ਕਮਲਾ ਹੈਰਿਸ ਨੂੰ ਹਰਾਉਣ ਲਈ ਟਰੰਪ ਨੇ ਹਿੰਦੂ ਅਮਰੀਕੀ ਨੇਤਾ ਤੁਲਸੀ ਗਬਾਰਡ ਦੀ ਮਦਦ ਮੰਗੀ

ਵਾਸ਼ਿੰਗਟਨ, 18 ਅਗਸਤ (ਰਾਜ ਗੋਗਨਾ)-ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਰਾਸ਼ਟਰਪਤੀ ਚੋਣ ਨੂੰ ਲੈ ਕੇ ਬਹਿਸ ਹੋਣ ਜਾ ਰਹੀ ਹੈ। ਜਿਸ ਲਈ ਟਰੰਪ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ, ਟਰੰਪ ਨੇ ਬਹਿਸ ਭਾਸ਼ਨ ਵਿਚ ਆਪਣੀ ਪਾਰਟੀ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਾਬਕਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਅਤੇ ਹਿੰਦੂ-ਅਮਰੀਕੀ ਨੇਤਾ ਤੁਲਸੀ ਗਬਾਰਡ ਦੀ ਮਦਦ ਮੰਗੀ ਹੈ। ਡੋਨਾਲਡ ਟਰੰਪ ਅਤੇ ਭਾਰਤੀ ਮੂਲ ਦੀ ਨੇਤਾ ਕਮਲਾ ਹੈਰਿਸ ਦੀ 10 ਸਤੰਬਰ ਨੂੰ ਮੀਡੀਆ ਦੇ ਸਾਹਮਣੇ ਇੱਕ ਦੂਜੇ ਨਾਲ ਬਹਿਸ ਕਰਨਗੇ। 2020 ਦੀ ਰਾਸ਼ਟਰਪਤੀ ਦੀ ਦੌੜ ਤੋਂ ਬਾਅਦ, ਤੁਲਸੀ ਨੇ ਡੈਮੋਕ੍ਰੇਟਿਕ ਪਾਰਟੀ ਛੱਡ ਦਿੱਤੀ ਸੀ। ਅਤੇ ਉਹ ਟਰੰਪ ਦੀ ਸਮਰਥਕ ਬਣ ਗਈ ਸੀ। ਤੁਲਸੀ ਗਬਾਰਡ ਕੌਣ ਹੈ?ਤੁਲਸੀ ਗਬਾਰਡ ਦਾ ਜਨਮ ਅਮਰੀਕਾ ਦੇ ਹਵਾਈ ਰਾਜ ਦੇ ਵਿੱਚ ਅਮਰੀਕੀ ਸਮੋਅਨ ਮੂਲ ਦੇ ਇੱਕ ਪਰਿਵਾਰ ਦੇ ਵਿੱਚ ਹੋਇਆ ਸੀ।

ਉਸ ਦੇ ਪਿਤਾ ਇੱਕ ਕੈਥੋਲਿਕ ਸਨ।ਅਤੇ ਉਸ ਦੀ ਮਾਤਾ ਹਿੰਦੂ ਧਰਮ ਦੀ ਪੈਰੋਕਾਰ ਸੀ। ਤੁਲਸੀ ਗਬਾਰਡ ਨੇ ਵੀ ਹਿੰਦੂ ਧਰਮ ਨੂੰ ਅਪਣਾ ਲਿਆ ਸੀ। ਉਹ ਭਾਰਤ ਅਤੇ ਅਮਰੀਕਾ ਦਰਮਿਆਨ ਚੰਗੇ ਸਬੰਧਾਂ ਦੀ ਵੀ ਵਕਾਲਤ ਕਰਦੀ ਰਹੀ ਹੈ। ਟਰੰਪ ਅਤੇ ਕਮਲਾ ਹੈਰਿਸ ਵਿਰੁੱਧ ਪਹਿਲੀ ਰਾਸ਼ਟਰਪਤੀ ਬਹਿਸ ਨੂੰ ਲੋਕ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ। ਟਰੰਪ ਉਸੇ ਬਹਿਸ ਵਿੱਚ ਕਮਲਾ ਹੈਰਿਸ ਨੂੰ ਹਰਾ ਕੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲੀ ਬਹਿਸ ਵਿੱਚ ਜੋ ਬਿਡੇਨ ਨੂੰ ਹਰਾਇਆ ਸੀ। ਇਹੀ ਕਾਰਨ ਹੈ ਕਿ ਟਰੰਪ ਬਹਿਸ ਦੀ ਤਿਆਰੀ ਵਿੱਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਹਨ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸਾਬਕਾ ਡੈਮੋਕ੍ਰੇਟ ਸੰਸਦ ਮੈਂਬਰ ਤੁਲਸੀ ਗਬਾਰਡ ਇਸ ਕੰਮ ‘ਚ ਟਰੰਪ ਦੀ ਪੂਰੀ ਮਦਦ ਕਰ ਰਹੀ ਹੈ। ਇਸ ਤੋਂ ਪਹਿਲੇ ਤੁਲਸੀ ਨੇ ਸੰਨ 2019 ਵਿੱਚ ਇੱਕ ਬਹਿਸ ਵਿੱਚ ਕਮਲਾ ਹੈਰਿਸ ਨੂੰ ਹਰਾਇਆ ਸੀ।ਤੁਲਸੀ ਗਬਾਰਡ ਨੇ 2020 ਵਿੱਚ ਡੈਮੋਕਰੇਟ ਪਾਰਟੀ ਛੱਡ ਦਿੱਤੀ ਸੀ।ਅਤੇ ਹੁਣ ਉਸ ਨੂੰ ਟਰੰਪ ਸਮਰਥਕ ਮੰਨਿਆ ਜਾਂਦਾ ਹੈ। 2019 ਵਿੱਚ, ਤੁਲਸੀ ਗਬਾਰਡ ਨੇ ਇੱਕ ਬਹਿਸ ਦੌਰਾਨ ਕਮਲਾ ਹੈਰਿਸ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ।ਅਤੇ ਕਮਲ਼ਾ ਹੈਰਿਸ ਨੂੰ ਕਈ ਮੁੱਦਿਆਂ ‘ਤੇ ਬੇਵਕੂਫ਼ ਬਣਾ ਕੇ ਛੱਡ ਦਿੱਤਾ ਸੀ।

ਇਸ ਲਈ ਡੋਨਾਲਡ ਟਰੰਪ ਨੂੰ ਬਹਿਸ ਲਈ ਤਿਆਰ ਕਰਨ ਲਈ ਤੁਲਸੀ ਗਬਾਰਡ ਨੂੰ ਚੁਣਿਆ ਗਿਆ ਹੈ। ਤੁਲਸੀ ਗਬਾਰਡ ਅਤੇ ਕਮਲਾ ਹੈਰਿਸ 2020 ਵਿੱਚ ਅਮਰੀਕੀ ਰਾਸ਼ਟਰਪਤੀ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਸਨ। ਇਸ ਕਾਰਨ 2019 ‘ਚ ਡੈਮੋਕ੍ਰੇਟ ਪ੍ਰਾਇਮਰੀ ਚੋਣਾਂ ਦੌਰਾਨ ਦੋਵਾਂ ਵਿਚਾਲੇ ਵੀ ਬਹਿਸ ਹੋਈ ਸੀ।