
ਰਵਿੰਦਰ ਸਿੰਘ ਸੋਢੀ
ਅਮਰਜੀਤ ਕੌਂਕੇ ਕੌਣ ਹੈ? ‘ਪ੍ਰਤਿਮਾਨ’ ਮੈਗਜ਼ੀਨ ਦਾ ਸੰਪਾਦਕ, ਪੰਜਾਬੀ ਅਤੇ ਹਿੰਦੀ ਦਾ ਕਵੀ, ਹਿੰਦੀ, ਅੰਗਰੇਜ਼ੀ ਦੀਆਂ ਕਲਾਸੀਕਲ ਪੁਸਤਕਾਂ ਨੂੰ ਪੰਜਾਬੀ ਪਾਠਕਾਂ ਦੇ ਸਨਮੁਖ ਕਰਨ ਵਾਲਾ ਜਾਂ ਪੰਜਾਬੀ ਪੁਸਤਕਾਂ ਨੂੰ ਹਿੰਦੀ ਪਾਠਕਾਂ ਤੱਕ ਪਹੁੰਚਾਉਣ ਵਾਲਾ ਅਨੁਵਾਦਕ, ਅਨੁਵਾਦ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਦੇ ਨਾਲ-ਨਾਲ ਹੋਰ ਕਈ ਮਾਨ-ਸਨਮਾਨ ਪ੍ਰਾਪਤ ਕਰਨ ਵਾਲਾ ਸਾਹਿਤਕਾਰ ਅਤੇ ਸਭ ਤੋਂ ਵੱਧ ਇਕ ਸੁਹਿਰਦ ਇਨਸਾਨ, ਯਾਰਾਂ ਦਾ ਯਾਰ, ਦੋਸਤਾਂ-ਮਿੱਤਰਾਂ ਦੀਆਂ ਮਹਿਫ਼ਲਾਂ ਵਿਚ ਰੰਗ ਭਰਨ ਵਾਲਾ ਅਤੇ ਹੋਰ ਪਤਾ ਨਹੀਂ ਕੀ ਕੁਝ? ਸਰਕਾਰੀ ਨੌਕਰੀ ਵੀ ਕਰਦਾ ਰਿਹਾ, ਪਰਿਵਾਰਕ ਜ਼ਿੰਮੇਵਾਰੀਆਂ ਬਾ-ਖੂਬੀ ਨਿਭਾਉਂਦਾ, ਸਮਾਜ ਵਿਚ ਵਿਚਰਦਾ ਹੋਇਆ ਪਤਾ ਨਹੀਂ ਲਿਖਣ ਲਈ ਵਕਤ ਕਿੱਥੋਂ ਕੱਢ ਲੈਂਦਾ ਹੈ ਅਤੇ ਸਾਹਿਤਕ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਿਰਕਤ ਕਿਵੇਂ ਕਰਦਾ ਰਹਿੰਦਾ ਹੈ? ਮੇਰਾ ਨਿਜੀ ਵਿਚਾਰ ਹੈ ਕਿ ਉਸਦਾ ਤੀਜਾ ਨੇਤਰ ਸਰਸਵਤੀ ਦੇਵੀ ਨੇ ਆਪ ਖੋਲਿਆ ਹੈ। ਉਹ ਦੇਸ-ਵਿਦੇਸ਼ ਵਿਚ ਵਾਪਰ ਰਹੇ ਵਰਤਾਰਿਆਂ ‘ਤੇ ਪੈਣੀ ਨਜ਼ਰ ਰੱਖਦਾ ਹੈ, ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਨੂੰ ਨੀਝ ਨਾਲ ਨਿਹਾਰਦਾ ਹੋਇਆ ਆਪਣੇ ਅਵਚੇਤਨ ਦਿਮਾਗ ਵਿਚ ਵਸਾ ਲੈਂਦਾ ਹੈ। ਜਿਵੇਂ ਅੱਜ ਕੱਲ ਫੇਸਬੁੱਕ ‘ਤੇ ਦੋ ਤਿੰਨ ਸਾਲ ਪੁਰਾਣੀਆਂ ਪੋਸਟਾਂ ਜਾਂ ਤੁਹਾਡੀਆਂ ਪੁਰਾਣੀਆਂ ਫ਼ੋਟੋਆਂ ਆਪਣੇ ਆਪ ਪ੍ਰਗਟ ਹੋ ਜਾਂਦੀਆਂ ਹਨ, ਉਸੇ ਤਰਾਂ ਕੌਂਕੇ ਦੇ ਅਵਚੇਤਨ ਦਿਮਾਗ ਵਿਚ ਵਸੀਆਂ ਘਟਨਾਵਾਂ ਕਦੋਂ ਉਸਦੀ ਕਲਮ ਰਾਹੀਂ ਕੋਰੇ ਕਾਗਜਾਂ ‘ਤੇ ਆ ਬਿਰਾਜਮਾਨ ਹੋ ਜਾਣ, ਇਸਦਾ ਇਲਮ ਸ਼ਾਇਦ ਉਸ ਨੂੰ ਆਪ ਵੀ ਨਹੀਂ ਹੁੰਦਾ। ਇਹ ਕੋਈ ਅਤਕਥਨੀ ਨਾ ਹੋ ਕੇ ਉਸ ਦੇ ਸੱਜਰੇ ਪ੍ਰਕਾਸ਼ਿਤ ਕਾਵਿ ਸੰਗ੍ਰਹਿ ‘ਇਸ ਧਰਤੀ ‘ਤੇ ਰਹਿੰਦਿਆਂ’ ਦੇ ਅਧਿਐਨ ਉਪਰੰਤ ਸਪਸ਼ਟ ਹੋ ਜਾਂਦਾ ਹੈ।
