ਅਮੇਰਿਕਨ ਅਜ਼ਾਦੀ ਦਿਹਾੜੇ ‘ਤੇ ਵਾਸ਼ਿੰਗਟਨ ਡੀ.ਸੀ. ਨੈਸ਼ਨਲ ਪਰੇਡ ‘ਚ ਸਿੱਖਸ ਆਫ਼ ਅਮੇਰਿਕਾ ਵਧ ਚੜ੍ਹ ਕੇ ਲਵੇਗਾ ਭਾਗ

•ਚੇਅਰਮੈਨ ਜਸਦੀਪ ਸਿੰਘ ਜੱਸੀ’ ਦੀ ਅਗਵਾਈ ‘ਚ ਹੋਈ ਅਹਿਮ ਇਕੱਤਰਤਾ

ਵਾਸ਼ਿੰਗਟਨ, 01 ਜੁਲਾਈ (ਰਾਜ ਗੋਗਨਾ )- ਹਰ ਸਾਲ ਦੀ ਤਰਾਂ ਇਸ ਸਾਲ ਵੀ ਅਮੈਰਿਕਨ ਅਜ਼ਾਦੀ ਦਿਹਾੜੇ ‘ਤੇ 4 ਜੁਲਾਈ ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਅਮਰੀਕਨ ਸਰਕਾਰ ਵਲੋਂ ਰਾਸ਼ਟਰੀ ਪੱਧਰ ਦੀ ਨੈਸ਼ਨਲ ਪਰੇਡ ਕੱਢੀ ਜਾ ਰਹੀ ਹੈ। ਇਸ ਪਰੇਡ ਵਿਚ ਹਰ ਸਾਲ ਸਿੱਖਸ ਆਫ ਅਮੈਰਿਕਾ ਵਲੋਂ ਵਧ ਚੜ ਕੇ ਭਾਗ ਲਿਆ ਜਾਂਦਾ ਹੈ ਅਤੇ ਇਸ ਵਾਰ ਵੀ ਸ਼ਮੂਲੀਅਤ ਕਰਨ ਲਈ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਅਗਵਾਈ ‘ਚ ਸਮੂੰਹ ਡਾਇਰੈਕਟਰਸ ਦੀ ਇਕ ਉੱਚ ਪੱਧਰੀ ਇਕੱਤਰਤਾ ਹੋਈ।

ਮੀਟਿੰਗ ਉਪਰੰਤ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਸ ਪਰੇਡ ਵਿੱਚ ਹਮੇਸ਼ਾ ਦੀ ਤਰਾਂ ਸਿੱਖ ਫਲੋਟ ਸ਼ਾਮਿਲ ਕੀਤਾ ਜਾਵੇਗਾ। ਅਮਰੀਕਾ ‘ਚ ਸਿੱਖੀ ਕੌਮ ਦੀ ਚੜਦੀ ਕਲਾ, ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਨੂੰ ਦਰਸਾਏਗਾ। ਇਸ ਫਲੋਟ ਵਿਚ ਅਮੈਰਿਕਨ ਸਿੱਖ ਆਫੀਸਰ ਅਤੇ ਭੰਗੜੇ ਦੀ ਟੀਮ ਵੀ ਸ਼ਾਮਿਲ ਹੋਵੇਗੀ ਜੋ ਪੰਜਾਬੀ ਸੱਭਿਆਚਾਰ ਦੀ ਬਾਤ ਪਾਵੇਗੀ। ਇਸ ਮੌਕੇ ਇਸ ਫਲੋਟ ਉੱਪਰ ਲਗਾਈ ਗਈ ਐੱਲ.ਈ.ਡੀ. ਅਮੈਰਿਕਾ ‘ਚ ਸਿੱਖ ਇਤਿਹਾਸ ਦੀ ਝਲਕ ਦਿਖਾਵੇਗੀ। ਉਹਨਾਂ ਦੱਸਿਆ ਕਿ ਇਸ ਪਰੇਡ ਵਿਚ ਔਰਤ ਤੇ ਮਰਦ ਲਾਲ, ਨੀਲੇ ਅਤੇ ਚਿੱਟੇ ਰੰਗ ਦੇ ਅਮੈਰਿਕਨ ਝੰਡੇ ਨੂੰ ਦਰਸਾਉਂਦੇ ਕੱਪੜੇ ਪਾਉਣਗੇ। ਇਸ ਦੌਰਾਨ ਸਿੱਖਸ ਆਫ ਅਮੈਰਿਕਾ ਦੀਆਂ ਟੀ-ਸ਼ਰਟਾਂ ਵੀ ਵੰਡੀਆਂ ਜਾਣਗੀਆਂ ਜਿਹਨਾਂ ਉੱਤੇ ਅਮੈਰਿਕਨ ਫਲੈਗ ਅਤੇ ਸਿੱਖਸ ਆਫ ਅਮੈਰਿਕਾ ਦੇ ਲੋਗੋ ਲੱਗੇ ਹੋਣਗੇ।ਇੱਥੇ ਦੱਸਣਯੋਗ ਹੈ ਕਿ ਇਸ ਪਰੇਡ ਵਿਚ ਇਕ ਲੱਖ ਤੋਂ ਵੱਧ ਦਰਸ਼ਕ ਸ਼ਾਮਿਲ ਹੁੰਦੇ ਹਨ ਜਦਕਿ ਇਕ ਮਿਲੀਅਨ ਤੋਂ ਵੀ ਵੱਧ ਦਰਸ਼ਕ ਟੀ.ਵੀ. ਅਤੇ ਆਨਲਾਈਨ ਪਲੇਟਫਾਰਮਾਂ ਉੱਤੇ ਇਸ ਪਰੇਡ ਨੂੰ ਦੇਖਦੇ ਹਨ।

ਇਸ ਪਰੇਡ ਵਿੱਚ ਭਾਗ ਲੈਣ ਵਾਲੀਆਂ ਸੰਗਤਾਂ ਨੂੰ ਸਵੇਰੇ ਪਰੌਂਠੇ ਦਿੱਤੇ ਜਾਣਗੇ ਅਤੇ ਪਰੇਡ ਖ਼ਤਮ ਹੋਣ ਤੇ ਸਬਵੇਅ ਦਿੱਤਾ ਜਾਵੇਗਾ। ਸਮੁੱਚੀ ਪਰੇਡ ਨੂੰ ਪੀ.ਟੀ.ਸੀ. ਅਤੇ ਅਮੇਜ਼ਿੰਗ ਟੀ.ਵੀ. ਸਮੇਤ ਸਮੁੱਚੇ ਪੰਜਾਬੀ ਮੀਡੀਆ ਵਲੋਂ ਕਵਰ ਕੀਤਾ ਜਾਵੇਗਾ।