ਵਾਸ਼ਿੰਗਟਨ , 21 ਮਾਰਚ (ਰਾਜ ਗੋਗਨਾ)-ਅਮਰੀਕਾ ਵਿੱਚ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸ਼ਬਦੀ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ।ਜਦੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੋਜੂਦਾ ਅਮਰੀਕੀ। ਰਾਸਟਰਪਤੀ ਜੋ ਬਿਡੇਨ ਇਕ ਵਾਰ ਫਿਰ ਆਹਮੋ-ਸਾਹਮਣੇ ਹੋਏ ਤਾਂ ਅਮਰੀਕਾ ਦੀ ਭਾਰਤੀ ਮੂਲ ਦੀ ਉਪ- ਰਾਸ਼ਟਰਪਤੀ ਕਮਲਾ ਹੈਰਿਸ ਨੇ ਟਰੰਪ ‘ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਲੋਕਤੰਤਰ ਅਤੇ ਪ੍ਰਗਟਾਵੇ ਦੀ ਆਜ਼ਾਦੀ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ।
ਕਮਲਾ ਹੈਰਿਸ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਡੋਨਾਲਡ ਟਰੰਪ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਚੋਣ ਵਿੱਚ ਰਾਸ਼ਟਰਪਤੀ ਬਿਡੇਨ ਅਤੇ ਮੈਂ ਇੱਕ ਵਾਰ ਫਿਰ ਲੋਕਾਂ ਦੇ ਵੋਟਿੰਗ ਅਧਿਕਾਰਾਂ ਦੀ ਰੱਖਿਆ ਕਰਾਂਗੇ ਅਤੇ ਅਮਰੀਕਾ ਵਿੱਚ ਵਿਆਪਕ ਹੋ ਰਹੇ ਬੰਦੂਕ ਸੱਭਿਆਚਾਰ ਕਾਰਨ ਹੋਈ ਹਿੰਸਾ ਬਾਰੇ ਵੀ ਗੱਲ ਕਰਾਂਗੇ। ਕਮਲਾ ਹੈਰਿਸ ਦਾ ਇਹ ਬਿਆਨ ਡੋਨਾਲਡ ਟਰੰਪ ਦੇ ਵਿਵਾਦਤ ਬਿਆਨ ਤੋਂ ਬਾਅਦ ਆਇਆ ਹੈ। ਜਿਸ ਵਿੱਚ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਜੇਕਰ ਮੈਂ ਰਾਸ਼ਟਰਪਤੀ ਚੋਣ ਨਹੀਂ ਜਿੱਤਦਾ ਤਾਂ ਅਮਰੀਕਾ ਵਿੱਚ ਫਿਰ ਤੋਂ ਖੂਨ ਖਰਾਬਾ ਹੋ ਜਾਵੇਗਾ। ਟਰੰਪ ਦੇ ਬਿਆਨ ‘ਤੇ ਰਾਸ਼ਟਰਪਤੀ ਬਿਡੇਨ ਦੇ ਬੁਲਾਰੇ ਜੇਮਸ ਸਿੰਗਰ ਨੇ ਵੀ ਕਿਹਾ ਕਿ ਟਰੰਪ 6 ਜਨਵਰੀ 2021 ਦੀ ਘਟਨਾ ਨੂੰ ਦੁਹਰਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਇਸ ਦਿਨ 2021 ‘ਚ ਟਰੰਪ ਦੇ ਚੋਣ ਹਾਰਨ ਤੋਂ ਬਾਅਦ ਲੋਕਾਂ ਦਾ ਇਕ ਸਮੂਹ ਅਮਰੀਕੀ ਸੰਸਦ ‘ਚ ਦਾਖਲ ਹੋਇਆ ਸੀ। ਟਰੰਪ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਵਿਚ 100 ਤੋ ਵੱਧ ਲੋਕ ਜ਼ਖਮੀ ਹੋ ਗਏ ਸਨ। ਅਤੇ 9 ਲੋਕਾਂ ਦੀ ਮੌਤ ਹੋ ਗਈ ਸੀ।