ਪ੍ਸਤੁਤ ਕਾਵਿ ਸੰਗ੍ਰਹਿ ਵਿਚ 71 ਕਵਿਤਾਵਾਂ ਦਰਜ ਹਨ। ਇਸ ਪੁਸਤਕ ਦਾ ਮੁੱਖ ਬੰਦ ਪੰਜਾਬੀ ਸਾਹਿਤ ਦੇ ਮਾਣ ਮੱਤੇ ਹਸਤਾਖਰ ਡਾ ਮਨਮੋਹਨ ਵੱਲੋਂ ਲਿਖਿਆ ਗਿਆ ਹੈ। ਕਵਿਤਾਵਾਂ ਪੜ੍ਹਨ ਤੋਂ ਪਹਿਲਾਂ ਮੁੱਖ ਬੰਦ ਪੜ੍ਹ ਕੇ ਵੀ ਕਈ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਹਨਾਂ ਪੰਨਿਆਂ ‘ਤੇ ਅਮਰਜੀਤ ਕੌਂਕੇ ਦੀ ਕਵਿਤਾ ਦੀ ਤਾਂ ਗੱਲ ਕੀਤੀ ਹੀ ਗਈ ਹੈ, ਪਰ ਉਸ ਤੋਂ ਇਲਾਵਾ ਕਵਿਤਾ ਸੰਬੰਧੀ ਕੁਝ ਹੋਰ ਗੱਲਾਂ ਵੀ ਕੀਤੀਆਂ ਗਈਆਂ ਹਨ। ਮਸਲਨ ਡਾ ਮਨਮੋਹਨ ਦਾ ਕਹਿਣਾ ਹੈ ਕਿ “ਕਵਿਤਾ ਵਿਚਾਰਧਾਰਾ ਨਹੀਂ ਹੁੰਦੀ, ਪਰ ਉਸ ਵਿਚ ਇਕ ਵਿਚਾਰ ਯੋਗ ਦ੍ਰਿਸ਼ਟੀ ਭਾਵ ਜਰੂਰ ਹੁੰਦਾ ਹੈ, ਜੋ ਚਿੰਤਨ ਤੇ ਚਿੰਤਾ ਦਰਮਿਆਨ ਡੋਲਦਾ ਰਹਿੰਦਾ ਹੈ”; ਕਵਿਤਾ ਦੀ ਕਲਾ ਹੈ ‘ਕਾਵਿਕਾਰੀ’; ਵਿਚਾਰ, ਵਿਚਾਰਧਾਰਾ ਨਹੀਂ ਹੁੰਦੀ। ਕਵਿਤਾ ਵਿਚਾਰਧਾਰਾ ਦਾ ਉਪਚਾਰ ਹੈ; ਜਰੂਰੀ ਨਹੀਂ ਕਿ ਆਪਣੇ ਸਮਿਆਂ ਨੂੰ ਕਵੀ ਨੇ ਆਪਣੇ ਹੀ ਸਮੇਂ ‘ਚ ਖੜੋ ਕੇ ਦੇਖੇ, ਉਹ ਭਵਿੱਖ ਦੇ ਕਿਸੇ ਅਨੁਮਾਨ ਬਿੰਦੂ ਅਤੇ ਅਤੀਤ ਦੀਆਂ ਸਥਿਤੀਆਂ ਤੋਂ ਵੀ ਦੇਖ ਸਕਦਾ ਹੈ; ਕਵਿਤਾ ਲਿਖੇ ਜਾਣ ਤੋਂ ਬਾਅਦ ਕਵੀ ਦਾ ਉਸ ਨਾਲ ਕੋਈ ਬਹੁਤਾ ਵਾਸਤਾ ਨਹੀਂ ਰਹਿੰਦਾ ਕਿਉਂ ਕਿ ਕਵੀ ਦੀ ਭੂਮਿਕਾ ਆਪਣਾ ਆਪ ਹੰਢਾ ਚੁੱਕੀ ਹੁੰਦੀ ਹੈ।
