ਅਮਰੀਕੀ ਸੰਸਦ ਮੈਂਬਰਾਂ ਦੀ ਦੋ ਮੈਂਬਰੀ ਟੀਮ ਭਾਰਤ ਦੀ ਯਾਤਰਾ ਕਰਨ ਵਾਲੀ ਹੈ ਅਤੇ ਇਹ ਸੰਸਦ ਮੈਂਬਰ 15 ਅਗੱਸਤ ਨੂੰ ਲਾਲ ਕਿਲ੍ਹੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਬੋਧਨ ਦੇ ਗਵਾਹ ਬਣਨਗੇ। ਭਾਰਤੀ-ਅਮਰੀਕੀ ਸੰਸਦ ਮੈਂਬਰ ਰੋ ਖੰਨਾ ਅਤੇ ਸੰਸਦ ਮੈਂਬਰ ਮਾਈਕਲ ਵਾਲਟਜ਼ ਸੰਸਦ ਮੈਂਬਰਾਂ ਦੇ ਇਸ ਦੋ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ। ਦੋਵੇਂ ਸੰਸਦ ਮੈਂਬਰ ਭਾਰਤ ਅਤੇ ਭਾਰਤੀ ਅਮਰੀਕੀ ਬਾਰੇ ਦੋ ਪਾਰਟੀ ਕਾਂਗਰੇਸ਼ਨਲ ਕੌਕਸ ਦੇ ਸਹਿ ਪ੍ਰਧਾਨ ਹਨ।
ਖੰਨਾ ਨੇ ਕਿਹਾ, ‘‘ਭਾਰਤ ਜਾਣ ਵਾਲੇ ਦੋ ਪਾਰਟੀ ਵਫ਼ਦ ਦੀ ਅਗਵਾਈ ਕਰਨਾ ਅਤੇ ਦੇਸ਼ ਦੇ ਆਜ਼ਾਦੀ ਦਿਹਾੜੇ ਦਾ ਜਸ਼ਨ ਮਨਾਉਣ ਲਈ ਉਥੇ ਹਾਜ਼ਰ ਰਹਿਣਾ ਮਾਣ ਦੀ ਗੱਲ ਹੈ। ਮੇਰੇ ਨਾਨਾ ਨੇ ਅਪਣਾ ਜੀਵਨ ਭਾਰਤ ਦੀ ਆਜ਼ਾਦੀ ਲਈ ਲੜਦਿਆਂ ਬਿਤਾਇਆ, ਇਸ ਲਈ ਇਹ ਮੇਰੇ ਲਈ ਵਿਅਕਤੀਗਤ ਤੌਰ ’ਤੇ ਹੋਰ ਵੀ ਸਾਰਥਕ ਯਾਤਰਾ ਹੋਣ ਵਾਲੀ ਹੈ। ਇਹ ਭਾਰਤ-ਅਮਰੀਕਾ ਸਬੰਧ ਲਈ ਇਤਿਹਾਸਕ ਪਲ ਹੈ। ਪ੍ਰਧਾਨ ਮੰਤਰੀ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਕੈਬਿਨੇਟ ਮੰਤਰੀਆਂ ਅਤੇ ਹੋਰ ਕਈ ਸੰਸਦ ਮੈਂਬਰਾਂ ਨੂੰ ਮਿਲਣ ਵਾਲਾ ਹਾਂ। ਇਸ ਤੋਂ ਇਲਾਵਾ ਕਾਰੋਬਾਰ, ਕ੍ਰਿਕੇਟ ਅਤੇ ਹਿੰਦੀ ਫ਼ਿਲਮ ਉਦਯੋਗ ਦੀਆਂ ਸ਼ਖ਼ਸੀਅਤਾਂ ਨਾਲ ਵੀ ਮਿਲਣ ਦੀ ਮੇਰੀ ਯੋਜਨਾ ਹੈ।’
ਉਨ੍ਹਾਂ ਕਿਹਾ, ‘‘ਇਸ ਦੌਰੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਾਲਮੇਲ ਅਤੇ ਭਾਈਵਾਲੀ ਹੋਰ ਡੂੰਘੀ ਹੋਵੇਗੀ ਅਤੇ ਅਸੀਂ ਕਾਰਬਨ ਨਿਕਾਸੀ ਘਟਾਉਣ, ਡਿਜੀਟਾਈਜ਼ੇਸ਼ਨ, ਆਰਥਿਕ ਭਾਈਵਾਲੀ, ਰਖਿਆ ਸਬੰਧਾਂ ਅਤੇ ਬਹੁਲਵਾਦ ਤੇ ਮਨੁੱਖੀ ਅਧਿਕਾਰਾਂ ਵਰਗੇ ਮੁੱਖ ਮੁੱਦਿਆਂ ’ਤੇ ਗੱਲਬਾਤ ਕਰਾਂਗੇ।’’
ਸੰਸਦ ਮੈਂਬਰ ਲਾਲ ਕਿਲ੍ਹੇ ਦਾ ਦੌਰਾ ਵੀ ਕਰਨਗੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗੱਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਮੌਕੇ ਦੇਸ਼ ਨੂੰ ਸੰਬੋਧਨ ਕਰਨਗੇ।
ਇਕ ਮੀਡੀਆ ਰੀਲੀਜ਼ ’ਚ ਕਿਹਾ ਗਿਆ ਹੈ ਕਿ ਯੂ.ਐਸ. ਕਾਂਗਰਸਮੈਨ ਮੁੰਬਈ, ਹੈਦਰਾਬਾਦ ਅਤੇ ਨਵੀਂ ਦਿੱਲੀ ’ਚ ਕਾਰੋਬਾਰ, ਤਕਨਾਲੋਜੀ, ਸਰਕਾਰ ਅਤੇ ਹਿੰਦੀ ਫਿਲਮ ਉਦਯੋਗ ਦੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤ ਕਰਨਗੇ। ਉਹ ਨਵੀਂ ਦਿੱਲੀ ’ਚ ਮਹਾਤਮਾ ਗਾਂਧੀ ਨੂੰ ਸਮਰਪਿਤ ਇਤਿਹਾਸਕ ਸਥਾਨ ਰਾਜ ਘਾਟ ਦਾ ਵੀ ਦੌਰਾ ਕਰਨਗੇ। ਖੰਨਾ ਅਤੇ ਵਾਲਟਜ਼ ਦੇ ਨਾਲ ਸੰਸਦ ਮੈਂਬਰ ਡੇਬੋਰਾ ਰੌਸ, ਕੈਟ ਕੈਮੈਕ, ਸ੍ਰੀ ਥਾਨੇਦਾਰ ਅਤੇ ਜੈਸਮੀਨ ਕਾਂਕੇਟ ਨਾਲ ਰਿਚ ਮੈਕਕਾਰਮਿਕ ਅਤੇ ਐਡ ਕੇਸ ਵੀ ਸ਼ਾਮਲ ਹੋਣਗੇ।