ਲੋਕਾਂ ਦੇ ਅਸ਼ੀਰਵਾਦ ਤੇ ਤਗ਼ਮੇ ਤਾਂ ਤੇਰੇ ਸਿਰ ਤੇ ਮੀਂਹ ਵਾਂਗ ਵਰਦੇ ਰਹਿਣਗੇ
‘‘ਵਿਨੇਸ਼ ਫੋਗਾਟ ਤੂੰ ਹਾਰੀ ਨਹੀਂ, ਤੂੰ ਜੇਤੂ ਹੈਂ! ਤੂੰ ਕਰੋੜਾਂ ਭਾਰਤੀਆਂ ਦਾ ਦਿਲ ਜਿੱਤਿਆ ਹੈ, ਤੂੰ ਉਹਨਾਂ ਦੇ ਹਿਰਦਿਆਂ ਵਿੱਚ ਵਸ ਗਈ ਐਂ, ਤੇਰੇ ਤੇ ਭਾਰਤੀਆਂ ਨੂੰ ਮਾਣ ਹੈ, ਤੇਰੇ ਨਾਲ ਹੋਏ ਧੋਖੇ ਤੋਂ ਸਭ ਭਲੀ ਭਾਂਤ ਜਾਣੂ ਹਨ, ਉਲੰਪਿਕ ਦੇ ਇੱਕ ਤਗ਼ਮੇਂ ਨਾਲੋਂ ਸਮੁੱਚੇ ਭਾਰਤੀਆਂ ਦੇ ਦਿਲਾਂ ਦੇ ਤਗ਼ਮੇ ਕਿਤੇ ਭਾਰੀ ਹਨ ਜੋ ਤੂੰ ਜਿੱਤ ਲਏ ਹਨ’’ ਇਹ ਸ਼ਬਦ ਕੇਵਲ ਮੇਰੇ ਦਿਲ ਦੇ ਅੰਦਰੋਂ ਉੱਠੇ ਹੋਏ ਨਹੀਂ ਹਨ ਇਹ ਸਮੁੱਚੇ ਭਾਰਤੀਆਂ ਦੀ ਆਵਾਜ਼ ਹੈ। ਬੀਬਾ ਫੋਗਾਟ ਖਿਡਾਰੀਆਂ ਦੀ ਜਿੱਤ ਹਾਰ ਲਈ ਹੌਂਸਲਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਤੂੰ ਸਾਲਾਂ ਤੋਂ ਹੌਂਸਲੇ ਨਾਲ ਖੇਡ ਰਹੀ ਹੈਂ, ਏਸ਼ੀਆਈ ਤੇ ਰਾਸਟਰਮੰਡਲ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤ ਚੁੱਕੀ ਹੈਂ ਅਤੇ ਵਿਸਵ ਚੈਂਪੀਅਨਾਂ ਵਿੱਚ ਦੋ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਇਹਨਾਂ ਪੈਰਿਸ ਵਿੱਚ ਹੋ ਰਹੀਆਂ ਖੇਡਾਂ ’ਚ ਤੈਥੋਂ ਸੋਨ ਤਗ਼ਮਾ ਜਿੱਤਣ ਦੀ ਵੱਡੀ ਆਸ ਸੀ, ਤੂੰ ਇਸ ਨਿਸ਼ਾਨੇ ਦੇ ਬਿਲਕੁੱਲ ਨਜਦੀਕ ਪਹੁੰਚ ਗਈ ਅਤੇ ਫਾਈਨਲ ਵਿੱਚ ਪਹੁੰਚਣ ਸਦਕਾ ਦੇਸ਼ ਲਈ ਇੱਕ ਤਗ਼ਮਾ ਪੱਕਾ ਕਰ ਲਿਆ ਸੀ। ਫਾਈਨਲ ਵਿੱਚ ਹੋਏ ਮੁਕਾਬਲੇ ਵਿੱਚ ਭਾਵੇਂ ਭਾਰਤੀਆਂ ਨੂੰ ਉਮੀਦ ਸੀ ਕਿ ਤੂੰ ਜੇਤੂ ਹੋ ਕੇ ਸੋਨ ਤਗ਼ਮਾ ਹਾਸਲ ਕਰਦੀ, ਪਰ ਜੇਕਰ ਮੈਚ ਹਾਰ ਵੀ ਜਾਂਦੀ ਤਾਂ ਚਾਂਦੀ ਦਾ ਤਗ਼ਮਾ ਪੱਕਾ ਹੀ ਸੀ।
ਵਿਨੇਸ਼ ਫੋਗਾਟ ਤੂੰ ਪੰਜਾਹ ਕਿਲੋਗ੍ਰਾਮ ਭਾਰ ਦੀ ਖੇਡ ਖੇਡਦੀ ਸੀ, ਫਾਈਨਲ ਖੇਡ ਵਿੱਚ ਜਿੱਤ ਜਾਣ ਉਪਰੰਤ ਤੇਰੇ ਤੇ ਇਹ ਦੋਸ਼ ਲਾਇਆ ਗਿਆ ਹੈ ਕਿ ਤੇਰਾ ਭਾਰ ਸੌ ਗਰਾਮ ਵੱਧ ਹੈ। ਇਸ ਦੋਸ਼ ਨਾਲ ਤੈਨੂੰ ਕੇਵਲ ਹਾਰੀ ਹੋਈ ਕਰਾਰ ਨਹੀਂ ਦਿੱਤਾ ਬਲਕਿ ਕੁਸਤੀ ਮੁਕਾਬਲੇ ਵਿੱਚੋਂ ਹੀ ਬਾਹਰ ਕਹਿੰਦਿਆਂ ਤੇਰੀ ਮਿਹਨਤ ਮਿੱਟੀ ਵਿੱਚ ਰੋਲ ਦਿੱਤੀ ਗਈ। ਇਸ ਦਾ ਤੈਨੂੰ ਦੁੱਖ ਹੋਣਾ ਸੁਭਾਵਿਕ ਹੀ ਸੀ ਤੇ ਹੋਇਆ ਵੀ। ਪਰ ਇਹ ਦੁੱਖ ਕੇਵਲ ਤੈਨੂੰ ਨਹੀਂ ਸਮੁੱਚੇ ਭਾਰਤ ਵਾਸੀਆਂ ਨੂੰ ਹੈ। ਸੁਆਲ ਪੈਦਾ ਹੁੰਦਾ ਹੈ ਕਿ ਜੇਕਰ ਤੇਰਾ ਭਾਰ ਸੌ ਗਰਾਮ ਵੱਧ ਸੀ ਤਾਂ ਉਲੰਪਿਕ ਐਸੋਸੀਏਸਨ ਨੇ ਪੰਜਾਹ ਕਿਲੋ ਵਜਨ ਵਿੱਚ ਖੇਡਣ ਦੀ ਇਜਾਜਤ ਹੀ ਕਿਉਂ ਦਿੱਤੀ? ਖੇਡ ਮੈਦਾਨ ਵਿੱਚ ਉੱਤਰਣ ਹੀ ਕਿਉਂ ਦਿੱਤਾ ਗਿਆ? ਜੇਕਰ ਤੇਰਾ ਭਾਰ ਸਹੀ ਸੀ ਤਾਂ ਫੇਰ ਜਿੱਤਣ ਤੋਂ ਬਾਅਦ ਇਹ ਦੋਸ਼ ਕਿਉਂ ਮੜਿਆ ਗਿਆ? ਇਸਤੋਂ ਇਹ ਸਪਸ਼ਟ ਹੈ ਕਿ ਤੇਰੇ ਨਾਲ ਧੋਖਾ ਹੋਇਆ ਹੈ, ਜੋ ਕਥਿਤ ਤੌਰ ਤੇ ਜਾਣਬੁੱਝ ਕੇ ਕੀਤਾ ਗਿਆ ਹੈ।
ਸੈਮੀ ਫਾਈਨਲ ਵਿੱਚ ਕਿਊਬਾ ਦੀ ਜਿਸ ਪਹਿਲਵਾਨ ਵਾਈ ਗੂਜ਼ਮੈਨ ਲੋਪੇਜ਼ ਨੂੰ ਤੂੰ ਹਰਾ ਦਿੱਤਾ ਸੀ, ਉਸਨੂੰ ਫਾਈਨਲ ਮੈਚ ਖੇਡਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਤੇ ਉਹ ਅਮਰੀਕਾ ਦੀ ਸਾਰਾ ਅੇਨ ਹਿਲਡਰਬ੍ਰਾਂਟ ਤੋਂ ਹਾਰ ਗਈ ਹੈ। ਭਾਰਤ ਵਾਸੀਆ ਨੂੰ ਉਮੀਦ ਹੀ ਨਹੀਂ ਯਕੀਨ ਹੈ ਕਿ ਜੇਕਰ ਅਜਿਹੀ ਧੋਖੇਬਾਜੀ ਨਾ ਹੁੰਦੀ ਤਾਂ ਤੂੰ ਸੋਨ ਤਗ਼ਮਾ ਹਾਸਲ ਕਰ ਲੈਂਦੀ ਤੇ ਭਾਰਤ ਦਾ ਨਾਂ ਹੋਰ ਉੱਚਾ ਹੋ ਜਾਂਦਾ। ਵਿਨੇਸ ਤੈਨੂੰ ਮੈਦਾਨ ਚੋਂ ਬਾਹਰ ਕਰਨ ਸਦਕਾ ਸਮੁੱਚੇ ਭਾਰਤ ਵਾਸੀਆਂ ਦੇ ਹਿਰਦੇ ਵਲੰੂਧਰੇ ਗਏ ਹਨ, ਸਭਨਾਂ ਦੀਆਂ ਅੱਖਾਂ ਨਮ ਹਨ। ਬੀਤੇ ਦਿਨ ਲੋਕ ਸਭਾ ਅਤੇ ਰਾਜ ਸਭਾ ਦੇ ਸੈਸਨ ਵਿੱਚ ਵਿਰੋਧੀ ਧਿਰ ਵੱਲੋਂ ਤੈਨੂੰ ਆਯੋਗ ਕਰਾਰ ਦੇਣ ਦਾ ਮੁੱਦਾ ਉਠਾਉਣਾ ਚਾਹਿਆ ਸੀ ਤਾਂ ਉਸਨੂੰ ਰੋਕਣ ਦਾ ਯਤਨ ਹੋਇਆ, ਪਰ ਗੁੱਸੇ ਵਿੱਚ ਭਰੀ ਪੀਤੀ ਵਿਰੋਧੀ ਧਿਰ ਨੇ ਇਸ ਲੋਕਾਂ ਦੇ ਮਨਾਂ ਦੀ ਗੱਲ ਦੁਨੀਆਂ ਪੱਧਰ ਤੱਕ ਪਹੁੰਚਦੀ ਕਰਨ ਲਈ ਹੰਗਾਮਾਂ ਖੜਾ ਕਰ ਦਿੱਤਾ ਅਤੇ ਤੇਰੇ ਪੱਖ ਵਿੱਚ ਖੜੀ ਹੋ ਗਈ।
ਇਹ ਵੀ ਕੁਸਤੀ ਲਈ ਸੰਸਾਰਕ ਸੰਸਥਾ ਯੂਨਾਈਫਿਡ ਵਰਲਡ ਰੈਸਲਿੰਗ ਦੇ ਨਿਯਮਾਂ ਵਿੱਚ ਸ਼ਾਮਲ ਹੈ ਕਿ ਮੁਕਾਬਲੇ ਵਾਲੇ ਦਿਨ ਸਵੇਰੇ ਪਹਿਲਵਾਨਾਂ ਦਾ ਭਾਰ ਤੋਲਿਆ ਜਾਂਦਾ ਹੈ। ਭਾਰ ਤੋਲਣ ਸਮੇਂ ਅਜਿਹੇ ਪਹਿਲਵਾਨਾਂ ਕੋਲ 30 ਮਿੰਟ ਦਾ ਸਮਾਂ ਹੁੰਦਾ ਹੈ, ਜੇਕਰ ਉਸਦਾ ਭਾਰ ਕੁੱਝ ਗਰਾਮ ਵੱਧ ਹੋ ਜਾਵੇ ਤਾਂ ਉਹ ਭੱਜ ਕੇ, ਸਾਈਕਲ ਚਲਾ ਕੇ ਜਾਂ ਕਿਸੇ ਤਰਾਂ ਹੋਰ ਜੋਰ ਅਜ਼ਮਾਈ ਕਰਕੇ ਆਪਣਾ ਭਾਰ ਘਟਾ ਕੇ ਮੁੜ ਭਾਰ ਤੋਲਣ ਵਾਲੀ ਮਸ਼ੀਨ ਤੇ ਆ ਸਕਦੇ ਹਨ। ਇਹ ਵੀ ਸਪਸ਼ਟ ਹੈ ਕਿ ਖਿਡਾਰੀ ਜਿਨੀ ਵਾਰੀ ਮਰਜੀ ਮਸ਼ੀਨ ਤੇ ਪਹੁੰਚ ਕੇ ਭਾਰ ਤੋਲਾਈ ਕਰਵਾ ਸਕਦੇ ਹਨ। ਅਜਿਹਾ ਤਾਂ ਹੀ ਕੀਤਾ ਜਾਂਦਾ ਹੈ ਜੇ ਭਾਰ ਕੁੱਝ ਗਰਾਮ ਵੱਧ ਹੋਵੇ, ਜੇਕਰ ਵਿਨੇਸ ਦਾ ਭਾਰ ਇੱਕ ਸੌ ਗਰਾਮ ਵੱਧ ਸੀ ਤੇ ਉਸਨੇ ਵਰਜਿਸ਼ ਕਰਕੇ ਭਾਰ ਸਹੀ ਕਰਕੇ ਤੁਲਾਈ ਕਰਵਾ ਲਈ, ਫੇਰ ਬਾਅਦ ਵਿੱਚ ਉਸ ਨੂੰ ਆਧਾਰ ਕਿਉਂ ਬਣਾਇਆ ਗਿਆ? ਇਸ ਵਿੱਚ ਹੀ ਸ਼ਾਜਿਸ ਤੇ ਬੇਈਮਾਨੀ ਦੀ ਬੋਅ ਆਉਂਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸੈਣੀ ਨੇ ਐਲਾਨ ਕੀਤਾ ਹੈ ਕਿ ਉਹ ਵਿਨੇਸ ਫੋਗਾਟ ਨੂੰ ਰਾਜ ਸਰਕਾਰ ਵੱਲੋਂ ਉਲੰਪਿਕ ਜੇਤੂ ਵਾਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਖੇਡ ਜਗਤ ਦੇ ਇੱਕ ਪ੍ਰਸਿੱਧ ਲੇਖਕ ਸ੍ਰ: ਸਰਬਣ ਸਿੰਘ ਵੱਲੋਂ ਨੂੰ ਉਸ ਦੀਆਂ ਜਿੰਦਗੀ ਭਰ ਦੀਆਂ ਖੇਡਾਂ ਤੇ ਸਾਹਿਤ ਵਿੱਚ ਕੀਤੀਆਂ ਪ੍ਰਾਪਤੀਆਂ ਸਦਕਾ ਪੰਜਾਬ ਦੀਆਂ ਮਿੰਨੀ ਉਲੰਪਿਕ ਮੰਨੀਆਂ ਜਾਂਦੀਆਂ ਖੇਡਾਂ ‘ਹਰਬੰਸ ਸਿੰਘ ਪੁਰੇਵਾਲ ਯਾਦਗਾਰੀ ਖੇਡਾਂ’ ਵਿੱਚ ‘ਖੇਡ ਰਤਨ ਐਵਾਰਡ’ ਦਿੱਤਾ ਗਿਆ ਸੀ, ਜਿਸ ਵਿੱਚ ਸਵਾ ਦੋ ਤੋਲੇ ਦਾ ਸੋਨੇ ਦਾ ਤਗ਼ਮਾ ਹੈ। ਸ੍ਰ: ਸਰਬਣ ਸਿੰਘ ਨੇ ਇਹ ਤਗ਼ਮਾ ਇਸ ਮਾਣਮੱਤੀ ਧੀ ਵਿਨੇਸ ਫੋਗਾਟ ਨੂੰ ਦੇਣ ਦਾ ਐਲਾਨ ਕਰਕੇ ਆਪਣੀ ਜਿੰਦਗੀ ਦੀਆਂ ਸਾਰੀਆਂ ਪ੍ਰਾਪਤੀਆਂ ਵਿਨੇਸ ਦੀ ਝੋਲੀ ਪਾਉਣ ਦਾ ਫੈਸਲਾ ਲਿਆ ਹੈ। ਦੇਸ਼ ਭਰ ਵਿੱਚ ਸੰਸਥਾਵਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਵਿਨੇਸ ਫੋਗਾਟ ਨੂੰ ਜੇਤੂ ਮੰਨ ਕੇ ਉਲੰਪਿਕ ਜੇਤੂ ਖਿਡਾਰੀਆਂ ਵਾਲੀਆਂ ਸਾਰੀਆਂ ਸਹੂਲਤਾਂ ਤੇ ਇਨਾਮ ਪ੍ਰਦਾਨ ਕਰੇ। ਜੋ ਕੁੱਝ ਅਜਿਹਾ ਹੋ ਰਿਹਾ ਹੈ ਇਹ ਤੇਰੀ ਮਿਹਨਤ ਅਤੇ ਭਾਰਤੀ ਲੋਕਾਂ ਦੀ ਤੇਰੇ ਪ੍ਰਤੀ ਹਮਦਰਦੀ ਸਦਕਾ ਹੋ ਰਿਹਾ ਹੈ।
ਵਿਨੇਸ ਫੋਗਾਟ ਅੱਗੇ ਲਈ ਵੀ ਦੇਸ਼ ਵਾਸੀਆਂ ਨੂੰ ਤੇਰੇ ਤੇ ਬਹੁਤ ਆਸ਼ਾਂ ਉਮੀਦਾਂ ਹਨ, ਇਸ ਲਈ ਤੈਨੂੰ ਖਿੰਡਿਆ ਹੋਇਆ ਆਪਣਾ ਹੌਂਸਲਾ ਇਕੱਠਾ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਇੱਛਾ ਅਨੁਸਾਰ ਤੈਨੂੰ ਕੁਸਤੀ ਤੋਂ ਸਨਿਆਸ ਲੈਣ ਵਾਲੇ ਫੈਸਲੇ ਤੇ ਮੁੜ ਗੌਰ ਕਰਨਾ ਚਾਹੀਦਾ ਹੈ। ਭਾਰਤੀ ਲੋਕ ਤੇਰੇ ਨਾਲ ਹਨ, ਤੂੰ ਫਿਰ ਤੋਂ ਕੁਸਤੀ ਅਖਾੜੇ ਵਿੱਚ ਦਾਖ਼ਲ ਹੋ ਕੇ ਇਸ ਤੋਂ ਵੱਧ ਭਾਰ ਦੇ ਮੁਕਾਬਲੇ ਲਈ ਤਿਆਰੀ ਸੁਰੂ ਕਰ। ਲੋਕਾਂ ਦਾ ਅਸ਼ੀਰਵਾਦ ਤੇ ਤਗ਼ਮੇ ਤਾਂ ਤੇਰੇ ਸਿਰ ਤੇ ਮੀਂਹ ਵਾਂਗ ਵਰਦੇ ਰਹਿਣਗੇ।
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913