ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ-ਪੁਸਤਕ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਲੋਕ ਅਰਪਨ

ਫਗਵਾੜਾ, 01 ਨਵੰਬਰ :- ਨਾਮਵਰ ਲੇਖਕ ਅਤੇ ਸੀਨੀਅਰ ਪੱਤਰਕਾਰ ਪ੍ਰੋ. ਜਸਵੰਤ ਸਿੰਘ ਗੰਡਮ ਦੀ ਪਲੇਠੀ ਕਾਵਿ- ਪੁਸਤਕ ‘ਬੁੱਲ੍ਹ ਸੀਤਿਆਂ ਸਰਨਾ ਨਈਂ’ ਅੱਜ ਇੱਕ ਸਮਾਗਮ ਵਿੱਚ ਲੋਕ ਅਰਪਨ ਕੀਤੀ ਗਈ।

ਇਸ ਸਮਾਗਮ ਦੇ ਮੁੱਖ ਮਹਿਮਾਨ ਗੁਰਦੀਪ ਸਿੰਘ ਸੀਹਰਾ ਚਾਂਸਲਰ ਜੀ.ਐਨ.ਏ. ਯੂਨੀਵਰਸਿਟੀ, ਸ਼੍ਰੀ ਹਰਗੋਬਿੰਦਗੜ੍ਹ, ਫਗਵਾੜਾ ਅਤੇ ਐਮ.ਡੀ. ਜੀ.ਐਨ.ਏ. ਗੀਅਰਜ਼, ਮੇਹਟੀਆਣਾ ਸਨ। ਲੋਕ ਅਰਪਨ ਸਮਾਗਮ ਜੀ.ਐਨ.ਏ. ਯੂਨੀਵਰਸਿਟੀ ਦੇ ਵਿਹੜੇ ਵਿੱਚ ਹੋਇਆ। ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਸੀਹਰਾ ਨੇ ਪ੍ਰੋ: ਜਸਵੰਤ ਸਿੰਘ ਗੰਡਮ ਨੂੰ ਉਹਨਾਂ ਦੀ ਨਵੀਂ ਪੁਸਤਕ ਲਈ ਵਧਾਈ ਦਿੱਤੀ ਅਤੇ ਕਲਾ ਦੀਆਂ ਵੱਖ-ਵੱਖ ਵੰਨਗੀਆਂ ਦਾ, ਮਨੁੱਖੀ ਜੀਵਨ ਵਿੱਚ ਮਹੱਤਤਾ ਉਪਰ ਚਾਨਣਾ ਪਾਇਆ।

ਪ੍ਰੋ: ਜਸਵੰਤ ਸਿੰਘ ਗੰਡਮ ਨੇ ਇਸ ਸਮੇਂ ਦੱਸਿਆ ਕਿ ਬੇਸ਼ਕ ਉਹ ਗਿਆਰਾਂ-ਬਾਰਾਂ ਸਾਲ ਦੀ ਉਮਰ ‘ਚ ਹੀ ਤੁਕਬੰਦੀ ਕਰਨ ਲਗ ਪਏ ਅਤੇ ਹੁਣ ਤੱਕ ਉਹਨਾ ਨੇ ਅਨੇਕਾਂ ਕਵਿਤਾਵਾਂ ਲਿਖੀਆਂ, ਪਰ ਕਿਤਾਬੀ ਰੂਪ ‘ਚ ਇਹ ਉਹਨਾ ਦੀ ਪਹਿਲੀ ਪੁਸਤਕ ਹੈ।

