
ਨਿਮਰਤਾ ਨਾਲ ਸਤ ਸ਼੍ਰੀ ਅਕਾਲ ਜੀ, ਸਾਡੇ ਮੀਂਹ ਚੱਲ ਪਏ ਹਨ। ਰੱਬ ਤੁਹਾਡੇ ਵੀ ਖੁਸ਼ੀ ਵਰ੍ਹਾਈ ਰੱਖੇ। ਝੋਨਿਆਂ ਲਈ ਘਿਓ ਵਾਂਗੂੰ ਲੱਗਦੀ ਐ ਵਰਖਾ। ਸਰਕਾਰ ਲਈ ਬਿਜਲੀ ਬਚ ਰਹੀ ਐ। ਛੁੱਟੀਆਂ ਵਧਣ ਦੀ ਝਾਕ ਰੱਖਦੇ ਪਾੜੂਆਂ ਨੂੰ ਜਾਣਾ ਹੀ ਪਿਐ ਸਕੂਲ। ਮੁੜ ਗਈਆਂ ਡਾਰਾਂ ਆਲ੍ਹਣਿਆਂ ਨੂੰ। ਹੁਣ ਹੜ੍ਹ, ਨੁਕਸਾਨ, ਮੁਆਵਜ਼ੇ ਦੀਆਂ ਖ਼ਬਰਾਂ ਆਉਣਗੀਆਂ। ਅੱਗੇ ਸਮਾਚਾਰ ਇਹ ਹੈ ਕਿ ਅੱਜ ਦੀ ਚਿੱਠੀ ਉਨ੍ਹਾਂ ਮਾਸੀਆਂ, ਤਾਈਆਂ ਅਤੇ ਚਾਚੀਆਂ ਦੇ ਨਾਂ ਹੈ ਜਿਨ੍ਹਾਂ ਆਪਣੀ ਜੂਨ ‘ਅਣਹੋਇਆਂਵਾਂਗ ਬਿਤਾਈ ਹੈ। ਇੰਨ੍ਹਾਂ ਦੇ ਨਾਂ ਵੱਖਰੇ ਹੋ ਸਕਦੇ ਹਨ ਪਰ ਸਭ ਦੀ ਕਹਾਣੀ ਇੱਕੋ ਹੈ। ਮੇਰੀ ਮੁਰਾਦ ਉਨ੍ਹਾਂ ਜੀਆਂ ਬਾਰੇ ਹੈ ਜੋ ਪੇਕੇ ਵੀ ਬਿਨਾਂ ਸੂਗ ਗੋਹੇ-ਕੂੜੇ
ਚ ਹੱਥ ਪਾ ਕੇ ਰਹੀਆਂ। ਮਸਾਂ ਪੰਦਰਾਂ-ਸੋਲਾਂ ਸਾਲ ਤੱਕ ਅੱਪੜਦਿਆਂ, ਸਕੂਲ ਤੋਂ ਬੇਰੰਗ, ਵਿਆਹ ਦਿੱਤੀਆਂ ਗਈਆਂ। ਫਿਰ ਕਿਸੇ ਚੰਗੀ ਆਸ ਵਿੱਚ ਲਟੋਪੀਂਘ ਹੋ, ਸਵੇਰੇ ਹੀ ਜਾ ਕੇ ਬਹੁਕਰ ਚੱਕ ਜੁੱਟ ਜਾਂਦੀਆਂ। ਗੋਹੇ ਚ ਹੱਥ, ਸਰੀਰ ਮੁੜਕੇ ਨਾਲ ਨਹਾਂਉਂਦਾ, ਭਾਰੇ ਬੱਠਲਾਂ ਨਾਲ ਗੰਜ ਪੈ ਜਾਂਦਾ।
ਇੱਕ ਘਰ, ਫੇਰ ਦੂਜਾ, ਕਿਸੇ ਤਕੜੇ ਦਾ ਵਾੜਾ, ਕਈਆਂ ਦੇ ਕੁਬੋਲ ਸੁਣਦੀਆਂ, ਕਿਸੇ ਹਮਦਰਦ ਕੋਲ ਬੈਠ ਲਾਲ ਰੱਤੀ ਚਾਹ ਪੀ ਫਿਰ ਚੱਲ ਪੈਂਦੀਆਂ। ‘ਬੇਕਦਰਿਆਂ ਦੀਆਂ ਨਾਰਾਂ ਵਾਂਗ
ਘਰੇ ਆ ਸਾਹ ਲੈ, ਦਾਤੀ-ਪੱਲੀ ਚੱਕ, ਖੇਤਾਂ ਨੂੰ ਨੀਰਾ-ਪੱਠਾ ਲੈਣ ਜਾਂਦੀਆਂ। ਕੋਈ ਬੱਕਰੀ, ਗਾਂ ਜਾਂ ਮੱਝ, ਇੰਨ੍ਹਾਂ ਦਾ ਆਸਰਾ ਹੁੰਦਾ। “ਚਾਚੀ ਫੇਰ ਪੀਹਣ ਕਦੋਂ ਕਰੇਂਗੀ?” ਕੋਈ ਮਾਲਕਣ ਪੁੱਛਦੀ। “ਮੈਂ ਪਿਛਲੇ ਪਹਿਰ ਆ-ਜੂੰ, ਜੇ ਰੇਸ਼ਮ ਮੇਰੇ ਲਈ ਵੀ ਥੱਬਾ ਨੀਰੇ ਦਾ ਲਿਆਵੇ ਤਾਂ ਮੈਂ ਹੁਣੇ ਈ ਕਰ ਜਾਂਨੀ ਆਂ। ਗੋਹੇ-ਕੂੜੇ ਤੋਂ ਇਲਾਵਾ ਖੇਸ ਧੋਣੇਂ, ਟੀਂਡੇ ਕੱਢਣੇ, ਮਿੱਟੀ-ਲਾਉਣੀ ਵਰਗੇ ਕੰਮਾਂ ਤੋਂ ਇੰਨ੍ਹਾਂ ਦਾ ਕਦੇ ਜਵਾਬ ਨਹੀਂ ਹੁੰਦਾ। ਇੰਨ੍ਹਾਂ ਨੂੰ ਵੇਲੇ-ਕੁਵੇਲੇ ਚਾਰ-ਪੈਸੇ, ਹੱਥ-ਉਧਾਰੇ ਫੜਨੇ ਪੈਂਦੇ ਹਨ। ਕੋਈ ਪੁਰਾਣਾ ਲੀੜਾ-ਲੱਤਾ, ਲੈਣਾ ਹੁੰਦਾ ਹੈ, ਮੁੱਕਦੀ ਗੱਲ, ਰੱਬ ਵਰਗਾ ਆਸਰਾ ਹੀ ਇਹ ਮਾਲਕ ਹੁੰਦੇ ਹਨ। ਇਹੀ ਕਰਜ਼ਾ ਇੰਨ੍ਹਾਂ ਤੋਂ ਖੁਸ਼ਾਮਤੀਂ, ਕਰਵਾ, ਵੋਟਾਂ ਵੀ ਪਵਾਂਉਂਦਾ ਹੈ। ਵੱਧ ਸਰੀਰ ਨੂੰ ਵਰਤਣ ਨਾਲ ਬਲ ਹਾਰ ਜਾਂਦਾ ਹੈ, ਜਵਾਕਾਂ ਦੀ ਦੁਨੀਆਂ ਵਿੱਚ ਵਲ੍ਹੇਟੇ ਇਹ ਜੀਅ ਕਦੇ ਆਪ ਹੀ ਜ਼ਹਿਰ ਘੋਲਦੇ, ਕਦੇ ਸੁੰਨ ਵੱਟਾ ਬਣ ਜਾਂਦੇ ਹਨ। ਟੱਬਰ ਦੇ ਖਰਚੇ, ਬੱਚਿਆਂ ਦੀਆਂ ਖਾਹਸ਼ਾਂ, ਵੱਡਿਆਂ ਦਾ ਦਾਰੂ-ਦਰਮਲ ਇੰਨ੍ਹਾਂ ਔਰਤਾਂ ਦਾ ਲੱਕ ਤੋੜ ਦਿੰਦਾ ਹੈ। ਇੰਨ੍ਹਾਂ ਲਈ ਗਰਮੀ-ਸਰਦੀ, ਦੁੱਖ-ਸੁੱਖ ਅਤੇ ਦਿਨ-ਰਾਤ ਦੀ ਕੋਈ ਤਬਦੀਲੀ ਨਹੀਂ ਹੁੰਦੀ। ਉਹੀ ਬੋਅ ਮਾਰਦੇ ਕੱਪੜੇ, ਉਹੀ ਹਾਲਾਤ। ਦੀਵਾਲੀ-ਦੁਸਹਿਰਾ, ਹੋਲੀ, ਨਵਾਂ ਸਾਲ, ਇੰਨ੍ਹਾਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ। ਵੱਡੀ ਉਮਰ ਵਿੱਚ ਦੁੱਖ-ਭੋਗਦੇ, ਇਹ ਛੇਤੀ ਹੀ ਪੂਰੇ ਹੋ ਜਾਂਦੇ ਹਨ, ਕਿਉਂਕਿ ਛੇਤੀ ਵਿਆਹੇ ਬੱਚੇ, ਅੱਡ ਹੋ ਜਾਂਦੇ ਹਨ। ਇੰਨ੍ਹਾਂ ਦੇ ਨਾਂ ਵੀ ਸਰਫ਼ੇ ਮਾਰੇ ਹੁੰਦੇ ਹਨ, ਨਿੱਕੇ-ਨਿੱਕੇ ਜਿਹੇ, ਸੀਬੋ, ਭੋਲੀ, ਵੀਰੋ, ਸੀਰੋ, ਗੂੰਗੀ, ਪਾਬੋ, ਦੀਪੋ, ਬੋਲੀ….. ਪੈਨਸ਼ਨ ਦਾ ਪਤਾ ਕਰਨ ਬੈਂਕਾਂ ਚ ਮਿਲਦੀਆਂ ਹਨ ਇਹ, ਘਸੀਆਂ, ਮੈਲੀਆਂ ਅਤੇ ਪਾਟੀਆਂ, ਪਾਸ-ਬੁੱਕਾਂ, ਖੋਲ੍ਹਦੀਆਂ-ਵਲ੍ਹੇਟਦੀਆਂ, ਲੀਰਾਂ
ਚ…..
ਬਾਕੀ ਅਗਲੇ ਐਤਵਾਰ।
ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061