ਸਿੱਖਸ ਆਫ਼ ਅਮੈਰਿਕਾ ਨੇ ਫਲੋਰੀਡਾ ਚ’ ਤੂਫ਼ਾਨ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਚ’ ਫਸੇ ਲੋਕਾਂ ਦੀ ਕੀਤੀ ਮਦਦ

ਵਾਸ਼ਿੰਗਟਨ, 16 ਅਕਤੂਬਰ (ਰਾਜ ਗੋਗਨਾ )- ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ਵਿਚ ਸਿੱਖਸ ਆਫ ਅਮੈਰਿਕਾ ਵਲੋਂ ਫਲੋਰੀਡਾ ਰਾਜ ਦੇ ਲੇਕਲੈਂਡ ਅਤੇ ਟੈਂਪਾ ਨਾਂ ਦੇ ਸ਼ਹਿਰਾਂ ’ਚ ਤੂਫਾਨ ਹਰੀਕੇਨ ਮਿਲਟਨ ਦੇ ਝੰਬੇ ਤੇ ਹੜ ’ਚ ਫਸੇ ਲੋਕਾਂ ਦੀ ਮਦਦ ਲਈ ਇੱਕ ਵੱਡਾ ਉਪਰਾਲਾ ਕੀਤਾ ਗਿਆ।ਚੇਅਰਮੈਨ ਜੱਸੀ’ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਿੱਖਸ ਆਫ ਅਮੈਰਿਕਾ ਦੀ ਟੀਮ ਵਲੋਂ ਰਾਹਤ ਸਮੱਗਰੀ ਦਾ ਟਰੱਕ ਲੇਕਲੈਂਡ ਅਤੇ ਟੈਂਪਾ ਸ਼ਹਿਰਾਂ ਵਿੱਚ ਭੇਜਿਆ ਗਿਆ। ਸਿੱਖਸ ਆਫ ਅਮੈਰਿਕਾ ਦੇ ਡਾਇਰੈਕਟਰ ਤੇ ਕੰਟਰੀ ਕੋਆਰਡੀਨੇਟਰ ਵਰਿੰਦਰ ਸਿੰਘ ਦੀ ਅਗਵਾਈ ’ਚ ਜ਼ਿਆਦਾਤਰ ਲੋਕ ਆਪਣੀਆਂ ਗੱਡੀਆਂ ਵਿੱਚ ਰਾਸ਼ਨ ਵਗੈਰਾ ਲੈ ਕੇ ਜਾਂਦੇ ਰਹੇ ਪਰ ਕੁਝ ਘਰਾਂ ਵਿਚ ਪੁਲਸ ਨੇ ਛੋਟੀਆਂ ਕਿਸ਼ਤੀਆਂ ਰਾਹੀਂ ਇਹ ਸਮੱਗਰੀ ਪੁੱਜਦੀ ਕੀਤੀ।

ਵੱਡੀ ਗਿਣਤੀ ’ਚ ਹੜ੍ਹ ਪ੍ਰਭਾਵਿਤ ਲੋਕਾਂ ਨੇ ਰਾਹਤ ਸਮੱਗਰੀ ਹਾਸਲ ਕੀਤੀ। ਅਤੇ ਹਰ ਇਕ ਨੇ ਸਿੱਖਸ ਆਫ ਅਮੈਰਿਕਾ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਵੀ ਕੀਤੀ।ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਸਮੁੱਚੀ ਸਿੱਖਸ ਆਫ ਅਮੈਰਿਕਾ ਦੇ ਅਹੁਦੇਦਾਰਾਂ ਅਤੇ ਡਾਇਰੈਕਟਰਾਂ ਨੇ ਵਰਿੰਦਰ ਸਿੰਘ ਅਤੇ ਉਸਦੇ ਸਾਥੀ ਵਾਲੰਟੀਅਰਾਂ ਦਾ ਬਹੁਤ ਧੰਨਵਾਦ ਕੀਤਾ।ਜੱਸੀ ਨੇ ਕਿਹਾ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਸਿੱਖਸ ਆਫ ਅਮੈਰਿਕਾ ਦੀ ਟੀਮ ਦੇ ਸਿਰ ’ਤੇ ਹੱਥ ਰੱਖ ਕੇ ਇਹ ਸੇਵਾ ਕਰਵਾਈ। ਇੱਥੇ ਦੱਸਣਯੋਗ ਹੈ ਕਿ ਸਿੱਖਸ ਆਫ ਅਮੈਰਿਕਾ ਹਮੇਸ਼ਾ ਹੀ ਕੁਦਰਤੀ ਆਫਤਾਂ ਦੇ ਝੰਬੇ ਲੋਕਾਂ ਦੀ ਸੇਵਾ ਕਰਨ ਲਈ ਅੱਗੇ ਆਉਂਦੀ ਰਹੀ ਹੈ ਅਤੇ ਇਸ ਵਾਰ ਵੀ ਇਹ ਸੇਵਾ ਕਰ ਕੇ ਉਨ੍ਹਾਂ ਨੇ ਇਹ ਜਸ ਖੱਟਿਆ ਹੈ।