ਕਈ ਬੰਦਿਆਂ ਨੂੰ ਨਹਿਲੇ ‘ਤੇ ਦਹਿਲਾ ਮਾਰਨ ਦਾ ਬਹੁਤ ਢੱਬ ਹੁੰਦਾ ਹੈ। ਗੱਲ ਕਰਦੇ ਸਮੇਂ ਮੂੰਹ ਵੀ ਐਨਾ ਮਸਕੀਨ ਬਣਾਉਂਦੇ ਹਨ ਹੈ ਕਿ ਅਗਲਾ ਯਕੀਨ ਵੀ ਕਰ ਲੈਂਦਾ ਹੈ। ਸਾਡੇ ਗੁਆਂਢੀ ਪਿੰਡ ਦਾ ਵਾਸੀ ਸਵਰਨ ਸਿੰਘ ਉਰਫ ਸਵਰਨਾ ਕਾਣਾ ਅਜਿਹਾ ਹੀ ਆਦਮੀ ਸੀ, ਬੜੀ ਵੱਖੀਉਂ ਗੱਲ ਕੱਢਦਾ ਹੁੰਦਾ ਸੀ। 1970 71 ਦੌਰਾਨ ਲੋਕ ਜਿਆਦਾਤਰ ਸਫਰ ਤਾਂਗਿਆਂ ‘ਤੇ ਹੀ ਕਰਦੇ ਹੁੰਦੇ ਸਨ। ਇੱਕ ਦਿਨ ਸਵਰਨਾ ਬੱਸ ਅੱਡੇ ਤੋਂ ਕਿਸੇ ਕੰਮ ਕਚਹਿਰੀ ਜਾ ਰਿਹਾ ਸੀ ਤੇ ਤਾਂਗੇ ਵਿੱਚ ਪੱਟੀ ਵੱਲ ਦੇ ਕੁਝ ਬਦਮਾਸ਼ ਵੀ ਬੈਠੇ ਸਨ। ਉਹ ‘ਫੀਮ ਦੇ ਨਸ਼ੇ ਨਾਲ ਖਿੜੇ ਹੋਏ ਆਪਣੇ ਲੜਾਈ ਝਗੜਿਆਂ, ਕਤਲਾਂ, ਬਾਰਡਰ ਤੋਂ ਮਾਲ ਟਪਾਉਣ ਅਤੇ ਜ਼ਮੀਨਾਂ ਦੱਬਣ ਆਦਿ ਦੇ ਕਾਰਨਾਮਿਆਂ ਬਾਰੇ ਫੜ੍ਹਾਂ ਮਾਰ ਰਹੇ ਸਨ। ਪਹਿਲਾਂ ਤਾਂ ਸਵਰਨਾ ਸੁਣਦਾ ਰਿਹਾ ਪਰ ਫਿਰ ਉਸ ਤੋਂ ਰਿਹਾ ਨਾ ਗਿਆ ਤੇ ਉਸ ਨੇ ਭੋਲਾ ਜਿਹਾ ਬਣ ਕੇ ਪੁੱਛਿਆ, “ਭਾਊ ਜੀ, ਇਹ ਗੋਲੀ ਮਾਰਨ ਨਾਲ ਬੰਦਾ ਮਰ ਜਾਂਦਾ ਆ?” ਹਜ਼ਾਰੇ ਬਲੈਕੀਏ ਨੇ ਜਵਾਬ ਦਿੱਤਾ, “ਹੋਰ ਭੰਗੜੇ ਪਾਉਂਦਾ ਆ? ਇੱਕ ਟਿਕਾਣੇ ਵੱਜੀ ਨਹੀਂ ਕਿ ਬੰਦਾ ਅਗਲੇ ਜਹਾਨ ਪਹੁੰਚ ਜਾਂਦਾ ਆ।” ਸਵਰਨੇ ਨੇ ਦਰਦ ਕਹਾਣੀ ਦੱਸੀ, “ਪਰ ਮੈਂ ਤਾਂ ਇੱਕ ਬੰਦੇ ਦੇ ਤਿੰਨ ਚਾਰ ਗੋਲੀਆਂ ਮਾਰੀਆਂ ਸਨ। ਉਸ ਨੂੰ ਕੁਝ ਨਾ ਹੋਇਆ, ਉਲਟਾ ਮੈਨੂੰ ਢਾਹ ਕੇ ਤਸੱਲੀ ਨਾਲ ਛਿਤਰੌਲ ਕੀਤੀ।”
ਸੁਣ ਕੇ ਇੱਕ ਬਦਮਾਸ਼ ਨੇ ਹੈਰਾਨੀ ਨਾਲ ਪੁੱਛਿਆ, “ਦੋਨਾਲੀ (12 ਬੋਰ ਦੀ ਬੰਦੂਕ) ਨਾਲ ਮਾਰੀਆਂ ਸਨ ਕਿ ਪੱਕੀ (315 ਬੋਰ ਰਾਈਫਲ) ਨਾਲ?” ਸਵਰਨੇ ਨੇ ਮਸਕੀਨ ਜਿਹਾ ਬਣ ਕੇ ਗੱਲ ਮੁਕਾਈ, “ਨਈਂ ਜੀ, ਮੈਂ ਤਾਂ ਵਗ੍ਹਾਤੀਆਂ ਈ ਮਾਰੀਆਂ ਸੀ ਹੱਥ ਨਾਲ, ਸਾਲਾ ਮਰਿਆ ਈ ਨਈਂ।” ਸੁਣ ਕੇ ਬਦਮਾਸ਼ ਹੈਰਾਨੀ ਨਾਲ ਇੱਕ ਦੂਸਰੇ ਦਾ ਮੂੰਹ ਵੇਖਣ ਲੱਗ ਪਏ ਕਿ ਇਹ ਬੰਦਾ ਸੱਚੀਂ ਐਨਾ ਕੂੜ ਦਿਮਾਗ ਹੈ ਕਿ ਸਾਨੂੰ ਬੇਵਕੂਫ ਬਣਾ ਰਿਹਾ ਹੈ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ.
ਪੰਡੋਰੀ ਸਿੱਧਵਾਂ 9501100062