ਡਾ: ਗੁਰਸੇਵਕ ਲੰਬੀ ਦੀ ਪੁਸਤਕ ‘ਮੇਰਾ ਬਸਤਾ‘ ਤੇ ਵਿਚਾਰ ਗੋਸਟੀ ਹੋਈ

ਬਠਿੰਡਾ, 4 ਅਪਰੈਲ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਡਾ: ਗੁਰਸੇਵਕ ਲੰਬੀ ਦੀ ਨਿਵੇਕਲੀ ਕਿਸਮ ਦੀ ਪੁਸਤਕ ‘ਮੇਰਾ ਬਸਤਾ’ ਤੇ ਸਥਾਨਕ ਟੀਚਰਜ ਹੋਮ ਵਿਖੇ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਉਘੇ ਵਿਦਵਾਨ ਡਾ: ਸਤੀਸ ਵਰਮਾ ਨੇ ਕੀਤੀ, ਜਦ ਕਿ ਮੁੱਖ ਮਹਿਮਾਨ ਵਜੋਂ ਸ੍ਰ: ਗੁਰਮੀਤ ਸਿੰਘ ਸਿੱਧੂ ਨੇ ਸਿਰਕਤ ਕੀਤੀ। ਸਮਾਗਮ ਦੀ ਸੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੀਆਂ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਦੀ ਗੱਲ ਵੀ ਕੀਤੀ ਅਤੇ ਅੱਗੇ ਲਈ ਵੀ ਸਾਹਿਤ ਸਭਾ ਦੇ ਸਮਾਗਮਾਂ ਦੀ ਲਗਾਤਾਰਤਾ ਰੱਖਣ ਦਾ ਭਰੋਸਾ ਦਿੱਤਾ।

ਇਸ ਉਪਰੰਤ ਪੁਸਤਕ ਤੇ ਵਿਚਾਰ ਚਰਚਾ ਸੁਰੂ ਕਰਦਿਆਂ ਮੁੱਖ ਬੁਲਾਰੇ ਡਾ: ਰਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਪੁਸਤਕ ’ਚ ਅਨੁਭਵ ਦੀ ਪ੍ਰਮਾਣਿਕਤਾ ਬਹੁਤ ਹੈ ਅਤੇ ਰੌਚਕਤਾ ਭਰਪੂਰ ਹੈ। ਲੇਖਕ ਨੇ ਪੁਸਤਕ ਦਾ ਨਾਂ ਮੇਰਾ ਬਸਤਾ ਰੱਖਿਆ ਹੈ, ਇਸ ਚੋਂ ਤੰਗ ਆਰਥਿਕਤਾ ਦੀ ਝਲਕ ਮਿਲਦੀ ਹੈ। ਬਸਤੇ ਤੋਂ ਬੈਗ ਤੱਕ ਦੇ ਸਫ਼ਰ ਦੀ ਦੌੜ ਦਾ ਅਨੁਭਵ ਹੁੰਦਾ ਹੈ। ਇਹ ਕਿਤਾਬ ਵਿਦਿਆਰਥੀਆਂ ਨੂੰ ਪੜਣੀ ਚਾਹੀਦੀ ਹੈ ਖਾਸ ਕਰਕੇ ਗਰੀਬ ਵਰਗ ਦੇ ਵਿਦਿਆਰਥੀਆਂ ਲਈ ਜਰੂਰੀ ਹੈ। ਅਧਿਆਪਕਾਂ ਨੂੰ ਇਹ ਪੁਸਤਕ ਪੜਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਉਘੇ ਕਹਾਣੀਕਾਰ ਸ੍ਰੀ ਅਤਰਜੀਤ ਨੇ ਕਿਹਾ ਕਿ ਇਹ ਪੁਸਤਕ ਅਕਾਦਮਿਕ ਤੌਰ ਤੇ ਪੜੀ ਜਾਣੀ ਚਾਹੀਦੀ ਹੈ। ਇਹ ਤੰਗੀਆਂ ਤਰੁਸੀਆਂ ਦੀ ਬਾਤ ਵੀ ਪਾਉਂਦੀ ਹੈ ਅਤੇ ਮਾਪਿਆਂ ਦੀ ਸਖ਼ਤ ਮਿਹਨਤ ਨੂੰ ਉਜਾਗਰ ਕਰਦੀ ਹੋਈ ਆਰਥਿਕ ਤੰਗੀ ਦੀ ਜਿੱਲਣ ਚੋਂ ਨਿਕਲਣ ਅਤੇ ਜੀਵਨ ਸੁਧਾਰ ਦੇ ਰਾਹ ਤੁਰਨ ਦੀ ਪ੍ਰੇਰਨਾ ਦਿੰਦੀ ਹੈ।

