ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਦੋ ਲੱਖ ਰੁਪਏ ਕੀਤੇ ਗਏ ਭੇਂਟ ਅਤੇ ਬੱਚਿਆਂ ਦੀ ਪੜਾਈ ਦਾ ਜਿੰਮਾ ਚੁੱਕਣ ਦਾ ਵੀ ਕੀਤਾ ਗਿਆ ਐਲਾਨ

ਵਾਸ਼ਿੰਗਟਨ ਡੀ.ਸੀ, 22 ਮਈ (ਰਾਜ ਗੋਗਨਾ )- ਬੀਤੇ ਦਿਨੀਂ ਜੰਮੂ ਕਸ਼ਮੀਰ ਦੀ ਪਹਿਲਗਾਮ ਘਾਟੀ ‘ਚ ਹੋਏ ਅੱਤਵਾਦੀ ਹਮਲੇ ਉਪਰੰਤ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਲਾਤ ਤਣਾਅ ਵਾਲੇ ਬਣ ਗਏ ਸਨ। ਇਹਨਾਂ ਹਾਲਾਤਾਂ ਦੇ ਚੱਲਦਿਆਂ ਜੰਮੂ ਕਸ਼ਮੀਰ ਦੇ ਇਕ ਗੁਰਦੁਆਰਾ ਸਾਹਿਬ ‘ਤੇ ਵੀ ਹਮਲਾ ਹੋਇਆ ਜਿਸ ਵਿਚ ਇਕ ਗ੍ਰੰਥੀ ਸਿੰਘ ਸ਼ਹੀਦ ਹੋ ਗਏ ਸੀ ਜਿਸ ਕਾਰਨ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਗਿਆ। ਇਸ ਪਰਿਵਾਰ ਦੀ ਬਾਂਹ ਫੜਦਿਆਂ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ ਅਮੈਰਿਕਾ ਵਲੋਂ ਦੋ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ ਅਤੇ ਬੱਚਿਆਂ ਦੀ ਪੜਾਈ ਦਾ ਖਰਚਾ ਚੁੱਕਣ ਦਾ ਜਿੰਮਾ ਲਿਆ ਗਿਆ। ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਸਿੱਖਸ ਆਫ਼ ਅਮੈਰਿਕਾ ਪਰਿਵਾਰ ਨਾਲ ਹੋਏ ਦੁਖਾਂਤ ਪ੍ਰਤੀ ਦੁੱਖ ਦਾ ਪ੍ਰਗਟਾਵਾ ਤਾਂ ਕਰਦੀ ਹੀ ਹੈ ਪਰ ਕੋਸ਼ਿਸ਼ ਇਹ ਵੀ ਰਹੇਗੀ ਕਿ ਪਰਿਵਾਰ ਨੂੰ ਭਵਿੱਖ ‘ਚ ਕਿਸੇ ਵੀ ਤਰਾਂ ਦੀ ਕੋਈ ਵੀ ਘਾਟ ਮਹਿਸੂਸ ਨਹੀ ਹੋਣ ਦਿੱਤੀ ਜਾਵੇਗੀ।