ਹਮਰਾਜ ਸਿੰਘ ਹੇਅਰ ਨੇ ਜਿੱਤਿਆ ਸੋਨ ਤਮਗਾ

(ਹਰਜੀਤ ਲਸਾੜਾ, ਬ੍ਰਿਸਬੇਨ 19 ਜੁਲਾਈ)
ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਵਿੱਚ 14 ਤੋਂ 19 ਜੁਲਾਈ ਨੂੰ ਈਗਲਜ਼ ਸਪੋਰਟਸ ਕੰਪਲੈਕਸ, ਮੈਨਸਫੀਲਡ ਵਿਖੇ 2025 ਬਾਕਸਿੰਗ ਕੁਈਨਜ਼ਲੈਂਡ ਓਪਨ ਇੰਟਰਨੈਸ਼ਨਲ ਗੋਲਡਨ ਗਲੋਵਜ਼ ਟੂਰਨਾਮੈਂਟ ਸਫਲਤਾਪੂਰਵਕ ਸੰਪੰਨ ਹੋਇਆ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਸਥਾਨਕ, ਅੰਤਰਰਾਜੀ ਅਤੇ ਵਿਦੇਸ਼ੀ ਬਾਕਸਰਾਂ ਨੇ ਹਿੱਸਾ ਲਿਆ। ਸਾਰੇ ਬਾਕਸਰਾਂ ਲਈ ਮੈਡੀਕਲ ਕਲੀਅਰੈਂਸ ਅਤੇ ਸੇਰੋਲੋਜੀ ਟੈਸਟ (ਹੈਪੇਟਾਈਟਸ ਬੀ, ਸੀ ਅਤੇ ਐਚਆਈਵੀ) ਲਾਜ਼ਮੀ ਸੀ। ਇਹ ਪਹਿਲਾ ਅਜਿਹਾ ਅੰਤਰਰਾਸ਼ਟਰੀ ਟੂਰਨਾਮੈਂਟ ਸੀ ਜਿਸ ਨੇ ਦੁਨੀਆ ਭਰ ਦੇ ਉੱਚ ਪੱਧਰੀ ਬਾਕਸਰਾਂ ਨੂੰ ਇਕੱਠੇ ਕੀਤਾ ਅਤੇ 2026 ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਲਈ ਚੋਣ ਮਾਪਦੰਡ ਦੋ ਹਿੱਸੇ ਵਜੋਂ ਮਹੱਤਵਪੂਰਨ ਭੂਮਿਕਾ ਨਿਭਾਈ।
ਬਾਕਸਿੰਗ ਕੁਈਨਜ਼ਲੈਂਡ ਵੱਲੋਂ ਆਯੋਜਿਤ ਇਸ ਈਵੈਂਟ ਵਿੱਚ ਅੰਡਰ-19, ਅੰਡਰ-17, ਅੰਡਰ-15 ਅਤੇ ਐਲੀਟ ਵਰਗਾਂ ਵਿੱਚ ਮੁਕਾਬਲੇ ਹੋਏ। ਫਿਜ਼ੀ, ਨਿਊਜ਼ੀਲੈਂਡ ਸਮੇਤ ਕਈ ਦੇਸ਼ਾਂ ਦੇ ਬਾਕਸਰਾਂ ਨੇ ਜੋਸ਼ੀਲੇ ਪ੍ਰਦਰਸ਼ਨ ਕੀਤੇ ਜਿਨ੍ਹਾਂ ਵਿੱਚ ਸਟੀਫਨੀ ਟਰੋਟਰ (80 ਕਿਲੋ) ਅਤੇ ਅਸਮਾ ਨਬੀਜ਼ਾਦੇ (ਅੰਡਰ-15, 60 ਕਿਲੋ) ਵਰਗੇ ਨਾਮ ਸ਼ਾਮਲ ਸਨ। ਪੁਰਸ਼ਾਂ ਦੇ 19+ ਵਰਗ ਵਿੱਚ ਭਾਰਤੀ ਮੂਲ ਦੇ ਆਸਟ੍ਰੇਲਿਆਈ ਜੰਮਪਲ ਹਮਰਾਜ ਸਿੰਘ ਹੇਅਰ ਨੇ ਫ਼ਾਈਨਲ ਮੁਕਾਬਲੇ ‘ਚ ਆਸਟ੍ਰੇਲੀਆ ਦੇ ਬਾਕਸਰ ਨੂੰ ਪਛਾੜ ਕੇ ਸੋਨ ਤਗਮਾ ਜਿੱਤਿਆ। ਲੰਘੇ ਸ਼ੁੱਕਰਵਾਰ ਹਮਰਾਜ ਨੇ ਦੋ ਮੁਕਾਬਲੇ ਜਿੱਤਣ ਤੋਂ ਬਾਅਦ ਫਾਈਨਲ ‘ਚ ਆਪਣੀ ਜਗ੍ਹਾ ਬਣਾਈ ਸੀ। ਹਮਰਾਜ ਦਾ ਕਹਿਣਾ ਹੈ ਕਿ ਉਹ ਅਜੇ ਸ਼ੌਂਕੀਆ ਬਾਕਸਿੰਗ ਕਰ ਰਿਹਾ ਹੈ ਪਰ ਇਸ ਜਿੱਤ ਨੇ ਉਸਨੂੰ ਅਗਾਮੀ ਕਾਮਨਵੈਲਥ ਅਤੇ ਉਲੰਪਿਕ ਖੇਡਾਂ 2032 ਲਈ ਹਲੂਣਾ ਦਿੱਤਾ ਹੈ। ਉਸ ਅਨੁਸਾਰ ਇਸ ਜਿੱਤ ਪਿੱਛੇ ਉਸਦੇ ਪਿਤਾ ਸ. ਆਤਮਾ ਸਿੰਘ, ਮਾਤਾ ਕੁਲਵੰਤ ਕੌਰ ਅਤੇ ਛੋਟੀ ਭੈਣ ਅਸ਼ਮੀਤ ਹੇਅਰ ਦਾ ਬਹੁਤ ਯੋਗਦਾਨ ਰਿਹਾ ਹੈ।
ਦੱਸਣਯੋਗ ਹੈ ਕਿ ਇਸ ਟੂਰਨਾਮੈਂਟ ਨੇ ਨੌਜਵਾਨ ਬਾਕਸਰਾਂ ਨੂੰ ਅੰਤਰਰਾਸ਼ਟਰੀ ਤਜਰਬਾ ਦੇਣ ਦੇ ਨਾਲ-ਨਾਲ ਕੁਈਨਜ਼ਲੈਂਡ ਨੂੰ ਬਾਕਸਿੰਗ ਦੇ ਨਕਸ਼ੇ ’ਤੇ ਮਜ਼ਬੂਤ ਸਥਾਨ ਦਿੱਤਾ ਹੈ। ਇਹ ਟੂਰਨਾਮੈਂਟ 2026 ਕਾਮਨਵੈਲਥ ਖੇਡਾਂ ਦੀ ਚੋਣ ਪ੍ਰਕਿਰਿਆ ਲਈ ਮਹੱਤਵਪੂਰਨ ਸੀ, ਜਿਸ ਨੇ ਸਾਰੇ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਹੈ। ਖੇਡ ਮਾਹਿਰਾਂ ਅਨੁਸਾਰ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ਵਿੱਚ ਭਾਰਤੀ ਮੂਲ ਦੇ ਬਾਕਸਰਾਂ ਦੀ ਸ਼ਮੂਲੀਅਤ ਨੂੰ ਹੋਰ ਉਤਸ਼ਾਹਿਤ ਕਰਨ ਦੀ ਉਮੀਦ ਹੈ, ਜੋ ਆਸਟ੍ਰੇਲਿਆਈ ਬਾਕਸਿੰਗ ਵਿੱਚ ਵਿਭਿੰਨਤਾ ਅਤੇ ਪ੍ਰਤਿਭਾ ਨੂੰ ਮਜ਼ਬੂਤ ਕਰੇਗੀ।