ਨਿਊਯਾਰਕ ,23 ਮਾਰਚ (ਰਾਜ ਗੋਗਨਾ)-ਅਮਰੀਕਾ ਦੇ ਜਾਰਜੀਆ ‘ਚ ਇਕ 36 ਸਾਲਾ ਭਾਰਤੀ- ਗੁਜਰਾਤੀ ਨੌਜਵਾਨ ਦੀ ਕਾਰ ਦੀ ਲਪੇਟ ‘ਚ ਆਉਣ ਨਾਲ ਦਰਦਨਾਕ ਮੌਤ ਹੋ ਗਈ ਹੈ।ਬੀਤੀ 09 ਮਾਰਚ ਸ਼ਨੀਵਾਰ ਨੂੰ ਵਾਪਰੀ ਇਸ ਘਟਨਾ ਦੇ ਦਸ ਦਿਨਾਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਛਾਣ ਦਾ ਖੁਲਾਸਾ ਕੀਤਾ ਹੈ।ਜਾਰਜੀਆ ਦੇ ਡਗਲਸਵਿਲੇ ‘ਚ ਵਾਪਰੀ ਇਸ ਘਟਨਾ ‘ਚ ਦੇਰ ਸ਼ਾਮ ਵੋਕਸਵੈਗਨ ਪਾਸਟ ਕਾਰ ਨਾਲ ਹੋਈ ਟੱਕਰ ‘ਚ ਕ੍ਰਿਸ਼ਨਾ ਪਟੇਲ ਨਾਂ ਦੇ ਗੁਜਰਾਤੀ ਨੌਜਵਾਨ ਦੀ ਮੌਤ ਹੋ ਗਈ।
ਓਰੇਗਨ ਰਾਜ ਪੁਲਿਸ ਦੇ ਅਨੁਸਾਰ, ਕ੍ਰਿਸ਼ਨਾ ਪਟੇਲ ਨੂੰ ਇੱਕ ਕਾਰ ਦੁਆਰਾ ਟੱਕਰ ਮਾਰਨ ਤੋਂ ਬਾਅਦ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।ਅਤੇ ਇਸ ਕਾਰ ਨੂੰ ਐਲੇਕਸ ਪੇਟ੍ਰੋਵਸਕੀ ਨਾਂ ਦਾ 43 ਸਾਲਾ ਵਿਅਕਤੀ ਚਲਾ ਰਿਹਾ ਸੀ। ਹਾਦਸਾ ਹਾਈਵੇਅ 99 ਈ ਦੀ ਫਾਸਟ ਲੇਨ ‘ਚ ਵਾਪਰਿਆ, ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚ ਗਈ ਪਰ ਕ੍ਰਿਸ਼ਨਾ ਪਟੇਲ ਦੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਮੋਕੇ ਤੇ ਮੌਤ ਹੋ ਗਈ। ਫਿਲਹਾਲ ਇਹ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਹਾਦਸਾ ਵਾਪਰਿਆ ਤਾਂ ਮ੍ਰਿਤਕ ਕ੍ਰਿਸ਼ਨਾ ਪਟੇਲ ਸੜਕ ਪਾਰ ਕਰ ਰਿਹਾ ਸੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੇ ਉਸ ਸਮੇਂ ਸ਼ਰਾਬ ਪੀਤੀ ਹੋਈ ਸੀ ਜਾਂ ਨਹੀਂ, ਇਸ ਦੀ ਵੀ ਪੁਲਿਸ ਵੱਲੋ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਮੁਤਾਬਕ ਇਹ ਹਾਦਸਾ ਓਕ ਗਰੋਵ ਸਥਿਤ ਮੈਪਲ ਸਟਰੀਟ ‘ਤੇ ਵਾਪਰਿਆ।