ਪੈਰਿਸ ਉਲੰਪਿਕ ਵਿਚ ਭਾਰਤ ਦੇ 117 ਖਿਡਾਰੀ ਵੱਖ ਵੱਖ ਖੇਡਾਂ ਵਿਚ ਆਪਣੀ ਕਾਰਗੁਜਾਰੀ ਵਿਖਾ ਰਹੇ ਹਨ। ਫਰਾਂਸ ਦੀ ਰਾਜਧਾਨੀ ਪੈਰਿਸ ਵਿਖੇ ਹੋ ਰਹੀਆਂ ਇਨ੍ਹਾਂ ਖੇਡਾਂ ਵਿਚ 45 ਖੇਡਾਂ ਸ਼ਾਮਲ ਹਨ। ਟੋਕੀਓ ਉਲੰਪਿਕ ਖੇਡਾਂ ਵਿਚ ਭਾਰਤ ਦੇ 119 ਖਿਡਾਰੀ ਸ਼ਾਮਲ ਹੋਏ ਸਨ ਜਿਨ੍ਹਾਂ ਨੇ 7 ਮੈਡਲ ਜਿੱਤੇ ਸਨ।
ਉਲੰਪਿਕ ਖੇਡਾਂ ਦਾ ਸਿੱਧਾ ਪ੍ਰਸਾਰਨ ਵੇਖਣ ਦਾ ਆਕਰਸ਼ਨ ਦੁਨੀਆਂ ਭਰ ਦੇ ਖੇਡ-ਪ੍ਰੇਮੀਆਂ ਨੂੰ ਹੁੰਦਾ ਹੈ। ਭਾਰਤ ਵਿਚ ਪੈਰਿਸ ਉਲੰਪਿਕ ਖੇਡਾਂ ਦੇ ਸਿੱਧੇ ਪ੍ਰਸਾਰਨ ਦੇ ਅਧਿਕਾਰ ਜੀਓ ਕੋਲ ਹਨ। ਸਪੋਰਟਸ 18-1; ਸਪੋਰਟਸ 18-2; ਸਪੋਰਟਸ 18-3 ਇਹ ਪ੍ਰਸਾਰਨ ਕਰ ਰਹੇ ਹਨ। ਭਾਰਤੀ ਦਰਸ਼ਕ ਜੀਓ ਸਿਨੇਮਾ ʼਤੇ ਇਨ੍ਹਾਂ ਖੇਡਾਂ ਦੇ ਸਿਧੇ ਪ੍ਰਸਾਰਨ ਦਾ ਮੁਫ਼ਤ ਵਿਚ ਲੁਤਫ਼ ਉਠਾ ਰਹੇ ਹਨ। ਖੇਡ-ਪ੍ਰੇਮੀ ਸਮਾਰਟ ਫੋਨ, ਆਈ ਪੈਡ, ਲੈਪਟਾਪ ਅਤੇ ਸਮਾਰਟ ਟੀ.ਵੀ. ʼਤੇ ਵੀ ਜੀਓ ਸਿਨੇਮਾ ਐਪ ਰਾਹੀਂ ਉਲੰਪਿਕ ਖੇਡਾਂ ਵੇਖ ਰਹੇ ਹਨ। ਉਲੰਪਿਕ ਖੇਡਾਂ ਨਾਲ ਸੰਬੰਧਿਤ ਖ਼ਬਰਾਂ ਲਈ ਖੇਡ-ਪ੍ਰੇਮੀ ਲਾਈਵ ਹਿੰਦੋਸਤਾਨ ਚੈਨਲ ਵੇਖ ਰਹੇ ਹਨ।
