੋਇਆ। ਪਹਿਲੀ ਪੁਸਤਕ ਨਾਲ ਹੀ ਉਹਨਾਂ ਨੇ ਸਾਹਿਤਕ ਹਲਕਿਆਂ ਵਿਚ ਆਪਣੀ ਥਾਂ ਬਣਾ ਲਈ। ਇਸ ਤੋਂ ਬਾਅਦ ਮੋਏ ਪੱਤਰ, ਗੋਰਾ ਰੰਗ ਕਾਲੀ ਸੋਚ( ਦੋਵੇਂ ਕਹਾਣੀ ਸੰਗ੍ਰਿਹ), ਲੇਖਕ ਦਾ ਚਿੰਤਨ (ਨਿਬੰਧ-ਆਲੋਚਨਾ), ਗੁਆਚੇ ਪਲਾਂ ਦੀ ਤਲਾਸ਼(ਨਿਬੰਧ ਸੰਗ੍ਰਿਹ), ਅੱਖੀਆਂ ਕੂੜ ਮਾਰਦੀਆਂ (ਸੰਪਾਦਨਾ ਉਰਦੂ ਕਹਾਣੀਆਂ) ਪ੍ਰਕਾਸ਼ਿਤ ਹੋਏ। ਉਹਨ ਨੇ ਅਨੁਵਾਦ ਦੇ ਖੇਤਰ ਵਿਚ ਵੀ ਜਿਕਰਯੋਗ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਦੀਆਂ ‘ਬਰਤਾਨਵੀ ਇਸਤਰੀ ਲੇਖਕਾਂ ਦੀਆਂ ਉਰਦੂ ਕਹਾਣੀਆਂ’ ਅਤੇ ‘ਬਰਤਾਨਵੀ ਪੰਜਾਬੀ ਕਲਮਾਂ’ (ਸਮੀਖਿਆ) ਪੁਸਤਕਾਂ ਛਪੀਆਂ।

ਕਿਸੇ ਵੀ ਸਾਹਿਤਕਾਰ ਦੀਆਂ ਪੁਸਤਕਾਂ ਦੀ ਸਾਹਿਤਕ ਮਹੱਤਤਾ ਪਾਠਕਾਂ ਦੇ ਹੁੰਗਾਰੇ ਦੇ ਨਾਲ-ਨਾਲ ਸਮਕਾਲੀ ਸਾਹਿਤਕਾਰਾਂ ਅਤੇ ਆਲੋਚਕਾਂ ਦੇ ਸੰਬੰਧਤ ਸਾਹਿਤਕਾਰ ਦੀਆਂ ਸਾਹਿਤਕ ਕਿਰਤਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਤੋਂ ਪਤਾ ਲੱਗਦਾ ਹੈ। ਇਸ ਪੱਖੋਂ ਵੀ ਡਾ. ਰਾਏ ਖੁਸ਼ਕਿਸਮਤ ਹਨ ਕਿ ਉਹਨਾਂ ਦੀਆਂ ਕਈ ਕਿਤਾਬਾਂ ਦੇ ਦੋ ਜਾਂ ਵੱਧ ਸੰਸਕਰਣ ਵੀ ਛਪ ਚੁੱਕੇ ਹਨ ਅਤੇ ਆਲੋਚਕਾਂ ਨੇ ਵੀ ਉਹਨਾਂ ਦੀਆਂ ਪੁਸਤਕਾਂ ਦੀ ਸਾਹਿਤਕ ਮਹੱਤਤਾ ਨੂੰ ਸਵੀਕਾਰ ਕੀਤਾ ਹੈ। ਉਸ ਸਮੇਂ ਦੇ ਪ੍ਰਸਿੱਧ ਸਾਹਿਤਕਾਰ ਪ੍ਰਿੰ.ਸ.ਸ.ਅਮੋਲ ਅਨੁਸਾਰ, “ਰਾਏ ਦੀ ਕਹਾਣੀ ਵਿਚ ਅਣਗੌਲਿਆ ਪਰ ਪ੍ਰਭਾਵ-ਸ਼ੀਲ ਸੰਦੇਸ਼ ਜਾਂ ਸੇਧ ਹੈ।” ਡਾ.ਜੋਗਿੰਦਰ ਸਿੰਘ ਨਿਰਾਲਾ ਨੇ ਵੀ ਉਹਨਾਂ ਦੀਆਂ ਕਹਾਣੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਬਹੁਤ ਹੀ ਭਾਵਪੂਰਤ ਟਿੱਪਣੀ ਕੀਤੀ ਸੀ ਕਿ ‘ਗੁਰਦਿਆਲ ਸਿੰਘ ਰਾਏ ਦੀਆਂ ਕਹਾਣੀਆਂ ਵਿਚ ਇਕ ਪੈਗਾਮ ਹੁੰਦਾ ਹੈ, ਦਰਦ ਹੁੰਦਾ ਹੈ ਤੇ ਇਕ ਖਾਸ ਉਦੇਸ਼ ਹੁੰਦਾ ਹੈ।’

