ਅਮਰੀਕਾ ‘ਚ ਚੋਣਾਂ ਦੌਰਾਨ ਫਿਰ ਗੋਲੀਬਾਰੀ, ਅਪਸਟੇਟ ਨਿਊਯਾਰਕ ਦੇ ਰੋਚੈਸਟਰ ਦੇ ਮੈਪਲਵੁੱਡ ਸਿਟੀ ਪਾਰਕ ‘ਚ 20 ਸਾਲਾ ਵਿਅਕਤੀ ਦੀ ਮੌਤ

ਨਿਊਯਾਰਕ,31 ਜੁਲਾਈ (ਰਾਜ ਗੋਗਨਾ)- ਇੱਕ ਪਾਸੇ ਜਿੱਥੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਸਥਿਤੀ ਗਰਮਾਈ ਹੋਈ ਹੈ। ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਗੋਲੀਬਾਰੀ ਤੋਂ ਬਾਅਦ ਹਾਲ ਹੀ ‘ਚ ਹੰਗਾਮਾ ਹੋਇਆ ਸੀ। ਇਸ ਘਟਨਾ ਦੇ ਕੁਝ ਹੀ ਦਿਨਾਂ ਬਾਅਦ ਇਕ ਵਾਰ ਫਿਰ ਅੰਨ੍ਹੇਵਾਹ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿਸ ਕਾਰਨ ਅਮਰੀਕਾ ਦੇ ਗੰਨ ਕਲਚਰ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਤਾਜ਼ਾ ਮਾਮਲਾ ਨਿਊਯਾਰਕ ਦਾ ਹੈ।ਜਿੱਥੇ ਇਕ 20 ਸਾਲਾ ਦੇ ਨੌਜਵਾਨ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਗੋਲੀਬਾਰੀ ਦੀ ਘਟਨਾ ਨਿਊਯਾਰਕ ਦੇ ਰੋਚੈਸਟਰ ਸ਼ਹਿਰ ਦੇ ਇਕ ਪਾਰਕ ‘ਚ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਇੱਕ 20 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਜਦਕਿ 6 ਹੋਰ ਲੋਕ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰਨ ‘ਤੇ ਪਤਾ ਲੱਗਾ ਕਿ 7 ਲੋਕਾਂ ਨੂੰ ਗੋਲੀ ਲੱਗੀ ਹੈ। ਪਾਰਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਹੋਣ ਕਾਰਨ ਹਫੜਾ-ਦਫੜੀ ਮੱਚ ਗਈ। ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।

ਸਾਰੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।ਪੁਲਿਸ ਨੇ ਆਪਣੀ ਜਾਂਚ ਦੌਰਾਨ ਜਨਤਾ ਦੀ ਮਦਦ ਮੰਗੀ ਹੈ।ਨਿਊਯਾਰਕ ਪੁਲਿਸ ਦੇ ਇੱਕ ਅਧਿਕਾਰੀ ਕੈਪਟਨ ਗ੍ਰੇਗ ਬੇਲੋ ਨੇ ਕਿਹਾ, ‘ਫਿਲਹਾਲ ਅਸੀਂ ਨਹੀਂ ਜਾਣਦੇ ਕਿ ਇਸ ਗੋਲੀਬਾਰੀ ਦੀ ਘਟਨਾ ਵਿੱਚ ਕਿੰਨੇ ਹਮਲਾਵਰ ਸ਼ਾਮਲ ਸਨ। ਕਿਸੇ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਅਸੀਂ ਲੋਕਾਂ ਤੋਂ ਘਟਨਾ ਦੀ ਵੀਡੀਓ ਵੀ ਮੰਗੀ ਹੈ ਅਤੇ ਜਾਂਚ ‘ਚ ਸਹਿਯੋਗ ਲਈ ਵੀ ਕਿਹਾ ਹੈ, ਅਤੇ ਜਾਂਚ ਲਈ ਜਨਤਾ ਦੀ ਮਦਦ ਵੀ ਮੰਗੀ ਹੈ।