ਇਸ ਚਰਚਾ ਵਿਚ ਵਿਚਾਰ ਅਧੀਨ ਕਾਵਿ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ‘ਤੇ ਚਰਚਾ ਕਰਨ ਦਾ ਨਾ ਤਾਂ ਮੇਰਾ ਇਰਾਦਾ ਹੈ ਅਤੇ ਨਾ ਹੀ ਇਹ ਸੰਭਵ ਹੈ। ਕੌਂਕੇ ਦੀ ਇਸ ਕਾਵਿ ਰਚਨਾ ਵਿਚ ਵਿਸ਼ਿਆਂ ਦੀ ਭਰਮਾਰ ਹੈ। ਉਸ ਨੇ ਸਮਾਜਿਕ ਵਰਤਾਰਿਆਂ ਸੰਬੰਧੀ ਗੱਲ ਵੀ ਕੀਤੀ ਹੈ, ਪਿਆਰ- ਮੁਹੱਬਤ ਦੀਆਂ ਗੱਲਾਂ ਵੀ ਕੀਤੀਆਂ ਹਨ, ਰਾਜਸੀ ਭਮਕੜਾਂ ਦੀ ਗੱਲ ਵੀ ਕੀਤੀ ਹੈ, ਇਨਸਾਨੀ ਫਿਤਰਤ ਦੇ ਕੋਝੇ ਕਿਰਦਾਰ ਨੂੰ ਵੀ ਭੰਡਿਆ ਹੈ, ਕਿਤੇ-ਕਿਤੇ ਆਮ ਇਨਸਾਨਾਂ ਵੱਲੋਂ ਖੇਡੀ ਜਾਂਦੀ ਹੈਵਾਨੀਅਤ ਦੀ ਹੋਲੀ ਦੇ ਰੰਗਾਂ ਨੂੰ ਬਦਰੰਗ ਵੀ ਕੀਤਾ ਹੈ ਅਤੇ ਉਸਨੇ ਆਪਣੇ ਅਣੋਖੇ ਅੰਦਾਜ਼ ਵਿਚ ਕਿਤੇ ਸੈਨਤਾਂ ਨਾਲ ਵਿਅੰਗ ਦੀਆਂ ਚੋਭਾਂ ਲਾਈਆਂ ਹਨ ਅਤੇ ਕਈ ਥਾਂ ਪਖੰਡੀਆਂ ਦੇ ਪਖੰਡ ਨੂੰ ਬੇਬਾਕ ਢੰਗ ਨਾਲ ਪੇਸ਼ ਕੀਤਾ ਹੈ। ਇਹ ਸਾਰੇ ਵੱਖਰੇ-ਵੱਖਰੇ ਅੰਦਾਜ਼ ਉਸਦੀ ਕਵਿਤਾ ਨੂੰ ਪਾਠਕਾਂ ਨਾਲ ਬੰਨੀ ਰੱਖਣ ਦੇ ਨਾਲ-ਨਾਲ ਉਹਨਾਂ ਦੀ ਕਾਵਿਕ ਭੁੱਖ ਦੀ ਤ੍ਰਿਪਤੀ ਵੀ ਕਰਦੇ ਹਨ। ਅਸਲ ਵਿਚ ਪੰਜਾਬੀ ਦੇ ਅਜੋਕੇ ਪਾਠਕ ਬਰਸਾਤੀ ਖੁੰਬਾਂ ਵਾਂਗ ਪੈਦਾ ਹੁੰਦੇ ਕੱਚ ਘਰੜ ਕਵੀਆਂ ਦੀਆਂ ਬੇਤੁਕੀਆਂ ਅਤੇ ਕਾਵਿਕਤਾ ਤੋਂ ਕੋਰੀਆਂ ਵਾਰਤਕ ਨੁਮਾ ਕਵਿਤਾਵਾਂ ਤੋਂ ਅੱਕੇ ਪਏ ਹਨ। ਜਦੋਂ ਉਹਨਾਂ ਦੇ ਸਾਹਮਣੇ ‘ਇਸ ਧਰਤੀ ‘ਤੇ ਰਹਿੰਦੇ’ ਵਰਗੀ ਕਲਾਮਈ ਕਾਵਿ ਪੁਸਤਕ ਆਉਂਦੀ ਹੈ ਤਾਂ ਉਹਨਾਂ ਦੀ ਕਾਵਿਕ ਭੁੱਖ ਦੀ ਤ੍ਰਿਪਤੀ ਹੋਣ ਦੇ ਨਾਲ-ਨਾਲ ਪੰਜਾਬੀ ਕਾਵਿ ਸਾਹਿਤ ਦਾ ਪਿੜ ਵੀ ਮੋਕਲਾ ਹੁੰਦਾ ਹੈ। ਮੈਨੂੰ ਇਹ ਲਿਖਣ ਵਿਚ ਕੋਈ ਹਰਜ ਨਹੀਂ ਕਿ ਕੌਂਕੇ ਦਾ ਪਰਸਤੁਤ ਕਾਵਿ ਸੰਗ੍ਰਹਿ ਖੁੱਲੀ ਕਵਿਤਾ ਦੀ ਸ੍ਰੇਣੀ ਵਿਚ ਹੀ ਆਉਂਦਾ ਹੈ, ਪਰ ਇਸ ਸੁਹਿਰਦ ਕਵੀ ਨੂੰ ਇਹ ਭਲੀ ਭਾਂਤ ਪਤਾ ਹੈ ਕਿ ਛੰਦ ਮੁਕਤ ਕਵਿਤਾ ਵਿਚ ਵੀ ਕਾਵਿਕਤਾ ਦੀਆਂ ਲਿਸ਼ਕੋਰਾਂ ਕਿਵੇਂ ਪਾਉਣੀਆਂ ਹਨ।
‘ਵਿਰਲਾਪ’ ਕਵਿਤਾ ਦੀਆਂ ਇਹ ਤੁਕਾਂ ਦੇਖਣ ਵਾਲੀਆਂ ਹਨ:
