ਚਿਰੰਜੀ ਲਾਲ ਦੀ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਥੋਕ ਕਰਿਆਨੇ ਦੀ ਦੁਕਾਨ ਸੀ ਜਿਸ ਤੋਂ ਉਹ ਵਧੀਆ ਮਾਲ ਕਮਾ ਰਿਹਾ ਸੀ। ਇੱਕ ਦਿਨ ਉਸ ਦੇ ਘਰ ਲੁਟੇਰੇ ਪੈ ਗਏ ਤਾਂ ਉਸ ਨੇ ਪਿਸਤੌਲ ਕੱਢ ਲਿਆ। ਪਿਸਤੌਲ ਵੇਖਦੇ ਸਾਰ ਡਰ ਦੇ ਮਾਰੇ ਲੁਟੇਰੇ ਨੌ ਦੋ ਗਿਆਰਾਂ ਹੋ ਗਏ। ਉਸ ਨੇ 112 ਨੰਬਰ ‘ਤੇ ਫੋਨ ਕੀਤਾ ਤਾਂ ਪੁਲਿਸ ਤਫਤੀਸ਼ ਕਰਨ ਲਈ ਉਸ ਦੇ ਘਰ ਪਹੁੰਚ ਗਈ। ਸਾਰੀ ਰਾਮ ਕਹਾਣੀ ਸੁਣ ਕੇ ਥਾਣੇਦਾਰ ਜਰਨੈਲ ਝੂਠ ਨੇ ਪੁੱਛਿਆ, “ਸੇਠ ਜੀ ਪਿਸਤੌਲ ਲਸੰਸੀ ਆ? ਥਾਣੇ ਦੇ ਰਿਕਾਰਡ ਮੁਤਾਬਕ ਤਾਂ ਤੇਰੇ ਨਾਮ ‘ਤੇ ਕੋਈ ਅਸਲ੍ਹਾ ਨਹੀਂ ਬੋਲਦਾ।” ਉਸ ਨੂੰ ਯਾਦ ਸੀ ਕਿ ਜਦੋਂ ਪਿਛਲੀਆਂ ਸੰਸਦੀ ਚੋਣਾਂ ਵੇਲੇ ਲਾਇਸੰਸੀ ਹਥਿਆਰ ਜਮ੍ਹਾਂ ਕਰਵਾਏ ਗਏ ਸਨ ਤਾਂ ਸੇਠ ਨੇ ਕੋਈ ਹਥਿਆਰ ਜਮ੍ਹਾਂ ਨਹੀਂ ਸੀ ਕਰਵਾਇਆ। ਚਿਰੰਜੀ ਹੱਸਿਆ, “ਥਾਣੇਦਾਰ ਸਾਹਿਬ ਅਸੀਂ ਤਾਂ ਵਪਾਰੀ ਬੰਦੇ ਆਂ, ਸਾਡਾ ਹਥਿਆਰਾਂ ਨਾਲ ਕੀ ਕੰਮ? ਸਾਡੇ ਘਰ ਤਾਂ ਕੁੱਤੇ ਨੂੰ ਮਾਰਨ ਲਈ ਸੋਟੀ ਵੀ ਨਈਂ ਹੈਗੀ। ਅਸਲ ਗੱਲ ਇਹ ਹੈ ਕਿ ਪਿਸਤੌਲ ਬੱਚਿਆ ਦਾ ਖਿਡੌਣਾ ਸੀ, ਮੈਂ ਫੋਕਾ ਦਾਬਾ ਮਾਰਿਆ ਸੀ ਤੇ ਉਹ ਚੱਲ ਗਿਆ।”
ਸੁਣ ਕੇ ਜਰਨੈਲ ਝੂਠ ਦੇ ਮੱਥੇ ‘ਤੇ ਤਿਊੜੀਆਂ ਪੈ ਗਈਆਂ ਜਿਵੇਂ ਉਸ ਨੂੰ ਕੋਈ ਵੱਡਾ ਘਾਟਾ ਪੈ ਗਿਆ ਹੋਵੇ। ਪੁਲਿਸ ਆਪਣੀ ਕਾਰਵਾਈ ਕਰ ਕੇ ਚੱਲਦੀ ਬਣੀ ਤੇ ਉਸ ਦੇ ਜਾਣ ਤੋਂ ਅੱਧੇ ਘੰਟੇ ਦੇ ਅੰਦਰ ਹੀ ਲੁਟੇਰਿਆਂ ਨੇ ਦੁਬਾਰਾ ਹੱਲਾ ਬੋਲ ਦਿੱਤਾ। ਚਿਰੰਜੀ ਨੇ ਫਿਰ ਖਿਡੌਣਾ ਪਿਸਤੌਲ ਨਾਲ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਸ਼ੋਅਲੇ ਫਿਲਮ ਦੇ ਗੱਬਰ ਸਿੰਘ ਵਾਂਗ ਠਹਾਕਾ ਲਗਇਆ ਤੇ ਉਸ ਨੂੰ ਬੱਕਰੇ ਵਾਂਗ ਢਾਹ ਲਿਆ। ਪਹਿਲਾਂ ਉਨ੍ਹਾਂ ਨੇ ਪਿਸਤੌਲ ਭੰਨਿਆਂ, ਫਿਰ ਚਿਰੰਜੀ ਨੂੰ ਭੰਨਿਆਂ ਤੇ ਬਾਅਦ ਵਿੱਚ ਤਸੱਲੀ ਨਾਲ ਸਾਰੇ ਘਰ ਨੂੰ ਝਾੜੂ ਮਾਰ ਕੇ ਆਪਣੇ ਰਾਹ ਪੈ ਗਏ। ਹਸਪਤਾਲ ਦੇ ਬੈੱਡ ‘ਤੇ ਪਿਆ ਵਿਚਾਰਾ ਚਿਰੰਜੀ ਸੋਚ ਰਿਹਾ ਸੀ ਕਿ ਮੈਂ ਤਾਂ ਪੁਲਿਸ ਤੋਂ ਇਲਾਵਾ ਕਿਸੇ ਨਾਲ ਨਕਲੀ ਪਿਸਤੌਲ ਬਾਰੇ ਗੱਲ ਸਾਂਝੀ ਨਹੀਂ ਸੀ ਕੀਤੀ, ਫਿਰ ਲੁਟੇਰਿਆਂ ਨੂੰ ਕਿਵੇਂ ਪਤਾ ਲੱਗ ਗਿਆ?
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062