ਆਸਟ੍ਰੇਲੀਆ ਦੇ ਸੰਸਦ ਭਵਨ ‘ਚ ਕੁਝ ਫਲਸਤੀਨ ਸਮਰਥਕ ਪ੍ਰਦਰਸ਼ਨਕਾਰੀ ਵੀਰਵਾਰ ਨੂੰ ਅੰਦਰ ਦਾਖਲ ਹੋ ਗਏ ਅਤੇ ਇਮਾਰਤ ਦੀ ਛੱਤ ਤੋਂ ਬੈਨਰ ਲਹਿਰਾਏ। ਇਸ ਦੌਰਾਨ ਸੰਸਦ ਦੇ ਇੱਕ ਮੈਂਬਰ ਨੇ ਗਾਜ਼ਾ ਯੁੱਧ ਸਬੰਧੀ ਫੈਸਲੇ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਸਰਕਾਰ ਤੋਂ ਬਾਹਰ ਹੋਣ ਦਾ ਐਲਾਨ ਕੀਤਾ।
ਪੰਜ ਹਫ਼ਤਿਆਂ ਦੀ ਛੁੱਟੀ ਤੋਂ ਬਾਅਦ ਸੰਸਦ ਦੀ ਕਾਰਵਾਈ ਦੇ ਆਖ਼ਰੀ ਦਿਨ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਗਰਮਾ-ਗਰਮ ਬਹਿਸ ਹੋਈ।
‘ਗ੍ਰੇਟ ਵੇਰੰਡਾ’ ਦੇ ਨਾਂ ਨਾਲ ਮਸ਼ਹੂਰ ਇਮਾਰਤ ਦੇ ਅਗਲੇ ਹਿੱਸੇ ‘ਤੇ ਚਾਰ ਪ੍ਰਦਰਸ਼ਨਕਾਰੀਆਂ ਨੇ ਇੱਕ ਘੰਟੇ ਤੋਂ ਵੱਧ ਸਮੇਂ ਲਈ “ਯੁੱਧ ਅਪਰਾਧ” ਅਤੇ “ਨਸਲਕੁਸ਼ੀ” ਸ਼ਬਦਾਂ ਦੇ ਨਾਲ-ਨਾਲ ਫਲਸਤੀਨੀ ਰੈਲੀ ਦੇ ਪ੍ਰਮੁੱਖ ਨਾਅਰੇ “ਨਦੀ ਤੋਂ ਸਮੁੰਦਰ ਤੱਕ, ਫਲਸਤੀਨ ਆਜ਼ਾਦ ਹੋਵੇਗਾ” ਵਾਲੇ ਬੈਨਰ ਲਹਿਰਾਏ।
ਬਾਅਦ ਵਿਚ ਚਾਰੋਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਫਗਾਨਿਸਤਾਨ ਵਿੱਚ ਜਨਮੀ ਸੈਨੇਟਰ ਫਾਤਿਮਾ ਪੇਾਇਮਨ ਨੇ ਘੋਸ਼ਣਾ ਕੀਤੀ ਕਿ ਉਸਨੇ ਗਾਜ਼ਾ ‘ਤੇ ਪਾਰਟੀ ਦੇ ਰੁਖ ਨੂੰ ਰੱਦ ਕਰਦਿਆਂ ਸੱਤਾਧਾਰੀ ਲੇਬਰ ਪਾਰਟੀ ਛੱਡ ਦਿੱਤੀ ਹੈ। ਫਾਤਿਮਾ ਪਾਇਮਨ ਇਕਲੌਤੀ ਆਸਟ੍ਰੇਲੀਆਈ ਸੰਸਦ ਮੈਂਬਰ ਹੈ ਜਿਸ ਨੇ ਸਦਨ ਵਿੱਚ ਬੈਠਕਾਂ ਦੌਰਾਨ ਹਿਜਾਬ ਪਾਇਆ।