ਮੀਂਹ ਅਤੇ ਤੇਜ਼ ਹਵਾਵਾਂ ਨਾਲ ਜਨਜੀਵਨ ਬੇਹਾਲ, ਹੜ੍ਹਾਂ ਦੀ ਚਿਤਾਵਨੀ

ਹਰਜੀਤ ਲਸਾੜਾ, ਬ੍ਰਿਸਬੇਨ 8 ਮਾਰਚ) ਚੱਕਰਵਾਤੀ ਤੂਫਾਨ ਅਲਫਰੈੱਡ ਜਿਸਦੀ ਤੀਬਰਤਾ ਘਟਣ ਨਾਲ ਦੱਖਣ-ਪੂਰਬੀ ਕਵੀਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਭਾਰੀ ਤਬਾਹੀ ਤੋਂ ਬਚਾਅ ਹੋਇਆ ਹੈ। ਹਾਲਾਂਕਿ ਤੂਫਾਨ ਦੀ ਤੀਬਰਤਾ ਘਟੀ ਹੈ, ਪਰ ਇਸ ਦੇ ਪ੍ਰਭਾਵ ਹਾਲੇ ਵੀ ਮਹੱਤਵਪੂਰਨ ਹਨ। ਤੁਫ਼ਾਨ ਵਰਤਮਾਨ ਵਿੱਚ ਬ੍ਰਿਸਬੇਨ ਤੋਂ ਲਗਭਗ 60 ਕਿਲੋਮੀਟਰ ਉੱਤਰ-ਪੂਰਬ ਅਤੇ ਮਾਰੂਚਾਈਡੋਰ ਤੋਂ 45 ਕਿਲੋਮੀਟਰ ਦੱਖਣ-ਪੂਰਬ ਵਿੱਚ ਹੈ। ਚੱਕਰਵਾਤੀ ਮੌਸਮੀ ਹਾਲਾਤਾਂ ਕਾਰਨ ਦਰੱਖਤ ਅਤੇ ਬਿਜਲੀ ਦੀਆਂ ਤਾਰਾਂ ਨੁਕਸਾਨੇ ਗਏ ਹਨ। ਕੁਈਨਜ਼ਲੈਂਡ ਵਿੱਚ 295,000 ਤੋਂ ਵੱਧ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ 31,000 ਤੋਂ ਵੱਧ ਘਰਾਂ ‘ਚ ਬਿਜਲੀ ਗੁੱਲ ਹੈ। ਕੁਈਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਾਫੁੱਲੀ ਨੇ ਕਿਹਾ ਕਿ “ਕੁਈਨਜ਼ਲੈਂਡ ਦੇ ਇਤਿਹਾਸ ਵਿੱਚ ਕਿਸੇ ਕੁਦਰਤੀ ਆਫ਼ਤ ਤੋਂ ਬਿਜਲੀ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਨੁਕਸਾਨ ਹੈ।” ਨਿਊ ਸਾਊਥ ਵੇਲਜ਼ ਪੁਲਿਸ ਅਨੁਸਾਰ ਉਨ੍ਹਾਂ ਨੂੰ ਕੱਲ੍ਹ ਦੁਪਹਿਰ ਡੋਰੀਗੋ ਤੋਂ ਲਗਭਗ 25 ਕਿਲੋਮੀਟਰ ਉੱਤਰ-ਪੂਰਬ ਵਿੱਚ ਮੇਗਨ ਵਿੱਚ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਇੱਕ ਲਾਪਤਾ 61 ਸਾਲਾ ਵਿਅਕਤੀ ਦੀ ਭਾਲ ਦੌਰਾਨ ਲਾਸ਼ ਮਿਲੀ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸਨੂੰ “ਦੁਖਦਾਈ” ਕਿਹਾ ਹੈ। ਉੱਧਰ ਸੂਬਾ ਕੁਈਨਜ਼ਲੈਂਡ ਦੇ ਅਧਿਕਾਰੀਆਂ ਨੇ ਕਿਸੇ ਵੀ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਣਯੋਗ ਹੈ ਕਿ ਲਿਸਮੋਰ ਦੇ ਦੱਖਣ ਵਿੱਚ ਟ੍ਰੇਗੇਲ ਰੋਡ ‘ਤੇ ਸਹਾਇਤਾ ਪ੍ਰਦਾਨ ਕਰਦੇ ਸਮੇਂ ਦੋ ਆਸਟ੍ਰੇਲਿਆਈ ਰੱਖਿਆ ਬਲ ਦੇ ਟਰੱਕ ਹਾਦਸਾਗ੍ਰਸਤ ਹੋ ਗਏ ਹਨ। ਜ਼ਖਮੀ ਹੋਏ 36 ਕਰਮਚਾਰੀਆਂ ਵਿੱਚੋਂ 8 ਦੀ ਹਾਲਤ ਗੰਭੀਰ ਸੀ ਅਤੇ ਦੋ ਵਾਹਨਾਂ ਦੇ ਅੰਦਰ ਫਸ ਗਏ ਸਨ।
ਕੋਲਸ ਅਤੇ ਵੂਲਵਰਥਸ ਵੱਲੋਂ ਸ਼ਨਿੱਚਰਵਾਰ ਦੁਪਹਿਰ ਕੁਝ ਸਟੋਰ ਦੁਬਾਰਾ ਖੋਲ੍ਹੇ ਗਏ ਅਤੇ ਹੋਰ ਕੱਲ੍ਹ ਖੁੱਲ੍ਹਣ ਦੀ ਉਮੀਦ ਹੈ। ਕਵਾਂਟਸ, ਜੈੱਟਸਟਾਰ ਅਤੇ ਵਰਜਿਨ ਨੇ ਪੁਸ਼ਟੀ ਕੀਤੀ ਹੈ ਕਿ ਉਹ ਬ੍ਰਿਸਬੇਨ, ਗੋਲਡ ਕੋਸਟ, ਸਨਸ਼ਾਈਨ ਕੋਸਟ, ਬਾਲੀਨਾ ਅਤੇ ਮਾਰੂਚਾਈਡੋਰ ਤੋਂ ਉਡਾਣਾਂ ਦੁਬਾਰਾ ਸ਼ੁਰੂ ਕਰਨਗੇ। ਕੱਲ੍ਹ ਬ੍ਰਿਸਬੇਨ, ਮੋਰੇਟਨ ਬੇ, ਇਪਸਵਿਚ, ਟੂਵੂਮਬਾ, ਲੋਗਨ ਅਤੇ ਕੈਬੂਲਚਰ ਵਿੱਚ ਬੱਸਾਂ ਆਮ ਐਤਵਾਰ ਦੇ ਸਮਾਂ-ਸਾਰਣੀਆਂ ਦੇ ਤਹਿਤ ਚੱਲਣਗੀਆਂ। ਮੋਰੇਟਨ ਬੇ ਵਿੱਚ ਸੀਮਤ ਫੈਰੀ ਸੇਵਾਵਾਂ ਚੱਲਣਗੀਆਂ। ਰੇਲ ਪਟੜੀਆਂ ‘ਤੇ ਮਲਬੇ ਕਾਰਨ ਰੇਲ ਸੇਵਾਵਾਂ ਅਜੇ ਠੱਪ ਰਹਿਣਗੀਆਂ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਹਨੇਰੀਆਂ ਅਤੇ ਭਾਰੀ ਬਾਰਿਸ਼ ਹੁਣ ਚਿੰਤਾ ਦਾ ਵਿਸ਼ਾ ਹੈ ਅਤੇ ਉਹਨਾਂ ਦੱਖਣ-ਪੂਰਬੀ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਦੀ ਚੇਤਾਵਨੀ ਦਿੱਤੀ ਹੈ। ਨਿਵਾਸੀਆਂ ਨੂੰ ਘਰ ਦੇ ਅੰਦਰ ਰਹਿਣ, ਹੜ੍ਹ ਦੇ ਪਾਣੀ ਵਿੱਚੋਂ ਗੱਡੀ ਨਾ ਚਲਾਉਣ ਅਤੇ ਸਥਾਨਕ ਅਧਿਕਾਰੀਆਂ ਤੋਂ ਜਾਣਕਾਰੀ ਨਾਲ ਅਪਡੇਟ ਰਹਿਣ ਦੀ ਸਲਾਹ ਦਿੱਤੀ ਹੈ।