ਪੈਰਿਸ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਦਾ ਸਿੱਧਾ ਪ੍ਰਸਾਰਨ ਵੀ ਵਿਲੱਖਣ ਤੇ ਵੇਖਣਯੋਗ ਸੀ ਕਿਉਂਕਿ ਉਲੰਪਿਕ ਖੇਡਾਂ ਦੇ 128 ਸਾਲਾ ਇਤਿਹਾਸ ਵਿਚ ਪਹਿਲੀ ਵਾਰ ਉਦਘਾਟਨੀ ਸਮਾਰੋਹ ਸਮੇਂ ਖਿਡਾਰੀਆਂ ਦੀ ਪਰੇਡ ਸਟੇਡੀਅਮ ਤੋਂ ਬਾਹਰ ਸੀ। ਪੈਰਿਸ ਦੇ ਵਿਚੋ ਵਿਚ ਲੰਘਦੀ ਸੀਨ ਨਦੀ ʼਤੇ। ਦੁਨੀਆਂ ਭਰ ਤੋਂ ਪਹੁੰਚੇ 6800 ਤੋਂ ਵੱਧ ਖਿਡਾਰੀ 90 ਬੇੜੀਆਂ ʼਤੇ ਸਵਾਰ ਹੋ ਕੇ ਪੈਰਿਸ ਦੀਆਂ ਮਹੱਤਵਪੂਰਨ ਥਾਵਾਂ ਤੋਂ ਲੰਘੇ ਅਤੇ ਉਨ੍ਹਾਂ ਪਲਾਂ ਨੂੰ ਯਾਦਗਾਰੀ ਬਣਾ ਗਏ। ਉਨ੍ਹਾਂ 6 ਕਿਲੋਮੀਟਰ ਦਾ ਰਸਤਾ ਤੈਅ ਕੀਤਾ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਰਾਸ਼ਟਰਪਤੀ ਪੈਲੇਸ ਵਿਚ ਮਹਿਮਾਨਾਂ ਦਾ ਸੁਆਗਤ ਕੀਤਾ।
ਦਿਲਚਸਪ ਪਹਿਲੂ ਹੈ ਕਿ ਪੈਰਿਸ ਨੇ 100 ਸਾਲ ਪਹਿਲਾਂ 1924 ਵਿਚ ਵੀ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ।
ਉਲੰਪਿਕ ਮਸ਼ਾਲ ਨੂੰ ਗਰਮ ਹਵਾ ਦੇ ਗੁਬਾਰੇ ਰਾਹੀਂ ਆਕਾਸ਼ ਵਿਚ ਭੇਜਿਆ ਗਿਆ। ਉਦਘਾਟਨੀ ਸਮਾਰੋਹ ਸਮੇਂ ਸੀਨ ਨਦੀ ਦੇ ਪੁਲਾਂ, ਕਿਨਾਰਿਆਂ ਅਤੇ ਆਸ ਪਾਸ ਛੱਤਾਂ ʼਤੇ ਕਲਾਕਾਰਾਂ ਦੁਆਰਾ ਪੇਸ਼ਕਾਰੀਆਂ ਹੋ ਰਹੀਆਂ ਸਨ। ਇਹ ਰੰਗਾ ਰੰਗ, ਦਿਲਚਸਪ ਤੇ ਬੇਹੱਦ ਆਕਰਸ਼ਕ ਉਦਘਾਟਨੀ ਸਮਾਰੋਹ ਲਗਾਤਾਰ 4 ਘੰਟੇ ਚੱਲਿਆ। ਸੀਨ ਨਦੀ ਦੇ ਆਸ ਪਾਸ ਦਾ ਇਲਾਕਾ ਚਿੱਟੇ, ਲਾਲ ਅਤੇ ਨੀਲੇ ਰੰਗ ਦੀ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਿਆ।
