ਡਾ. ਨਿਰਮਲ ਜੌੜਾ ਦੀ ਪੁਸਤਕ ‘ਲੌਕਡਾਊਨ’ ਲੋਕ ਅਰਪਿਤ
ਪ੍ਰਸਿੱਧ ਪਾਕਿਸਤਾਨੀ ਸ਼ਾਇਰ ਖ਼ਾਲਿਦ ਭੱਟੀ ਦਾ ਸਨਮਾਨ

(ਹਰਜੀਤ ਲਸਾੜਾ, ਬ੍ਰਿਸਬੇਨ, 04 ਅਗਸਤ) ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਗਾਰਡਨ ਸਿਟੀ ਲਾਇਬ੍ਰੇਰੀ ਵਿਖੇ ਇੱਕ ਗੌਰਵਸ਼ਾਲੀ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪ੍ਰਸਿੱਧ ਪਾਕਿਸਤਾਨੀ ਸ਼ਾਇਰ, ਪੱਤਰਕਾਰ ਅਤੇ ਸੋਚਵਾਨ ਖ਼ਾਲਿਦ ਭੱਟੀ ਦਾ ਸਨਮਾਨ ਅਤੇ ਡਾ. ਨਿਰਮਲ ਜੌੜਾ ਦੀ ਪੁਸਤਕ ‘ਲੌਕਡਾਊਨ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੌਰਾਨ ਖ਼ਾਲਿਦ ਭੱਟੀ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਨਾਲ ਸਰੋਤਿਆਂ ਦਾ ਮਨ ਮੋਹਿਆ ਅਤੇ ਪੁਸਤਕ ‘ਲੌਕਡਾਊਨ’ ਦੀ ਸਰਾਹਨਾ ਕਰਦਿਆਂ ਉਸ ਦੇ ਵਿਸ਼ਿਆਂ ਅਤੇ ਸਮਕਾਲੀ ਸੰਦਰਭਾਂ ’ਤੇ ਚਰਚਾ ਵੀ ਕੀਤੀ ਗਈ। ਹਰਮਨਦੀਪ ਗਿੱਲ ਨੇ ‘ਲੌਕਡਾਊਨ’ ਨੂੰ ਮਨੁੱਖੀ ਜ਼ਿੰਦਗੀ ਵਿੱਚ ਆ ਰਹੀਆਂ ਅਣਜਾਣੀਆਂ ਤਬਦੀਲੀਆਂ ਦਾ ਦਰਪਣ ਦੱਸਿਆ। ਉਹਨਾਂ ਖ਼ਾਲਿਦ ਭੱਟੀ ਦੀ ਸ਼ਾਇਰੀ ਨੂੰ ਸੰਵੇਦਨਸ਼ੀਲ ਤੇ ਵਿਚਾਰ ਪ੍ਰੇਰਕ ਦੱਸਿਆ, ਜੋ ਸਮਾਜ ਦੀਆਂ ਅਸਮਾਨਤਾਵਾਂ ਅਤੇ ਸੰਘਰਸ਼ਾਂ ਨੂੰ ਪ੍ਰਤੀਬਿੰਬਤ ਕਰਦੀ ਹੈ। ਨੀਤੂ ਸਿੰਘ ਨੇ ਔਰਤ ਦੀ ਮੌਜੂਦਾ ਸਮਾਜਿਕ ਸਥਿਤੀ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਅਖੌਤੀ ਬਾਬਿਆਂ ਦੁਆਰਾ ਔਰਤਾਂ ਨੂੰ ਨਿਸ਼ਾਨਾ ਬਣਾਉਣ ‘ਤੇ ਚਿੰਤਾ ਜਾਹਿਰ ਕੀਤੀ।
ਗਾਇਕ ਪਰਮਿੰਦਰ ਸਿੰਘ ਨੇ ਆਪਣੇ ਨਵੇਂ ਗੀਤ ‘ਡੀਪਿੰਡ’ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਵਰਿੰਦਰ ਅਲੀਸ਼ੇਰ, ਜਸਕਰਨ ਸ਼ੀਂਹ, ਦਿਨੇਸ਼ ਸ਼ੇਖੂਪੁਰੀ, ਪੱਤਰਕਾਰ ਯਸ਼ਪਾਲ ਗੁਲਾਟੀ, ਅਲੀ ਰਿਆਜ ਅਤੇ ਦਲਵੀਰ ਹਲਵਾਰਵੀ ਨੇ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ। ਲੇਖਕ ਭਗਵਾਨ ਸਿੰਘ ਜਗੇੜਾ ਨੇ ਆਪਣੀ ਪਲੇਠੀ ਪੁਸਤਕ ‘ਪੌਣੀ ਸਦੀ ਦਾ ਸਫ਼ਰ’ ਬਾਰੇ ਚਰਚਾ ਕੀਤੀ। ਪੱਤਰਕਾਰ ਪੁਸ਼ਪਿੰਦਰ ਤੂਰ ਨੇ ਪੱਤਰਕਾਰ ਭਾਈਚਾਰੇ ਦੀਆਂ ਚਣੌਤੀਆਂ ਦੀ ਗੱਲ ਤੋਰੀ। ਇਸ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਬਲਰਾਜ ਸਿੰਘ ਸੰਧੂ, ਗੁਰਸੇਵਕ ਸਿੰਘ, ਹਰਮੀਤ ਕੌਰ, ਈਸ਼ਵਰ ਸਿੰਘ, ਤੇਜ ਸਿੰਘ, ਕੁਲਜੀਤ ਖੋਸਾ, ਜੱਸੀ ਭਾਟੀਆ, ਕੁਲਦੀਪ ਕੌਰ, ਆਦੀ, ਐਨਾ, ਮੋਨਾ ਧਾਲੀਵਾਲ, ਅਮਰਜੀਤ ਸਿੰਘ, ਐਰੀ, ਅਵਨੀ, ਗੁਰਦੀਪ ਜਗੇੜਾ, ਸੰਜੀਵ ਕੁਮਾਰ, ਰਵਿੰਦਰਪਾਲ ਕੌਰ, ਰਜਤ, ਪ੍ਰਭਜੋਤ ਸਿੰਘ, ਕਰਮਜੀਤ ਕੌਰ, ਇਸ਼ਾਨ, ਆਰਚੀ ਸ਼ੀਹ ਆਦਿ ਨੇ ਸ਼ਿਰਕਤ ਕੀਤੀ। ਮੰਚ ਸੰਚਾਲਨ ਸਭਾ ਪ੍ਰਧਾਨ ਰੀਤੂ ਅਹੀਰ ਵੱਲੋਂ ਕੀਤਾ ਗਿਆ। ਇਸ ਸਮਾਗਮ ਨੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਆਸਟ੍ਰੇਲੀਆ ਦੀ ਧਰਤੀ ’ਤੇ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੂਰਾ ਸਮਾਗਮ ਇੱਕ ਪ੍ਰਭਾਵਸ਼ਾਲੀ ਤੇ ਰੂਹਾਨੀ ਅਨੁਭਵ ਰਿਹਾ। ਇਸ ਸਮਾਗਮ ‘ਚ ਵੱਖ ਵੱਖ ਸਭਾਵਾਂ ਤੋਂ ਮੁਖੀਆਂ ਨੇ ਵਿਸ਼ੇਸ਼ ਸ਼ਿਰਕਤ ਕੀਤੀ।