ਭਾਰਤ ਦਾ ਇਕ ਧਾਰਮਿਕ ਫਿਰਕਾ ਜਿਸ ਵਿੱਚ ਕੋਈ ਵੀ ਅਨਪੜ੍ਹ ਜਾਂ ਗਰੀਬ ਨਹੀਂ ਹੈ।

ਪਾਰਸੀ ਇੱਕ ਛੋਟਾ ਜਿਹਾ ਧਾਰਮਿਕ ਫਿਰਕਾ ਹੈ ਜਿਸ ਦੇ ਪੈਰੋਕਾਰਾਂ ਦੀ ਅਬਾਦੀ ਭਾਰਤ ਵਿੱਚ 100000 ਅਤੇ ਪਾਕਿਸਤਾਨ ਵਿੱਚ 2500 ਦੇ ਕਰੀਬ ਹੈ। ਪਾਰਸੀ 6ਵੀਂ ਸਦੀ ਈਸਾ ਪੂਰਵ ਵਿੱਚ ਪੈਗੰਬਰ ਜ਼ੋਰੋਸਤਰ ਦੁਆਰਾ ਸ਼ੁਰੂ ਕੀਤੇ ਗਏ ਜ਼ੋਰੋਸਤਰੀਆ ਧਰਮ ਨੂੰ ਮੰਨਦੇ ਹਨ ਤੇ ਜ਼ੇਂਦ ਅਵਸਤਾ ਇਨ੍ਹਾਂ ਦਾ ਧਰਮ ਗ੍ਰੰਥ ਹੈ। ਜ਼ੋਰੋਸਤਰੀਆ ਇੱਕ ਈਸ਼ਵਰਵਾਦ ਨੂੰ ਮੰਨਣ ਵਾਲਾ ਸੰਸਾਰ ਦਾ ਪਹਿਲਾ ਧਰਮ ਹੈ ਜੋ 7ਵੀਂ ਸਦੀ ਈਸਾ ਪੂਰਵ ਤੋਂ ਸੰਨ 654 ਈਸਵੀ ਵਿੱਚ ਮੁਸਲਮਾਨਾਂ ਦੇ ਕਬਜ਼ੇ ਤੱਕ ਤਕਰੀਬਨ 1100 ਸਾਲ ਇਰਾਨ ਦਾ ਰਾਜ ਧਰਮ ਰਿਹਾ ਸੀ। ਜਦੋਂ ਅਰਬਾਂ ਨੇ ਇਰਾਨ ਦਾ ਇਸਲਾਮੀਕਰਨ ਸ਼ੁਰੂ ਕੀਤਾ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਸੀ ਭਾਰਤ ਵੱਲ ਪ੍ਰਵਾਸ ਕਰ ਗਏ ਤੇ ਸਭ ਤੋਂ ਪਹਿਲਾਂ ਇਨ੍ਹਾਂ ਨੇ ਸੂਰਤ ਸ਼ਹਿਰ (ਗੁਜਰਾਤ) ਨੂੰ ਆਪਣਾ ਟਿਕਾਣਾ ਬਣਾਇਆ। ਇਰਾਨ ਦਾ ਇੱਕ ਨਾਮ ਫਾਰਸ (ਇੰਗਲਿਸ਼ ਵਿੱਚ ਪਰਸ਼ੀਆ) ਹੈ ਜਿਸ ਕਾਰਨ ਇਰਾਨ ਤੋਂ ਆਏ ਇਨ੍ਹਾਂ ਲੋਕਾਂ ਨੂੰ ਪਹਿਲਾਂ ਫਾਰਸੀ ਕਿਹਾ ਜਾਂਦਾ ਸੀ ਜੋ ਹੌਲੀ ਹੌਲੀ ਵਿਗੜ ਕੇ ਪਾਰਸੀ ਬਣ ਗਿਆ।

ਸਦੀਆਂ ਤੋਂ ਪਾਰਸੀ ਭਾਰਤੀ ਸਮਾਜ ਵਿੱਚ ਸੁੱਖ ਸ਼ਾਂਤੀ ਨਾਲ ਰਹਿ ਰਹੇ ਹਨ ਪਰ ਇਨ੍ਹਾਂ ਨੇ ਆਪਣੇ ਧਰਮਿਕ ਅਤੇ ਸਮਾਜਿਕ ਰੀਤੀ ਰਿਵਾਜ਼ਾਂ ‘ਤੇ ਸਖਤੀ ਨਾਲ ਪਹਿਰਾ ਦਿੱਤਾ ਹੈ। ਪਾਰਸੀਆਂ ਵਿੱਚ ਵਿੱਚ ਦੋ ਫਿਰਕੇ ਪਾਏ ਜਾਂਦੇ ਹਨ ਪਹਿਲੇ ਉਹ, ਜਿੰਨ੍ਹਾਂ ਦੇ ਪੂਰਵਜ਼ ਇਰਾਨ ਤੋਂ ਆਏ ਸਨ ਤੇ ਦੂਸਰੇ ਉਹ ਜੋ ਕਿਸੇ ਹੋਰ ਫਿਰਕੇ ਦੇ ਹਨ ਤੇ ਨਾਵਜੋਤੇ ਧਾਰਮਿਕ ਵਿਧੀ ਨਾਲ ਧਰਮ ਪ੍ਰੀਵਰਤਨ ਕਰ ਕੇ ਪਾਰਸੀ ਬਣੇ ਹਨ। ਅਜਿਹੇ ਲੋਕਾਂ ਨਾਲ ਕਿਸੇ ਵੀ ਤਰਾਂ ਦਾ ਭੇਦ ਭਾਵ ਨਹੀਂ ਕੀਤਾ ਜਾਂਦਾ। ਕੁਝ ਕੱਟੜ ਪਾਰਸੀਆਂ ਦਾ ਵਿਚਾਰ ਹੈ ਕਿ ਪਾਰਸੀ ਹੋਣ ਲਈ ਬੱਚੇ ਦੇ ਪਿਤਾ ਦਾ ਪਾਰਸੀ ਹੋਣਾ ਜਰੂਰੀ ਹੈ ਪਰ ਨਰਮ ਪੰਥੀਆਂ ਦਾ ਵਿਚਾਰ ਹੈ ਕਿ ਇਸ ਸ਼ਰਤ ਨਾਲ ਪੈਗੰਬਰ ਜ਼ੋਰੋਸਤਰ ਦੇ ਔਰਤ ਤੇ ਮਰਦ ਦੀ ਬਰਾਬਰੀ ਦੇ ਸਿਧਾਂਤ ਦੀ ਉਲੰਘਣਾ ਹੁੰਦੀ ਹੈ। ਇਸ ਲਈ ਬੱਚੇ ਦੇ ਪਾਰਸੀ ਹੋਣ ਲਈ ਮਾਂ ਜਾਂ ਬਾਪ ਵਿੱਚੋਂ ਕੋਈ ਵੀ ਪਾਰਸੀ ਹੋ ਸਕਦਾ ਹੈ। ਇਹ ਭਾਰਤ ਦਾ ਇੱਕੋ ਇੱਕ ਧਾਰਮਿਕ ਫਿਰਕਾ ਹੈ ਜਿਸ ਦੀ ਅਬਾਦੀ ਚਿੰਤਾਜਨਕ ਹੱਦ ਤੱਕ ਘਟ ਰਹੀ ਹੈ। 1911 ਦੀ ਜਨਗਣਨਾ ਮੁਤਾਬਕ ਭਾਰਤ ਵਿੱਚ ਪਾਰਸੀਆਂ ਦੀ ਅਬਾਦੀ 100096 ਸੀ ਜੋ 2011 ਦੀ ਜਨਗਣਨਾ ਮੁਤਾਬਕ ਘਟ ਕੇ ਸਿਰਫ 57264 ਰਹਿ ਗਈ ਹੈ। ਇਸ ਦਾ ਮੁੱਖ ਕਾਰਨ ਇੰਗਲੈਂਡ, ਆਸਟਰੇਲੀਆ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਵੱਲ ਪ੍ਰਵਾਸ ਅਤੇ ਨੌਜਵਾਨਾਂ ਵਿੱਚ ਬੱਚੇ ਪੈਦਾ ਨਾ ਕਰਨ ਦਾ ਰੁਝਾਨ ਹੈ। 2026 ਵਿੱਚ ਇਨ੍ਹਾਂ ਦੀ ਅਬਾਦੀ ਘਟ ਕੇ 23000 ਹੋ ਜਾਣ ਦਾ ਖਤਰਾ ਹੈ।

