ਇਹ 307 ਕੀ ਹੁੰਦੀ ਐ ਜੀ ?

ਸੰਨ 2012 ਵਿੱਚ ਸਾਰੀਆਂ ਅਟਕਲਬਾਜ਼ੀਆਂ ਨੂੰ ਝੁਠਲਾਉਂਦੇ ਹੋਏ ਲਗਾਤਾਰ ਦੂਸਰੀ ਵਾਰ ਅਕਾਲੀ ਸਰਕਾਰ ਬਣ ਗਈ ਸੀ। ਸਰਕਾਰ ਬਣਨ ਦੇ 4 ਕੁ ਮਹੀਨੇ ਬਾਅਦ ਬਾਦਲ ਪਰਿਵਾਰ ਦੇ ਇੱਕ ਪ੍ਰਭਾਵਸ਼ਾਲੀ ਕੰਡਕਟਰ ਨੇ ਕਿਸੇ ਕਾਰਨ ਪਰੇਸ਼ਾਨ ਕਰਨ ਲਈ ਮੇਰੀ ਪੋਸਟਿੰਗ ਐਸ.ਪੀ. ਡੀ. ਬਰਨਾਲੇ ਤੋਂ ਬਤੌਰ ਐਸ.ਪੀ. ਮਲੋਟ ਕਰਵਾ ਦਿੱਤੀ ਕਿਉਂਕਿ ਉਥੇ ਨਾ ਤਾਂ ਐਸ.ਪੀ. ਦਾ ਕੋਈ ਦਫਤਰ ਸੀ ਤੇ ਨਾ ਹੀ ਰਿਹਾਇਸ਼ ਤੇ ਉੱਪਰੋਂ ਰੋਜ਼ਾਨਾ ਦੀ ਵੀ.ਆਈ.ਪੀ. ਡਿਊਟੀ। ਮੇਰੀ ਰਿਹਾਇਸ਼ ਦਾ ਮਸਲਾ ਐਸ.ਐਚ.ਉ. ਲੰਬੀ ਗੁਰਪ੍ਰੀਤ ਬੈਂਸ ਨੇ ਹੱਲ ਕਰਵਾ ਦਿੱਤਾ ਤੇ ਦਫਤਰ ਦਾ ਪ੍ਰਬੰਧ ਮੈਂ ਖੁਦ ਕਰ ਲਿਆ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ ਲੰਬੀ ਮੇਰੀ ਸਬ ਡਵੀਜ਼ਨ ਵਿੱਚ ਪੈਂਦਾ ਸੀ।

ਸੀ.ਐਮ. ਸਾਹਿਬ ਚੰਡੀਗੜ੍ਹ ਤੋਂ ਜਿਆਦਾ ਪਿੰਡ ਬਾਦਲ ਰਹਿੰਦੇ ਸਨ ਤੇ ਹਫਤੇ ਦਸਾਂ ਦਿਨਾਂ ਬਾਅਦ ਸੰਗਤ ਦਰਸ਼ਨ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਸਨ। ਉਨ੍ਹਾਂ ਦੀ ਇੱਕ ਖਾਸੀਅਤ ਸੀ ਕਿ ਸਵੇਰੇ ਜਾਣ ਤੋਂ ਪਹਿਲਾਂ ਤੇ ਸ਼ਾਮੀਂ ਵਾਪਸ ਆ ਕੇ ਆਮ ਲੋਕਾਂ ਨੂੰ ਜਰੂਰ ਮਿਲਦੇ ਸਨ। ਉਹ ਸੁਭਾਅ ਤੋਂ ਬਹੁਤ ਨਰਮ ਸਨ ਤੇ ਜੇ ਕਿਸੇ ਨੂੰ ਘਸਾਉਣਾ ਹੋਵੇ ਤਾਂ ਉਸ ਨੂੰ ਵੀ ਬੜੇ ਪਿਆਰੇ ਤੇ ਮਿੱਠੇ ਬੋਲਾਂ ਨਾਲ ਰੱਜ ਕੇ ਘਸਾਉਂਦੇ ਸਨ। ਇੱਕ ਦਿਨ ਸਵੇਰੇ ਉਹ ਬਾਦਲ ਪਿੰਡ ਵਾਲੇ ਦਫਤਰ ਬੈਠੇ ਹੋਏ ਸਨ ਕਿ ਇੱਕ ਬੇਰੋਜ਼ਗਾਰ ਯੂਨੀਅਨ ਦਾ ਪ੍ਰਧਾਨ ਇਲਾਕੇ ਦੇ ਪੰਜ ਸੱਤ ਮੋਹਤਬਰਾਂ ਨੂੰ ਨਾਲ ਲੈ ਕੇ ਮਿਲਣ ਲਈ ਆ ਗਿਆ। ਪ੍ਰਧਾਨ ਨੇ ਬੇਨਤੀ ਕੀਤੀ ਕਿ ਸਾਡੀ ਯੂਨੀਅਨ ‘ਤੇ 3 ਕੁ ਮਹੀਨੇ ਪਹਿਲਾਂ ਪੁਲਿਸ ਨੇ ਪਰਚਾ ਦਰਜ਼ ਕਰ ਦਿੱਤਾ ਸੀ। ਅਸੀਂ ਪਹਿਲਾਂ ਵੀ ਦੋ ਤਿੰਨ ਵਾਰ ਤੁਹਾਡੇ ਕੋਲ ਪੇਸ਼ ਹੋ ਚੁੱਕੇ ਹਾਂ। ਮੈਂ ਲੰਬੀ ਹਲਕੇ ਦੇ ਫਲਾਣੇ ਪਿੰਡ ਦੇ ਜਗੀਰ ਸਿੰਘ (ਕਾਲਪਨਿਕ ਨਾਮ) ਦਾ ਲੜਕਾ ਹਾਂ, ਸਾਡੀ ਮਦਦ ਕੀਤੀ ਜਾਵੇ। ਸੀ.ਐਮ. ਸਾਹਿਬ ਬੋਲੇ, “ਉਹ ਹੋ, ਕਾਕਾ ਜੀ ਤੁਸੀਂ ਜਗੀਰ ਸਿਉਂ ਦੇ ਬੇਟੇ ਉ, ਉਹ ਤੇ ਮੇਰੇ ਭਰਾਵਾਂ ਵਰਗਾ ਆ। ਤੁਹਾਡੇ ‘ਤੇ ਕਿਵੇਂ ਪਰਚਾ ਦਰਜ਼ ਹੋ ਗਿਆ ਜੀ?”

“ਸਾਡੇ ‘ਤੇ 307, 353 ਤੇ 148, 149 ਦਾ ਪਰਚਾ ਹੋਇਆ ਆ ਜੀ” ਪ੍ਰਧਾਨ ਨੇ ਭਿੱਜੇ ਚੂਹੇ ਵਾਂਗ ਚੂੰ ਚੂੰ ਕੀਤੀ। “ਐਸ.ਐਸ.ਪੀ. ਸਾਹਿਬ ਇਹ 307 ਤੇ 353 ਕੀ ਹੁੰਦੀ ਐ ਜੀ?” ਸੀ.ਐਮ. ਸਾਹਿਬ ਨੇ ਭੋਲੇ ਜਿਹੇ ਬਣ ਕੇ ਕੋਲ ਖੜ੍ਹੇ ਐਸ.ਐਸ.ਪੀ. ਨੂੰ ਪੁੱਛਿਆ। ਉਸ ਨੇ ਜਵਾਬ ਦਿੱਤਾ, “ਸਰ 307 ਕਿਸੇ ‘ਤੇ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ‘ਤੇ ਲੱਗਦੀ ਹੈ ਤੇ 353 ਕਿਸੇ ਸਰਕਾਰੀ ਮੁਲਾਜ਼ਮ ਨੂੰ ਡਿਊਟੀ ਕਰਨ ਤੋਂ ਰੋਕਣ ‘ਤੇ ਲੱਗਦੀ ਹੈ। ਇਨ੍ਹਾਂ ਨੇ ਇੱਟਾਂ ਪੱਥਰਾਂ ਨਾਲ ਪੁਲਿਸ ‘ਤੇ ਹਮਲਾ ਕੀਤਾ ਸੀ ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਸਨ।” ਸੀ.ਐਮ. ਸਾਹਿਬ ਨੇ ਇਹ ਦਮ ਹੈਰਾਨ ਹੋਣ ਵਰਗਾ ਚਿਹਰਾ ਬਣਾ ਲਿਆ, “ਇਹ ਤੇ ਕਾਕਾ ਜੀ ਬਹੁਤ ਮਾੜੀ ਗੱਲ ਹੈ। ਤੁਸੀਂ ਤੇ ਪੁਲਿਸ ਵਾਲਿਆਂ ਨੂੰ ਹੀ ਮਾਰ ਦੇਣ ਲੱਗੇ ਸੀ। ਚਲੋ ਐਸ.ਐਸ.ਪੀ. ਸਾਹਿਬ ਇਹ ਆਪਣੇ ਈ ਬੱਚੇ ਆ, ਵੇਖੋ ਜੇ ਕੁਝ ਹੋ ਸਕਦਾ ਹੈ ਤਾਂ।” ਇਸ ਤੋਂ ਪਹਿਲਾਂ ਕਿ ਪ੍ਰਧਾਨ ਕੁਝ ਹੋਰ ਬੋਲਦਾ, ਪੁਲਿਸ ਵਾਲਿਆਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਮੈਂ ਐਸ.ਐਚ.ਉ. ਨੂੰ ਪੁੱਛਿਆ ਕਿ ਇਹ ਕੀ ਸਟੋਰੀ ਹੈ? ਉਸ ਨੇ ਦੱਸਿਆ ਕਿ ਤੁਹਾਡੇ ਲੱਗਣ ਤੋਂ ਮਹੀਨਾ ਕੁ ਪਹਿਲਾਂ ਇਹ ਯੂਨੀਅਨ ਵਾਲੇ ਸੀ.ਐਮ. ਸਾਹਿਬ ਨੂੰ ਇੱਕ ਸੰਗਤ ਦਰਸ਼ਨ ਵਿੱਚ ਮਿਲੇ ਸਨ ਤੇ ਉਨ੍ਹਾਂ ਨੇ ਇਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਸਨ। ਪਰ ਹਰ ਯੂਨੀਅਨ ਵਿੱਚ ਕੁਝ ਸ਼ਰਾਰਤੀ ਬੰਦੇ ਵੀ ਹੁੰਦੇ ਹਨ, ਉਨ੍ਹਾਂ ਨੇ ਬਿਨਾਂ ਵਜ੍ਹਾ ਬਾਕੀਆਂ ਨੂੰ ਭੜਕਾ ਕੇ ਸੀ.ਐਮ. ਸਾਹਿਬ ਦੇ ਘਰ ਅੱਗੇ ਧਰਨਾ ਲਗਾ ਦਿੱਤਾ।

ਇਹ ਵੇਖ ਕੇ ਅਫਸਰਾਂ ਦੇ ਹੱਥ ਪੈਰ ਫੁੱਲ ਗਏ। ਸੜੇ ਬਲੇ ਪੁਲਿਸ ਵਾਲਿਆਂ ਨੇ ਪਹਿਲਾਂ ਤਾਂ ਟਿਕਾ ਕੇ ਲਾਠੀਚਾਰਜ ਕੀਤਾ ਤੇ ਫਿਰ ਜਿੰਨੇ ਹੱਥ ਲੱਗੇ, ਸਾਰੇ ਪਰਚਾ ਠੋਕ ਕੇ ਜੇਲ੍ਹ ਭੇਜ ਦਿੱਤੇ। ਪਰ ਪ੍ਰਧਾਨ ਤੇ ਕੁਝ ਹੋਰ ਅਹੁਦੇਦਾਰ ਉਥੋਂ ਖਿਸਕ ਗਏ ਤੇ ਲੰਬੀ ਹਲਕੇ ਦਾ ਹੋਣ ਕਾਰਨ ਸੀ.ਐਮ. ਸਾਹਿਬ ਨੇ ਅਜੇ ਇਸ ਨਾਲ ਨਰਮੀ ਵਰਤਣ ਲਈ ਕਿਹਾ ਹੋਇਆ ਹੈ। ਹੁਣ ਜੇਲ੍ਹ ਅੰਦਰ ਬੈਠੇ ਬਾਕੀ ਯੂਨੀਅਨ ਵਾਲੇ ਪ੍ਰਧਾਨ ਨੂੰ ਧਮਕੀਆਂ ਦੇ ਰਹੇ ਹਨ ਕਿ ਤੂੰ ਤਾਂ ਲੰਬੀ ਹਲਕੇ ਦਾ ਹੋਣ ਕਾਰਨ ਅਰਾਮ ਨਾਲ ਬਾਹਰ ਬੈਠਾ ਹੈਂ। ਸਾਨੂੰ ਵੀ ਬਾਹਰ ਕਢਵਾ ਨਹੀਂ ਅਸੀਂ ਬੰਦੇ ਭੇਜ ਕੇ ਤੇਰੀਆਂ ਲੱਤਾਂ ਤੁੜਵਾ ਦੇਣੀਆਂ ਹਨ। ਇਹ ਪਹਿਲਾਂ ਵੀ ਕਈ ਵਾਰ ਪੇਸ਼ ਹੋ ਚੁੱਕਾ ਹੈ ਪਰ ਸੀ.