ਪਿੰਡ, ਪੰਜਾਬ ਦੀ ਚਿੱਠੀ (259)

ਪਿੰਡ, ਪੰਜਾਬ ਦੀ ਚਿੱਠੀ (259)

ਸਾਰਿਆਂ ਨੂੰ ਸਤ ਸ਼੍ਰੀ ਅਕਾਲ ਜੀ। ਅਸੀਂ ਭਾਦੋਂ ਦੀ ਹੁੰਮਸ ਨੇ ਭਜਾਏ ਹਾਂ। ਤੁਹਾਡੇ ਤਾਂ ਮੌਸਮ ਠੀਕ ਹੀ ਹੋਵੇਗਾ? ‘ਹਿੰਡੀ ਹਰਨਾਮਾਕਹਿੰਦਾ, ਬਈ ਭੁਚਾਲ ਨੇ ਹਿਲਾਤੀ ਦੁਨੀਆਂ, ਬੱਜੋਰੱਤੀ ਹੋਈ ਕਿਸਾਨੀ, ਜ਼ਮੀਨ ਬਚਾਉਣ ਲਈ ਲਾਮਬੰਦ ਹੋ ਰਹੀ ਐ। ਆਪਣਾ ਸਰਨ ਸਿੰਹੁ ਮਾਸਟਰ ਰਟੈਰ ਹੋ ਗਿਆ ਹੈ। ਘਿਚ-ਪਿਚ ਕਰਦੇ, ਚੌਂਟੇ ਚੱਕਾਂ ਦੇ ਮੁੰਡੇ ਅੱਡੋ-ਅੱਡ ਹੋ ਗਏ ਹਨ, ਬੱਸ ਮਾਂ ਦਾ ਸੰਦੂਕ ਹੀ ਰਹਿ ਗਿਆ ਹੈ। ਲੈ, ਸੰਦੂਕ ਤੋਂ ਯਾਦ ਆਇਆ, ‘ਥੂਅਚੀ ਬਾਬਾ ਨੇ ਸਲਾਹ ਦਿੱਤੀ ਐ ਬਈ, “ਭੁੱਚੋ ਗੁਰਦੁਆਰੇ ਦੇ ਆਓ, ਉੱਥੇ ਪੇਟੀਆਂ, ਬਕਸੇ, ਅਲਮਾਰੀਆਂ ਸਭ, ਰੱਖ ਲੈਂਦੇ ਆ ਸਾਂਭ ਕੇ। ਕਿੰਨੇ ਈ ਪਏ ਐ ਹਾਲ ਚ। ਵੱਡੇ ਡੇਰੇ ਦੇ ਖੇਸ, ਰੁਮਾਲੇ, ਚਤਈਆਂ, ਰਜਾਈਆਂ-ਗੱਦੇ, ਚਾਦਰਾਂ ਅਤੇ ਹੋਰ ਕੱਪੜਵਾਦ ਸੰਭ ਜਾਂਦੈ।" ਅਦਰਕ ਨੂੰ ਅਦਕਰ ਆਖਣ ਵਾਲਾ ਆਤਾ ਸਿੰਹੁ ਪੁੱਛਦੈ, “ਬਈ, ਬਾਕੀ ਪੈਸਾ-ਟਕਾ ਅਤੇ ਜ਼ਮੀਨ-ਜੈਦਾਤ ਤਾਂ ਹਮਾਤੜ, ਹੱਥ-ਹੇਠ ਕਰ ਲੈਂਦਾ, ਇਹ ਨਿਸ਼ਾਨੀ ਕਿਉਂ ਨਹੀਂ ਰੱਖਦਾ, ਨੱਕ-ਨਮੂਜੋਂ ਵੀ?" ਇਹਦਾ ਜਵਾਬ ਜੱਗਰ ਸਿੰਹੁ ਕਿਲੀ ਆਲਾ ਇਉਂ ਦਿੰਦਾ, “ਅੱਗੇ ਇਹ ਚੀਜ਼ਾਂ ਲੋੜ ਸੀ, ਬੁੜੀਆਂ, ਪੀੜ੍ਹੀ ਦਰ ਪੀੜ੍ਹੀ ਮੋਹ-ਤੇਹ ਨਾਲ, ਰੱਖਦੀਆਂ, ਨਵੀਂ ਪੀੜ੍ਹੀ ਦੇ ਨਵੇਂ ਚੋਜ, ਹੁਣ ਕੰਬਲ, ਬੈਡ-ਸ਼ੀਟ ਹੀ ਰਹਿ ਗੇ ਆ, ਉਨ੍ਹਾਂ ਲਈ ਕੰਧਾਂਚ ਅਲਮਾਰੀਆਂ, ਬਕਸੇ-ਬੈੱਡ ਬਣਗੇ ਐ। ਜਦੋਂ ਸੰਦੂਕ-ਪੇਟੀ ਹੀ ਨਾ ਰਹੇ ਤਾਂ ਸਟੋਰ ਵੀ ਖ਼ਤਮ, ਰੁਲਣਾਂ ਈ ਐ ਸੰਦੂਕਾਂ ਨੇ, ਵਿੱਚ ਪਏ ਖੇਸਾਂ ਨੇ ਤੇ ਸੰਦੂਕਾਂ-ਵਾਲੀਆਂ ਨੇ।” “ਜਣਾਂ-ਖਣਾਂ ਤਾਂ ਬਾਈ, ਕੋਠੀ ਪਾਈ ਜਾਂਦੈ। ਹੁਣ ਤਾਂ ਮੰਜੇ ਵੀ ਖੰਭ ਲਾਉਣਗੇ, ਇੱਟਾਂ ਦੇ ਹੀ ਫ਼ਰੇਮ ਚਿਣ ਕੇ, ਗੱਦਾ ਵਿਛ ਜਾਂਦੈ, ਗੱਡੇ ਉੱਤੇ ਕਿਹੜੀ ਮੁਟਿਆਰ ਦਾ ਸੰਦੂਕ ਅਤੇ ਰੰਗਲਾ ਮੰਜਾ ਆਂਉਂਦੈ? ਲੱਖਣ ਲਾਉਣ ਵਾਲਿਆਂ ਦਾ ਲੱਖਾ ਸਿੰਹੁ ਬਦਲਦੇ ਪੰਜਾਬੀ ਸਭਿਆਚਾਰ ਦੀ ਫੋਟੋ ਖਿੱਚਦੈ।” ਯੂਨੀਵਰਸਿਟੀ ਚੋਂ ਸੇਵਾ ਮੁਕਤ ਹੋਇਆ ਆਪਣੇ ਇਲਾਕੇ ਦਾ ਪ੍ਰੋਫ਼ੈਸਰ ਘੁੰਮਣ ਸਿੰਹੁ ਕੀਮਤੀ ਸਲਾਹ ਦਿੰਦੈ, “ਸਰਕਾਰ ਵੱਡੇ ਕਾਲਜਾਂ ਅਤੇ ਯੂਨੀਵਰਸਿਟੀਆਂਚ ਅਜਾਇਬ-ਘਰ ਬਣਾਵੇ। ਉੱਥੇ ਸਾਰਾ ਸਮਾਨ ਜਚਾਵੇ। ਬਾਹਰ ਨੂੰ ਤੁਰੇ ਜਾਂਦੇ, ਪੰਜਾਬੀ ਜਿਹੜਾ ਸਮਾਨ, ਤੂੜੀ ਬੈਠੇ ਆ, ਜਾਂ ਭੋਅ ਦੇ ਭਾਅ ਸਿੱਟ ਜਾਂਦੇ ਐ, ਆਵਦਾ ਨਾਂ-ਥਾਂ ਲਿਖ ਕੇ ਦੇ ਦੇਣ। ਉੱਥੇ ਟਿਕਟ ਲਾ ਦੇਣ। ਨਾਲੇ ਇਸ ਉੱਤੇ ਖੋਜ ਹੋਈ ਜਾਊ, ਨਾਂ ਵੀ ਰਹਿ-ਜੂ ਅਤੇ ਖੇਸਾਂ-ਫੁਲਕਾਰੀਆਂ ਨੂੰ ਵੀ ਸਾਹ ਆਜੂ।” ਇਸ ਦੇ ਨਾਲ ਜੁੜਦੀ, ਇਹ ਵੀ ਖੁਸ਼ਖਬਰੀ ਹੈ ਕਿ ਕਈ ਸਲੱਗ ਪੁੱਤਰ-ਪੁੱਤਰੀਆਂ ਨੇ ਆਪਣੀ ਮਾਂ ਦੇ ਸੰਦੂਕ, ਸੁਹਾਗ ਪਟਿਆਰੀਆਂ, ਸ਼ਿੰਗਾਰ ਮੇਜਾਂ, ਫੁਲਕਾਰੀਆਂ ਅਤੇ ਚਰਖਿਆਂ ਨੂੰ, ਤੇਲ, ਬਰਾਸੋ ਅਤੇ ਦਵਾਈਆਂ ਲਾ ਕੇ ਬਚਾ ਲਿਆ ਹੈ। ਇਸ ਨਾਲ, ਉਨ੍ਹਾਂ ਨੂੰ ਮਾਂ ਦੀ ਅਸੀਸ ਮਿਲਦੀ, ਪ੍ਰਤੀਤ ਹੁੰਦੀ ਹੈ। ਸਹੀ ਵੀ ਹੈ, ਜਿਸ ਵਸਤੂ ਨੂੰ ਮਾਂ ਨੇ ਸਦਾ ਹਿੱਕ ਨਾਲ ਲਾ ਕੇ ਰੱਖਿਆ ਹੋਵੇ, ਉਸਦੀ ਸੰਭਾਲ, ਮਾਂ ਦੀ ਅਸਲੀ ਸੇਵਾ ਹੀ ਤਾਂ ਹੈ।

ਚੰਗਾ, ਸ਼ਬਦ ਵੇਖੋ, ਹਾਕ ਪਾਟਣੀ, ਤੰਤ ਹੈਨੀ, ਸਿਰ ਚ ਰੋਬੜਾ ਪਾਤਾ, ਮਾਰ-ਮਾਰ ਕੇ ਲੰਬ ਕੱਢਤੀ, ਸਾਵਤਾ, ਜਰਕਾਟਾ ਪੈਣਾਂ, ਗਲ ਚ ਵੰਗਣਾਂ ਪੈਣਾਂ, ਭੁਰਕਲ ਦੇਣੇ, ਯਵਕਲ ਪਾਣੀ, ਮਿਚਕ-ਮੀਣਾਂ। ਚੰਗਾ, ਖੁਸ਼ ਰਹੋ, ਬਾਕੀ ਅਗਲੇ ਐਤਵਾਰ..... ਤੁਹਾਡਾ ਆਪਣਾ,

(ਡਾ.) ਸਰਵਜੀਤ ਸਿੰਘ ‘ਕੁੰਡਲ
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061