ਪ੍ਰਸਿੱਧ ਪੰਜਾਬੀ ਵਿਦਵਾਨ ਸ੍ਰੀ ਨਿਰੰਜਣ ਸਿੰਘ ਨੂਰ ਅਨੁਸਾਰ, “ਰਾਏ ਦਾ ਮੁੱਖ ਉਦੇਸ਼ ਸੁਧਾਰਵਾਦੀ ਤੇ ਸਮਾਜ-ਉਸਾਰੀ ਹੈ।” ਪੰਜਾਬੀ ਕਹਾਣੀ ਦੇ ਇਕ ਪ੍ਰਬੁੱਧ ਕਹਾਣੀਕਾਰ ਗੁਰਮੇਲ ਮਰਾਹੜ ਦਾ ਵਿਚਾਰ ਸੀ ਕਿ ‘ਡਾਕਟਰ ਰਾਏ ਇਕ ਉਹ ਵਿਦਵਾਨ ਸਿਰਜਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ।’ ਡਾ.ਜਗਬੀਰ ਸਿੰਘ ਨੇ ਉਹਨਾਂ ਦੀ ਕਹਾਣੀ ਕਲਾ ਸੰਬੰਧੀ ਲਿਖਿਆ ਸੀ, “ਗੁਰਦਿਆਲ ਸਿੰਘ ਰਾਏ ਦੀ ਕਹਾਣੀ ਕਲਾ ਵਿਚ ਆਪਣੀ ਕਿਸਮ ਦੀ ਪਕਿਆਈ ਹੈ।” ਪੰਜਾਬੀ ਸਾਹਿਤ ਦੀ ਇਕ ਹੋਰ ਮਹਾਨ ਸਖਸ਼ੀਅਤ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਨੇ ਡਾ.ਰਾਏ ਸੰਬੰਧੀ ਕਿਹਾ ਸੀ ਕਿ ‘ਡਾ.ਗੁਰਦਿਆਲ ਸਿੰਘ ਰਾਏ ਪੰਜਾਬੀ ਦੇ ਸਰਬਾਂਗੀ ਅਤੇ ਪ੍ਰਤਿਭਾਸ਼ਾਲੀ ਕਹਾਣੀਕਾਰ ਅਤੇ ਨਿੰਬਧਕਾਰ ਹਨ। ਉਹਨਾਂ ਦੀਆਂ ਕਹਾਣੀਆਂ ਭਾਰਤ ਅਤੇ ਬਰਤਾਨੀਆ ਵਿਚਾਲੇ ਭਾਵਨਾਤਮਕ ਪੁਲ ਉਸਾਰ ਦੀਆਂ ਹਨ।”