ਇਹ ਦੇਸ਼ ਸੀ ਕੀ
ਬੁੱਧ ਦਾ
ਮਹਾਂਵੀਰ ਦਾ
ਕ੍ਰਿਸ਼ਨ ਦਾ
ਰਾਮ ਦਾ
ਨਾਨਕ ਦਾ
ਉਸ ਦੇ ਅੰਦਰ ਬੈਠੀ
ਆਤਮਾ ਨੇ ਪਲ ਭਰ ਲਈ
ਪੁੱਛਿਆ ਤਾਂ ਹੋਵੇਗਾ ਜ਼ਰੂਰ—
ਇਸੇ ਤਰਾਂ ਕਵਿਤਾ ਦੀ ਰਵਾਨੀ ਦੀ ਬਿਹਤਰੀਨ ਉਦਾਹਰਣ ‘ਇਸ ਧਰਤੀ ‘ਤੇ ਰਹਿੰਦਿਆਂ’ ਦੀਆਂ ਇਹਨਾਂ ਸਤਰਾਂ ਤੋਂ ਦ੍ਰਿਸ਼ਟੀਗੋਚਰ ਹੁੰਦੀ ਹੈ:
ਜਿਵੇਂ ਕੋਈ ਬੁੱਤਘਾੜਾ
ਬਚਾ ਲੈਂਦਾ ਹੈ
ਮਿੱਟੀ ਦੀ ਤਾਸੀਰ
ਆਪਣੇ ਬੁੱਤਾ ਵਿਚ
ਚਿੱਤਰਕਾਰ ਜਿਵੇਂ ਕੋਈ
ਸਾਂਭ ਲੈਂਦਾ
ਕੁਦਰਤ ਦੇ ਰੰਗਾਂ ਨੂੰ
ਆਪਣੇ ਚਿਤਰਾਂ ਵਿਚ
ਜਿਵੇਂ ਸਜਿੰਦਾ ਕੋਈ
ਸੰਭਾਲ ਲੈਂਦਾ
ਕਾਇਨਾਤ ਦਾ ਸੰਗੀਤ
ਆਪਣੀਆਂ ਸੁਰਾਂ ਵਿਚ
ਗਾਇਕ ਜਿਵੇਂ ਕੋਈ
ਬਚਾ ਲੈਂਦਾ
ਆਪਣੇ ਗੀਤਾਂ ਵਿਚ
ਧਰਤੀ ਦੀ ਆਵਾਜ਼……
ਕਿਸੇ ਵੀ ਸਾਹਿਤਕਾਰ ਦੀ ਰਚਨਾ ਦਾ ਮਕਸਦ ਨਿਰੋਲ ਆਪਣੇ ਵਿਚਾਰਾਂ ਨੂੰ ਪ੍ਰਗਟਾਉਣਾ ਹੀ ਨਹੀਂ ਹੁੰਦਾ। ਇਹ ਦੇਖਣਾ ਨੀ ਉਸਦਾ ਫਰਜ਼ ਹੁੰਦਾ ਹੈ ਕਿ ਉਹ ਜੋ ਕੁਝ ਲਿਖ ਰਿਹਾ ਹੈ, ਉਹ ਪਾਠਕਾਂ ਦੀ ਸਮਝ ਵਿਚ ਵੀ ਆ ਰਿਹਾ ਹੈ ਜਾਂ ਨਹੀਂ। ਇਸ ਤੋਂ ਵੀ ਅੱਗੇ ਦੀ ਗੱਲ ਇਹ ਹੈ ਕਿ ਉਸਦੀ ਰਚਨਾ ਕਿਤੇ ਕਲਾ ਦੇ ਘੇਰੇ ਵਿਚ ਘੁੰਮਦੀ ਹੋਈ ਆਪਣਾ ਸਾਹ-ਸਤ ਤਾਂ ਨਹੀਂ ਮੁਕਾ ਰਹੀ? ਜਿਸ ਸਮਾਜ ਵਿਚ ਸਾਹਿਤਕਾਰ ਵਿਚਰ ਰਿਹਾ ਹੈ, ਉਸ ਲਈ ਵੀ ਕੋਈ ਹਾਂ-ਪੱਖੀ ਕੰਮ ਕਰ ਰਹੀ ਹੈ ਜਾਂ ਨਹੀਂ। ਆਪਣੇ ਆਲੇ-ਦੁਵਾਲੇ ਦੇ ਸਹੀ ਜਾਂ ਗਲਤ ਵਰਤਾਰਿਆਂ ਤੋਂ ਵੀ ਪਾਠਕਾਂ ਨੂੰ ਜਾਣੂ ਕਰਵਾ ਰਹੀ ਹੈ ਜਾਂ ਨਹੀਂ। ਸਾਹਿਤਕਾਰ ਆਮ ਇਨਸਾਨਾਂ ਨਾਲੋਂ ਕੁਝ ਵੱਖਰੀ ਕਤਾਰ ਵਿਚ ਖੜੇ ਹੁੰਦੇ ਹਨ। ਉਹਨਾਂ ਕੋਲ ਇਹ ਰੱਬੀ ਖ਼ੂਬੀ ਹੁੰਦੀ ਹੈ ਕਿ ਉਹ ਕਿਸੇ ਵੀ ਘਟਨਾ ਦੇ ਆਰ-ਪਾਰ ਦੇਖਣ ਦੀ ਸੋਝੀ ਰੱਖਦੇ ਹਨ। ਸਾਹਿਤਕਾਰਾਂ ਦੀਆਂ ਰਚਨਾਵਾਂ ਪੜ੍ਹ ਕੇ ਆਮ ਪਾਠਕ ਵੀ ਕਿਸੇ ਵੀ ਗੱਲ ਦੇ ਗੁੱਝੇ ਭੇਦਾਂ ਨੂੰ ਸਮਝਣ ਦੇ ਯੋਗ ਹੋ ਜਾਂਦੇ ਹਨ, ਕਿਸੇ ਵੀ ਵਾਪਰ ਰਹੀ ਜਾਂ ਵਾਪਰ ਚੁੱਕੀ ਘਟਨਾ ਜਾਂ ਘਟਨਾਵਾਂ ਦੇ ਪਿਛੋਕੜ ਅਤੇ ਭਵਿਖਮੁਖੀ ਪ੍ਰਭਾਵਾਂ ਦਾ ਕੁਝ ਨਾ ਕੁਝ ਅੰਦਾਜ਼ਾ ਲਾ ਹੀ ਲੈਂਦੇ ਹਨ। ਸਾਹਿਤਕਾਰ ਗਲਤ ਵਰਤਾਰਿਆਂ ਨੂੰ ਇਸ ਢੰਗ ਨਾਲ ਪੇਸ਼ ਕਰਨ ਦੇ ਸਮਰਥ ਹੁੰਦੇ ਹਨ ਕਿ ਪਾਠਕਾਂ ਨੂੰ ਮਹਿਸੂਸ ਹੋ ਜਾਂਦਾ ਹੈ ਕਿ ਗਲਤੀ ਕਿਥੇ ਸੀ ਅਤੇ ਉਸਦਾ ਸੁਧਾਰ ਕਿਵੇਂ ਕੀਤਾ ਜਾ ਸਕਦਾ ਹੈ। ਕਈ ਵਾਰ ਰਾਜਸੀ ਵਿਚਾਰਧਾਰਾ, ਕਿਸੇ ਲੋਭ-ਲਾਲਚ ਜਾਂ ਡਰ ਕਾਰਨ ਸਾਹਿਤਕਾਰ ਗਲਤ ਬਿਆਨੀ ਵੀ ਕਰ ਜਾਂਦੇ ਹਨ। ਅਜਿਹੇ ਸਾਹਿਤਕਾਰ ਜੁਗਾੜੀ ਬਿਰਤੀ ਦੇ ਹੁੰਦੇ ਹਨ ਅਤੇ ਸਾਹਿਤ ਮਨੋ ਬਿਰਤੀ ਤੋਂ ਕੋਰੇ।
ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਜੇ ਕੌਂਕੇ ਦੀ ਵਿਚਾਰ ਅਧੀਨ ਕਾਵਿ ਪੁਸਤਕ ਦਾ ਅਧਿਐਨ ਕੀਤਾ ਜਾਵੇ ਤਾਂ ਬਿਨਾਂ ਕਿਸੇ ਸੰਕੋਚ ਤੋਂ ਕਿਹਾ ਜਾ ਸਕਦਾ ਹੈ ਕਿ ਉਹ ਇਕ ਸੁਹਿਰਦ ਸਾਹਿਤਕਾਰ ਹੈ, ਉਹ ਕਾਵਿ ਦੇ ਕਲਾ ਪੱਖ ਦਾ ਵੀ ਜਾਣੂ ਹੈ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਵੀ ਸੁਚੇਤ ਹੈ। ਉਸ ਕੋਲ ਠੀਕ ਨੂੰ ਠੀਕ ਕਹਿਣ ਦੀ ਜਾਂਚ ਹੈ ਅਤੇ ਗਲਤ ਵਿਰੁਧ ਆਵਾਜ਼ ਉਠਾਉਣ ਦੀ ਜ਼ਰੂਰਤ ਹੈ। ਉਸ ਨੂੰ ਭਲੀ-ਭਾਂਤ ਪਤਾ ਹੈ ਕਿ ਸਾਡੇ ਦੇਸ ਵਿਚ ਔਰਤਾਂ ਨੂੰ ਆਦਿ ਕਾਲ ਤੋਂ ਹੀ ਹਾਸ਼ੀਏ ਤੇ ਧੱਕ ਕੇ ਰੱਖਣ ਦੀ ਬਿਰਤੀ ਭਾਰੂ ਰਹੀ ਹੈ। ਇਸ ਲਈ ਉਹ ‘ਬੋਲਣ ਦਿਉ ਉਸਨੂੰ’ ਕਵਿਤਾ ਵਿਚ ਵਰਤਮਾਨ ਸਮੇਂ ਵਿਚ ਔਰਤਾਂ ਵੱਲੋਂ ਆਪਟੇ ਹੱਕ ਲਈ ਉਠਾਈ ਜਾ ਰਹੀ ਆਵਾਜ਼ ਦੀ ਹਾਂ ਵਿਚ ਹਾਂ ਮਿਲਾਉਂਦਾ ਲਿਖਦਾ ਹੈ:
ਸਦੀਆਂ ਤੋਂ
ਉਸ ਅੰਦਰ ਪਿਆ ਲਾਵਾ
ਫੁੱਟਣ ਲੱਗਿਆ ਹੈ
ਪੀੜ੍ਹੀਆਂ ਤੋਂ
ਉਸ ਤੇ ਹੁੰਦੇ
