ਅਮਰੀਕਾ ਦੇ ਮਿਸੀਸਿਪੀ ਸੂਬੇ ਵਿੱਚ ਇੱਕ ਭਾਰਤੀ ਨੌਜਵਾਨ ਦੀ ਮੌਤ, ਬੇਰੁਜ਼ਗਾਰੀ ਕਾਰਨ ਲਗਾਤਾਰ ਤਣਾਅ ਵਿੱਚ ਰਹਿਣ ਦਾ ਦਾਅਵਾ

ਨਿਊਯਾਰਕ, 19 ਅਗਸਤ (ਰਾਜ ਗੋਗਨਾ)- ਬੀਤੇਂ ਦਿਨ ਅਮਰੀਕਾ ‘ਚ ਇਕ ਭਾਰਤੀ ਵਿਅਕਤੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦਾ ਭਾਰਤ ਤੋ ਤੇਲੰਗਾਨਾ ਦੇ ਸ਼ਹਿਰ ਹਨਮਕੋਂਡਾ ਸ਼ਹਿਰ ਦੇ ਨਜ਼ਦੀਕ ਅਟਕੁਰ ਪਿੰਡ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਹਿਚਾਣ 32 ਸਾਲਾ ਰਾਜੇਸ਼ ਦੇ ਵਜੋਂ ਹੋਈ ਹੈ। ਉਹ ਭਾਰਤ ਤੋਂ ਐਮ.ਏ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ 2016 ਵਿੱਚ ਅਮਰੀਕਾ ਗਿਆ ਸੀ। ਉਸ ਨੇ ਉੱਥੇ ਐਮਐਸ ਕੀਤਾ ਅਤੇ ਫਿਰ ਨੌਕਰੀ ਕਰ ਲਈ। ਹਾਲਾਂਕਿ, ਕੋਵਿਡ ਮਹਾਂਮਾਰੀ ਕਾਰਨ ਉਸ ਨੂੰ ਆਪਣੀ ਨੌਕਰੀ ਗੁਆਉਣੀ ਪਈ ਅਤੇ ਫਿਰ ਉਹ ਪਾਰਟ-ਟਾਈਮ ਨੌਕਰੀ ਕਰਕੇ ਆਪਣੀ ਰੋਜ਼ੀ-ਰੋਟੀ ਕਮਾਉਂਦਾ ਸੀ।ਇਸੇ ਦੌਰਾਨ 15 ਅਗਸਤ ਨੂੰ ਅਮਰੀਕਾ ਤੋਂ ਉਸ ਦੇ ਦੋਸਤਾਂ ਨੇ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਰਾਜੇਸ਼ ਦੀ ਮੌਤ ਦੀ ਖ਼ਬਰ ਦਿੱਤੀ।

ਇਹ ਸੁਣ ਕੇ ਰਾਜੇਸ਼ ਦੀ ਮਾਂ ਦੇ ਪੈਰ ਕੰਬ ਗਏ। ਉਸਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਸਦਾ ਪੁੱਤਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਇੰਨਾ ਹੀ ਨਹੀਂ ਉਨ੍ਹਾਂ ਨੂੰ ਅਜੇ ਤੱਕ ਆਪਣੇ ਬੇਟੇ ਦੀ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਉਧਰ, ਅਮਰੀਕਾ ਰਹਿੰਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅਰੂਕੋਂਡਾ ਰਾਜੇਸ਼ ਪਿਛਲੇ ਦੋ ਦਿਨਾਂ ਤੋਂ ਕੋਮਾ ਵਿੱਚ ਸੀ ਅਤੇ ਫਿਰ ਉਸ ਦੀ ਮੌਤ ਹੋ ਗਈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਸਾਲ 2015 ਵਿੱਚ ਉੱਚ ਸਿੱਖਿਆ ਲਈ ਅਮਰੀਕਾ ਆ ਗਿਆ ਸੀ। ਇੱਥੇ ਪੜ੍ਹ ਕੇ ਉਸ ਨੂੰ ਨੌਕਰੀ ਮਿਲ ਗਈ ਅਤੇ ਉੱਥੇ ਹੀ ਰਹਿਣ ਲੱਗਾ। ਪਰਿਵਾਰ ਨੇ ਰਾਜੇਸ਼ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਲਿਆਉਣ ਲਈ ਤੇਲੰਗਾਨਾ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ। ਇਸ ਲਈ ਤੇਲੰਗਾਨਾ ਸਰਕਾਰ ਨੇ ਵਾਸ਼ਿੰਗਟਨ ਡੀ਼ ਸੀ ਸਥਿੱਤ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਅਤੇ ਸਥਾਨਕ ਅਥਾਰਟੀ ਅਤੇ ਹਸਪਤਾਲ ਅਥਾਰਟੀ ਨੂੰ ਰਾਜੇਸ਼ ਦੀ ਮੌਤ ਤੋਂ ਬਾਅਦ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੀ ਬੇਨਤੀ ਵੀ ਕੀਤੀ।