ਪਿੰਡ, ਪੰਜਾਬ ਦੀ ਚਿੱਠੀ (189)

ਸਾਰੇ, ਪਿਆਰਿਆਂ ਨੂੰ ਗੁਰ-ਫਤਹਿ ਜੀ, ਅਸੀਂ ਝੱਖੜ, ਵਾਂਉਂ, ਝੋਲਿਆਂ ਵਿੱਚ ਵੀ ਅਡੋਲ ਹਾਂ। ਰੱਬ ਤੁਹਾਨੂੰ ਵੀ ਸਹਿਜ ਅਤੇ ਸਹਿਨਸ਼ੀਲਤਾ ਬਖਸ਼ੇ। ਅੱਗੇ ਸਮਾਚਾਰ ਇਹ ਹੈ ਕਿ ਆਪਣੇ ਦਲਬੀਰ ਸਿੰਹੁ ਉਰਫ ਬੀਰੇ ਫ਼ੌਜੀ ਦੀ ਕਹਾਣੀ ਉਸਦੀ ਜ਼ਬਾਨੀ ਸੁਣਾਂਉਂਦੇ ਹਾਂ, “ਤਿੰਨ ਜਣੇਂ ਸਾਂ ਅਸੀਂ, ਪੱਕੇ ਬੇਲੀ, ਸਾਰਜੈਂਟ ਅਲਬੇਲ ਸਿੰਹੁ, ਉਹਦਾ ਮਾਮੇ ਦਾ ਮੁੰਡਾ ਗਾਂਧਾਂ ਸਿੰਹੁ ਅਤੇ ਮੈਂ ਹੌਲਦਾਰ, ਅਲਬੇਲ ਸਿੰਹੁ ਸਾਡੇ ਤੋਂ ਵੱਡਾ ਸੀ ਅਤੇ ਸਿਆਣਾ ਵੀ। ਰੱਬ ਦਾ ਰੂਪ ਹੀ ਸੀ, ਸਮਝੋ। ਗੁਰਸਿੱਖ, ਨਿਤਨੇਮੀ, ਬਹਾਦਰ ਅਤੇ ਸੋਚਵਾਨ। ਉਸਦੇ ਕੰਨ, ਵੱਖੀ ਅਤੇ ਬਾਂਹ ਉੱਤੇ ਗੋਲੀਆਂ ਦੇ ਨਿਸ਼ਾਨ ਸਨ। ਸਾਰੀ ਪਲਟਨ ਹੀ ਉਸਨੂੰ ਮੰਨਦੀ ਸੀ। ਉਸਦਾ ਕਿਹਾ, ਪੂਰਾ ਕਰਕੇ, ਖੁਸ਼ ਹੁੰਦਾ ਸੀ ਬੰਦਾ।

ਕਦੇ-ਕਦੇ ਉਹ ਇਕੱਲਾ ਬੈਠਾ, ਗਿੱਟੀਆਂ-ਗਿਣਦਾ ਰਹਿੰਦਾ। ਕਈ ਵਾਰੀ ਪੁੱਛਿਆ ਪਰ ਉਹ ਆਂਊਂ-ਕਤਾਂਊਂ ਕਰ ਗਿਆ। ਫੇਰ ਇੱਕ ਦਿਨ ਆਪ ਈ ਮੌਕਾ ਵੇਖ, ਮੇਰੇ ਕੋਲ ਮਲਵਲਾ ਰੱਖਿਆ, “ਤੂੰ ਮੈਨੂੰ ਵੱਡਾ ਭਰਾ ਮੰਨਦੈਂ ਨਾ? ਤੈਨੂੰ ਮੈਂ ਖਤਰੇ ਚ ਨੀਂ ਪਾਂਉਂਦਾ, ਪਾਸੇ-ਪਾਸੇ ਰਹਿ ਕੇ ਮੇਰਾ ਜ਼ਰੂਰੀ ਕੰਮ ਕਰ ਇੱਕ!" “ਤੂੰ ਹੁਕਮ ਕਰ ਵੱਡੇ ਭਾਊ, ਤੇਰੇ ਲਈ ਜਾਨ ਹਾਜਰ ਐ!" ਮੈਂ ਇੱਕਦਮ ਹਾਂ ਕਰਤੀ।" ਗਾਂਧਾ ਸਿੰਹੁ ਨਾਲ ਗੱਲ ਹੋ-ਗੀ ਐ। ਆਪਣੇ ਤਿੰਨਾਂਚ ਗੱਲ ਰਹੇ, ਬੱਸ! “ਸਾਡੇ ਪਿਓ ਨੂੰ ਪੱਚੀ-ਤੀਹ ਸਾਲ ਪਹਿਲਾਂ, ਬਦਮਾਸ਼ਾਂ ਦੇ ਲਾਣੇ ਨੇ, ਵਾਹਣ ਚ ਘੇਰ ਕੇ ਬੁਰੀ ਤਰ੍ਹਾਂ ਵੱਢਿਆ ਸੀ। ਮਾਂ ਸਾਨੂੰ ਲੈ ਨਾਨਕੇ ਜਾ ਬੈਠੀ। ਇੱਕੋ ਈ ਰਟ ਐ ਉਹਦਾ, “ਮੇਰਾ ਦੁੱਧ ਪੀਤਾ ਤਾਂ ਬਦਲਾ ਲਓ!" ਮੇਰੀ ਮਾਂ ਹੁਣ ਮਰਨ ਕਿਨਾਰੇ ਐ, ਉਸਦਾ ਵਚਨ ਅਸੀਂ ਪੂਰਾ ਕਰਨੈ। ਸਾਡਾ ਪਿੰਡ ਏਥੇ ਛਾਉਣੀ ਦੇ ਨੇੜੇ ਈ ਐ। ਪਿੰਡ ਕਦੇ ਨੀਂ ਗਏ ਪਰ ਸੁੰਦਕ ਰੱਖੀ ਐ ਅਸੀਂ। ਪਰਸੋਂ ਕੈਲੇ ਬਦਮਾਸ਼ ਕੇ ਵਿਆਹ ਹੈ।