ਤਸ਼ੱਦਦ ਦੀਆਂ ਪਰਤਾਂ
ਵਿਸਫੋਟ ਕਰਨ ਲੱਗੀਆਂ ਹਨ
ਬੋਲਣ ਦਿਉ ਉਸਨੂੰ।
‘ਇੱਕ ਬਲਦੀ ਦੁਪਹਿਰ’ ਕਵਿਤਾ ਵਿਚ ਉਸ ਗਰੀਬ, ਮਜਬੂਰ ਆਦਿ ਵਾਸੀ ਇਨਸਾਨ ਦੀ ਗੱਲ ਬੜੇ ਮਾਰਮਰਿਕ ਅਤੇ ਦਿਲ ਨੂੰ ਝੰਜੋੜਨ ਵਾਲੇ ਸ਼ਬਦਾਂ ਵਿਚ ਬਿਆਨ ਕਰਦਾ ਹੈ ਜੋ ਆਪਣੀ ਮਰ ਚੁੱਕੀ ਜੀਵਨ ਸਾਥਣ ਦੀ ਲਾਸ਼ ਮੋਢਿਆਂ ‘ਤੇ ਚੁੱਕ ਕੇ ਕਈ ਕਿਲੋਮੀਟਰ ਤੁਰ ਕੇ ਘਰ ਪਹੁੰਚਦਾ ਹੈ। ਕਵਿਤਾ ਦੇ ਮੁੱਢ ਵਿਚ ਹੀ ਕਵੀ , ‘ਮਹਾਨ ਦੇਸ਼’ ਦੀ ‘ਵੇਦਾਂ ਦੀ ਧਰਤੀ’, ‘ਮਹਿੰਜੋਦੜੋ ਹੜੱਪਾ ਜਿਹੀਆਂ ਸਭਿਅਤਾਵਾਂ ਦੀ ਜਨਮ ਦਾਤਾ’ ਦੇ ਇਕ ਕਿਸਮ ਨਾਲ ਕੀਰਨੇ ਹੀ ਪਾਉਂਦਾ ਹੈ ਅਤੇ ਸਪਸ਼ਟ ਸ਼ਬਦਾਂ ਵਿਚ ਲਿਖਦਾ ਹੈ:
ਪਰ ਉਸਦੇ ਮੋਢਿਆਂ ਤੇ
ਸਿਰਫ ਉਸਦੀ
ਬੀਵੀ ਦੀ ਲਾਸ਼ ਨਹੀਂ
ਅਣਗਿਣਤ ਲਾਸ਼ਾਂ ਨੇ
ਉਸਦੇ ਮੋਢਿਆਂ ਤੇ
ਇਸ ਮਹਾਨ ਦੇਸ਼ ਦੇ
ਸਭਿਆਚਾਰ ਦੀਆਂ
ਸੰਸਕ੍ਰਿਤੀ ਦੀਆਂ
ਮਰ ਚੁੱਕੀ ਇਨਸਾਨੀਅਤ ——
ਇਸੇ ਤਰਾਂ ‘ਵਿਰਲਾਪ’ ਕਵਿਤਾ ਵਿਚ ਕਵੀ ਨੇ ਇਨਸਾਨਾਂ ਵਿਚੋਂ ਮਰ ਰਹੀ ਇਨਸਾਨੀਅਤ ਦੀ ਗੱਲ ਕੀਤੀ ਹੈ ਜਿਸ ਵਿਚ ਇਕ ਗਰਭਵਤੀ ਹਥਣੀ ਦੇ ਮੂੰਹ ਵਿਚ ਬਾਰੂਦ ਵਾਲਾ ਅਨਾਨਾਸ ਦੇ ਕੇ, ਉਸ ਬੇ ਜੁਬਾਨ ਜਾਨਵਰ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾਂਦਾ ਹੈ। ਇਸ ਕਵਿਤਾ ਵਿਚ ਵੀ ਕਵੀ ਸਾਡੇ ਦੇਸ ਦੇ ਮਹਾਨ ਗੁਰੂਆਂ, ਪੀਰਾਂ ਦਾ ਜ਼ਿਕਰ ਕਰਕੇ ਹੱਥਣੀ ਦੇ ਦਿਲ ਵਿਚ ਉੱਠ ਰਹੇ ਵਲਵਲਿਆਂ ਨੂੰ ਕਲਮ ਬਧ ਕਰਦਾ ਹੈ।
ਜਿਵੇਂ ਮੈਂ ਉਪਰ ਲਿਖਿਆ ਹੈ ਕਿ ਸਾਹਿਤਕਾਰ ਆਪਣੇ ਸਮੇਂ ਤੋਂ ਵੀ ਅੱਗੇ ਦੇਖਣ ਵਾਲੇ ਹੁੰਦੇ ਹਨ। ਅਮਰਜੀਤ ਕੌਂਕੇ ਦੀ ਕਵਿਤਾ ‘ਇੱਕ ਖੰਡਰ ਵਿਚੋਂ ਸ਼ਹਿਰ ਦੀ ਗਾਥਾ’ ਕਵਿਤਾ ਤੋਂ ਸਹਿਜੇ ਹੀ ਪਤ ਲੱਗਦਾ ਹੈ ਕਿ ਸਾਡਾ ਇਹ ਕਵੀ ਇਸ ਅਵਸਥਾ ਵਿਚ ਪਹੁੰਚ ਚੁੱਕਿਆ ਹੈ। ਮਾਹਿਰਾਂ ਵੱਲੋਂ ਬਾਰ-ਬਾਰ ਇਹ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਆਉਣ ਨਾਲੇ ਵਿਚ ਪੰਜਾਬ ਦੀ ਜ਼ਰਖੇਜ਼ ਧਰਤੀ ਬੰਜਰ ਹੋਣ ਵੱਲ ਵਧ ਰਹੀ ਹੈ। ਸਪਤ ਸਿੰਧੁ ਤੋਂ ਪੰਜਾਬ ਬਣੇ, ਪੰਜਾਬ ਤੋਂ ਢਾਈ ਦਰਿਆਵਾਂ ਵਾਲਾ ਸੂਬਾ ਹੁਣ ਪਾਣੀ ਵਿਹੂਣਾ ਹੋਣ ਦੇ ਰਾਹ ਪਿਆ ਹੋਇਆ ਹੈ। ਇਸ ਅਵਸਥਾ ਦਾ ਜ਼ਿਕਰ ਉਪਰੋਕਤ ਕਵਿਤਾ ਵਿਚ ਕੀਤਾ ਗਿਆ ਹੈ, ਜੋ ਪੜ੍ਹਨ ਯੋਗ ਹੀ ਨਹੀਂ ਸਗੋਂ ਵਿਚਾਰਨ ਯੋਗ ਕਵਿਤਾ ਹੈ। ਕਵਿਤਾ ਦੀਆਂ ਇਹ ਸਤਰਾਂ ਦੇਖੋ:
ਹੌਲੀ ਹੌਲੀ
ਦਰਿਆ ਸੁੱਕਣ ਲੱਗੇ
ਸੋਮੇ ਮੁੱਕਣ ਲੱਗੇ
ਜੰਗਲ ਕੰਕਰੀਟ ਵਿਚ ਬਦਲ ਗਏ
ਪੌਣਾ ਵਿਚੋਂ ਸਾਹ-ਸਤ ਮੁੱਕ ਗਏ
ਬੱਦਲਾਂ ਨੇ ਵਰਨਾ ਛੱਡ ਦਿੱਤਾ
ਚਿੜੀਆਂ ਖ਼ਤਮ ਹੋਈਆਂ
ਸਭ ਤੋਂ ਪਹਿਲਾਂ……
ਪੁਸਤਕ ਦੇ ਨਾਮਕਰਨ ਵਾਲੀ ਕਵਿਤਾ ਬਹੁ-ਪਰਤੀ ਕਵਿਤਾ ਹੈ, ਜਿਸ ਵਿਚ ਕਵੀ ਨੇ ਕਈ ਭਖਦੇ ਮਸਲਿਆਂ ਤੇ ਗੱਲ ਕੀਤੀ ਹੈ; ਆਪਣੀ ਭਾਸ਼ਾ ਬਚਾਉਣ ਦਾ ਯਤਨ, ਸਾਫ ਹਵਾ, ਬਿਰਖ, ਪੌਦੇ, ਚਿੜੀਆਂ ਬਚਾਉਣ ਦੀ ਗੱਲ, ਪ੍ਰਵਾਸ ਨੂੰ ਰੋਕਣ ਦੀ ਗੱਲ ਆਦਿ।
ਇਸ ਕਾਵਿ ਸੰਗ੍ਰਿਹ ਦੀ ਇਕ ਹੋਰ ਯਾਦ ਰੱਖਣ ਨਾਲੀ ਕਵਿਤਾ ਹੈ, ‘ਦੁੱਖ ਇੱਕ ਛਲੇਡਾ’। ਇਹ ਇਕ ਦੁਨਿਆਵੀ ਸੱਚ ਹੈ ਕਿ ਦੁੱਖ ਹਰ ਇਨਸਾਨ ਦਾ ਜੀਵਨ ਦਾ ਅਟੁੱਟ ਅੰਗ ਹੈ। ਇਸੇ ਤਰਾਂ ‘ਆਖਰੀ ਪੀੜੀ ਦੇ ਲੋਕ’ ਵੀ ਯਥਾਰਥਕ ਤਸਵੀਰ ਉਲੀਕਦੀ ਹੈ।‘ਅੰਦਰ ਮਰਿਆ ਬਸੰਤ’ ਵਿਚ ਵੀ ਬਚਪਨ ਦੀਆਂ ਯਾਦਾਂ ਦਾ ਜ਼ਿਕਰ ਕਰ ਕੇ ਮੌਜੂਦਾ ਸਮੇਂ ਨਾਲ ਤੁਲਨਾਇਆ ਗਿਆ ਹੈ। ‘ਪੇਕਿਆਂ ਦੇ ਸੂਟ’ ਅਤੇ ‘ਕੁੱਤਾ ਮਿਲਣੀ’, ‘ਇਕ ਸਫ਼ਲ ਬੁੱਧੀਜੀਵੀ’ ਕਵਿਤਾਵਾਂ ਵਿਚ ਕਮਾਲ ਦੀ ਵਿਅੰਗਮਈ ਸ਼ੈਲੀ ਦੀ ਵਰਤੋਂ ਕੀਤੀ ਗਈ ਹੈ। ‘ਸਰਦੀ ਆਉਣ ਵਾਲੀ ਕਵਿਤਾ’ ਵਿਚ ਗਰੀਬ ਲੋਕਾਂ ਵੱਲੋਂ ਬਦਲਦੇ ਸਮੇਂ ਵਿਚ ਰੋਜ਼ੀ-ਰੋਟੀ ਦੇ ਅਹਾਰ ਲਈ ਕੀਤੀ ਮੁਸ਼ੱਕਤ ਦੀ ਗੱਲ ਕੀਤੀ ਗਈ ਹੈ। ‘ਵੰਡ’ ਕਵਿਤਾ ਵਿਚ ਕੁਦਰਤੀ ਕ੍ਰਿਸ਼ਮਿਆਂ (ਸੂਰਜ, ਹਵਾ, ਅੱਗ, ਫੁੱਲ ਆਦਿ) ਵੱਲੋਂ ਰੱਬੀ ਦਾਤਾਂ ਵੰਡੀਆਂ ਜਾਂਦੀਆਂ ਹਨ, ਪਰ ਕੁਝ ਮੁਲਕ ਬਾਰੂਦ ਵੰਡ ਰਹੇ ਹਨ, ਕੁਝ ਇਨਸਾਨ ਨਫ਼ਰਤੀ ਭਾਸ਼ਨਾਂ ਨਾਲ ਜ਼ਹਿਰ ਵੰਡਦੇ ਹਨ, ਦਿਮਾਗੀ ਨਪੁੰਸਕ ਦੂਜਿਆਂ ਦੇ ਦਿਮਾਗਾਂ ਵਿਚ ਵੀ ਕੂੜ-ਕਬਾੜ ਭਰ ਰਹੇ ਹਨ. ‘ਸੇਵਾ ਮੁਕਤ ਹੋਣ ਮਗਰੋਂ‘ ਵਿਚ ਕਵੀ ਨੇ ਸੇਵਾ ਮੁਕਤ ਵਿਅਕਤੀਆਂ ਦੀ ਜ਼ਿੰਦਗੀ ਦੀ ਤਸਵੀਰ ਉਲੀਕੀ ਹੈ, ‘ਇੱਕ ਕਾਮਯਾਬ ਆਦਮੀ’ ਵਿਚ ਅਜੋਕੇ ਸਮੇਂ ਵਿਚ ਕਾਮਯਾਬ ਬਣਨ ਲਈ ਝੂਠ, ਪਾਪ, ਬੇ-ਈਮਾਨੀ, ਬੇਗ਼ੈਰਤ ਹੋਣ ‘ਤੇ ਜ਼ੋਰ ਦਿੰਦਾ ਹੈ, ‘ਮਗਰੂ ਦਾ ਦਾਦਾ’ ਵਿਚ ਪ੍ਰਵਾਸੀ ਮਜ਼ਦੂਰਾਂ ਦੇ ਕਰੋਨਾ ਕਾਲ ਦੇ ਦੁਖਾਂਤ ਨੂੰ ਪੇਸ਼ ਕੀਤਾ ਹੈ. ‘ਗਿਆਨ’ ਕਵਿਤਾ ਦਾਰਸ਼ਨਿਕ ਵਿਚਾਰਾਂ ਵਾਲੀ ਹੈ, ਇਹਨਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਕੌਂਕੇ ਲਈ ਕੋਈ ਵਿਸ਼ਾ ਵਰਜਿਤ ਨਹੀਂ, ਹਰ ਵਿਸ਼ੇ ਨੂੰ ਪ੍ਰਗਟਾਉਣ ਦੀ ਸਮਰੱਥਾ ਰੱਖਦਾ ਹੈ.
ਸਮੁੱਚੇ ਰੂਪ ਵਿਚ ਕਿਹਾ ਜਾ ਸਕਦਾ ਹੈ ਕਿ ਅਮਰਜੀਤ ਕੌਂਕੇ ਦੇ ‘ਇਸ ਧਰਤੀ ‘ਤੇ ਰਹਿੰਦਿਆਂ’ ਨਾਲ ਉਸਦਾ ਸਾਹਿਤਕ ਕੱਦ ਹੀ ਉੱਚਾ ਨਹੀਂ ਹੋਇਆ ਪੰਜਾਬੀ ਕਾਵਿ ਸਾਹਿਤ ਵਿਚ ਵੀ ਨਿੱਗਰ ਵਾਧਾ ਹੋਇਆ ਹੈ। 160 ਪੰਨਿਆਂ ਵਾਲੀ ਪੁਸਤਕ ਦੀ ਕੀਮਤ 300 ਰੁਪਏ ਹੈ ਅਤੇ ਇਸ ਨੂੰ ਪ੍ਰਤੀਕ ਪਬਲੀਕੇਸ਼ਨ, ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਪੁਸਤਕ ਦਾ ਸਵਰਕ ਬਹੁਤ ਦਿਲ ਖਿਚਵਾਂ ਹੈ।
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ
ravindersodhi51@gmail. com