ਆਲੋਚਕ ਸ੍ਰੀ ਗੁਰਦੀਪ ਢਿੱਲੋਂ ਨੇ ਕਿਹਾ ਕਿ ਪੁਸਤਕ ’ਚ ਲੇਖਕ ਨੇ ਆਪਣਾ ਗਿਆਨ ਨਹੀਂ ਘੋਟਿਆ, ਪਰ ਛੋਟੀ ਉਮਰ ਵਿੱਚ ਹੋਣ ਕਰਕੇ ਜੋ ਵੇਖਿਆ ਹੰਢਾਇਆ ਉਹ ਗਿਆਨ ਨਾਲ ਪਾਠਕਾਂ ਦੇ ਪੇਸ਼ ਕੀਤਾ ਹੈ। ਬਸਤਾ ਪ੍ਰਣਾਲੀ ਤੇ ਬੈਗ ਪ੍ਰਣਾਲੀ ਬਾਰੇ ਪਾਠਕਾਂ ਨੂੰ ਜਾਗਰੂਕ ਕੀਤਾ ਹੈ ਅਤੇ ਇਸ ਫ਼ਰਕ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ। ਇਸ ਪੁਸਤਕ ਵਿੱਚ ਸਬਰ, ਵਿਚਾਰ, ਸਫ਼ਰ, ਸਿਦਕ ਦੀ ਗੱਲ ਕੀਤੀ ਹੈ ਇਹ ਕਿਤਾਬ ਕਿਰਤ ਦਾ ਥੀਸਸ ਹੈ। ਸ੍ਰੀਮਤੀ ਚਰਨਜੀਤ ਕੌਰ ਬਰਾੜ ਨੇ ਚਰਚਾ ਕਰਦਿਆਂ ਕਿਹਾ ਕਿ ਇਹ ਵਾਰਤਕ ਦੀ ਕਵਿਤਾ ਵਰਗੀ ਪੁਸਤਕ ਹੈ, ਰਚਨਾ ’ਚ ਕਵਿਤਾ ਵਰਗੀ ਰਵਾਨਗੀ ਹੈ। ਬਸਤਾ ਗਿਆਨ ਦਾ ਪਹਿਲਾ ਕਦਮ ਹੁੰਦਾ ਹੈ, ਪੁਸਤਕ ਮੇਰਾ ਬਸਤਾ ਸੰਘਰਸ਼ ਦੀ ਗਾਥਾ ਹੈ। ਸਰਵ ਸ੍ਰੀ ਲਛਮਣ ਸਿੰਘ ਮਲੂਕਾ, ਜਸਵੀਰ ਸਿੰਘ ਸਿੱਧੂ, ਡਾ: ਗੁਰਜੀਤ ਮਾਨ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਮੁੱਖ ਮਹਿਮਾਨ ਸ੍ਰ: ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਸਤਕ ਹਰ ਪੱਖ ਤੋਂ ਸਫ਼ਲ ਹੈ, ਇਨਸਾਨ ਨੂੰ ਹੌਂਸਲੇ ਨਾਲ ਜਿੰਦਗੀ ਜਿਉਣ ਦਾ ਰਾਹ ਵਿਖਾਉਂਦੀ ਹੈ। ਪੁਸਤਕ ਦੇ ਲੇਖਕ ਡਾ: ਗੁਰਸੇਵਕ ਲੰਬੀ ਨੇ ਮੰਨਿਆਂ ਕਿ ਬਸਤਾ ਕੇਵਲ ਮੇਰਾ ਨਹੀਂ ਦੁਨੀਆਂ ਦੇ ਹਰ ਵਿਦਿਆਰਥੀ ਦਾ ਹੁੰਦਾ ਹੈ। ਮੇਰੇ ਬਸਤੇ ਵਿੱਚ ਤੀਜੀ ਜਮਾਤ ਤੋਂ ਪੀ ਐੱਚ ਡੀ ਤੱਕ ਦੀਆਂ ਯਾਦਾਂ ਨੂੰ ਪਰੋਇਆ ਗਿਆ ਹੈ। ਸੁਆਲਾਂ ਦੇ ਜੁਆਬ ਦਿੰਦਿਆਂ ਡਾ: ਬਰਾੜ ਨੇ ਕਿਹਾ ਕਿ ਪੁਸਤਕ ਤੇ ਸਾਰਥਕ ਚਰਚਾ ਹੋਈ ਹੈ ਤੇ ਪ੍ਰਭਾਵ ਇਹ ਬਣਿਆ ਹੈ ਕਿ ਸਮੁੱਚੇ ਸਮਾਜ ਲਈ ਸੰਤੁਲਣ ਬਣਾ ਕੇ ਹੋਰ ਸਾਹਿਤ ਰਚਣ ਦੀ ਲੇਖਕ ਤੋਂ ਉਮੀਦ ਹੈ। ਆਪਣੇ ਪ੍ਰਧਾਨਗੀ ਭਾਸਣ ਵਿੱਚ ਡਾ: ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਇਹ ਪੁਸਤਕ ਕੇਵਲ ਸਵੈਜੀਵਨੀ ਨਹੀਂ, ਇਹ ਹਰ ਵਿਅਕਤੀ ਦੇ ਜੀਵਨ ਦੀ ਗਾਥਾ ਹੈ। ਮੈਂ ਸਮਝਦਾ ਹਾਂ ਕਿ ਔਰਤ ਦੇ ਪਰਸ ਵਿੱਚ ਸਾਰਾ ਘਰ ਹੁੰਦਾ ਹੈ, ਜਦੋਂ ਕਿ ਬਸਤੇ ਵਿੱਚ ਵਿਦਿਆਰਥੀ ਦਾ ਸਾਰਾ ਗਿਆਨ ਹੁੰਦਾ ਹੈ। ਇਸ ਤਰਾਂ ਬਸਤੇ ਦਾ ਬਹੁਤ ਵੱਡਾ ਮਹੱਤਵ ਹੈ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਮਹਿਮਾਨਾਂ, ਵਿਦਵਾਨਾਂ ਤੇ ਸਰੋਤਿਆਂ ਦਾ ਸਾਹਿਤ ਸਭਾ ਵੱਲੋਂ ਧੰਨਵਾਦ ਕੀਤਾ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਬਾਖੂਬੀ ਨਿਭਾਇਆ।