ਇਸ ਵੇਲੇ ਪਾਰਸੀਆਂ ਦੀ 47% ਅਬਾਦੀ 60 ਸਾਲ ਤੋਂ ਵੱਧ ਉਮਰ ਦੀ ਹੈ। ਇਨ੍ਹਾਂ ਦੀ ਜਨਮ ਦਰ ਵੀ ਬਹੁਤ ਘੱਟ ਹੈ, 1000 ਵਿਅਕਤੀਆਂ ਪਿੱਛੇ ਸਿਰਫ 7 ਜਨਮ ਸਲਾਨਾ। ਇਸ ਤੋਂ ਇਲਾਵਾ ਔਰਤ ਅਤੇ ਮਰਦ ਦਾ ਅਨੁਪਾਤ ਵੀ ਬਹੁਤ ਘੱਟ ਹੈ। 1050 ਔਰਤਾਂ ਦੇ ਮੁਕਾਬਲੇ ਸਿਰਫ 876 ਮਰਦ ਹਨ। ਭਾਰਤ ਵਿੱਚ ਬ੍ਰਿਟਿਸ਼ ਰਾਜ ਤੋਂ ਪਹਿਲਾਂ ਪਾਰਸੀ ਖੇਤੀਬਾੜੀ ਅਤੇ ਹੋਰ ਛੋਟੇ ਮੋਟੇ ਕੰਮ ਧਮਦੇ ਕਰਦੇ ਸਨ ਤੇ ਜਿਆਦਤਰ ਅਨਪੜ੍ਹ ਸਨ। ਇਹ ਸਮਝਿਆ ਜਾਂਦਾ ਸੀ ਕਿ ਲਿਖਾਈ ਪੜ੍ਹਾਈ ਸਿਰਫ ਉਨ੍ਹਾਂ ਲੋਕਾਂ ਲਈ ਜਰੂਰੀ ਹੈ ਜੋ ਪੁਜਾਰੀ ਬਣਨਾ ਚਾਹੁੰਦੇ ਸਨ। ਬ੍ਰਿਟਿਸ਼ ਰਾਜ ਵਿੱਚ ਪਾਰਸੀਆਂ ਨੇ ਹੈਰਾਨੀ ਜਨਕ ਤਰੱਕੀ ਕੀਤੀ ਤੇ ਇੰਗਲਿਸ਼ ਸਕੂਲਾਂ ਵਿੱਚ ਵਿਦਿਆ ਹਾਸਲ ਕਰ ਕੇ ਚੋਟੀਆਂ ਦੀਆਂ ਸਰਕਾਰੀ ਨੌਕਰੀਆਂ ਹਾਸਲ ਕਰ ਲਈਆਂ। ਪਾਰਸੀ ਪਿੰਡਾਂ ਨੂੰ ਛੱਡ ਕੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਵੱਸ ਗਏ ਤੇ ਆਪਣੇ ਇਮਾਨਦਾਰ ਸੁਭਾਅ ਅਤੇ ਸਖਤ ਮਿਹਨਤ ਕਾਰਨ ਅੰਗਰੇਜ਼ਾਂ ਦੇ ਵਿਸ਼ਵਾਸ਼ਪਾਤਰ ਬਣ ਗਏ। ਉਨ੍ਹਾਂ ਦੀ ਛਤਰ ਛਾਇਆ ਹੇਠ ਸਭ ਤੋਂ ਪਹਿਲਾ ਲੱਖਪਤੀ ਬਣਨ ਵਾਲਾ ਵਿਅਕਤੀ ਸੇਠ ਰੁਸਤਮ ਮਾਣਕ ਸੀ ਜਿਸ ਨੂੰ ਈਸਟ ਇੰਡੀਆ ਕੰਪਨੀ ਨੇ ਮੁੰਬਈ ਵਿਖੇ ਆਪਣਾ ਵਪਾਰਿਕ ਏਜੰਟ ਨਿਯੁਕਤ ਕੀਤਾ ਸੀ। 