ਅਮਰੀਕਾ ਅਤੇ ਕੈਨੇਡਾ ਦੇ ਗਾਇਕ ਕਲਾਕਾਰਾਂ ਦੀ ਮੌਜੂਦਗੀ ਅਕਰਸ਼ਨ ਦਾ ਕੇਂਦਰ ਬਣੀ ਰਹੀ। ਵਰਖਾ ਦੀ ਵਜ੍ਹਾ ਕਰਕੇ ਇਸ ਰੰਗਾ ਰੰਗ ਪ੍ਰੋਗਰਾਮ ਵਿਚ ਵਿਘਨ ਵੀ ਪਿਆ ਪਰ ਖਿਡਾਰੀਆਂ ਨੇ ਰੇਨਕੋਟ ਪਹਿਨ ਲਏ ਅਤੇ ਆਪਣੇ ਉਤਸ਼ਾਹ ਨੂੰ ਉਵੇਂ ਬਰਕਰਾਰ ਰੱਖਿਆ।
2000 ਦੇ ਕਰੀਬ ਸੰਗੀਤਕਾਰਾਂ ਅਤੇ ਨਾਚ-ਕਲਾਕਾਰਾਂ ਨੇ ਫਰਾਂਸ ਦੇ ਇਤਿਹਾਸ, ਕਲਾ ਅਤੇ ਖੇਡਾਂ ਬਾਰੇ ਨਿਵੇਕਲੇ ਢੰਗ ਨਾਲ ਸਮਝਾਇਆ ਦਰਸਾਇਆ।
ਬੇੜੀਆਂ ਵਿਚ ਸਟਾਰ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਦਾ ਨਜ਼ਾਰਾ ਵੇਖਣ ਵਾਲਾ ਸੀ। ਅਖ਼ੀਰ ਵਿਚ ਫਰਾਂਸ ਦੀ ਬੇੜੀ ਬੜੀ ਦਿਲਕਸ਼ ਸੀ ਅਤੇ ਉਸ ਵਿਚ ਖਿਡਾਰੀਆਂ ਦਾ ਸੱਭ ਤੋਂ ਵੱਡਾ ਦਲ ਸਵਾਰ ਸੀ।
ਸਟੇਡੀਅਮ ਤੋਂ ਬਾਹਰ ਖੁਲ੍ਹੀ ਥਾਂ ʼਤੇ ਨਦੀ ਕਿਨਾਰੇ 6 ਕਿਲੋਮੀਟਰ ਤੱਕ ਫੈਲੇ ਉਦਘਾਟਨੀ ਸਮਾਰੋਹ ਨੂੰ ਸ਼ਾਨਦਾਰ ਢੰਗ ਨਾਲ ਨੇਪਰੇ ਲਗਾਉਣਾ ਭਾਵੇਂ ਬੇਹੱਦ ਚੁਣੌਤੀ ਸੀ ਪਰੰਤੂ ਫਰਾਂਸ ਨੇ ਇਹ ਕਰ ਵਿਖਾਇਆ। ਸੀਨ ਨਦੀ ਦੇ ਆਰ ਪਾਰ ਹਜ਼ਾਰਾਂ ਪੁਲਿਸ ਕਰਮਚਾਰੀ ਮੌਜੂਦ ਸਨ।
ਭਾਰਤੀ ਖਿਡਾਰੀਆਂ ਦੀ ਹੁਣ ਤੱਕ ਦੀ ਕਾਰਗੁਜਾਰੀ ਤਸੱਲੀਬਖਸ਼ ਹੈ ਪਰੰਤੂ ਮੈਡਲਾਂ ਦੀ ਗਿਣਤੀ ਵਧਾਉਣ, ਮੁਕਾਬਲਿਆਂ ਵਿਚ ਬਣੇ ਰਹਿਣ ਅਤੇ ਹਾਕੀ ਟੀਮ ਦੇ ਅੱਗੇ ਵਧਣ ʼਤੇ ਪੂਰੇ ਭਾਰਤ ਦੀ ਨਜ਼ਰ ਰਹੇਗੀ।