ਸਾਹਿਤਕ ਵਿਦਵਾਨਾਂ ਦੇ ਉਪਰੋਕਤ ਵਿਚਾਰਾਂ ਤੋਂ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਡਾ.ਰਾਏ ਨੇ ਜਿਸ ਵੀ ਸਾਹਿਤਕ ਵਿਧਾ ਤੇ ਕਲਮ ਚਲਾਈ ਉਸੇ ਵਿਚ ਨਵੀਆਂ ਪੈੜਾਂ ਪਾਈਆਂ।

ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਸਾਹਿਤਕ ਸੰਸਥਾਵਾਂ ਵੱਲੋਂ ਉਹਨਾਂ ਨੂੰ ਸਮੇਂ ਸਮੇਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਉਹਨਾਂ ਨੂੰ ਮਿਲੇ ਕੁਝ ਸਨਮਾਨਾਂ ਦਾ ਵੇਰਵਾ ਇਸ ਪ੍ਰਕਾਰ ਹੈ: ਆਲ ਇੰਡੀਆ ਲਿਟਰੇਰੀ ਕੌਂਸਲ (ਸ਼ਿਮਲਾ), ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ‘ਵਿਸ਼ਵ ਅੰਤਰ ਰਾਸ਼ਟਰੀ ਸੈਮੀਨਾਰ ਸਮੇਂ ਬਦੇਸ਼ੀ ਪੰਜਾਬਿ ਸਾਹਿਤਕਾਰ ਵਜੋਂ, ਈਸਟ ਮਿਡਲੈਂਡਜ਼ ਆਰਟਸ ਕੌਂਸਲ (ਸਰਵਉੱਤਮ ਕਹਾਣੀ), ਪੰਜਾਬੀ ਰਾਇਟਰਜ਼ ਫੋਰਮ ਸਾਊਥੈਂਪਟਨ, ਪੰਜਾਬੀ ਕਵੀ ਦਰਬਾਰ ਵਾਲਥਮਸਟੋ, ਆਲਮੀ ਪੰਜਾਬੀ ਕਾਨਫਰੰਸ ਲੰਡਨ ਵੱਲੋਂ ਵਾਰਿਸ ਸ਼ਾਹ ਐਵਾਰਡ ਨਾਲ।

29-30 ਜੁਲਾਈ 2023 ਨੂੰ ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋ ਲੈਸਟਰ ਵਿਖੇ ਕਰਵਾਈ ਗਈ ਤੀਸਰੀ ਪੰਜਾਬੀ ਕਾਨਫਰੰਸ ਵਿਚ ਡਾ.ਗੁਰਦਿਆਲ ਸਿੰਘ ਰਾਏ ਦਾ ‘ਸਾਹਿਤ ਅਤੇ ਅਲੋਚਨਾ’ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਹੈ।

ਉਹਨਾਂ ਦੀਆਂ ਰਚਨਾਵਾਂ ਭਾਰਤ ਅਤੇ ਵਿਦੇਸ਼ਾਂ ਦੇ ਨਾਮਵਰ ਪਰਚਿਆਂ, ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹਿੰਦਆਂ ਹਨ। ਸੰਪਾਦਕ ਉਹਨਾਂ ਨੂੰ ਉਚੇਚੇ ਤੌਰ ਤੇ ਬੇਨਤੀ ਕਰਕੇ ਉਹਨਾਂ ਦੀਆਂ ਕਹਾਣੀਆਂ ਅਤੇ ਨਿਬੰਧਾਂ ਦੀ ਮੰਗ ਕਰਦੇ ਹਨ। ਅਜਿਹੀ ਨਾਮਵਰ ਪੰਜਾਬੀ ਸਾਹਿਤਕ ਸਖਸ਼ੀਅਤ ਦੀ ਲੰਬੀ ਅਤੇ ਤੰਦਰੁਸਤੀ ਦੀ ਦੁਆ ਹਰ ਸੁਹਿਰਦ ਪੰਜਾਬੀ ਕਰਦਾ ਹੈ। ਆਮੀਨ।

ਰਵਿੰਦਰ ਸਿੰਘ ਸੋਢੀ
ਰਿਚਮੰਡ, ਕੈਨੇਡਾ
001-604-369-2371