18ਵੀਂ ਸਦੀ ਦੇ ਖਤਮ ਹੁੰਦੇ ਹੁੰਦੇ ਮੁੰਬਈ ਅਤੇ ਸੂਰਤ ਵਿਖੇ ਈਸਟ ਇੰਡੀਆ ਕੰਪਨੀ ਦਾ ਸਾਰਾ ਵਪਾਰ ਪਾਰਸੀ ਏਜੰਟਾਂ ਰਾਹੀਂ ਹੋਣ ਲੱਗ ਪਿਆ ਸੀ। ਉਨ੍ਹਾਂ ਵਿੱਚੋਂ ਕਈ ਤਾਂ ਸਮੁੰਦਰੀ ਜਹਾਜ਼ ਕੰਪਨੀਆਂ ਦੇ ਮਾਲਕ ਬਣ ਗਏ ਤੇ ਭਾਰਤ ਅਤੇ ਚੀਨ ਦਰਮਿਆਨ ਹੋਣ ਵਾਲੇ ਰੇਸ਼ਮ, ਕਪਾਹ, ਲੱਕੜੀ ਅਤੇ ਅਫੀਮ ਦੇ ਵਪਾਰ ਤੋਂ ਕਰੋੜਾਂ ਰੁਪਏ ਦਾ ਮੁਨਾਫਾ ਕਮਾਇਆ।

ਪਾਰਸੀ ਆਪਣੇ ਸਹਿ ਧਰਮੀਆਂ ਦਾ ਬਹੁਤ ਖਿਆਲ ਰੱਖਦੇ ਹਨ। ਪੁਰਾਣੇ ਸਮੇਂ ਵਿੱਚ ਜੇ ਕੋਈ ਪਾਰਸੀ ਗਰੀਬ ਹੋ ਜਾਂਦਾ ਸੀ ਤਾਂ ਹਰੇਕ ਪਾਰਸੀ ਉਸ ਨੂੰ ਇੱਕ ਰੁਪਿਆ ਤੇ ਇੱਕ ਇੱਟ ਮਦਦ ਵਜੋਂ ਦੇਂਦੇ ਸਨ ਤਾਂ ਜੋ ਇੱਟਾਂ ਨਾਲ ਉਹ ਆਪਣਾ ਘਰ ਉਸਾਰ ਲਵੇ ਤੇ ਪੈਸੇ ਨਾਲ ਮੁੜ ਆਪਣੇ ਪੈਰਾਂ ਸਿਰ ਹੋ ਜਾਵੇ। ਹੌਲੀ ਹੌਲੀ ਵਪਾਰ ਤੋਂ ਕਮਾਏ ਪੈਸੇ ਨਾਲ ਕਈ ਵਪਾਰਿਕ ਘਰਾਣੇ ਜਿਵੇਂ ਸੋਰਾਬਜੀ, ਮੋਦੀ, ਕਾਮਾ, ਵਾਡੀਆ, ਜੀਜਾਭਾਈ, ਪਟੇਲ, ਮਹਿਤਾ ਅਤੇ ਟਾਟਾ ਆਦਿ ਭਾਰਤ ਭਰ ਵਿੱਚ ਪ੍ਰਸਿੱਧ ਹੋ ਗਏ। ਇਨ੍ਹਾਂ ਸੇਠਾਂ ਨੇ ਆਪਣੀ ਕਮਿਊਨਟੀ ਦੀ ਭਲਾਈ ਲਈ ਸੈਂਕੜੇ ਸਕੂਲ, ਕਾਲਜ, ਹਸਪਤਾਲ ਅਤੇ ਸਹਾਇਤਾ ਫੰਡ ਕਾਇਮ ਕੀਤੇ ਤਾਂ ਜੋ ਕੋਈ ਵੀ ਪਾਰਸੀ ਅਨਪੜ੍ਹ ਜਾਂ ਗਰੀਬ ਨਾ ਰਹਿ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਾਰਸੀਆਂ ਨੂੰ ਆਪਣੀਆਂ ਫੈਕਟਰੀਆਂ ਅਤੇ ਦਫਤਰਾਂ ਆਦਿ ਵਿੱਚ ਨੌਕਰੀ ਦੇਣ ਵਿੱਚ ਪਹਿਲ ਦਿੱਤੀ ਜਿਸ ਕਾਰਨ ਇਸ ਵੇਲੇ ਕੋਈ ਵੀ ਪਾਰਸੀ ਐਨਾ ਗਰੀਬ ਨਹੀਂ ਹੈ ਕਿ ਦੋ ਵਕਤ ਦੀ ਰੋਟੀ ਵੀ ਨਾ ਕਮਾ ਸਕੇ।

ਪਾਰਸੀਆਂ ਵਿੱਚ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਦੁਨੀਆਂ ਦੇ ਸਭ ਧਰਮਾਂ ਨਾਲੋਂ ਅਲੱਗ ਅਤੇ ਅਜੀਬ ਹੈ। ਦੁਨੀਆਂ ਭਰ ਵਿੱਚ ਮ੍ਰਿਤਕਾਂ ਨੂੰ ਜਾਂ ਤਾਂ ਜਲਾਇਆ ਜਾਂਦਾ ਹੈ ਤੇ ਜਾਂ ਕਬਰ ਵਿੱਚ ਦਫਨਾਇਆ ਜਾਂਦਾ ਹੈ। ਪਰ ਪਾਰਸੀ ਹਵਾ, ਧਰਤੀ, ਅੱਗ ਅਤੇ ਪਾਣੀ ਨੂੰ ਪਵਿੱਤਰ ਮੰਨਦੇ ਹਨ ਤੇ ਇਹ ਨਹੀਂ ਚਾਹੁੰਦੇ ਕਿ ਮ੍ਰਿਤਕ ਦੇ ਅੰਤਿਮ ਸੰਸਕਾਰ ਕਾਰਨ ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਹਾਨੀ ਪਹੁੰਚੇ। ਇਸ ਲਈ ਧਾਰਮਿਕ ਕਿਰਿਆਵਾਂ ਕਰਨ ਤੋਂ ਬਾਅਦ ਲਾਸ਼ ਨੂੰ ਸ਼ਾਂਤੀ ਦੇ ਮੰਦਰ ਦੀ ਛੱਤ ‘ਤੇ ਰੱਖ ਦਿੱਤਾ ਜਾਂਦਾ ਹੈ ਜਿੱਥੇ ਗਿਰਝਾਂ ਤੇ ਹੋਰ ਮਾਸਖੋਰੇ ਪੰਛੀ ਉਸ ਨੂੰ ਖਾ ਜਾਂਦੇ ਹਨ। ਜਦੋਂ ਹੱਡੀਆਂ ਬਿਲਕੁਲ ਸਾਫ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਮੰਦਰ ਵਿੱਚ ਸਥਿੱਤ ਇੱਕ ਡੂੰਘੇ ਖੱਡੇ ਵਿੱਚ ਧਕੇਲ ਦਿੱਤਾ ਜਾਂਦਾ ਹੈ। ਕਿਉਂਕਿ ਹੁਣ ਭਾਰਤ ਵਿੱਚ ਗਿਰਝਾਂ ਦੀ ਅਬਾਦੀ ਬਹੁਤ ਘੱਟ ਗਈ ਹੈ, ਇਸ ਲਈ ਪਾਰਸੀ ਵੀ ਆਪਣੇ ਮੁਰਦਿਆਂ ਨੂੰ ਦਫਨਾਉਣ ਲੱਗ ਪਏ ਹਨ।