ਦੁਨੀਆਂ ਦਾ ਧਿਆਨ ਜਿਸ ਵੇਲੇ ਯੁੱਧਾਂ ਜੰਗਾਂ ਵਿਚ ਬਿਖਰਿਆ ਹੋਇਆ ਹੈ ਉਸ ਸਮੇਂ ਪੈਰਿਸ ਉਲੰਪਿਕ ਖੇਡਾਂ ਏਕਤਾ ਦਾ ਸੰਦੇਸ਼ ਦੇ ਰਹੀਆਂ ਹਨ ਕਿ ਅਸੀਂ ਸਾਰੇ ਇਕ ਹਾਂ, ਇਕੱਠੇ ਹਾਂ। ਸਮਾਰੋਹ ਦੌਰਾਨ ਸ਼ਾਂਤੀ ਦੇ ਗੀਤ ਨੇ ਵੀ ਏਕਤਾ ਤੇ ਸਹਿਨਸ਼ੀਲਤਾ ਦਾ ਸੰਦੇਸ਼ ਦਿੱਤਾ। ਇਸ ਸਮਾਰੋਹ ਦੌਰਾਨ 100 ਤੋਂ ਵੱਧ ਸਰਕਾਰਾਂ ਦੇ ਮੁਖੀ ਮੌਜੂਦ ਸਨ।
ਅਮਰੀਕੀ ਪੌਪ ਸਟਾਰ ਲੇਡੀ ਗਾਗਾ ਦੀਆਂ ਸੁਰਾਂ ਨਾਲ ਜਿਵੇਂ ਸਮਾਂ ਠਹਿਰ ਗਿਆ। ਇਸ ਸਮੁੱਚੇ ਪ੍ਰੋਗਰਾਮ ਦੇ ਨਿਰਦੇਸ਼ਕ ਥੌਮਸ ਜੌਲੀ ਸਨ।
ਉਦਘਾਟਨੀ ਸਮਾਰੋਹ ਦੀ ਰੌਣਕ ਵਧਾਉਣ ਲਈ ਦੋ ਲੱਖ ਟਿਕਟਾਂ ਮੁਫ਼ਤ ਵੰਡੀਆਂ ਗਈਆਂ ਸਨ ਅਤੇ ਇਕ ਲੱਖ ਦੇ ਕਰੀਬ ਵੇਚੀਆਂ ਗਈਆਂ ਸਨ। ਇਸ ਤੋਂ ਇਲਾਵਾ ਅਰਬਾਂ ਲੋਕਾਂ ਨੇ ਇਸ ਵਿਲੱਖਣ ਤੇ ਦਿਲਕਸ਼ ਸਮਾਰੋਹ ਨੂੰ ਟੈਲੀਵਿਜ਼ਨ ਪਰਦੇ ʼਤੇ ਵੇਖਿਆ।
ਉਲੰਪਿਕ ਖੇਡਾਂ ਦੇ ਇਤਿਹਾਸ ਵਿਚ ਪੈਰਿਸ ਉਲੰਪਿਕ 2024 ਦੇ ਉਦਘਾਟਨੀ ਸਮਾਰੋਹ ਦਾ ਜ਼ਿਕਰ ਸੁਨਿਹਰੀ ਅੱਖਰਾਂ ਵਿਚ ਹੋਵੇਗਾ ਕਿਉਂ ਕਿ 128 ਸਾਲਾਂ ਦੇ ਇਤਿਹਾਸ ਨੂੰ ਬਦਲਦਿਆਂ ਇਹ ਸਮਾਰੋਹ ਸਟੇਡੀਅਮ ਤੋਂ ਬਾਹਰ ਨਦੀ ਵਿਚ ਬੇੜੀਆਂ ਦੀ ਪਰੇਡ ਦੁਆਰਾ ਕੀਤਾ ਗਿਆ ਅਤੇ ਦੁਨੀਆਂ ਦੇਖਦੀ ਰਹਿ ਗਈ
ਪ੍ਰੋ. ਕੁਲਬੀਰ ਸਿੰਘ