ਸਾਰੇ ਰੱਜ ਕੇ ਪੀਣਗੇ। ਰਾਤ ਨੂੰ ਮੈਂ ਤੇ ਗਾਂਧਾ ਸਿੰਹੁ ਸਾਈਕਲ ਉੱਤੇ, ਪਿਛਲੀ ਵਾੜ ਦੀ ਮੋਰੀ ਵਿਚਦੀ ਜਾਂਵਾਂਗੇ। ਤੂੰ ਹੌਲਦਾਰ ਐਂ, ਸਾਡੀ ਹਾਜਰੀ ਦਿਖਾਉਣੀ ਐ ਬੱਸ। ਕਰਲੇਂਗਾ?" “ਬੇ-ਸੰਸਾ ਹੋ ਜੋ" ਮੈਂ ਹਿੱਕ ਠੋਕ ਕੇ ਕਿਹਾ। “ਫੇਰ ਉਹ ਕਾਮਯਾਬ ਹੋ ਗੇ?" ਫੂਲੇ ਨੂੰ ਕਾਹਲ ਹੋਈ। “ਹਾਂ! ਸਬੱਬੀਂ ਉਦੇਂ ਮੀਂਹ ਆ ਗਿਆ। ਮੋਮੀ ਲਿਫਾਫੇਚ ਅਲੀਗੜ੍ਹ ਦੇ ਕਿੱਲੜੇ ਪਾ, ਉਹ ਟੱਪ ਗਏ। ਮੈਂ ਜਾਗਦਾ ਰਿਹਾ। ਕੋਈ ਦੋ ਕੁ ਵਜੇ ਰਾਤ ਨੂੰ ਉਹ ਮੁੜ ਆਏ। ਮੂੰਹ ਵਲ੍ਹੇਟੇ, ਥੱਕੇ-ਹਫ਼ੇ ਪਰ ਖੁਸ਼। ਮਣਾਂ-ਮੂੰਹੀਂ ਭਾਰ ਲਹਿ ਗਿਆ ਸੀ। ਦੋਖੀ, ਸ਼ਰਾਬ ਦੇ ਰੱਜਿਆਂ ਤੋਂ ਭੱਜ-ਨੱਠ ਨਾਂਹ ਹੋਈ। ਨ੍ਹੇਰੇ ਚ ਪਟਾਕੇ ਪਾ, ਕੰਮ ਮਿੰਟਾਂਚ ਈ ਸਿਰੇ ਚੜ੍ਹ ਗਿਆ। ਹਾਜ਼ਰੀ ਸਵੇਰੇ ਸ਼ਾਮ ਲੱਗੀ ਸੀ ਉਨ੍ਹਾਂ ਦੀ।” “ਮਗਰਾ ਨਾ ਕੀਤਾ ਪੁਲੀਸ ਨੇ?” ਰਾਣੇ ਪੁਲਸੀਏ ਨੇ ਤਫ਼ਤੀਸ਼ੀ ਪੱਖ ਪੁੱਛਿਆ। “ਅੰਦਰਖਾਤੇ ਸੂਹ ਲਈ ਹੋਣੀਂ ਐ, ਜਰੂਰ, ਹੋਰ ਤਾਂ ਕਿਸੇ ਉੱਤੇ ਸ਼ੱਕ ਵੀ ਨਹੀਂ ਸੀ। ਪਰ ਬਣਿਆ ਕੁੱਝ ਨਹੀਂ। ਪਲਟਨ ਵੀ ਬਦਲ ਕੇ ਦੂਰ ਚਲੀ ਗਈ। ਸੱਚ ਹਾਂ, ਉਨ੍ਹਾਂ ਦੀ ਮਾਂ ਖ਼ਬਰ ਸੁਣ ਕੇ ਹੱਸੀ ਅਤੇ ਸ਼ਾਂਤ ਹੋ ਗੀ।” ਸੱਤਰ ਸਾਲ ਪਹਿਲਾਂ ਦੀ ਹੋਈ-ਬੀਤੀ ਸੁਣ, ਸਾਰੇ ਸੁੰਨ ਜਿਹੇ ਹੋ ਗਏ।
ਵੋਟਾਂ ਦੀਆਂ ਵੱਟਵੀਆਂ, ਵਾਧੂ ਜਿਹੀਆਂ ਖ਼ਬਰਾਂ ਹਨ। ਹੋਲੀ ਖੇਡਲੀ, ਜਵਾਕਾਂ ਨੇ। ਗਰਮੀ ਆ ਰਹੀ ਹੈ, ਹਨੇਰ ਵਾਂਗੂੰ। ਨਵੀਂ ਤਾਜ਼ੀ ਦੱਸਿਓ? ਚੰਗਾ, ਰੱਖਿਓ ਖਿਆਲ, ਬਾਕੀ ਅਗਲੇ ਐਤਵਾਰ…


ਤੁਹਾਡਾ ਆਪਣਾ,
(ਡਾ.) ਸਰਵਜੀਤ ਸਿੰਘ ‘ਕੁੰਡਲ`
ਗਲੀ ਨੰ. 07, ਮਾਡਲ ਟਾਊਨ, ਅਬੋਹਰ-152116, ਪੰਜਾਬ (ਭਾਰਤ)
ਮੋਬਾਈਲ ਨੰ. 9464667061