ਐਮ. ਸਾਹਿਬ ਹਰ ਵਾਰੀ ਇਹ 307 ਕੀ ਹੁੰਦੀ ਐ ਜੀ? ਇਹ 353 ਕੀ ਹੁੰਦੀ ਐ ਜੀ? ਤੁਹਾਨੂੰ ਘਰ ਅੱਗੇ ਧਰਨਾ ਲਾਉਣ ਦੀ ਕੀ ਜਰੂਰਤ ਸੀ? ਇਹ ਤਾਂ ਤੁਹਾਡਾ ਹੀ ਘਰ ਹੈ, ਅੰਦਰ ਬੈਠ ਜਾਣਾ ਸੀ ਆਦਿ ਕਹਿ ਕਹਿ ਕੇ ਇਨ੍ਹਾਂ ਨੂੰ ਘਸਾ ਰਹੇ ਹਨ। ਉਨ੍ਹਾਂ ਨੂੰ ਗੁੱਸਾ ਇਸ ਗੱਲ ਦਾ ਹੈ ਕਿ ਜਦੋਂ ਮੈਂ ਤੁਹਾਡੀਆਂ ਮੰਗਾਂ ਮੰਨ ਲਈਆਂ ਸਨ ਤਾਂ ਮੇਰੇ ਘਰ ਅੱਗੇ ਧਰਨਾ ਕਿਉਂ ਲਾਇਆ? ਇਸ ਤੋਂ ਬਾਅਦ ਵੀ ਪ੍ਰਧਾਨ ਦੋ ਤਿੰਨ ਵਾਰ ਆਇਆ ਪਰ ਗੱਲ ਉਥੇ ਦੀ ਉਥੇ ਹੀ ਰਹੀ।

ਆਖਰ ਜਦੋਂ ਉਸ ਦੇ ਸਬਰ ਦਾ ਪਿਆਲਾ ਭਰ ਗਿਆ ਤਾਂ ਉਸ ਨੇ ਆਖਰੀ ਹੱਲਾ ਮਾਰਨ ਦਾ ਪ੍ਰੋਗਰਾਮ ਬਣਾ ਲਿਆ। ਉਸ ਨੇ ਸੋਚ ਲਿਆ ਕਿ ਅੱਜ ਜਾਂ ਤਾਂ ਕਿਲਾ ਫਤਿਹ ਕਰ ਕੇ ਆਵਾਂਗਾ ਜਾਂ ਫਿਰ ਮੈਂ ਵੀ ਜੇਲ੍ਹ ਚਲਾ ਜਾਵਾਂਗਾ। ਉਹ ਉਸ ਦਿਨ ਇਕੱਲਾ ਹੀ ਆਇਆ ਤੇ ਇਸ ਤੋਂ ਪਹਿਲਾਂ ਕਿ ਪੁਲਿਸ ਵਾਲੇ ਕੁਝ ਸਮਝ ਪਾਉਂਦੇ, ਬਿਜਲੀ ਦੀ ਗਤੀ ਨਾਲ ਮੇਜ਼ ਦੇ ਉੱਪਰ ਦੀ ਘੁੰਮ ਕੇ ਸੀ.ਐਮ. ਸਾਹਿਬ ਦੀਆਂ ਲੱਤਾਂ ਨੂੰ ਚੰਬੜ ਗਿਆ, “ਬਾਪੂ ਜੀ ਸਾਡੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਸੀ, ਹੁਣ ਸਾਨੂੰ ਬਖਸ਼ ਦਿਉ। ਜਾਂ ਤਾਂ ਮੈਨੂੰ ਵੀ ਜੇਲ੍ਹ ਭਿਜਵਾ ਦਿਉ ਜਾਂ ਬਾਕੀਆਂ ਨੂੰ ਬਾਹਰ ਕਢਵਾਉ।” ਸੀ.ਐਮ. ਸਾਹਿਬ ਹੱਸ ਪਏ ਤੇ ਉਸ ਨੂੰ ਪਿਆਰ ਨਾਲ ਉਠਾ ਕੇ ਐਸ.ਐਸ.ਪੀ. ਨੂੰ ਕਹਿ ਦਿੱਤਾ ਕਿ ਕਾਕਾ ਜੀ ਇਨ੍ਹਾਂ ਦਾ ਕੰਮ ਕਰ ਕੇ ਦੋ ਹਫਤਿਆਂ ਵਿੱਚ ਰਿਪੋਰਟ ਕਰੋ। ਐਸ.ਐਸ.ਪੀ. ਇਸ਼ਾਰਾ ਸਮਝ ਗਿਆ ਤੇ ਦੋ ਚਾਰ ਦਿਨਾਂ ਵਿੱਚ ਹੀ ਉਨ੍ਹਾਂ ਦੀਆਂ ਜ਼ਮਾਨਤਾਂ ਹੋ ਗਈਆਂ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062