ਪਾਰਸੀਆਂ ਵਿੱਚ ਜਗਤ ਪ੍ਰਸਿੱਧ ਵਿਅਕਤੀ ਪੈਦਾ ਹੋਏ ਹਨ। ਸੁਤੰਤਰਤਾ ਸੰਗਰਾਮ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਪਾਰਸੀ ਫਿਰੋਜ਼ਸ਼ਾਹ ਮਹਿਤਾ, ਭੀਖਾਜੀ ਕਾਮਾ ਅਤੇ ਦਾਦਾਭਾਈ ਨਾਰੋਜੀ ਸਨ। ਦਾਦਾਭਾਈ ਨਾਰੋਜੀ ਬ੍ਰਿਟਿਸ਼ ਪਾਰਲੀਮੈਂਟ ਵਿੱਚ ਮੈਂਬਰ ਬਣਨ ਵਾਲਾ ਪਹਿਲਾ ਏਸ਼ੀਅਨ ਸੀ। ਵਿਗਿਆਨ ਵਿੱਚ ਨਾਮ ਰੌਸ਼ਨ ਕਰਨ ਵਾਲੇ ਹੋਮੀ ਜੇ ਭਾਬਾ ਅਤੇ ਪ੍ਰਮਾਣੂ ਵਿਗਿਆਨੀ ਟਮੀ ਹੋਮੀ ਐਨ ਸੇਠਨਾ ਸਨ। ਕਾਰੋਬਾਰੀਆਂ ਵਿੱਚ ਜਮਸ਼ੇਦਜੀ ਟਾਟਾ ਅਤੇ ਜੇ ਆਰ ਡੀ ਟਾਟਾ (ਇਨ੍ਹਾਂ ਨੂੰ ਭਾਰਤੀ ਉਦਯੋਗੀਕਰਨ ਦਾ ਪਿਤਾਮਾ ਕਿਹਾ ਜਾਂਦਾ ਹੈ), ਰਤਨ ਟਾਟਾ, ਸਾਈਰਸ ਮਿਸਤਰੀ, ਦਿਨਸ਼ਾਅ ਮਾਨੇਕਜੀ, ਸਾਈਰਸ ਪੂਨਾਵਾਲਾ ਤੇ ਉਸ ਦਾ ਬੇਟਾ ਅਦਾਰ ਪੂਨਾਵਾਲਾ (ਕੋਵਿਡ ਦੀ ਵੈਕਸੀਨ ਦੀ ਕਾਢ ਕੱਢਣ ਵਾਲਾ), ਨੈੱਸ ਵਾਡੀਆ, ਨੁਸਲੀ ਵਾਡੀਆ, ਜੇਹ ਵਾਡੀਆ ਆਦਿ ਵਿਸ਼ਵ ਪ੍ਰਸਿੱਧ ਹਸਤੀਆਂ ਹਨ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਬੇਟੀ ਇੱਕ ਪਾਰਸੀ ਨੈੱਸ ਵਾਡੀਆ (ਬੰਬੇ ਡਾਇੰਗ ਕੱਪੜਾ ਉਦਯੋਗ ਦਾ ਮਾਲਕ) ਨਾਲ ਵਿਆਹੀ ਹੋਈ ਸੀ। ਇੰਦਰਾ ਗਾਂਧੀ ਦਾ ਪਤੀ ਫਿਰੋਜ਼ ਗਾਂਧੀ ਵੀ ਪਾਰਸੀ ਸੀ। ਸੁਰੱਖਿਆ ਦਸਤਿਆਂ ਵਿੱਚ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ (1971 ਜੰਗ ਦਾ ਹੀਰੋ), ਐਡਮਿਰਲ ਜਲ ਕੁਰਸੇਤਜੀ (ਜਲ ਸੈਨਾ ਦਾ ਮੁਖੀਆ ਬਣਨ ਵਾਲਾ ਪਹਿਲਾ ਪਾਰਸੀ) ਏਅਰ ਚੀਫ ਮਾਰਸ਼ਲ਼ ਆਸਪੀ ਇੰਜੀਨੀਅਰ, ਏਅਰ ਚੀਫ ਮਾਰਸ਼ਲ ਫਾਲੀ ਹੋਮੀਮੇਜਰ, ਵਾਈਸ ਐਡਮਿਰਲ ਆਰ ਐਫ ਕਾਂਟਰੈਕਟਰ (ਇੰਡੀਅਨ ਕੋਸਟ ਗਾਰਡ ਦਾ ਪਹਿਲਾ ਪਾਰਸੀ ਚੀਫ), ਸ਼ਹੀਦ ਲੈਫਟੀਨੈਂਟ ਕਰਨਲ ਅਰਦੇਸ਼ੀਰ ਤਾਰਾਪੋਰ (ਪਰਮਵੀਰ ਚੱਕਰ 1965 ਦੀ ਭਾਰਤ ਪਾਕ ਜੰਗ) ਆਦਿ। ਖੇਡਾਂ ਵਿੱਚ ਵੀ ਪਾਰਸੀਆਂ ਨੇ ਆਪਣੀ ਧਾਂਕ ਜਮਾ ਕੇ ਰੱਖੀ ਹੈ, ਜਿਵੇਂ ਪ੍ਰਸਿੱਧ ਕ੍ਰਿਕਟਰ ਨਾਰੀ ਕਾਂਟਰੈਕਟਰ, ਰੂਸੀ ਮੋਦੀ, ਫਾਰੂਖ ਇੰਜੀਨੀਅਰ ਅਤੇ ਪੌਲੀ ਉਮਰੀਗਰ। ਸੰਗੀਤ ਅਤੇ ਫਿਲਮ ਜਗਤ ਵਿੱਚ ਰੌਕ ਸਟਾਰ ਫਰੈਡੀ ਮਰਕਰੀ, ਕੈਖੁਸਰੋ ਸ਼ਾਪੂਰਜੀ, ਜ਼ੁਬਿਨ ਮਹਿਤਾ, ਬੋਮਨ ਇਰਾਨੀ, ਨੀਨਾ ਵਾਡੀਆ ਅਤੇ ਪਰਸਿਸ ਖੰਬਾਟਾ ਨੂੰ ਕੌਣ ਨਹੀਂ ਜਾਣਦਾ। ਇਸ ਤੋਂ ਇਲਾਵਾ ਫਾਲੀ ਐਸ ਨਰੀਮਨ, ਨਾਨੀ ਅਰਦੀਸ਼ਵਰ ਪਾਲਕੀਵਾਲਾ ਅਤੇ ਸੋਲੀ ਸੋਰਾਬਜੀ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਹਨ। ਆਪਣੀ ਘੱਟ ਗਿਣਤੀ ਦੇ ਬਾਵਜੂਦ ਇਹ ਫਿਰਕਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਤੇ ਦੁਨੀਆਂ ਵਾਸਤੇ ਕਿਸੇ ਚਾਨਣ ਮੁਨਾਰੇ ਤੋਂ ਘੱਟ ਨਹੀਂ ਹੈ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062