ਪੰਜਾਬੀ ਵਿਰਸਾ ਟਰੱਸਟ ਵਲੋਂ ਪ੍ਰਸਿੱਧ ਲੇਖਕ ਪ੍ਰਿੰ. ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਛਾਪੀ ਗਈ ਇਸ ਪੁਸਤਕ ਦੇ 104 ਪੰਨੇ ਹਨ ਅਤੇ 88 ਕਵਿਤਾਵਾਂ ਹਨ। ਇਸਦੇ ਟਾਈਟਲ ਦਾ ਆਕਰਸ਼ਕ ਡੀਜ਼ਾਇਨ ਲੇਖਕ ਤੇ ਕਲਾਕਾਰ ਪਰਵਿੰਦਰਜੀਤ ਸਿੰਘ ਨੇ ਬਣਾਇਆ ਹੈ। ਪ੍ਰੋ: ਗੰਡਮ ਨੇ ਅੰਗਰੇਜ਼ੀ ਕਵੀ ਵਿਲੀਅਮ ਵਰਡਜ ਵਰਥ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਵਿਤਾ ਪ੍ਰਚੰਡ ਭਾਵਨਾਵਾਂ ਦਾ ਆਪ ਮੁਹਾਰਾ ਵਹਿਣ ਹੈ। ਉਹਨਾ ਨੇ ਲੋਕ ਕਵੀ ਸੁਰਜੀਤ ਪਾਤਰ ਨੂੰ ਕੋਟ ਕਰਦਿਆਂ ਕਿਹਾ ਕਿ ਵਾਰਤਕ ਚੱਲਣ ਵਾਂਗ ਹੈ ਅਤੇ ਕਵਿਤਾ ਨੱਚਣ ਵਾਂਗਰ।

ਉਹਨਾ ਦੱਸਿਆ ਕਿ ਇਸ ਪੁਸਤਕ ‘ਚ ਬੌਧਿਕ ਕਵਿਤਾਵਾਂ ਤੋਂ ਬਿਨ੍ਹਾਂ ਮੌਜੂਦਾ ਸਮੇਂ ‘ਚ ਟੈਕਨੌਲੋਜੀ ਬਾਰੇ ‘ਨੈਟ-ਨਾਮਾ’ ਸਿਰਲੇਖ ਅਧੀਨ, ਦੋਹੇ/ਟੱਪੇ ਅਤੇ ਵਿਅੰਗਮਈ ਕਵਿਤਾਵਾਂ ਸ਼ਾਮਲ ਹਨ। ਇਕ ਕਵਿਤਾ ‘ਚ ਉਹਨਾ ਵਲੋਂ ਪੰਜਾਬੀ ਦੇ ਮਹਾਨ ਸ਼ਾਇਰ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ।

ਕਿਤਾਬ ਬਾਰੇ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਪ੍ਰੋ.ਜਸਵੰਤ ਸਿੰਘ ਗੰਡਮ ਨੇ ਪਹਿਲਾਂ ਵਾਰਤਕ ਦੀਆਂ ਤਿੰਨ ਪੁਸਤਕ ‘ ਕੁਛ ਤੇਰੀਆਂ ਕੁਛ ਮੇਰੀਆਂ’, ‘ ਸੁੱਤੇ ਸ਼ਹਿਰ ਦਾ ਸਫ਼ਰ’, ‘ ਉੱਗਦੇ ਸੂਰਜ ਦੀ ਅੱਖ’ ਲਿਖੀਆਂ ਹਨ, ਅਤੇ ਉਹਨਾ ਦਾ ਕਾਵਿ-ਸੰਸਾਰ ਵਿੱਚ “ਬੁੱਲ੍ਹ ਸੀਤਿਆਂ ਸਰਨਾ ਨਈਂ” ਪੁਸਤਕ ਨਾਲ ਦਾਖ਼ਲਾ ਸ਼ਲਾਘਾ ਯੋਗ ਹੈ, ਕਿਉਂਕਿ ਇਸ ਵਿੱਚ ਸੱਭੋ ਕਵਿਤਾਵਾਂ ਚੰਗੇਰੇ ਲੋਕ ਹਿਤੈਸ਼ੀ ਸਾਹਿਤ ਦੀ ਝਲਕ ਦਿੰਦੀਆਂ ਹਨ।

ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ‘ਪੰਜਾਬੀ ਕਵੀ ਤੇ ਲੇਖਕ ਬਲਦੇਵ ਰਾਜ ਕੋਮਲ, ਪਰਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਜੀ.ਐਨ.ਏ. ਯੂਨੀਵਰਸਿਟੀ ਦੇ ਡੀਨ- ਡਾ. ਮੋਨਿਕਾ ਹੰਸਪਾਲ, ਡਾ. ਸਮੀਰ ਵਰਮਾ ਅਤੇ ਡਾ. ਵਿਕਰਾਂਤ ਸ਼ਰਮਾ ਆਦਿ ਸ਼ਾਮਲ ਸਨ।